ਸਿੱਖ ਪੰਥ ਲੰਮੇ ਸਮੇਂ ਤੋਂ ਵੱਖ ਵੱਖ ਦਰਪੇਸ਼ ਚਣੌਤੀਆਂ ਦਾ ਸਾਹਮਣਾ ਕਰਦਾ ਆ ਰਿਹਾ ਹੈ ਤੇ ਹਰ ਨਵੇਂ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਉਠਦਾ ਹੀ ਰਹਿੰਦਾ ਹੈ। ਭਾਵੇਂ ਇਹ ਮੌਜੂਦਾ ਸਮੇਂ ਵਿੱਚ ਗੁਰੂ ਸਾਹਿਬ ਦੇ ਅੰਗਾਂ ਦੀ ਬੇ-ਅਦਬੀ ਹੋਵੇ ਤੇ ਉਨਾਂ ਨੂੰ ਗਲੀਆਂ ਨਾਲਿਆਂ ਵਿੱਚ ਖਿਲਾਰਿਆ ਜਾ ਰਿਹਾ ਹੋਵੇ। ਇਸੇ ਤਰਾਂ ਉਸ ਵਿਵਾਦ ਤੋਂ ਬਾਅਦ ਪੰਥਕ ਰੋਹ ਦੇ ਇੱਕਠ ਨੂੰ ਕੁਝ ਉਚੀ ਸੁਰ ਵਾਲੀਆਂ ਲੰਮੇਂ ਸਮੇਂ ਤੋਂ ਵਿਚਰ ਰਹੀਆਂ ਪੰਥਕ ਧਿਰਾਂ ਵੱਲੋਂ ਸਰਬੱਤ ਖਾਲਸੇ ਦਾ ਰੂਪ ਦੇ ਕੇ ਐਸ.ਜੀ.ਪੀ.ਸੀ ਵੱਲੋਂ ਨਿਰਧਾਰਤ ਕੀਤੇ ਸਿੱਖ ਜੱਥੇਦਾਰਾਂ ਦੇ ਬਰਾਬਰ ਨਵੇਂ ਜਥੇਦਾਰ ਸਥਾਪਤ ਕਰ ਲੈਣਾ ਅਤੇ ਉਨਾਂ ਜੱਥੇਦਾਰਾਂ ਵੱਲੋਂ ਆਪਣੇ ਹੀ ਤੌਰ ਸਿੱਖ ਪੰਥ ਲਈ ਹੁਕਮਨਾਮੇ ਜਾਰੀ ਕਰਨੇ ਅਰੰਭ ਕਰ ਦਿੱਤੇ ਗਏ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਣੇ ਹੁਣੇ ਭਾਰਤ ਤੇ ਵਿਦੇਸ਼ਾਂ ਵਿੱਚ ਕਈ ਥਾਵਾਂ (ਪੰਜਾਬ ਨੂੰ ਛੱਡ ਕੇ) ਤੇ ਰਿਲੀਜ਼ ਕੀਤੀ ਗਈ ਫਿਲਮ ਨਾਨਕ ਸ਼ਾਹ ਫਕੀਰ ਜੋ ਗੁਰੂ ਨਾਨਕ ਦੇਵ ਜੀ ਜੀਵਨ ਦੇ ਕੁਝ ਅੰਸ਼ਾਂ ਨਾਲ ਸਬੰਧਿਤ ਹੈ, ਬਾਰੇ ਵੀ ਉਚੀ ਸੁਰਾਂ ਵਾਲੀਆਂ ਪੰਥਕ ਧਿਰਾਂ ਤੇ ਸਰਬੱਤ ਖਾਲਸੇ ਵੱਲੋਂ ਥਾਪੇ ਜਥੇਦਾਰਾਂ ਵੱਲੋਂ ਕਾਫੀ ਵੱਡਾ ਵਿਵਾਦ ਖੜਾ ਕਰ ਦਿੱਤਾ ਗਿਆ ਹੈ। ਜਿਸ ਦੀ ਬਾਅਦ ਵਿੱਚ ਨਕਲ ਕਰਦੇ ਹੋਏ ਐਸ.ਜੀ.ਪੀ.ਸੀ ਤੇ ਇਸਦੇ ਨਿਰਧਾਰਤ ਜੱਥੇਦਾਰਾਂ ਵੱਲੋਂ ਵੀ ਕੀਤੀ ਗਈ, ਤੇ ਉਨਾਂ ਨੇ ਵੀ ਇਸ ਫਿਲਮ ਬਾਬਤ ਹੁਕਮਨਾਮਾ ਜਾਰੀ ਕਰ ਦਿੱਤਾ। ਕਈਆਂ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਇਸ ਫਿਲਮ ਦੇ ਨਿਰਮਾਤਾ ਦਾ ਸਿਰ ਕਲਮ ਕਰ ਦਿੱਤਾ ਜਾਵੇ। ਜਦ ਕਿ ਉਹ ਨਿਰਮਾਤਾ ਵੀ ਸਿੱਖ ਧਰਮ ਨਾਲ ਸਬੰਧਤ ਹੈ। ਇਸ ਨਿਰਮਾਤਾ ਨੇ ੨੦੧੫ ਤੇ ਇਸ ਤੋਂ ਪਹਿਲਾਂ ਜਦੋਂ ਇਹ ਫਿਲਮ ਬਣਾਈ ਸੀ ਤਾਂ ਐਸ.ਜੀ.ਪੀ.ਸੀ ਤੇ ਜਥੇਦਾਰਾਂ ਸਾਹਿਬਾਨਾਂ ਦੇ ਦਿਸ਼ਾ ਨਿਰਦੇਸਾਂ ਨੂੰ ਵਿਚਾਰ ਅਧੀਨ ਰੱਖਿਆ ਸੀ। ਕਾਫੀ ਹੱਦ ਤੱਕ ਇੰਨਾ ਦਿਸ਼ਾ ਨਿਰਦੇਸ਼ਾ ਤੇ ਅਧਾਰਿਤ ਹੋ ਕਿ ਇਸ ਨਾਨਕ ਸ਼ਾਹ ਫਕੀਰ ਫਿਲਮ ਦਾ ਨਿਰਮਾਣ ਕੀਤਾ ਸੀ। ਉਸਦੇ ਕਹਿਣ ਮੁਤਾਬਕ ਉਹ ਸਿੱਖ ਭਾਵਨਾਵਾਂ ਲਈ ਬੇਲੋੜਾਂ ਵਿਵਾਦ ਪੈਦਾ ਨਹੀਂ ਕਰਨਾ ਚਾਹੁੰਦਾ ਸੀ ਪਰ ਥੋੜੀ ਬਹੁਤ ਹਾਂ-ਪੱਖੀ ਤੇ ਨਾਂਹ ਪੱਖੀ ਚਰਚਾ ਤਾਂ ਚਲਦੀ ਰਹਿੰਦੀ ਹੈ। ਸਿੱਖ ਧਰਮ ਤੇ ਅਧਾਰਿਤ ਜੋ ਵੀ ਫਿਲਮਾਂ ਬਣੀਆਂ ਹਨ ਉਨਾਂ ਪ੍ਰਤੀ ਵਿਵਾਦ ਮੁੱਢ ਤੋਂ ਉਠਦੇ ਹੀ ਰਹੇ ਹਨ, ਜਿਸ ਦੇ ਡਰ ਕਾਰਨ ਕਿਸੇ ਵੀ ਸੂਝਵਾਨ ਨਿਰਮਾਤਾ ਨੇ ਸਿੱਖ ਧਰਮ ਨਾਲ ਸਬੰਧਿਤ ਲਾਸਾਨੀ ਇਤਿਹਾਸ ਬਾਰੇ ਮਹੱਤਵ ਰੱਖਦੀ ਫਿਲਮ ਬਣਾਉਣ ਦਾ ਜ਼ੇਰਾ ਹੀ ਨਹੀਂ ਕੀਤਾ।

ਜੇ ਕੁਝ ਫਿਲਮਾਂ ਬਣਾਈਆਂ ਵੀ ਹਨ ਤਾਂ ਉਹ ਸਿੱਖ ਪੰਥ ਦੇ ਕੁਝ ਹਿੱਸੇ ਵੱਲੋਂ ਜ਼ੋਰਦਾਰ ਵਿਰੋਧ ਤੇ ਹਿੰਸਕ ਘਟਨਾਵਾਂ ਕਾਰਨ ਉਹਨਾਂ ਫਿਲਮਾਂ ਨੂੰ ਵਿੱਚ ਵੀ ਦਫਨ ਕਰ ਦਿੱਤਾ ਗਿਆ। ਇਸ ਤਰਾਂ ਹੀ ਨਾਨਕ ਸ਼ਾਹ ਫਕੀਰ ਦਾ ਸਿੱਖਾਂ ਦੇ ਕੁਝ ਹਲਕਿਆਂ ਵਿੱਚ ਵਿਵਾਦ ਚੱਲ ਹੀ ਰਿਹਾ ਹੈ ਅਤੇ ਇਹ ਫਿਲਮ ਭਾਰਤ ਦੀ ਉੱਚ ਨਿਅਤੀਸ਼ ਦੇ ਹੁਕਮਾਂ ਅਨੁਸਾਰ ਦੁਨੀਆਂ ਦੇ ਫਿਲਮੀ ਪਰਦੇ ਤੇ ਆ ਚੁੱਕੀ ਹੈ। ਇਸਦਾ ਨਿਰਮਾਣ ਕਰਤਾ ਨਿਰਮਾਤਾ ਜੋ ਕਿ ਸਿੱਖ ਧਰਮ ਨਾਲ ਸਬੰਧਤ ਨੂੰ, ਸਿੱਖ ਪੰਥ ਵਿਚੋਂ ਬਿਨਾਂ ਕਿਸੇ ਗੰਭੀਰ ਵਿਚਾਰ-ਵਟਾਂਦਰੇ ਤੋਂ, ਇੱਕ ਵਿਸ਼ੇਸ ਹਿੱਸੇ ਵੱਲੋਂ ਉਠਾਏ ਗਏ ਦਬਕਿਆਂ ਕਾਰਨ ਪ੍ਰਭਾਵਤ ਹੋ ਕੇ ਦੋਨੋਂ ਧਿਰਾਂ ਦੇ ਜਥੇਦਾਰਾਂ ਵੱਲੋਂ ਪੰਥ ਵਿਚੋਂ ਛੇਕ ਦਿੱਤਾ ਗਿਆ ਹੈ। ਇਸੇ ਤਰਾਂ ਹੁਣ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਭਾਰਤ ਦੀ ਉੱਚ ਨਿਆਂਤੀਸ਼ ਵੱਲੋਂ ਇੱਕ ਸਿੱਖ ਦੇ ਹੈਲਮੈਂਟ ਦੇ ਸਵਾਲ ਨਾਲ ਸਬੰਧਿਤ ਪਾਈ ਗਈ ਦਰਖਾਸਤ ਦੀ ਸੁਣਵਾਈ ਦੌਰਾਨ ਸਿੱਖ ਪੰਥ ਅੱਗੇ ਇਹ ਵੱਡਾ ਸਵਾਲ ਖੜਾ ਕਰ ਦਿੱਤਾ ਗਿਆ ਹੈ ਕਿ ਸਿੱਖਾਂ ਦੀ ਦਸਤਾਰ ਦਾ ਸਿੱਖ ਧਰਮ ਨਾਲ ਕੀ ਰਿਸ਼ਤਾ ਹੈ? ਅਰਜੀ ਦਾਇਰ ਕਰਨ ਕਰਨ ਵਾਲੇ ਸਿੱਖ ਨੂੰ ਹੈਲਮੇਟ ਪਾਉਣ ਤੋਂ ਰਾਹਤ ਕਿਵੇਂ ਮਿਲ ਸਕੇਗੀ? ਜੇ ਭਾਰਤ ਉੱਚ ਨਿਆਤੀਸ਼ ਹੀ ਸਿੱਖ ਪੰਥ ਅੱਗੇ ਅਜਿਹੇ ਸਵਾਲ ਖੜੇ ਕਰੇਗੀ ਤਾਂ ਸਿੱਖ ਪੰਥ ਦੇ ਵਿਦਵਾਨਾਂ ਤੇ ਸੂਝਵਾਨਾਂ ਵੱਲੋਂ ਸਮਝ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਨਾ ਕਿ ਥੋੜਾ ਜਿਹਾ ਵਿਵਾਦ ਉਠਣ ਤੋਂ ਬਾਅਦ ਪੰਥ ਤੇ ਧਰਮ ਨੂੰ ਖਤਰਾ ਦੱਸ ਕੇ ਬਿਨਾਂ ਕਿਸੇ ਸਧਾਰਨ ਸਿੱਖਾਂ ਦੀ ਰਾਇ ਜਾਨਣ ਦੀ ਕੋਸ਼ਿਸ ਤੋਂ ਬਿਨਾਂ ਹੀ ਕਿਸੇ ਵੀ ਸਿੱਖ ਨੂੰ ਸਿੱਖ ਪੰਥ ਵਿਚੋਂ ਖਾਰਜ਼ ਕਰਨ ਦੀ ਪ੍ਰਕਿਰਿਆ ਨੂੰ ਅਮਲੀ ਰੂਪ ਦੇ ਦੇਣਾ ਚਾਹੀਦਾ ਹੈ। ਜੇ ਆਪਾਂ ਪਿਛਲੇ ਸਮੇਂ ਅੰਦਰ ਵੱਖ ਵੱਖ ਜਾਰੀ ਕੀਤੇ ਗਏ ਹੁਕਮਨਾਮਿਆਂ ਦੀ ਦਿਸ਼ਾ ਜਾਂ ਸਤਿਕਾਰ ਵੱਲ ਝਾਤ ਮਾਰੀਏ ਤਾਂ ਉਹ ਸਿੱਖਾਂ ਦੀ ਅੱਜ ਦੀ ਰਾਜਨੀਤਿਕ ਅਵਸਥਾ ਜੋ ਇਸ ਸਮੇਂ ਧਰਮ ਉਪਰ ਭਾਰੂ ਹੈ, ਨੇ ਆਪਣੇ ਰਾਜਸੱਤਾ ਦੀਆਂ ਮਨੋਰਥਾਂ ਤੇ ਲੀਡਰਸ਼ਿਪ ਖਾਤਰ ਕਦੀ ਵਰਤ ਲਿਆ ਤੇ ਕਦੀ ਅਣਗੌਲਿਆ ਕਰ ਦਿੱਤਾ। ਜਦਕਿ ਅਜਿਹੇ ਹੁਕਮਨਾਮਿਆਂ ਨੂੰ ਜ਼ਾਰੀ ਕਰਨ ਸਮੇਂ ਆਮ ਸਧਾਰਨ ਸਿੱਖ ਨੂੰ ਅਣਗੌਲਿਆਂ ਹੀ ਕਰ ਦਿੱਤਾ ਗਿਆ। ਇਹ ਵੀ ਅੱਜ ਦੇ ਪੰਜਾਬ ਵਿੱਚ ਸਿੱਖ ਨੌਜਵਾਨੀ ਅੰਦਰ ਦਸਤਾਰਾਂ ਦੇ ਗਵਾਚਣ ਦਾ ਮੁਢਲਾ ਕਾਰਨ ਮੰਨਿਆ ਗਿਆ ਹੈ।

ਇਸੇ ਤਰਾਂ ਕੁਝ ਦਿਨ ਪਹਿਲਾਂ ਭਾਰਤੀ ਪ੍ਰਧਾਨ ਦੀ ਲੰਡਨ ਫੇਰੀ ਦੌਰਾਨ ਉਥੇ ਵਸਦੇ ਸਿੱਖਾਂ ਵੱਲੋਂ ਵਿਰੋਧ ਵਿੱਚ ਰੋਸ ਵਿਖਾਵਾ ਕੀਤਾ ਗਿਆ। ਜਿਸ ਬਾਰੇ ਸ਼ੋਸ਼ਲ ਮੀਡੀਆ ਵਿੱਚ ਕਾਫੀ ਚਰਚਾ ਰਹੀ ਹੈ। ਪਰ ਇਸ ਵਿਚੋਂ ਜੋਂ ਮੁੱਖ ਪਹਿਲੂ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਇਸ ਰੋਸ ਮੁਜ਼ਾਹਰੇ ਦੌਰਾਨ ਕੁਝ ਸਿੱਖਾਂ ਵੱਲੋਂ ਗਾਵਨਾਤਮਿਕ ਹੋ ਭਾਰਤੀ ਪ੍ਰਧਾਨ ਮੰਤਰੀ ਬਾਰੇ ਮੁੱਦੇ ਤੋਂ ਹਟ ਕੇ ਨਿਜੀ ਘਟੀਆ ਸ਼ਬਦਾਵਲੀ ਵਿੱਚ ਉਚੀਆਂ ਸੁਰਾਂ ਵਿੱਚ ਨਾਅਰੇ ਲਾਏ ਗਏ। ਜਿਸ ਬਾਰੇ ਵਿਖਾਵੇ ਤੋਂ ਹਟ ਕੇ ਵਧੇਰੇ ਚਰਚਾ ਹੋਈ ਹੈ। ਜਦਕਿ ਇਹ ਰੋਸ ਵਿਖਾਵਾ ਦੁਨੀਆਂ ਦੇ ਸੱਭਿਅਕ ਮੁਲਕ ਵਲੋਂ ਜਾਣੇ ਜਾਂਦੇ ਸੱਭਿਅਕ ਸ਼ਹਿਰ ਵਿੱਚ ਹੋਇਆ ਹੈ। ਜਿਥੇ ਹਰ ਤਰਾਂ ਦੀ ਅਜ਼ਾਦੀ ਹੈ ਕਿ ਤੁਸੀਂ ਨਿਰਧਾਰਤ ਥਾਵਾਂ ਤੇ ਆਪਣਾ ਰੋਸ ਜ਼ਾਹਰ ਕਰ ਸਕਦੇ ਹੋ। ਪਰ ਇਹ ਰੋਸ ਆਪਣੇ ਮੁੱਦੇ ਤੋਂ ਹਟ ਕੇ ਕਿਸੇ ਦੀ ਮਾਂ ਪ੍ਰਤੀ ਨੀਵੀਂ ਸ਼ਬਦਾਵਲੀ ਤੇ ਉੱਤਰ ਆਵੇ ਕੀ ਸਿੱਖ ਪੰਥ ਵਿੱਚ ਵਿਚਾਰਨ ਵਾਲੀ ਗੱਲ ਨਹੀਂ ਹੈ? ਇਸ ਤਰਾਂ ਸਿੱਖ ਪੰਥ ਲੰਮੇ ਸਮੇਂ ਤੋਂ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਉਸਨੂੰ ਕਿਸੇ ਸੰਜੀਦਗੀ ਵਾਲੇ ਹੱਲ ਤੱਕ ਪਹੁੰਚਾਉਣ ਲਈ ਹਰ ਰੋਜ਼ ਨਵੇਂ ਵੱਖਰੇ ਵੱਖਰੇ ਹੁਕਮਨਾਵੇਂ ਜਾਂ ਹੋਰ ਦਿਸ਼ਾ ਨਿਰਦੇਸ਼ ਦੇਣੇ ਤੇ ਹਿੰਸਾ ਨੂੰ ਹੱਲਾਸ਼ੇਰੀ ਦੇਣੀ ਅੱਜ ਦੇ ਸਮੇਂ ਵਿੱਚ ਸੱਭਿਅਕ ਕਦਮ ਨਹੀਂ ਹਨ।

ਹੁਣ ਇੱਕ ਨਵਾਂ ਵਿਸ਼ਾ ਆ ਰਿਹਾ ਹੈ ਕਿ ਸਿੱਖ ਕੌਮ ਦਾ ਇਤਿਹਾਸ ਭਾਰਤ ਦੀ ਆਰ.ਐਸ.ਐਸ. ਵੱਲੋਂ ਲਿਖਣ ਦਾ ਐਲਾਨ ਕੀਤਾ ਗਿਆ ਹੈ। ਇਸ ਬਾਰੇ ਸਿੱਖ ਕੌਮ ਤੇ ਖਾਸ ਕਰਕੇ ਸਿੱਖ ਲੀਡਰਸ਼ਿਪ ਕੀ ਸੰਵਾਦ ਤੇ ਪ੍ਰਤੀਕਰਮ ਕਰਦੀ ਹੈ ਤੇ ਇਸ ਰਾਹੀਂ ਸਿੱਖ ਕੌਮ ਦੇ ਇਤਿਹਾਸ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਇਹ ਵਕਤ ਹੀ ਦੱਸੇਗਾ।