ਪੰਜਾਬ ਵਿੱਚ ਸਤਾਰਵੀਆਂ ਲੋਕ ਸਭਾ ਚੋਣਾਂ ਜੋ 13 ਸੀਟਾਂ ਤੇ ਹੋਣੀਆਂ ਹਨ, ਉਸ ਲਈ 242 ਦੇ ਕਰੀਬ ਉਮੀਦਵਾਰ ਨਾਮੀਂ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਹਨ। ਬਾਕੀ ਸਾਰੇ ਆਪਣੇ ਵੱਲੋਂ ਅਜ਼ਾਦ ਤੌਰ ਤੇ ਇਸ ਲੋਕ ਸਭਾ ਚੋਣ ਵਿੱਚ ਚੋਣ ਲੜ ਰਹੇ ਹਨ। ਇੰਨਾਂ ਵਿਚੋਂ ਬਠਿੰਡਾ ਲੋਕ ਸਭਾ ਚੋਣ ਲਈ ਚੋਣਾਂ ਦੇ ਰੌਲੇ ਰੱਪੇ ਨੂੰ ਮਾਤ ਦੇ ਰਹੀ ਬੀਬੀ ਵੀਰਪਾਲ ਕੌਰ ਹੈ ਜੋ ਰੱਲਾ ਪਿੰਡ ਦੀ ਹੈ ਤੇ ਘੜਾ ਚੁੱਕ ਕੇ ਪਿੰਡ ਪਿੰਡ ਤੇ ਘਰ ਘਰ ਜਾ ਕੇ ਆਪਣੀ ਚੋਣ ਲੜ ਰਹੀ ਹੈ। ਇਸਦੇ ਨਾਲ ਇਸਦੀ ਧੀ ਦਿਲਜੋਤ ਕੌਰ ਜੋ ਬੀ.ਏ. ਦੂਜੇ ਸਾਲ ਦੀ ਵਿਿਦਆਰਥਣ ਹੈ ਆਪਣੀ ਮਾਂ ਨਾਲ ਮੋਢਾ ਜੋੜ ਕੇ ਚੋਣ ਪ੍ਰਚਾਰ ਵਿੱਚ ਨਿੱਤਰੀ ਹੈ। ਵੀਰਪਾਲ ਕੌਰ ਰੱਲਾ ਪੰਜਾਬ ਦੀਆਂ ਕਿਸਾਨ ਖੁਦਕਸ਼ੀਆਂ ਦੀ ਮੂੰਹ ਬੋਲਦੀ ਤਸਵੀਰ ਹੈ। ਉਸਦੇ ਘਰ ਵਿੱਚ ਤਿੰਨ ਜੀਅ ਕਿਸਾਨੀ ਦੇ ਕਰਜੇ ਕਾਰਨ ਖੁਦਕਸ਼ੀ ਕਰ ਚੁੱਕੇ ਹਨ। ਜਿਸ ਵਿੱਚ ਉਸਦਾ ਸਹੁਰਾ ਨਛੱਤਰ ਲਾਲ ਜਿਸਨੇ 1990 ਵਿੱਚ ਕਿਸਾਨੀ ਕਰਜੇ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਸੀ। ਇਸ ਤਰਾਂ ਉਸਦੇ ਪਿਤਾ ਕ੍ਰਿਸ਼ਨ ਚੰਦ ਨੇ 1995 ਵਿੱਚ ਕਿਸਾਨੀ ਕਰਜੇ ਕਰਕੇ ਸਲਫਾਸ ਪੀ ਲਈ ਸੀ। ਉਸਦੇ ਪਤੀ ਧਰਮਵੀਰ ਨੇ 2003 ਕਿਸਾਨੀ ਕਰਜੇ ਕਾਰਨ ਆਪਣੇ ਆਪ ਨੂੰ ਅੱਗ ਲਾ ਕੇ ਆਤਮ ਹੱਤਿਆ ਕਰ ਲਈ ਸੀ। ਇੰਨਾ ਤਿੰਨ ਖੁਦਕਸ਼ੀਆਂ ਦੀ ਮਾਰ ਝੱਲ ਰਹੀ ਵੀਰਪਾਲ ਕੌਰ ਰੱਲਾ ਨੂੰ ਪੰਜਾਬ ਸਰਕਾਰ ਨੇ ਕਿਸੇ ਤਰਾਂ ਦਾ ਵੀ ਬਣਦਾ ਮੁਆਵਜ਼ਾ ਨਹੀਂ ਦਿੱਤਾ। ਬੀਰਪਾਲ ਕੌਰ ਰੱਲਾ ਕੋਲੇ ਨਾ ਤਾਂ ਚੋਣ ਪ੍ਰਚਾਰ ਲਈ ਵੱਡੀਆਂ ਗੱਡੀਆਂ ਹਨ ਨਾ ਲੋਕਾਂ ਦੀ ਭੀੜ ਅਤੇ ਨਾ ਹੀ ਕੋਈ ਪੈਸਾ ਧੇਲਾ ਹੈ ਇਸਦੇ ਬਾਵਜੂਦ ਵੀ ਉਹ ਚੋਣ ਪ੍ਰਚਾਰ ਵਿੱਚ ਜੁੱਟੀ ਹੋਈ ਹੈ।

ਉਸਦੀ ਹਮਾਇਤ ਕਿਸਾਨ ਮਜ਼ਦੂਰ ਖੁਦਕਸ਼ੀ ਪੀੜਿਤ ਪਰਿਵਾਰਕ ਕਮੇਟੀ ਪੰਜਾਬ ਦੇ ਵਰਕਰ ਕਰ ਰਹੇ ਹਨ। ਉਹ ਬਠਿੰਡਾ ਹਲਕੇ ਦੇ ਪਿੰਡਾਂ ਦੀਆਂ ਗਲੀਆਂ ਸੱਥਾਂ ਵਿੱਚ ਲੋਕਾਂ ਨੂੰ ਆਪਣੇ ਪ੍ਰਚਾਰ ਰਾਹੀਂ ਸੁਚੇਤ ਕਰਕੇ ਕਿਸਾਨੀ ਨੂੰ ਉਸਦੀਆਂ ਮੁਸ਼ਕਲਾਂ ਵਿਚੋਂ ਕੱਢਣ ਦਾ ਹੋਕਾ ਦੇ ਰਹੀ ਹੈ। ਉਹ ਆਪਣਾ ਚੋਣ ਪ੍ਰਚਾਰ ਇੱਕ ਕਿਰਾਏ ਦੇ ਥ੍ਰੀ ਵੀਲਰ ਨਾਲ ਕਰ ਰਹੀ ਹੈ। ਅਤੇ ਲੋਕਾਂ ਨੂੰ ਆਪਣੇ ਵੱਲੋਂ ਪ੍ਰਚਾਰ ਲਈ ਬਣਾਇਆ ਹੋਇਆ ਇਸ਼ਤਿਹਾਰ ਥਾਂ ਥਾਂ ਫੜਾ ਰਹੀ ਹੈ। ਜਿਸਨੂੰ ਪੜ ਕੇ ਲੋਕ ਉਸਨੂੰ ਵੋਟ ਪਾਉਣ ਦਾ ਭਰੋਸਾ ਦੇ ਰਹੇ ਹਨ। ਬੀਰਪਾਲ ਕੌਲ ਰੱਲਾ ਆਪਣੇ ਚੋਣ ਪ੍ਰਚਾਰ ਵਿੱਚ ਦੱਸ ਰਹੀ ਹੈ ਕਿ ਰੋਜ਼ਾਨਾ ਪੰਜਾਬ ਵਿੱਚ ਦੋ ਤੋਂ ਤਿੰਨ ਖੁਦਕਸ਼ੀਆਂ ਹੋ ਰਹੀਆਂ ਹਨ ਤੇ 2016 ਤੱਕ ਅੰਕੜਿਆਂ ਮੁਤਾਬਕ 16,606 ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ। ਮੌਜੂਦਾ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚ 950 ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ। 16,606 ਖੁਦਕਸ਼ੀਆਂ ਵਿਚੋਂ ਪੰਜਾਬ ਸਰਕਾਰ ਨੇ 5200 ਕਿਸਾਨ ਪਰਿਵਾਰਾਂ ਨੂੰ ਖੁਦਕਸ਼ੀਆਂ ਦਾ ਮੁਆਵਜਾ ਦਿੱਤਾ ਹੈ। ਬਾਕੀ ਸਾਰਿਆਂ ਨੂੰ ਸਰਕਾਰ ਨੇ ਤਕਨੀਕੀ ਕਾਰਨਾਂ ਕਰਕੇ ਮੁਆਵਜਾ ਦੇਣ ਤੋਂ ਵਾਂਝੇ ਰੱਖਿਆ ਹੈ। ਵੀਰਪਾਲ ਕੌਰ ਰੱਲਾ ਹੋਰਨਾਂ ਪਰਿਵਾਰਾਂ ਨੂੰ ਖੁਦਕਸ਼ੀਆਂ ਦੇ ਰਾਹ ਤੋਂ ਬਚਾਉਣ ਲਈ ਵੋਟ ਰਾਜਨੀਤੀ ਵਿੱਚ ਆਈ ਹੈ। ਚੋਣ ਮਾਧਿਆ ਬਾਰੇ ਬੀਬੀ ਵੀਰਪਾਲ ਕੌਰ ਆਖਦੀ ਹੈ ਕਿ ਜੇ ਕੇਂਦਰ ਸਰਕਾਰ ਵੱਡੇ ਘਰਾਂ ਦਾ 55 ਲੱਖ ਕਰੋੜ ਕਰਜਾ ਮਾਫ ਕਰ ਸਕਦੀ ਹੈ ਤਾਂ ਕਿਸਾਨੀ ਜੋ ਭਾਰਤ ਦੀ ਰੀੜ ਦੀ ਹੱਡੀ ਹੈ ਉਸਦਾ ਪੱਲਾ ਕਿਉਂ ਨੀ ਫੜਦੀ।

ਇਸੇ ਤਰਾਂ ਵੀਰਪਾਲ ਕੌਰ ਰੱਲਾ ਵੀ ਕੇਂਦਰ ਸਰਕਾਰ ਨੂੰ ਆਖਦੀ ਹੈ ਕਿਸਾਨੀ ਨੂੰ ਖੁਦਕਸ਼ੀਆਂ ਤੋਂ ਬਚਾਉਣ ਲਈ ਮਨਜ਼ੂਰ ਹੋ ਚੁੱਕੀ ਸਵਾਮੀਨਾਥਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਮਨਜ਼ੂਰ ਕਰੇ। ਉਹ ਇਹ ਵੀ ਆਸ ਕਰਦੀ ਹੈ ਕਿ ਜੇ ਉਹ ਲੋਕ ਸਭਾ ਦੀ ਮੈਂਬਰ ਬਣ ਜਾਂਦੀ ਹੈ ਤਾਂ ਉਹ ਦੇਸ਼ ਦੀ ਜਵਾਨੀ ਨੂੰ ਨਸ਼ਿਆਂ ਦੀ ਦਲ ਦਲ ਵਿਚੋਂ ਕੱਢ ਕੇ ਚੰਗੀ ਸਿਹਤ ਵੱਲ ਲੈ ਜਾਣ ਦਾ ਉਪਰਾਲਾ ਕਰੇਗੀ, ਚੰਗੀ ਸਿੱਖਿਆ ਦਾ ਉਪਰਾਲਾ ਕਰੇਗੀ। ਵੀਰਪਾਲ ਕੌਰ ਰੱਲਾ ਕੋਲ ਭਾਵੇਂ ਸੀਮਿਤ ਚੋਣ ਸਾਧਨ ਹਨ, ਉਹ ਆਪਣੇ ਚੋਣ ਪ੍ਰਚਾਰ ਲਈ ਸ਼ੋਸਲ ਮੀਡੀਆ ਦਾ ਸਹਾਰਾ ਲੈ ਰਹੀ ਹੈ। ਵੀਰਪਾਲ ਕੌਰ ਰੱਲਾ ਜੋ ਖੁਦ ਕਿਸਾਨ ਖੁਦਕਸ਼ੀਆਂ ਦੀ ਪੀੜਿਤ ਹੈ ਨੂੰ ਬਠਿੰਡਾ ਹਲਕੇ ਦੇ ਲੋਕ ਹਮਾਇਤ ਦੇਣਗੇ ਜਾਂ ਨਹੀਂ, ਇਹ ਤਾਂ ਚੋਣ ਨਤੀਜਿਆਂ ਤੋਂ ਹੀ ਪਤਾ ਲੱਗੇਗਾ।