ਹਰ ਸਮਾਜ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਹਿੰਸਾ ਕਰਨ ਵਾਲੇ ਲੋਕ ਮਿਲ ਜਾਂਦੇ ਹਨ। ਕੋਈ ਵੀ ਸਮਾਜ ਭਾਵੇਂ ਆਪਣੇ ਆਪ ਨੂੰ ਕਿੰਨਾ ਵੀ ਸੱਭਿਅਕ ਬਣਾ ਕੇ ਕਿਉਂ ਨਾ ਪੇਸ਼ ਕਰੇ ਪਰ ਹਰ ਸਮਾਜ ਵਿੱਚ ਅਜਿਹੇ ਲੋਕਾਂ ਦੀ ਭਾਰੀ ਗਿਣਤੀ ਮਿਲ ਜਾਂਦੀ ਹੈ ਜੋ ਰੁਹਾਨੀਅਤ ਤੋਂ ਸੱਖਣੀ ਹਿੰਸਾ ਵਿੱਚ ਨਾ ਕੇਵਲ ਯਕੀਨ ਰੱਖਦੇ ਹਨ ਬਲਕਿ ਗਾਹੇ-ਬਗਾਹੇ ਆਪਣੀ ਹਿੰਸਕ ਪਸ਼ੂ-ਬਿਰਤੀ ਦਾ ਮੁਜਾਹਰਾ ਵੀ ਕਰਦੇ ਰਹਿੰਦੇ ਹਨ। ਸਾਡੇ ਸੰਸਾਰ ਅਤੇ ਸਾਡੇ ਸਮਾਜ ਦੇ ਕਥਿਤ ਤੌਰ ਤੇ ਆਧੁਨਿਕ ਹੋ ਜਾਣ ਦੇ ਨਾਲ ਨਾਲ ਹਿੰਸਾ ਦੇ ਰੂਪ ਹੀ ਹੁਣ ਆਧੁਨਿਕ ਹੋ ਗਏ ਹਨ। ਹੁਣ ਹਿੰਸਾ ਕੇਵਲ ਹਥਿਆਰਾਂ ਨਾਲ ਹੀ ਨਹੀ ਕੀਤੀ ਜਾਂਦੀ ਬਲਕਿ ਵਿਚਾਰਾਂ ਨਾਲ ਵੀ ਕੀਤੀ ਜਾਣ ਲੱਗੀ ਹੈ। ਸਮਾਜ ਦੇ ਕਥਿਤ ਆਧੁਨਿਕੀਕਰਨ ਨੇ ਹਿੰਸਾ ਨੂੰ ਵੀ ਸੱਭਿਆਤਾ ਦਾ ਲਿਬਾਸ ਪਹਿਨਾ ਦਿੱਤਾ ਹੈ।

ਸ਼ਬਦਾਂ ਦੀ ਹਿੰਸਾ ਹੁਣ ਦੇ ਆਧੁਨਿਕ ਸੰਸਾਰ ਦੀ ਰਵਾਇਤ ਬਣ ਗਈ ਹੈ। ਦੁਨੀਆਂ ਭਰ ਦੇ ਰਾਜਨੇਤਾ, ਡਿਪਲੋਮੈਟ, ਅਫਸਰਸ਼ਾਹੀ ਅਤੇ ਸਭ ਤੋਂ ਵਧਕੇ ਪੱਤਰਕਾਰ ਭਾਈਚਾਰਾ ਇਸ ਸ਼ਬਦੀ ਹਿੰਸਾ ਦਾ ਮੁੱਖ ਵਾਹਕ ਬਣਿਆ ਹੋਇਆ ਹੈ। ਸ਼ਬਦਾਂ ਦੀ ਇਸ ਭਿਆਨਕ ਹਿੰਸਾ ਦਾ ਨਜ਼ਾਰਾ ਅੱਜਕੱਲ਼੍ਹ ਅਸੀਂ ਕਨੇਡਾ ਦੇ ਮੀਡੀਆ ਵਿੱਚ ਦੇਖ ਰਹੇ ਹਾਂ ਜਿੱਥੇ ਹਰ ਕਿਸਮ ਦੀ ਹਿੰਸਾ ਦੀ ਹਮਾਇਤ ਕਰਨ ਵਾਲੇ ਭੱਦਰ ਪੁਰਸ਼ ਇੱਕ ਸਿੱਖ ਨੌਜਵਾਨ, ਜਗਮੀਤ ਸਿੰਘ ਨੂੰ ਆਪਣੇ ਸ਼ਬਦਾਂ ਦੀਆਂ ਤਲਵਾਰਾਂ ਨਾਲ ਪੱਛ ਰਹੇ ਹਨ।

ਜਗਮੀਤ ਸਿੰਘ ਦਾ ਵੱਡਾ ਕਸੂਰ ਸਿਰਫ ਇਹ ਹੈ ਕਿ ਉਹ ਇੱਕ ਗੋਰੀ ਨਸਲ ਵਾਲੇ ਮੁਲਕ ਵਿੱਚ ਪਹਿਲਾ ਅਜਿਹਾ ਨੌਜਵਾਨ ਹੈ ਜਿਸਨੇ ਰਾਜਸੀ ਖੇਤਰ ਵਿੱਚ ਆਪਣੀ ਲਿਆਕਤ ਨਾਲ ਆਪਣੇ ਲਈ ਉ%ਚੀ ਥਾਂ ਮੱਲ ਲਈ ਹੈ। ਆਪਣੀ ਉਤਮਤਾ ਦਾ ਭਰਮ ਪਾਲੀ ਬੈਠੇ ਸੱਭਿਅਕ ਹਿੰਸਾਵਾਦੀਆਂ ਲਈ ਇਹ ਗੱਲ ਪਚਾਉਣੀ ਮੁਸ਼ਕਲ ਹੋ ਰਹੀ ਹੈ ਕਿ ਉਨ੍ਹਾਂ ਤੋਂ ਵੱਖਰੇ ਰੂਪ ਰੰਗ ਵਾਲਾ ਵਿਅਕਤੀ ਇਕ ਚਿੱਟੀ ਚਮੜੀ ਵਾਲੇ ਮੁਲਕ ਵਿੱਚ ਆਪਣਾਂ ਰਾਜਸੀ ਜੀਵਨ ਜੀਊਣ ਦਾ ਸੁਪਨਾ ਵੀ ਲੈਣ ਦੀ ਜੁਅਰਤ ਵੀ ਕਿਵੇਂ ਕਰ ਰਿਹਾ ਹੈ।

ਵੱਡੇ ਵੱਡੇ ਸ਼ੀਸ਼ੇ ਦੇ ਕੈਬਿਨਾਂ ਵਿੱਚ ਬੈਠੇ ਇਹ ਬਹੁਤ ਹੀ ਸੱਭਿਅਕ ਦਿਸਦੇ ਲੋਕ ਜਦੋਂ ਅਜਿਹਾ ਅਨਰਥ ਹੋਇਆ ਦੇਖਦੇ ਹਨ ਤਾਂ ਫਿਰ ਉਨ੍ਹਾਂ ਦੇ ਅੰਦਰ ਬੈਠੇ ਨਾਗ ਨੂੰ ਫੁੰਕਾਰੇ ਮਾਰਦਿਆਂ ਮੇਲ਼੍ਹਦਾ ਦੇਖ਼ਣ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ ਹੈ। ਜਗਮੀਤ ਸਿੰਘ ਦਾ ਨਿਆਰਾ ਸਰੂਪ, ਨਿਆਰੀ ਵਿਚਾਰਧਾਰਾ ਅਤੇ ਨਿਆਰੇ ਵਿਚਾਰ ਉਨ੍ਹਾਂ ਸੱਭਿਅਕ ਨਾਗਾਂ ਤੋਂ ਜਰ ਨਹੀ ਹੋ ਰਹੇ ਇਸੇ ਲਈ ਉਹ ਸ਼ਬਦਾਂ ਦੇ ਮਜ਼ਦੂਰ, ਹੁਣ ਸ਼ਬਦਾਂ ਦੀਆਂ ਤਲਵਾਰਾਂ, ਟਕੂਇਆਂ ਅਤੇ ਬਰਛਿਆਂ ਨਾਲ ਵਿਚਾਰੇ ਜਗਮੀਤ ਸਿੰਘ ਨੂੰ ਟੁੱਕ ਰਹੇ ਹਨ। ਉਹ ਵਿਚਾਰਾ ਇਨ੍ਹਾਂ ਆਦਮਖੋਰਾਂ ਦੀ ਮਾਰ ਸਹਿੰਦਾ ਹੋਇਆ ਸਿਰਫ ਕੱਲਾ ਹੀ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰ ਰਿਹਾ ਹੈ। ਸ਼ਬਦਾਂ ਦੇ ਟਕੂਏ ਚੁੱਕੀ ਫਿਰਦੇ ਇਹ ਆਦਮਖੋਰ ਉਸ ਤੋਂ ਉਸ ਹਿੰਸਾ ਬਾਰੇ ਵਿਚਾਰ ਪੁੱਛ ਰਹੇ ਹਨ ਜਿਸ ਦੇ ਘਟਣ ਵੇਲੇ ਸ਼ਾਇਦ ਜਗਮੀਤ ਸਿੰਘ ਨੇ ਚੰਗੀ ਤਰ੍ਹਾਂ ਸੋਝੀ ਵੀ ਨਹੀ ਸੀ ਸੰਭਾਲੀ। ਜਗਮੀਤ ਸਿੰਘ ਤੋਂ ਉਸ ਹਿੰਸਕ ਕਾਰੇ ਬਾਰੇ ਸੁਆਲ ਪੁੱਛੇ ਜਾ ਰਹੇ ਹਨ ਜਿਸ ਬਾਰੇ ਹਾਲੇ ਵੀ ਬਹੁਤ ਸਾਰੇ ਅਜਿਹੇ ਸੁਆਲ u%ਠ ਰਹੇ ਹਨ ਜਿਨ੍ਹਾਂ ਦਾ ਸਾਹਮਣਾਂ ਕਰਨ ਤੋਂ ਇਹ ਸ਼ਬਦਾਂ ਦੇ ਵਪਾਰੀ ਡਰ ਰਹੇ ਹਨ।

ਜਗਮੀਤ ਸਿੰਘ ਤੋਂ ਹਾਂ ਜਾਂ ਨਾਹ ਵਿੱਚ ਸੁਆਲ ਪੁੱਛਣ ਵਾਲੇ ਕਦੇ ਆਪਣੇ ਆਪ ਤੋਂ ਇਹ ਨਹੀ ਪੁੱਛਦੇ ਕਿ ਇਜ਼ਰਾਈਲ ਨੇ ਹਜ਼ਾਰਾਂ ਬੱਚੇ ਭਿਆਨਕ ਢੰਗ ਨਾਲ ਮਾਰ ਦਿੱਤੇ ਹਨ। ਕੀ ਤੁਸੀਂ ਉਸਦੀ ਹਮਾਇਤ ਕਰਦੇ ਹੋ ਜਾਂ ਨਹੀ।

ਸ਼ਬਦਾਂ ਦੇ ਟਕੂਏ ਚੁੱਕ ਕੇ ਜਗਮੀਤ ਸਿੰਘ ਦੇ ਖਿਲਾਫ ਬੋਲਣ ਵਾਲੇ, ਉਸ ਅਫਗਾਨੀ ਬਾਪ ਦੇ ਦਰਦ ਨੂੰ ਨਹੀ ਸਮਝ ਰਹੇ ਜਿਸਨੇ ਕੁਝ ਮਾਸ ਦੇ ਲੋਥੜੇ ਆਪਣੇ ਪੱਲੇ ਵਿੱਚ ਪਾਏ ਅਤੇ ਉਨ੍ਹਾਂ ਨੂੰ ਆਪਣਾਂ ਪੁੱਤਰ ਆਖਣ ਲੱਗਾ। ਉਸ ਗਰੀਬ ਬਾਪ ਦੇ ਜੀਊਂਦੇ ਜਾਗਦੇ ਪੁੱਤਰ ਨੂੰ ਅਸਮਾਨ ਤੋਂ ਡਿਗੀ ਇਨ੍ਹਾਂ ਦੇ ਮੁਲਕ ਦੇ ਹਮਾਇਤੀ ਦੀ ਮਿਜ਼ਾਇਲ ਨੇ ਖਤਮ ਕਰ ਦਿੱਤਾ ਸੀ। ਸ਼ਬਦਾਂ ਦੇ ਕਾਤਲਾਂ ਲਈ ਕਦੇ ਵੀ ਉਹ ਸੁਆਲ ਨਹੀ ਉ%ਠਦੇ ਜੋ ਉਨ੍ਹਾਂ ਦੀ ਆਪਣੀ ਜ਼ਮੀਰ ਤੇ ਭਾਰ ਪਾ ਰਹੇ ਹਨ। ਉਹ ਆਪ ਸਵੇਰ ਤੋਂ ਸ਼ਾਮ ਤੱਕ ਸ਼ਬਦਾਂ ਨਾਲ ਕਿੰਨਾ ਕਤਲੇਆਮ ਕਰਦੇ ਹਨ ਇਸਦਾ ਲੇਖਾ ਜੋਖਾ ਉਹ ਸੱਭਿਅਕ ਕਾਤਲ ਕਦੇ ਵੀ ਨਹੀ ਕਰਦੇ। ਉਨ੍ਹਾਂ ਦੀ ਹਿੰਸਕ ਬਿਰਤੀ ਇਸ ਵੇਲੇ ਏਨੀ ਖੁੰਖਾਰੂ ਹੋ ਗਈ ਹੈ ਕਿ ਉਹ ਮਰ ਮਾਸੂਮ ਵਿਅਕਤੀ ਖਿਲਾਫ ਤਲਵਾਰਾਂ ਧੂਹ ਕੇ ਆ ਪੈਂਦੇ ਹਨ। ਪਰ ਜਿਹੜੀ ਹਿੰਸਾ ਦੀ ਹਮਾਇਤ ਉਹ ਲਗਾਤਾਰ ਕਰਦੇ ਆ ਰਹੇ ਹਨ ਉਸ ਬਾਰੇ ਕਦੇ ਕੋਈ ਸੁਆਲ ਨਹੀ ਕੀਤਾ ਜਾਂਦਾ।

ਜਗਮੀਤ ਸਿੰਘ ਕਿਉਂਕਿ ਉਸ ਸਮੂਹ ਤੋ ਬਾਹਰਲਾ ਹੈ ਜਿਸਨੇ ਸ਼ਬਦਾਂ ਦੇ ਟਕੂਏ ਚੁੱਕੇ ਹੋਏ ਹਨ ਇਸ ਲਈ ਉਸਦਾ ਸਿਆਸੀ ਕਤਲ ਜਿੰਨੀ ਜਲਦੀ ਹੋ ਜਾਵੇ, ਸੱਭਿਅਕ ਕਾਤਲਾਂ ਲਈ ਆਪਣੀ ਰਾਜਨੀਤੀ ਕਰਨੀ ਉਨੀ ਹੀ ਸੁਖਾਲੀ ਹੋਵੇਗੀ। ਦੇਖਦੇ ਹਾਂ ਜਗਮੀਤ ਸਿੰਘ ਤੇ ਗੁਰੂ ਦੀ ਏਨੀ ਕੁ ਬਖਸ਼ਿਸ ਹੈ ਕਿ ਉਹ ਬੇਗਾਨੀ ਧਰਤੀ ਤੇ ਆਪਣੇ ਬੋਲ ਪੁਗਾਉਣ ਵਿੱਚ ਸਫਲ ਹੋ ਸਕੇਗਾ ਜਾਂ ਨਹੀ?