ਸ਼ਹੀਦ ਦੀ ਅਰਦਾਸ ਨੂੰ ਖਾਲਸਾ ਪਰੰਪਰਾ ਵਿੱਚ ਬਹੁਤ ਉੱਚੀ ਅਤੇ ਸੁੱਚੀ ਥਾਂ ਦਿੱਤੀ ਗਈ ਹੈੈ। ਖਾਲਸਾ ਪਰੰਪਰਾ ਵਿੱਚ ਸ਼ਹੀਦ ਬਹੁਤ ਉੱਚੇ ਇਖਲਾਕੀ ਰੁਤਬੇ ਦਾ ਮਾਲਕ ਹੁੰਦਾ ਹੈੈ। ਗੁਰੂ ਤੋਂ ਬਾਅਦ ਜੇ ਕਿਸੇ ਨੂੰ ਖਾਲਸਾ ਪਰੰਪਰਾ ਵਿੱਚ ਸਤਿਕਾਰ ਮਿਲਿਆ ਹੈ ਤਾਂ ਉਹ ਸ਼ਹੀਦ ਹੀ ਹੈ। ਉਹ ਸ਼ਹੀਦ ਜੋ ਮਨੁੱਖਤਾ ਦੇ ਝੰਡੇ ਗੱਡਣ ਲਈ ਆਪਾ ਵਾਰ ਦੇਂਦਾ ਹੈੈ। ਸਿੱਖ ਸ਼ਹੀਦ ਕਿਸੇ ਬਦਲੇ ਦੀ ਭਾਵਨਾ ਵਿੱਚੋਂ ਕਾਰਜ ਨਹੀ ਕਰਦਾ। ਬਦਲੇ ਜਾਂ ਗੁੱਸਾ ਅਤੇ ਨਫਰਤ ਤਾਂ ਸਿੱਖ ਸ਼ਹੀਦ ਦੇ ਰੁਤਬੇ ਤੋਂ ਬਹੁਤ ਪਿਛਾਂਹ ਰਹਿ ਗਏ ਹੁੰਦੇ ਹਨ। ਸਿੱਖ ਸ਼ਹੀਦ ਜਿਸ ਅਵਸਥਾ ਵਿੱਚ ਵਿਚਰ ਰਿਹਾ ਹੁੰਦਾ ਹੈ ਉਸ ਅਵਸਥਾ ਵਿੱਚ ਨਿੱਜੀ ਬਦਲਾਖੋਰੀ ਲਈ ਕੋਈ ਥਾਂ ਨਹੀ ਰਹਿੰਦੀ। ਇਸੇ ਲਈ ਉਨ੍ਹਾਂ ਵੱਲੋਂ ਕੀਤੇ ਹੋਏ ਕਾਰਜ ਮਨੁੱਖੀ ਸੱਭਿਅਤਾ ਲਈ ਮਾਣ ਵਾਲੀ ਗੱਲ ਹੋ ਨਿਬੜੇ ਹਨ।
ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕਿਹਰ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਭਾਈ ਸੁਖਦੇਵ ਸਿੰਘ ਉਸ ਖਾਲਸਾਈ ਪਰੰਪਰਾ ਦੇ ਅਨਮੋਲ ਹੀਰੇ ਹਨ ਜਿਨ੍ਹਾਂ ਨੇ ਬਿਨਾ ਕਿਸੇ ਬਦਲਾਖੋਰੀ ਜਾਂ ਨਫਰਤ ਦੇ ਮਨੁੱਖੀ ਸੱਭਿਅਤਾ ਦੇ ਮੱਥੇ ਤੇ ਲੱਗੇ ਦਾਗਾਂ ਨੂੰ ਧੋਣ ਦੀ ਮਾਣਮੱਤੀ ਜਿੰਮੇਵਾਰੀ ਨਿਭਾਈ। ਵਾਹਿਗੁਰੂ ਜੀ ਵੱਲੋਂ ਉਨ੍ਹਾਂ ਨੂੰ ਇਸੇ ਵੱਡੇ ਕਾਰਜ ਲਈ ਜਨਮ ਦਿੱਤਾ ਗਿਆ ਸੀ। ਇਹ ਸ਼ਹੀਦ ਆਪਣੀਆਂ ਜਿੰਮੇਵਾਰੀਆਂ ਲਿਖਵਾ ਕੇ ਹੀ ਇਸ ਜਹਾਨ ਵਿੱਚ ਆਏ ਸਨ।
ਜਿਸ ਵੇਲੇ ਖਾਲਸਾ ਪੰਥ ਜੁਲਮਾਂ ਦੇ ਝੱਖੜ ਵਿੱਚ ਇਕੱਲਾ ਹੀ ਜੂਝ ਰਿਹਾ ਸੀ ਅਤੇ ਜਦੋਂ ਖਾਲਸਾ ਜੀ ਦੇ ਪਵਿੱਤਰ ਗੁਰਧਾਮ ਵੀ ਵਕਤ ਦੇ ਨਾਦਰ ਸ਼ਾਹ ਦੀ ਮਾਰ ਹੇਠ ਆ ਗਏ ਸਨ ਤਾਂ ਵਾਹਿਗੁਰੂ ਜੀ ਵੱਲੋਂ ਬਖਸ਼ੀ ਜਿੰਮੇਵਾਰੀ ਨਿਭਾਉਣ ਲਈ ਇਨ੍ਹਾਂ ਪੰਜੇ ਸਿੰਘਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਬੇਸ਼ੱਕ ਖਾਲਸਾ ਪੰਥ ਦੇ ਇਤਿਹਾਸ ਵਿੱਚ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਜੀ ਦਾ ਨਾਅ ਬਹੁਤ ਉਘੜਵਾਂ ਲਿਆ ਜਾਂਦਾ ਹੈ ਪਰ ਭਾਈ ਕਿਹਰ ਸਿੰਘ ਇੱਕ ਅਜਿਹੀ ਸ਼ਹੀਦ ਰੂਹ ਸਨ ਜਿਨ੍ਹਾਂ ਨੇ ਗੁਰੂ ਸਿਮਰਨ ਦੀ ਲਿਵ ਵਿੱਚ ਲੀਨ ਰਹਿੰਦਿਆਂ, ਗੁਰੂ ਸਾਹਿਬ ਵੱਲੋਂ ਬਖਸ਼ੀ ਸੋਝੀ ਨਾਲ ਅਜਿਹੇ ਸੂਰਬੀਰਾਂ ਦਾ ਇਕੱਠ ਕੀਤਾ ਜੋ ਇਤਿਹਾਸ ਦੇ ਨਾਇਕ ਬਣਨ ਦੀ ਸਮਰਥਾ ਰੱਖਦੇ ਸਨ। ਬੇਸ਼ੱਕ ਵਾਹਿਗੁਰੂ ਜੀ ਵੱਲੋਂ ਸਭ ਦੀ ਜਿੰਮੇਵਾਰੀ ਪਹਿਲਾਂ ਤੋਂ ਹੀ ਨਿਰਧਾਰਤ ਸੀ ਪਰ ਭਾਈ ਕਿਹਰ ਸਿੰਘ ਜੀ ਨੇ ਉਸ ਜੋੜੀ ਨੂੰ ਖਾਲਸਾ ਪੰਥ ਦੇ ਇਤਿਹਾਸ ਦੇ ਜਜਬੇ ਨਾਲ ਸਰਸ਼ਾਰ ਕਰਕੇ ਗੁਰੂ ਦੇ ਸਨਮੁੱਖ ਉਨ੍ਹਾਂ ਦੀ ਜਿੱਮੇਵਾਰੀ ਦਾ ਅਹਿਸਾਸ ਕਰਵਾਇਆ।
ਭਾਈ ਕਿਹਰ ਸਿੰਘ ਬਹੁਤ ਸਹਿਜ ਵਿੱਚ ਵਿਚਰਦੇ ਹੋਏ, ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਰਹੇ। ਉਨ੍ਹਾਂ ਵਿੱਚ ਕਿਸੇ ਪਦਵੀ, ਅਹੁਦੇ ਦਾ ਲਾਲਚ ਨਹੀ ਸੀ। ਗੁਰੂ ਸਾਹਿਬ ਵੱਲੋਂ ਲਗਾਈ ਜਿੰਮੇਵਾਰੀ ਦਾ ਅਹਿਸਾਸ ਉਨ੍ਹਾਂ ਨੂੰ ਇਸ ਕਦਰ ਸੀ ਕਿ ਜੁਲਾਈ 1984 ਵਿੱਚ ਆਪਣੇ ਕਿਸੇ ਰਿਸ਼ਤੇਦਾਰ ਨੂੰ ਲਿਖੀ ਨਿੱਜੀ ਚਿੱਠੀ ਵਿੱਚ ਉਨ੍ਹਾਂ ਨੇ ਅਸਿੱਧੇ ਤੌਰ ਤੇ ਇਹ ਸੰਕੇਤ ਦੇ ਦਿੱਤੇ ਸਨ ਕਿ ਵਾਹਿਗੁਰੂ ਨੇ ਉਨ੍ਹਾਂ ਤੋਂ ਕੋਈ ਵੱਡੀ ਜਿੰਮੇਵਾਰੀ ਪੂਰੀ ਕਰਵਾਉਣੀ ਹੈੈ।
ਇਸੇ ਤਰ੍ਹਾਂ ਅਕਤੂਬਰ ਮਹੀਨੇ ਵਿਚ ਹੀ ਭਾਈ ਹਰਜਿੰਦਰ ਸਿੰਘ ਅਤੇ ਭਾਈ ਸੁਖਦੇਵ ਸਿੰਘ ਜੀ ਦਾ ਵੀ ਸ਼ਹੀਦੀ ਦਿਹਾੜਾ ਆਉਂਦਾ ਹੈੈ। ਇਨ੍ਹਾਂ ਦੋਵਾਂ ਸੂਰਬੀਰਾਂ ਨੇ ਵੀ ਸ਼ਹੀਦ ਦੀ ਅਰਦਾਸ ਦੀ ਅਨੋਖੀ ਭਾਵਨਾ ਨੂੰ 20ਵੀਂ ਸਦੀ ਵਿੱਚ ਮੁੜ ਤੋਂ ਪ੍ਰਜਵੱਲਤ ਕਰਕੇ ਦਿਖਾਇਆ। ਜਦੋਂ ਸਾਰਾ ਮੁਲਕ ਅਤੇ ਸਾਰੀ ਖਲਕਤ ਗੁਰੂ ਖਾਲਸਾ ਜੀ ਦੇ ਖਿਲਾਫ ਹੋਵੇ, ਜਦੋਂ ਲੋਕਾਂ ਦੇ ਜੰਗਲ ਵਿੱਚ ਰਹਿਣਾਂ ਵੀ ਕਾਫੀ ਔਖਾ ਹੋਵੇ ਉਸ ਹਾਲਤ ਵਿੱਚ ਗੁਰੂ ਘਰ ਦੇ ਹਮਲਾਵਰ ਨੂੰ ਖਾਲਸਾਈ ਰਵਾਇਤ ਅਨੁਸਾਰ ਜਾ ਮਿਲਣਾਂ ਕਿਸੇ ਰੁਹਾਨੀ ਕਰਿਸ਼ਮੇ ਤੋਂ ਘੱਟ ਨਹੀ ਸੀ।
ਆਪਣੇ ਜੇਲ੍ਹ ਜੀਵਨ ਸਮੇਂ ਵੀ ਜਦੋਂ ਅੰਨੇ੍ਹ ਜੁਲਮ ਦੇ ਨਾਲ ਨਾਲ ਹਜਾਰਾਂ ਲਾਲਚ ਉਨ੍ਹਾਂ ਸਾਹਮਣੇ ਰੱਖੇ ਗਏ ਹੋਣ ਤਾਂ ਵੀ ਉਨ੍ਹਾਂ ਖਾਲਸਾ ਇਤਿਹਾਸ ਦੇ ਸ਼ਹੀਦ ਦੀ ਅਰਦਾਸ ਦੇ ਆਦਰਸ਼ ਨੂੰ ਮੱਧਮ ਨਹੀ ਪੈਣ ਦਿੱਤਾ।
ਇਹ ਪੰਜੇ ਸਿੰਘ ਅਜਿਹੀਆਂ ਪਾਵਨ ਰੂਹਾਂ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰਿਆ ਵਗਾ ਦਿੱਤਾ ਸੀ। ਜੋ ਗੁਰੂ ਦੀ ਓਟ ਵਿੱਚ ਅਜਿਹੇ ਸਿਤਾਰਿਆਂ ਵਾਂਗ ਚਮਕੇ ਕਿ ਕੌਮੀ ਇਤਿਹਾਸ ਦੇ ਨਾਲ ਨਾਲ ਮਨੁੱਖੀ ਇਤਿਹਾਸ ਨੇ ਵੀ ਇਨ੍ਹਾਂ ਨੂੰ ਸਿਜਦਾ ਕੀਤਾ।
ਆਓ ਇਸ ਮਹੀਨੇ ਉਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰੀਏ ਜਿਨ੍ਹਾਂ ਨੇ ਸ਼ਹੀਦ ਦੀ ਅਰਦਾਸ ਨੂੰ ਸੰਪੂਰਨਤਾ ਦਾ ਜਾਮਾ ਪਹਿਨਾਇਆ।