ਸਿੱਖਾਂ ਦੀ ਪਾਰਲੀਮੈਂਟ ਆਖੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਦੀ ਪਿਛਲੇ ਦਿਨੀ ਸਾਲਾਨਾ ਚੋਣ ਹੋਈ ਜਿਸ ਵਿੱਚ, ਕਿਰਪਾਲ ਸਿੰਘ ਬਡੂੰਗਰ ਦੀ ਜਗ੍ਹਾ ਇਸ ਵਾਰ ਗੋਬਿੰਦ ਸਿੰਘ ਲ਼ੋਂਗੋਵਾਲ ਨਾਅ ਦੇ ਵਿਅਕਤੀ ਨੂੰ ਉਸ ਸੰਸਥਾ ਦੀ ਵਾਗਡੋਰ ਸੰਭਾਲੀ ਗਈ ਹੈ। ਵੈਸੇ ਬੀਬੀ ਜਗੀਰ ਕੌਰ ਵੀ ਇਸ ਸਾਲ ਪ੍ਰਧਾਨਗੀ ਲਈ ਸਰਗਰਮ ਸੀ ਪਰ, ਵੱਡੇ ਆਕਾ ਦੀ ਮਿਹਰ ਦੀ ਨਿਗਾਹ ਗੋਬਿੰਦ ਸਿੰਘ ਲ਼ੋਂਗੋਵਾਲ ਤੇ ਹੋਈ ਅਤੇ ਲਿਫਾਫੇ ਵਿੱਚੋਂ ਉਸਦਾ ਨਾਅ ਨਿਕਲ ਆਇਆ।
ਸਿਰਫ ਨਾਅ ਅਤੇ ਚਿਹਰੇ ਬਦਲੇ ਹਨ ਬਾਕੀ ਸਭ ਕੁਝ ਉਹੋ ਹੀ ਹੈ। ਭਾਵੇਂ ਜਗੀਰ ਕੌਰ ਹੋਵੇ, ਭਾਵੇਂ ਅਵਤਾਰ ਸਿੰਘ ਮੱਕੜ ਹੋਵੇ, ਭਾਵੇਂ ਕਿਰਪਾਲ ਸਿੰਘ ਬਡੂੰਗਰ ਹੋਵੇ ਅਤੇ ਭਾਵੇਂ ਗੋਬਿੰਦ ਸਿੰਘ ਲ਼ੌਂਗੋਵਾਲ ਹੋਵੇ। ਸਿੱਖਾਂ ਦੀ ਸਭ ਤੋਂ ਤਾਕਤਵਰ ਸੰਸਥਾ ਦੇ ਪ੍ਰਬੰਧ ਵਿੱਚ ਕੁਝ ਵੀ ਨਵਾਂ ਨਹੀ ਹੁੰਦਾ। ਸਭ ਕੁਝ ਉਵੇਂ ਹੀ ਚਲਦਾ ਹੈ। ਸਿੱਖ ਧਰਮ ਦਾ ਪਰਚਾਰ ਕਰਨ ਵਾਲੀ ਅਤੇ ਸਿੱਖੀ ਦੇ ਰੁਹਾਨੀ ਰੰਗ ਨੂੰ ਦੁਨੀਆਂ ਵਿੱਚ ਬਖੇਰਨ ਲਈ ਜਿੰਮੇਵਾਰ ਸੰਸਥਾ ਵਿੱਚ ਵੀ ਘਟੀਆ ਦਰਜੇ ਦੇ ਰਾਜਨੀਤੀਵਾਨਾਂ ਦਾ ਬੋਲਬਾਲਾ ਹੈ। ਉਹ ਲੋਕ ਗੁਰਦੁਆਰਾ ਪ੍ਰਬੰਧ ਲਈ ਜਿੰਮੇਵਾਰ ਲੋਕਾਂ ਦੀ ਚੋਣ ਕਰਦੇ ਹਨ ਜਿਨ੍ਹਾਂ ਦੀ ਆਪਣੀ ਸਾਰੀ ਜਿੰਦਗੀ ਸਿੱਖ ਕੌਮ ਦੀ ਪਿੱਠ ਵਿੱਚ ਛੁਰੇ ਮਾਰਦਿਆਂ ਲੰਘ ਗਈ।
ਜਿਸ ਵੇਲੇ ਸਿੱਖਾਂ ਦੀ ਧਾਰਮਕ ਸੰਸਥਾ ਨੂੰ ਸਭ ਤੋਂ ਵੱਧ ਸੁਚੇਤ ਅਤੇ ਸਰਗਰਮ ਹੋਣ ਦੀ ਲੋੜ ਸੀ ਉਸ ਵੇਲੇ ਹੀ ਸਿੱਖ ਕੌਮ ਦਾ ਇਹ ਹਰਿਆਵਲ ਦਸਤਾ ਸਭ ਤੋਂ ਵੱਧ ਨਿਘਾਰ ਦਾ ਸ਼ਿਕਾਰ ਹੈ। ਇਸਦੇ ਸਰੋਤ ਸਿੱਖੀ ਦੇ ਖੋਜ ਕਾਰਜਾਂ ਤੇ ਲਾਉਣ ਦੀ ਥਾਂ ਵਾਜਪਾਈਆਂ ਅਤੇ ਮੋਦੀਆਂ ਦੀਆਂ ਸਿਆਸੀ ਰੈਲੀਆਂ ਲਈ ਵਰਤੇ ਜਾ ਰਹੇ ਹਨ। ਇਸਦੇ ਪ੍ਰਬੰਧ ਦੀਆਂ ਤਾਰਾਂ ਚੰਡੀਗੜ੍ਹ ਅਤੇ ਨਾਗਪੁਰ ਤੋਂ ਹਿਲਦੀਆਂ ਦੱਸੀਆਂ ਜਾ ਰਹੀਆਂ ਹਨ। ਧਰਮ ਦੇ ਸਿਆਸੀਕਰਨ ਨੇ ਸਿੱਖਾਂ ਦੇ ਵਿਹੜੇ ਵਿੱਚ ਅਜਿਹੀ ਥੋਹਰ ਬੀਜ ਦਿੱਤੀ ਹੈ ਜਿਸਨੇ ਸਾਡੇ ਸਭ ਤੋਂ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਰੌਸ਼ਨੀ ਨੂੰ ਵੀ ਦਾਗੀ ਕਰਨਾ ਅਰੰਭ ਕਰ ਦਿੱਤਾ ਹੈ। ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੁਣ ਸੇਵਾਦਾਰ ਨਹੀ ਰਹਿ ਗਏ ਬਲਕਿ ਲਾਣੇਦਾਰ ਬਣ ਗਏ ਹਨ।
ਜਿਸ ਵੇਲੇ ਸਿੱਖ ਦੁਸ਼ਮਣ ਤਾਕਤਾਂ ਪੂਰੇ ਤਾਣ ਨਾਲ ਸਿੱਖੀ ਖਿਲਾਫ ਜੰਗ ਲੜ ਰਹੀਆਂ ਹਨ ਉਸ ਵੇਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਨਿਤਾਣੀ ਹੋਈ ਜਾਪਦੀ ਹੈ। ਕਿਤੇ ਸਿੱਖੀ ਦਾ ਪਰਚਾਰ ਨਹੀ ਹੋ ਰਿਹਾ, ਕਿਤੇ ਸਿੱਖੀ ਸਬੰਧੀ ਖੋਜ ਕਾਰਜ ਨਹੀ ਕੀਤੇ ਜਾ ਰਹੇ ਅਤੇ ਕਿਤੇ ਉਨ੍ਹਾਂ ਲੋਕਾਂ ਦੀ ਸਾਂਭ ਸੰਭਾਲ ਨਹੀ ਕੀਤੀ ਜਾ ਰਹੀ ਜਿਨ੍ਹਾਂ ਦੇ ਮਾਤਾ ਪਿਤਾ ਨੇ ਸਿੱਖੀ ਲਈ ਆਪਣੇ ਸਿਰ ਵੀ ਲਾ ਦਿੱਤੇ।
੧੯੮੪ ਦੇ ਇਤਿਹਾਸਕ ਸਾਕੇ ਨੂੰ ਸਿੱਖ ਮਨਾਂ ਵਿੱਚੋਂ ਭੁਲਾਉਣ ਅਤੇ ਪੂਰੀ ਤਰ੍ਹਾਂ ਵਿਸਾਰ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਸਰਗਰਮ ਹੋਈ ਪਈ ਹੈ। ਇਸ ਵਰ੍ਹੇ ਜੂਨ ਅਤੇ ਨਵੰਬਰ ਦੇ ਸਮਾਗਮਾਂ ਵਿੱਚ ਕਮੇਟੀ ਦੇ ਪ੍ਰਬੰਧਕਾਂ ਦੀ ਸ਼ਮੂਲੀਅਤ ਜਾਣ ਬੁਝ ਕੇ ਖਤਮ ਕੀਤੀ ਗਈ। ਆਪਣੀ ਕੌਮ ਦਾ ਨਾ ਰੌਸ਼ਨ ਕਰਨ ਵਾਲੇ ਸੂਰਬੀਰਾਂ ਦੇ ਦਿਨ ਛੱਡ ਕੇ ਕਮੇਟੀ ਮੈਂਬਰ ਭਾਰਤ ਲਈ ਜੰਗਾਂ ਲੜਨ ਵਾਲੇ ਫੌਜੀਆਂ ਦੇ ਗੁਣਗਾਣ ਕਰਦੇ ਦੇਖੇ ਗਏ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮੇ ਜਾਰੀ ਹੁੰਦੇ ਹਨ ਉਨ੍ਹਾਂ ਵਿੱਚ ਵੀ ਅਸਿੱਧੇ ਢੰਗ ਨਾਲ ਭਾਰਤੀ ਹਕੂਮਤ ਦੇ ਗੁਣਗਾਣ ਕੀਤੇ ਗਏ ਹੁੰਦੇ ਹਨ।
ਸਿੱਖੀ ਨੂੰ ਤਿਲਾਂਜਲੀ ਦੇ ਕੇ ਸ਼੍ਰੋਮਣੀ ਕਮੇਟੀ ਭਾਰਤ ਦੇ ਸਰਕਾਰੀ ਤੰਤਰ ਦੇ ਅਧੀਨ ਹੋ ਗਈ ਜਾਪਦੀ ਹੈ। ਖਾਲਸੇ ਦਾ ਨਿਆਰਾਪਣ ਹੁਣ ਇਸਦੇ ਪਹਿਲ ਨਹੀ ਰਿਹਾ। ਇਸਦੀ ਪਹਿਲ ਹੁਣ ਆਪਣੇ ਕਾਰਨਾਮਿਆਂ ਕਾਰਨ ਗੱਦੀਓਂ ਲੱਥੇ ਲੋਕਾਂ ਨੂੰ ਮੁੜ ਗੱਦੀ ਤੇ ਬਿਠਾਉਣ ਲਈ ਇੱਕ ਅਜਿਹੇ ਸਾਧ ਤੇ ਡੋਰੇ ਪਾਉਣ ਦਾ ਰਹਿ ਗਿਆ ਹੈ ਜਿਸ ਨੂੰ ਘੋਰ ਅਪਰਾਧਾਂ ਬਦਲੇ ਜੇਲ਼੍ਹ ਵਿੱਚ ਡੱਕ ਦਿੱਤਾ ਗਿਆ ਹੈ।
ਗੋਬਿੰਦ ਸਿੰਘ ਲ਼ੌਂਗੌਵਾਲ ਦੀ ਪ੍ਰਧਾਨਗੀ ਨੂੰ ੨੦੧੯ ਦੀਆਂ ਆਮ ਚੋਣਾਂ ਦੇ ਸੰਦਰਭ ਵਿੱਚ ਦੇਖਿਆ ਜਾ ਸਕਦਾ ਹੈ। ਹਾਲਤ ਇਹ ਹੋ ਗਈ ਹੈ ਕਿ ਸਿੱਖਾਂ ਦੇ ਧਰਮ ਪਰਚਾਰ ਕਰਨ ਵਾਲੀਆਂ ਸੰਸਥਾਵਾਂ ਵੀ ਆਪਣਾਂ ਵਕਾਰ ਗਵਾ ਕੇ ਛੁਣਛੁਣੇ ਖੜਕਾਉਣ ਵਾਲੇ ਤਮਾਸ਼ਬੀਣ ਬਣਕੇ ਰਹਿ ਗਈਆਂ ਹਨ।
ਗੰਭੀਰ ਸਿੱਖਾਂ ਨੂੰ ਜਥੇਬੰਦ ਹੋਣ ਦੀ ਲੋੜ ਹੈ ਅਤੇ ਗੁਰੂ ਸਾਹਿਬ ਦੀ ਸਿਖਿਆ ਦਾ ਪਰਚਾਰ ਕਰਨ ਦੀ ਲੋੜ ਹੈ।