ਪਿਛਲੇ ਸਾਲ ੨੦੧੫ ਵਿੱਚ ਪੰਜਾਬ ਭਰ ਵਿੱਚ ਸਰਕਾਰੀ ਧਿਰਾਂ ਨਾਲ ਮਿਲਕੇ ਜਾਣਬੁੱਝ ਕੇ ਕੀਤੀ ਗਈ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਸਮੁੱਚੇ ਪੰਜਾਬ ਵਿੱਚ ਸਿੱਖਾਂ ਨੇ ਆਪਣਾਂ ਵੱਡਾ ਰੋਸ ਜਾਹਰ ਕੀਤਾ ਸੀ। ਸਮੁੱਚੇ ਪੰਜਾਬ ਵਿੱਚ ਸਿੱਖਾਂ ਨੇ ਸ਼ਾਂਤਮਈ ਧਰਨੇ ਲਗਾ ਕੇ ਸਮੇਂ ਦੇ ਹਾਕਮਾਂ ਨੂੰ ਜਗਾਉਣ ਦਾ ਯਤਨ ਕੀਤਾ ਸੀ। ਪਰ ਸਮੇਂ ਦੇ ਹਾਕਮ ਨਾ ਕਦੇ ਪਹਿਲਾਂ ਜਾਗੇ ਸੀ ਅਤੇ ਨਾ ਹੀ ਉਨ੍ਹਾਂ ਹੁਣ ਜਾਗਣਾਂ ਸੀ, ਕਿਉਂਕਿ ਸਮੇਂ ਦੇ ਹਾਕਮ ਤਾਂ ਆਪ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਡਾਹ ਕੇ ਇਹ ਸੰਦੇਸ਼ ਦੇਂਦੇ ਆਏ ਹਨ ਕਿ ਅਸੀਂ ਗੁਰੂ ਨੂੰ ਟਿੱਚ ਜਾਣਦੇ ਹਾਂ।
ਪਰ ਪੰਜਾਬ ਵਿੱਚ ਸਿੱਖਾਂ ਦੇ ਜਬਰਦਸਤ ਰੋਹ ਨੇ ਪੰਥਕ ਅਖਵਾਉਣ ਵਾਲੀਆਂ ਧਿਰਾਂ ਨੂੰ ਇੱਕਜੁੱਟ ਹੋਣ ਦਾ ਮੌਕਾ ਦਿੱਤਾ ਸੀ। ਸਿਆਸੀ ਗਲਿਆਰਿਆਂ ਵਿੱਚੋਂ ਸਿੱਖਾਂ ਦੇ ਪੰਥਕ ਕਾਜ਼ ਦੇ ਖਾਤਮੇ ਵਾਲੇ ਸੰਦੇਸ਼ਾਂ ਅਤੇ ਕਾਰਵਾਈਆਂ ਤੋਂ ਅੱਕੇ ਹੋਏ ਅਤੇ ਦਰਦਮੰਦ ਸਿੱਖਾਂ ਨੇ ਪੰਥਕ ਧਿਰ ਨੂੰ ਅੱਗੇ ਆਉਣ ਦਾ ਵਾਸਤਾ ਪਾਇਆ ਸੀ। ਉਸ ਧਾਰਮਕ ਸਰਗਰਮੀ ਵਿੱਚੋਂ ਹੀ ਸਰਬੱਤ ਖਾਲਸੇ ਦੀ ਸੰਸਥਾ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਯਤਨ ਕੀਤਾ ਗਿਆ ਸੀ। ਪਿਛਲੇ ਸਾਲ ੧੦ ਨਵੰਬਰ ਨੂੰ ਚੱਬਾ ਦੀ ਧਰਤੀ ਤੇ ਸਰਬੱਤ ਖਾਲਸਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸੇ ਦੌਰਾਨ ਹੀ ਬਹੁਤ ਸਾਰੀਆਂ ਉ%ਘੀਆਂ ਧਾਰਮਕ ਅਤੇ ਸਿਆਸੀ ਸ਼ਖਸ਼ੀਅਤਾਂ ਨੇ ਇਸ ਸਰਬੱਚ ਖਾਲਸਾ ਸਮਾਗਮ ਤੋਂ ਦੂਰੀ ਬਣਾਈ ਰੱਖੀ ਸੀ। ਉਨ੍ਹਾਂ ਵਿੱਚੋਂ ਧਾਰਮਕ ਸ਼ਖਸ਼ੀਅਤਾਂ ਦਾ ਇਹ ਕਹਿਣਾਂ ਸੀ ਕਿ ਸਰਬੱਤ ਖਾਲਸਾ ਕਿਸੇ ਵਿਧੀ ਵਿਧਾਨ ਅਧੀਨ ਬੁਲਾਇਆ ਜਾਣਾਂ ਚਾਹੀਦਾ ਹੈ। ਇਸ ਲਈ ਸਾਰੀਆਂ ਪੰਥਕ ਸੰਸਥਾਵਾਂ ਨਾਲ ਮਿਲ ਬੈਠ ਕੇ ਕੋਈ ਸਾਂਝਾ ਵਿਧੀ ਵਿਧਾਨ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਪੂਰੀ ਕੌਮ ਇਸ ਵਿੱਚ ਸ਼ਾਮਲ ਹੋ ਸਕੇ।
ਦੂਜੇ ਪਾਸੇ ਇਸ ਸਮਾਗਮ ਤੋਂ ਦੂਰੀ ਬਣਾਉਣ ਵਾਲੀ ਸਿਆਸੀ ਪੰਥਕ ਧਿਰ ਦਾ ਕਹਿਣਾਂ ਸੀ ਕਿ ਇਸ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਮੋਹਰੀ ਸੱਜਣ ਬਹੁਤ ਦੇਰ ਤੋਂ ਪਰਖੇ ਜਾ ਚੁੱਕੇ ਹਨ ਅਤੇ ਇਨ੍ਹਾਂ ਦੀ ਭਾਵਨਾ ਸੁੱਚੀ ਨਹੀ ਹੈ, ਬਲਕਿ ਉਹ ਤਾਂ ਸਰਬੱਤ ਖਾਲਸਾ ਦਾ ਬਹਾਨਾ ਬਣਾ ਕੇ ਕਿਸੇ ਵੀ ਢੰਗ ਨਾਲ ਸਿਆਸੀ ਸੱਤਾ ਤੇ ਕਾਬਜ ਹੋਣਾਂ ਚਾਹੁੰਦੇ ਹਨ।
ਪਿਛਲੇ ਸਾਲ ਦੇ ਸਰਬੱਤ ਖਾਲਸਾ ਵਿੱਚ ਸਿੱਖ ਸੂਰਬੀਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਗਿਆ ਸੀ। ਉਨ੍ਹਾਂ ਦੀ ਪੰਥ ਲਈ ਕੁਰਬਾਨੀ ਦੇ ਮੱਦੇਨਜ਼ਰ ਉਨ੍ਹਾਂ ਦੇ ਨਾਅ ਨੂੰ ਹਰ ਕਿਸੇ ਨੇ ਸਹਿਮਤੀ ਦਿੱਤੀ ਸੀ।
ਇਸ ਸਮਾਗਮ ਤੋਂ ਦੂਰੀ ਬਣਾਉਣ ਵਾਲੀ ਸਿਆਸੀ ਧਿਰ ਨੇ ਉਦੋਂ ਹੀ ਆਖਿਆ ਸੀ ਕਿ ਇਸ ਖੇਡ ਦਾ ਦੂਜਾ ਪਾਸਾ ਬਹੁਤ ਹਨੇਰਾ ਹੈ।
ਲਗਭਗ ੧੧ ਮਹੀਨੇ ਤਾਂ ਠੀਕ ਠਾਕ ਚਲਦੇ ਰਹੇ ਪਰ ਸਰਬੱਤ ਖਾਲਸਾ ਵਾਲੀਆਂ ਧਿਰਾਂ ਦਾ ਉਹ ਕਾਲਾ ਅਤੇ ਹਨੇਰਾ ਪਾਸਾ ਉਸ ਵੇਲੇ ਦ੍ਰਿਸ਼ਟਮਾਨ ਹੋਣ ਲੱਗਾ ਜਦੋਂ ਕਾਰਜਕਾਰੀ ਜਥੇਦਾਰਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਆਪ ਨੂੰ ਸੁਪਰੀਮ ਅਥਾਰਟੀ ਵੱਜੋਂ ਪੇਸ਼ ਕੀਤਾ ਜਾਣ ਲੱਗਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘਾਂ ਦੇ ਯਤਨਾਂ ਨੂੰ ਵੀ ਬਹੁਤ ਭੱਦੀ ਸ਼ਬਦਾਵਲੀ ਵਿੱਚ ਨਕਾਰਿਆ ਜਾਣ ਲੱਗਾ।
ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਕਾਰਜਕਾਰੀ ਜਥੇਦਾਰ ਕਿਸੇ ਥਾਂ ਤੇ ਵਿਆਹ ਵਰਗੇ ਸਮਾਗਮ ਵਿੱਚ ਕੁਰਸੀਆਂ ਡਾਹ ਕੇ ਚਾਹ ਦੀਆਂ ਚੁਸਕੀਆਂ ਲ਼ੈਂਦੇ ਹੋਏ, ਦੋ ਵਾਰ ਭੁੱਖ ਹੜਤਾਲਾਂ ਕਰ ਚੁੱਕੇ ਭਅਈ ਗੁਰਬਖਸ਼ ਸਿੰਘ ਨੂੰ ਮੁਆਫੀ ਦੇਣ ਦੇ ਫੈਸਲੇ ਕਰ ਰਹੇ ਸਨ।
ਸਿੱਖਾਂ ਦੀਆਂ ਧਾਰਮਕ ਸ਼ਖਸ਼ੀਅਤਾਂ ਅਖਵਾਉਣ ਵਾਲੇ ਸੱਜਣ ਇਸ ਤਰ੍ਹਾਂ ਵਿਹਾਰ ਕਰ ਰਹੇ ਸਨ ਜਿਵੇਂ ਕਿਸੇ ਟਰੱਕ ਯੂਨੀਅਨ ਦੇ ਕਬਜੇ ਦਾ ਫੈਸਲਾ ਕਰਵਾਉਣ ਲਈ ਭਰਿਸ਼ਟ ਲੰਬੜਦਾਰ ਸੱਦੇ ਹੋਏ ਹੁੰਦੇ ਹਨ। ਉਸ ਦਿਨ ਦਾ ਦ੍ਰਿਸ਼ ਦੇਖ ਕੇ ਸਾਡੇ ਮਨ ਵਿੱਚ ਪੱਕਾ ਯਕੀਨ ਬੱਝ ਗਿਆ ਕਿ ਇਨ੍ਹਾਂ ਸਾਰੇ ਸੱਜਣਾਂ ਦਾ ਟੀਚਾ ਤਾਂ ਕੋਈ ਹੋਰ ਹੀ ਹੈ। ਭਾਈ ਜਗਤਾਰ ਸਿੰਘ ਹਵਾਰਾ ਦਾ ਤਾਂ ਇਹ ਨਾਅ ਹੀ ਵਰਤ ਰਹੇ ਹਨ। ਇਹ ਲੰਬੜਦਾਰੀਆਂ ਦੇ ਭੁੱਖੇ ਸੱਜਣ ਹਨ, ਕੌਮ ਦੇ ਭਲੇ ਦੀ ਇਨਾਂ ਤੋਂ ਕਤਈ ਆਸ ਨਹੀ ਕੀਤੀ ਜਾ ਸਕਦੀ।
ਹੁਣ ਤਾਂ ਇਨ੍ਹਾਂ ਦੀ ਸਰਗਰਮੀ ਤੋਂ ਇਹ ਸੰਦੇਸ਼ ਮਿਲ ਰਿਹਾ ਹੈ ਕਿ ਇਨ੍ਹਾਂ ਨੂੰ ਸਮੇਂ ਦੇ ਸੱਤਾਧਾਰੀ ਹੀ ਆਪਣੀਆਂ ਉਂਗਲਾਂ ਤੇ ਨਚਾ ਰਹੇ ਹਨ। ਸਰਬੱਤ ਖਾਲਸਾ ਵਾਲੀ ਧਿਰ ਦੀ ਹਰ ਸਰਗਰਮੀ ਸੱਤਾਧਾਰੀਆਂ ਦੇ ਹੱਕ ਵਿੱਚ ਭੁਗਤ ਰਹੀ ਜਾਪਦੀ ਹੈ। ਦੋਹਾਂ ਦੀ ਬੋਲੀ, ਕਾਰਵਾਈਆਂ ਅਤੇ ਨਿਸ਼ਾਨਿਆਂ ਵਿੱਚ ਵੀ ਪੂਰੀ ਸਹਿਮਤੀ ਬਣ ਰਹੀ ਨਜ਼ਰ ਆ ਰਹੀ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦੀ ਇਹ ਖੂਬੀ ਰਹੀ ਹੈ ਕਿ ਉਹ ਵਿਰੋਧੀ ਧਿਰ ਵੀ ਆਪਣੇ ਹੀ ਲੋਕਾਂ ਦੀ ਖੜ੍ਹੀ ਕਰਦਾ ਹੈ ਤਾਂ ਕਿ ਲੋਕਾਂ ਨੂੰ ਭੁਲੇਖਾ ਬਣਿਆ ਰਹੇ ਕਿ ਕੋਈ ਉਸਦਾ ਵਿਰੋਧ ਕਰਨ ਵਾਲਾ ਵੀ ਹੈ। ਕੁਝ ਸਾਲ ਪਹਿਲਾਂ ਮਾਸਕੋ ਦੇ ਮੇਅਰ ਦੀ ਚੋਣ ਤੋਂ ਪਹਿਲਾਂ ਟਾਈਮ ਮੈਗਜ਼ੀਨ ਨੇ ਕੁਝ ਗੁਪਤ ਦਸਤਾਵੇਜ਼ ਹਾਸਲ ਕਰਕੇ ਇੱਕ ਖਬਰ ਸਟੋਰੀ ਛਾਪੀ ਸੀ ਜਿਸ ਵਿੱਚ ਵਲਾਦੀਮੀਰ ਪੁਤਿਨ ਦੀ ਰਾਜਸੀ ਪਹੁੰਚ ਦਾ ਖੁਲਾਸਾ ਸੀ। ਉਸ ਵਿੱਚ ਇਸੇ ਤਰ੍ਹਾਂ ਵਿਰੋਧੀ ਉਮੀਦਵਾਰ ਦਾ ਫੈਸਲਾ ਵੀ ਪੁਤਿਨ ਨੇ ਹੀ ਕਰਨਾ ਸੀ, ਤਾਂ ਕਿ ਇਹ ਭੁਲੇਖਾ ਬਣਿਆ ਰਹੇ ਕਿ ਮੁਕਾਬਲੇ ਤੇ ਕੋਈ ਉਮੀਦਵਾਰ ਵੀ ਹੈ।
ਖਾਲਸਾ ਪੰਥ ਇਸ ਵੇਲੇ ਵੱਡੀਆਂ ਚੁਣੌਤੀਆਂ ਦਾ ਸਾਹਮਣਾਂ ਕਰ ਰਿਹਾ ਹੈ। ਇਹ ਬਾਹਰੀ ਹਮਲੇ ਅਤੇ ਅੰਦਰੂਨੀ ਖੋਰੇ ਦਾ ਸ਼ਿਕਾਰ ਹੈ। ਵਾਹਿਗੁਰੂ ਭਲੀ ਕਰਨ ਕੌਮ ਇਸ ਇਮਤਿਹਾਨ ਵਿੱਚੋਂ ਆਪਣਾਂ ਪਾਕ ਦਾਮਨ ਅਤੇ ਉਚਾ ਚਰਿੱਤਰ ਲੈ ਕੇ ਬਾਹਰ ਨਿਕਲੇ। ਇਹੋ ਹੀ ਸਾਡੀ ਅਰਦਾਸ ਹੈ।