ਪਿਛਲੇ ਦਿਨੀ ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਇੱਕ ਪਾਸੇ ਬਹੁਤ ਸਾਰੇ ਪਿੰਡਾਂ ਵਿੱਚ ਤਬਾਹੀ ਦੇ ਦ੍ਰਿਸ਼ ਸਾਹਮਣੇ ਲਿਆਂਦੇ ਹਨ ਉੱਥੇ ਦੂਜੇ ਪਾਸੇ ਹੀ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਸੇਵਾ ਦੇ ਸੰਕਲਪ ਦੇ ਵੀ ਬਹੁਤ ਹੀ ਮਨਮੋਹਕ ਦਰਸ਼ਨ ਹੋਏ ਹਨ। ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਨਾਲ ਬੁਹੁਤ ਸਾਰੇ ਪਿੰਡਾਂ ਵਿੱਚ ਪਾਣੀ ਆ ਵੜਿਆ ਜਿਸ ਕਾਰਨ ਫਸਲਾਂ ਅਤੇ ਮਾਲ ਡੰਗਰ ਦਾ ਕਾਫੀ ਨੁਕਸਾਨ ਹੋਇਆ। ਮਨੁੱਖੀ ਜਾਨਾਂ ਬਾਰੇ ਹਾਲੇ ਤੱਕ ਕੋਈ ਪੁਖਤਾ ਖਬਰ ਸਾਹਮਣੇ ਨਹੀ ਆਈ।
ਪਰ ਜਿਸ ਜਜਬੇ ਨਾਲ ਸਮੂਹ ਪੰਜਾਬੀਆਂ ਨੇ ਹੜ੍ਹਾਂ ਵਿੱਚ ਫਸੇ ਹੋਏ ਆਪਣੇ ਭੈਣ ਭਰਾਵਾਂ ਦੀ ਮਦਦ ਕੀਤੀ ਅਤੇ ਜਿਵੇਂ ਲੰਗਰ ਦੀ ਪ੍ਰਥਾ ਨੂੰ ਉਸਦੀ ਅਸਲ ਭਾਵਨਾ ਨਾਲ ਜਿੰਦਾ ਰੱਖਿਆ ਗਿਆ ਉਹ ਸਾਡੇ ਕੌਮੀ ਜਜਬੇ ਲਈ ਇੱਕ ਮੀਲ ਪੱਥਰ ਸਾਬਤ ਹੋਇਆ ਹੈੈ।
ਸੈਂਕੜੇ ਮੀਲਾਂ ਤੋਂ ਲੰਗਰ, ਪਾਣੀ, ਦਵਾਈਆਂ ਅਤੇ ਚਾਰੇ ਦੀ ਟਰਾਲੀਆਂ ਭਰ ਭਰ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਆ ਰਹੀਆਂ ਹਨ। ਸਿੱਖਾਂ ਦੀ ਇਸ ਸਮੁੱਚੀ ਤਨਦੇਹੀ ਵਿੱਚੋਂ ਸੱਚਮੁੱਚ ਹੀ ਗੁਰੂ ਸਾਹਿਬ ਦੇ ਦਰਸ਼ਨ ਹੋ ਰਹੇ ਹਨ। ਪੰਜਾਬ ਦੇ ਹੜਾਂ ਨੇ ਇੱਕ ਹੋਰ ਵੱਡੀ ਗੱਲ ਇਹ ਸਾਹਮਣੇ ਲਿਆਂਦੀ ਹੈ ਕਿ ਹੋਰਨਾ ਸੂਬਿਆਂ ਵਾਂਗ ਕੋਈ ਲੁੱਟਮਾਰ ਨਹੀ ਹੋਈ। ਸਾਰੇ ਸੱਜਣ ਗੁਰੂ ਸਾਹਿਬ ਦੇ ਸ਼ਬਦ ਗੁਣਗੁਣਾਉਂਦੇ ਹੋਏ ਸੇਵਾ ਦੇ ਕਾਰਜ ਵਿੱਚ ਜੁਟੇ ਹੋਏ ਸਨ। ਜਿਨ੍ਹਾਂ ਥਾਵਾਂ ਤੇ ਬੰਨ੍ਹ ਵਿੱਚ ਪਾੜ ਪੈ ਗਿਆ ਸੀ ਉੱਥੇ ਵੀ ਜਜਬੇ ਨਾਲ ਸਾਰੇ ਸਿੱਖ ਨੌਜਵਾਨਾਂ, ਬੱਚੀਆਂ ਅਤੇ ਬਜ਼ੁਰਗਾਂ ਬੀਬੀਆਂ ਨੇ ਦਿਨ ਰਾਤ ਕਾਰਜ ਕਰਕੇ ਬੰਨ੍ਹ ਨੂੰ ਭਰਿਆ। ਮੁਹਾਲੀ ਤੋਂ ਇੱਕ ਵਕੀਲ ਬੀਬੀ ਆਪਣੇ ਵੀਰਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਬੰਨ੍ਹ ਤੇ ਮਿੱਟੀ ਸੁਟਦੀ ਨਜ਼ਰ ਆਈ।
ਹੜ੍ਹਾਂ ਦੀ ਇਸ ਆਫਤ ਨੇ ਸਿੱਖਾਂ ਦੇ ਕੌਮੀ ਜਜਬੇ ਨੂੰ ਵੀ ਮਜਬੂਤ ਕੀਤਾ ਹੈੈ। ਸ਼ੋਸ਼ਲ ਮੀਡੀਆ ਤੇ ਜੋ ਟਿੱਪਣੀਆਂ ਹੋ ਰਹੀਆਂ ਹਨ ਉਹ ਉਸ ਕੌਮੀ ਜਜਬੇ ਦੀ ਤੜਪ ਨੂੰ ਦਰਸਾਉਂਦੀਆਂ ਹਨ। ਸਭ ਤੋਂ ਮਸ਼ਹੂਰ ਉਹ ਵੀਡੀਓ ਹੋਈ ਹੈ ਜਿਸ ਵਿੱਚ ਦੋ ਮੰਜਲੀ ਛੱਤ ਉੱਚੇ ਫਸੇ ਹੋਏ ਇੱਕ ਪਰਿਵਾਰ ਨੂੰ ਰਸਦ ਪਹੁੰਚਾਉਣ ਆਏ ਵੀਰਾਂ ਨੂੰ ਛੱਤ ਉਪਰ ਬੈਠੀ ਇੱਕ ਬੀਬੀ ਦੁੱਧ ਦੀ ਬਾਲਟੀ ਥੱਲੇ ਭੇਜਕੇ ਆਖਦੀ ਹੈ ਕਿ, ਮੇਰਾ ਵੀ ਹਿੱਸਾ ਲੰਗਰ ਵਿੱਚ ਪਾ ਦਿਓ। ਕਿਸੇ ਨੇ ਉਸ ਵੀਡੀਓ ਤੇ ਟਿੱਪਣੀ ਕੀਤੀ ਕਿ ਇਸ ਕੌਮ ਨੂੰ ਕੋਈ ਕਿਵੇਂ ਮਾਰ ਸਕਦਾ ਹੈ ਜਿਸ ਵਿੱਚ ਏਨੀ ਪਵਿੱਤਰ ਭਾਵਨਾ ਪਈ ਹੈੈੈ।
ਜਿੱਥੇ ਕਿਤੇ ਵੀ ਹੜ੍ਹ ਪੀੜਤਾਂ ਦੀ ਮਦਦ ਦਾ ਸਿਲਸਿਲਾ ਚੱਲ ਰਿਹਾ ਹੈ ਉੱਥੇ ਇਹ ਗੱਲ ਵੀ ਧੁੱਖ ਰਹੀ ਹੈ ਕਿ ਸਰਕਾਰ ਸਿੱਖਾਂ ਦੀ ਮਦਦ ਨਹੀ ਕਰ ਰਹੀ ਪਰ ਸਿੱਖਾਂ ਨੂੰ ਕਿਸੇ ਦੀ ਮਦਦ ਦੀ ਲੋੜ ਨਹੀ ਹੈ ਕਿਉਂਕਿ ਜਿਹੜੇ ਸਿੱਖ਼, ਸੀਰੀਆ, ਇਰਾਕ ਅਤੇ ਬੰਗਲਾਦੇਸ ਵਿੱਚ ਲੰਗਰ ਲਾ ਸਕਦੇ ਹਨ ਉਨ੍ਹਾਂ ਨੂੰ ਪੰਜਾਬ ਵਿੱਚ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਵਿੱਚ ਕੋਈ ਔਖ ਨਹੀ ਹੈੈ। ਦੇਸੀ ਅਤੇ ਵਿਦੇਸ਼ੀ ਸੇਵਾ ਸੰਸਥਾਵਾਂ ਨੇ ਪੰਜਾਬ ਦੀ ਔਖੇ ਵੇਲੇ ਮਦਦ ਕਰਕੇ ਇਹ ਦਰਸਾ ਦਿੱਤਾ ਹੈ ਕਿ ਕੌਮੀ ਤੌਰ ਤੇ ਸਿੱਖਾਂ ਦੇ ਭਵਿੱਖ ਅੱਗੇ ਕੋਈ ਸੁਆਲ ਨਹੀ ਲਗ ਸਕਦਾ । ਇਹ ਪਹਿਲੇ ਦਿਨ ਤੋਂ ਹੀ ਨਿਆਰੀ ਕੌਮ ਸੀ ਅਤੇ ਨਿਆਰੀ ਹੀ ਰਹੇਗੀ।
ਬੇਸ਼ੱਕ ਕੌਮ ਵਿੱਚ ਧਾਰਮਕ ਅਤੇ ਰਾਜਸੀ ਤੌਰ ਤੇ ਕੁਝ ਚਲਾਕ ਲੋਕਾਂ ਨੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਅੰਤ ਨੂੰ ਕੌਮ ਉਸ ਦਿਸ਼ਾ ਨੂੰ ਹੀ ਪਰਵਾਨ ਕਰਦੀ ਹੈ ਜੋ ਗੁਰੂ ਸਾਹਿਬ ਨੇ ਦਰਸਾਈ ਹੈੈ।
ਇਹੋ ਜਿਹੀਆਂ ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ ਆਮ ਤੌਰ ਤੇ ਕੌਮਾਂ ਵਿੱਚ ਏਕੇ ਦੀ ਭਾਵਨਾ ਪੈਦਾ ਕਰਦੀਆਂ ਹਨ ਅਤੇ ਵੱਡੇ ਨਿਸ਼ਾਨੇ ਲਈ ਇੱਕਜੁਟਤਾ ਵੀ ਲਿਆਉਂਦੀਆਂ ਹਨ।
ਸੇਵਾ ਦਾ ਸੰਕਲਪ ਗੁਰੂ ਸਾਹਿਬ ਜੀ ਦੀ ਸਾਡੇ ਤੇ ਵੱਡੀ ਬਖਸ਼ਿਸ਼ ਹੈ। ਇਹ ਸਾਡੇ ਜੀਵਨ ਅਤੇ ਕਿਰਦਾਰ ਦਾ ਅਨਿੱਖੜਵਾਂ ਅੰਗ ਹੈੈ। ਇਸ ਜਜਬੇ ਨੂੰ ਮਨੁੱਖਤਾ ਦੀ ਭਲਾਈ ਲਈ ਵਰਤਕੇ ਹੀ ਸਿੱਖ ਕੌਮ ਆਪਣੀ ਨਿਆਰੀ ਹੋਂਦ ਅਤੇ ਉਤਮਤਾ ਦੇ ਝੰਡੇ ਗੱਡ ਸਕਦੀ ਹੈੈ। ਖਾਸ ਕਰਕੇ ਉਸ ਵੇਲੇ ਜਦੋਂ ਜੁਲਮਾਂ ਦੇ ਝੱਖੜ ਚਾਰ ਚੁਫੇਰਿਓਂ ਕੌਮ ਦੁਆਲੇ ਝੁਲ ਰਹੇ ਹੋਣ ਅਤੇ ਕੋਈ ਰਾਹ ਨਜ਼ਰ ਨਾ ਆ ਰਿਹਾ ਹੋਵੇ ਉਸ ਵੇਲੇ ਅਜਿਹੇ ਜਜਬੇ ਸਿੱਖ ਕੌਮ ਦੇ ਜੀਵਨ ਲਈ ਕਾਫੀ ਸਹਾਈ ਸਾਬਤ ਹੋ ਸਕਦੇ ਹਨ। ਲੰਬੇ ਸਮੇਂ ਤੱਕ ਗੁਰੂ ਸਾਹਿਬ ਦੀ ਰਹਿਮਤ ਕੌਮ ਉੱਤੇ ਬਣੀ ਰਹੇ ਸਾਡੀ ਇਹੋ ਅਰਦਾਸ ਹੈੈ। ਬਾਕੀ ਜੁਲਮਾਂ ਦੇ ਝੱਖੜਾਂ ਨਾਲ ਜੂਝਣਾਂ ਤਾਂ ਕੌਮ ਨੂੰ ਗੁੜ੍ਹਤੀ ਵਿੱਚੋਂ ਹੀ ਮਿਲਿਆ ਹੈੈ।