ਹਿੰਦੂਆਂ ਦੇ ਇੱਕ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ ਜਿਸਨੂੰ ਆਮ ਤੌਰ ਤੇ ਸੰਘ ਪਰਿਵਾਰ ਦੇ ਨਾਅ ਨਾਲ ਜਾਣਿਆਂ ਜਾਂਦਾ ਹੈ ਬਾਰੇ ਆਮ ਤੌਰ ਤੇ ਮੀਡੀਆ ਵਿੱਚ ਖਬਰਾਂ ਛਪਦੀਆਂ ਰਹਿੰਦੀਆਂ ਹਨ। ਇਹ ਪ੍ਰਭਾਵ ਆਮ ਬਣਿਆ ਹੋਇਆ ਹੈ ਕਿ ਸੰਘ ਪਰਿਵਾਰ ਭਾਰਤੀ ਜਨਤਾ ਪਾਰਟੀ ਅਤੇ ਇਸਦੀ ਵਿਚਾਰਧਾਰਾ ਨਾਲ ਸਹਿਮਤੀ ਰੱਖਦੀਆਂ ਵੱਖ ਵੱਖ ਹਿੰਦੂ ਜਥੇਬੰਦੀਆਂ ਦਾ ਇੱਕ ਵਡੇਰਾ ਸੰਗਠਨ ਹੈ, ਭਾਵ ਇਸਦੀ ਛਾਂ ਥੱਲੇ ਹੀ ਬਾਕੀ ਦੀਆਂ ਹਿੰਦੂ ਜਥੇਬੰਦੀਆਂ ਵਿਚਰਦੀਆਂ ਹਨ। ਇਹ ਵੀ ਆਖਿਆ ਜਾਂਦਾ ਹੈ ਕਿ ਭਾਜਪਾ ਅਤੇ ਹੋਰ ਹਿੰਦੂ ਸੰਗਠਨਾਂ ਦੇ ਨੇਤਾ ਪਹਿਲਾਂ ਸੰਘ ਪਰਿਵਾਰ ਵਿੱਚ ਟਰੇਨਿੰਗ ਲ਼ੈਂਦੇ ਹਨ ਫਿਰ ਉਸ ਤੋਂ ਬਾਅਦ ਉਹ ਰਾਜਨੀਤੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਕਿ ਭਾਰਤੀ ਰਾਜਨੀਤੀ ਦੀਆਂ ਗੁੰਝਲਾਂ ਅਤੇ ਚੁਣੌਤੀਆਂ ਬਾਰੇ ਚੇਤੰਨ ਹੋਇਆ ਜਾ ਸਕੇ। ਸੰਘ ਪਰਿਵਾਰ ਵੀ ਇਹ ਦਾਅਵਾ ਕਰਦਾ ਹੈ ਕਿ ਉਹ ਹਿੰਦੂ ਸੰਗਠਨਾਂ ਦੇ ਨੇਤਾਵਾਂ ਨੂੰ ਰਾਜਸੀ ਅਤੇ ਸਮਾਜਿਕ ਸੋਝੀ ਨਾਲ ਲੈਸ ਕਰਦਾ ਹੈ ਤਾਂ ਕਿ ਉਨ੍ਹਾਂ ਦਾ ਜੀਵਨ ਉਚਾ ਸੁਚਾ ਹੋ ਸਕੇ ਅਤੇ ਉਹ ਚੰਗੇ ਕਿਰਦਾਰ ਵਾਲੇ ਰੋਲ ਮਾਡਲ ਨੇਤਾ ਬਣ ਸਕਣ।

ਸਿੱਖਾਂ ਵਿੱਚ ਸੰਘ ਪਰਿਵਾਰ ਬਾਰੇ ਕਾਫੀ ਚਰਚਾ ਚਲਦੀ ਰਹਿੰਦੀ ਹੈ। ਸਿੱਖਾਂ ਦੇ ਛੋਟੇ ਛੋਟੇ ਰਾਜਸੀ ਅਤੇ ਧਾਰਮਿਕ ਗਰੁੱਪ ਜੋ ਧਾਰਮਿਕ ਕਿਰਦਾਰ ਤੋਂ ਬਹੁਤ ਨੀਵੇਂ ਹਨ ਅਕਸਰ ਆਪਣੇ ਵਿਰੋਧੀ ਗਰੁੱਪਾਂ ਤੇ ਸੰਘ ਪਰਿਵਾਰ ਦੇ ਹੱਥਾਂ ਵਿੱਚ ਖੇਡਣ ਦਾ ਦੋਸ਼ ਲਾਉਂਦੇ ਰਹਿੰਦੇ ਹਨ। ਸਿੱਖਾਂ ਵਿੱਚ ਪਏ ਧਾਰਮਕ ਵਖਰੇਵਿਆਂ ਨੂੰ ਅਕਸਰ ਸੰਘ ਪਰਿਵਾਰ ਦੀ ਖਤਰਨਾਕ ਸਾਜਿਸ਼ ਆਖ ਕੇ ਭੰਡਿਆ ਜਾਂਦਾ ਹੈ। ਨੀਵੇਂ ਪੱਧਰ ਦੀਆਂ ਸਿੱਖ ਜਥੇਬੰਦੀਆਂ ਦੇ ਅਨਪੜ੍ਹ ਆਗੂਆਂ ਨੇ ਸੰਘ ਪਰਿਵਾਰ ਨੂੰ ਹਊਆ ਬਣਾਇਆ ਹੋਇਆ ਹੈ।

ਅਸੀਂ ਆਮ ਤੌਰ ਤੇ ਇਸ ਸੰਸਥਾ ਅਤੇ ਇਸ ਵਰਤਾਰੇ ਨੂੰ ਦੂਰ ਨੇੜਿਓਂ ਦੇਖਣ ਅਤੇ ਘੋਖਣ ਦਾ ਯਤਨ ਕਰਦੇ ਰਹਿੰਦੇ ਹਾਂ। ਸਾਨੂੰ ਆਪਣੀ ਜਾਣਕਾਰੀ ਅਨੁਸਾਰ ਤਾਂ ਪਹਿਲਾਂ ਵੀ ਸੰਘ ਪਰਿਵਾਰ ਦੀ ਅਖੌਤੀ ਕਾਬਲੀਅਤ ਬਾਰੇ ਕੋਈ ਬਹੁਤਾ ਵੱਡਅ ਭੁਲੇਖਾ ਨਹੀ ਸੀ ਪਰ ਪਿਛਲੇ ਦਿਨੀ ਇੱਕ ਭਾਰਤੀ ਟੀ.ਵੀ. ਚੈਨਲ ਤੇ ਚੱਲ ਰਹੀ ਬਹਿਸ ਦੌਰਾਨ ਸ਼ਾਮਲ ਹੋਏ ਸੰਘ ਪਰਿਵਾਰ ਦੇ ਇੱਕ ‘ਬੁਲਾਰੇ’ ਦੀ ਸਮਝ, ਸੋਝੀ ਅਤੇ ਕਾਬਲੀਅਤ ਨੇ ਸਾਡੇ ਸਾਰੇ ਸ਼ੱਕ ਦੂਰ ਕਰ ਦਿੱਤੇ।

ਪਿਛਲੇ ਦਿਨੀ ਭਾਰਤ ਵਿੱਚ ਲਲਿਤ ਮੋਦੀ ਨਾਲ ਸ਼ੁਸ਼ਮਾ ਸਵਰਾਜ ਅਤੇ ਵਸੁੰਧਰਾ ਰਾਜੇ ਦੇ ਸਬੰਧਾਂ ਬਾਰੇ ਬਹੁਤ ਗਰਮਾ ਗਰਮ ਬਹਿਸ ਚੱਲੀ। ਕਈ ਦਿਨ ਇਸ ਘਟਨਾਕ੍ਰਮ ਬਾਰੇ ਟੀ ਵੀ ਚੈਨਲਾਂ ਤੇ ਸਾਰਾ ਸਾਰਾ ਦਿਨ ਸਿਰ ਭਿੜਦੇ ਰਹੇ। ਹਰ ਪਾਰਟੀ ਨਾਲ ਸਬੰਧਿਤ ਨੇਤਾ ਜਨ ਉਸ ਬਹਿਸ ਦਾ ਸ਼ਿੰਗਾਰ ਬਣੇ। ਭਾਰਤੀ ਟੀ ਵੀ ਚੈਨਲਾਂ ਤੇ ਚੱਲਣ ਵਾਲੀਆਂ ਬਹਿਸਾਂ ਏਨੀਆਂ ਨੀਵੇਂ ਪੱਧਰ ਦੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਦੇਖਣ ਜਾਂ ਸੁਨਣ ਦੀ ਕੋਈ ਤੁਕ ਹੀ ਨਹੀ ਬਣਦੀ। ਭਾਰਤੀ ਰਾਜਨੀਤੀ ਵਾਂਗ ਭਾਰਤੀ ਪੱਤਰਕਾਰਤਾ ਬੌਧਿਕ ਤੌਰ ਤੇ ਏਨੀ ਬੌਣੀ ਹੋਈ ਪਈ ਹੈ ਕਿ ਕੌਮਾਂਤਰੀ ਪੱਤਰਕਾਰਤਾ ਦੇ ਪਿੜ ਵਿੱਚ ਖਲੋਣ ਲਈ ਇਸ ਨੂੰ ਦੋ ਸੌ ਸਾਲ ਲਗ ਜਾਣਗੇ। ਖੈਰ ਜਿਸ ਟੀ ਵੀ ਬਹਿਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਡੀ ਦਿਲਚਸਪੀ ਉਸ ਵਿੱਚ ਤਾਂ ਜਾਗੀ ਕਿਉਂਕਿ ਉਸ ਵਿੱਚ ਸੰਘ ਪਰਿਵਾਰ ਦਾ ਇੱਕ ਬੁਲਾਰਾ ਮਿਸਟਰ ਸਿਨਹਾ ਸ਼ਾਮਲ ਸੀ। ਅਸੀਂ ਸੰਘ ਪਰਿਵਾਰ ਬਾਰੇ ਜਾਨਣ ਦੀ ਆਪਣੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਉਸ ਬਹਿਸ ਨੂੰ ਦੇਖਣ ਦਾ ਮਨ ਬਣਾ ਲਿਆ। ਲਗਭਗ ਛੇ ਨੇਤਾ ਜਨ ਉਸ ਬਹਿਸ ਵਿੱਚ ਸ਼ਾਮਲ ਸਨ, ਪਹਿਲਾਂ ਤਾਂ ਉਹ ਹੀ ਕਿਸੇ ਨੂੰ ਵਕਤ ਨਾ ਦੇਣ ਦੇਣ ਬਹੁਤ ਦੇਰ ਬਾਅਦ ਜਦੋਂ ਸੰਘ ਪਰਿਵਾਰ ਦੇ ਬੁਲਾਰੇ ਮਿਸਟਰ ਸਿਨਹਾ ਦੀ ਵਾਰੀ ਆਈ ਤਾਂ ਉਨ੍ਹਾਂ ਦੀ ‘ਰਾਜਸੀ ਸੋਝੀ’, ‘ਧਾਰਮਕ ਕਿਰਦਾਰ’ ਅਤੇ ‘ਵਿਚਾਰਧਾਰਕ ਉਚਤਾ’ ਨੇ ਸਾਡੇ ਸਾਰੇ ਭਰਮ ਤੋੜ ਦਿੱਤੇ। ਟੀ ਵੀ ਐਂਕਰ ਵੱਲੋਂ ਪੁੱਛੇ ਗਏ ਸੁਆਲ ਦੀ ਦਿਸ਼ਾ ਵੱਲ ਜਾਣ ਦੀ ਬਜਾਏ ਉਸ ਸਖਸ਼ ਨੇ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਦੇ ਗੁਣ ਗਾਉਂਣੇ ਅਰੰਭ ਕਰ ਦਿੱਤੇ। ਸੰਘ ਪਰਿਵਾਰ ਦੇ ਬੁਲਾਰੇ ਦੀ ਬੋਲਣ ਸ਼ੈਲੀ, ਉਸਦੀ ਸਰੀਰਕ ਭਾਸ਼ਾ ਅਤੇ ਵਿਚਾਰਧਾਰਕ ਸਮਝ ਏਨੇ ਨੀਵੇਂ ਪੱਧਰ ਦੀ ਵੀ ਹੋ ਸਕਦੀ ਹੈ ਸਾਨੂੰ ਪਹਿਲੀ ਵਾਰ ਅਹਿਸਾਸ ਹੋਇਆ। ਆਮ ਤੌਰ ਤੇ ਹੁੰਦਾ ਇਹ ਹੈ ਕਿ ਕਿਸੇ ਵੀ ਵਿਚਾਰਧਾਰਕ ਸੰਗਠਨ ਦੇ ਬੁਲਾਰੇ ਜਾਂ ਲੀਡਰ ਦੀ ਸੋਝੀ ਦਾ ਪੱਧਰ ਚਾਲੂ ਕਿਸਮ ਦੇ ਰਾਜਨੀਤੀਵਾਨਾਂ ਤੋਂ ਵੱਧ ਪ੍ਰੋੜ ਅਤੇ ਸੰਗਿਠਤ ਹੁੰਦੀ ਹੈ। ਉਨ੍ਹਾਂ ਦੀ ਬੋਲਣ ਸ਼ੈਲੀ, ਵਿਚਾਰਧਾਰਕ ਉਚਤਾ ਅਤੇ ਮਸਲਿਆਂ ਤੇ ਪਕੜ ਦਾ ਪੱਧਰ ਕਾਫੀ ਉਸਾਰੂ ਅਤੇ ਪ੍ਰੋਫੈਸ਼ਨਲ ਹੁੰਦਾ ਹੈ। ਕਿਉਂਕਿ ਉਹ ਲਹਿਰ ਦੇ ਵਿਚਾਰਧਾਰਕ ਵਿੰਗ ਵਿੱਚੋਂ ਆਏ ਹੁੰਦੇ ਹਨ, ਪਰ ਮਿਸਟਰ ਸਿਨਹਾ ਦੀ ਸ਼ਖਸ਼ੀਅਤ ਵਿੱਚੋਂ ਸਾਨੂੰ ਅਜਿਹਾ ਕੁਝ ਵੀ ਨਾ ਲੱਭਾ ਜੋ ਇਹ ਬਾਤ ਪਾਉਂਦਾ ਹੋਵੇ ਕਿ ਸੰਘ ਪਰਿਵਾਰ ਦੀ ਲੀਡਰਸ਼ਿੱਪ ਬਹੁਤ ਸਿਆਣੀ ਹੈ। ਸੰਘ ਪਰਿਵਾਰ ਦੀ ਲੀਡਰਸ਼ਿੱਪ ਨੂੰ ਚਤੁਰ (cunning) ਜਾਂ shrewd ਤਾਂ ਆਖਿਆ ਜਾ ਸਕਦਾ ਹੈ ਪਰ ਸਿਆਣੀ ਨਹੀ। ਮਿਸਟਰ ਸਿਨਹਾ ਦੀ ਗੱਲਬਾਤ ਤੋਂ ਅਤੇ ਸੰਘ ਪਰਿਵਾਰ ਦੇ ਹੋਰ ਨੇਤਾਵਾਂ ਦੀ ਬੋਲਣ ਸ਼ੈਲੀ, ਸ਼ਰੀਰਕ ਭਾਸ਼ਾ ਅਤੇ ਸੋਝੀ ਦੇ ਪੱਧਰ ਤੋਂ ਅਸੀਂ ਇਸ ਸਿੱਟੇ ਤੇ ਹੀ ਪਹੁੰਚੇ ਹਾਂ। ਇਹ ਸਿਰਫ ਹਊਆ ਹੀ ਹੈ। ਇਥੇ ਹਰ ਵਿਅਕਤੀ ਪੈਸੇ ਬਣਾਉਣ ਦੇ ਚੱਕਰ ਵਿੱਚ ਘੁੰਮ ਰਿਹਾ ਹੈ। ਸੰਘ ਪਰਿਵਾਰ ਦਾ ਤੁੱਕਾ ਇਸ ਲਈ ਲੱਗਾ ਹੈ ਕਿ ਭਾਰਤੀ ਇੰਟੈਲੀਜੈਸ ਇਸ ਨੂੰ ਆਪਣੇ ਬਹੁਤ ਸਾਰੇ ਗੁਪਤ ਅਪ੍ਰੇਸ਼ਨਾ ਲਈ ਵਰਤ ਰਹੀ ਹੈ। ਇਸੇ ਲਈ ਸੰਘ ਪਰਿਵਾਰ ਦੀ ਸਮੁੱਚੀ ਲੀਡਰਸ਼ਿੱਪ ਦੀ ਸਰੀਰਕ ਭਾਸ਼ਾ ਵਿੱਚੋਂ ਇੰਟੈਲੀਜੈਂਸ ਦੇ ਅਫਸਰਾਂ ਵਾਲਾ ਘੁਮੰਡ ਅਤੇ ਹਉਮੈ ਝਲਕਦੀ ਦਿਸੀ ਰਹਿੰਦੀ ਹੈ। ਇਹ ਲੋਕ ਸਰਕਾਰ, ਪੁਲਿਸ, ਫੌਜ, ਸੂਹੀਆ ਏਜੰਸੀਆਂ ਅਤੇ ਸਰਕਾਰੀ ਤੰਤਰ ਦੀ ਸੁਰੱਖਿਆ ਤੋਂ ਬਿਨਾ ਇੱਕ ਦਿਨ ਵੀ ਵਿਚਰ ਨਹੀ ਸਕਦੇ।

ਸੰਘ ਪਰਿਵਾਰ ਦਾ ਅਸਲ ਨਿਸ਼ਾਨਾ ਹਿੰਦੂ ਧਰਮ ਦੇ ਰੁਹਾਨੀ ਅਤੇ ਸਦਾਚਾਰਕ ਗੁਣਾਂ ਦਾ ਪ੍ਰਚਾਰ ਅਤੇ ਪਸਾਰ ਕਰਨ ਦਾ ਸੀ ਪਰ ਇਹ ਸੰਗਠਨ ਕੁਝ ਆਪਣਾਂ ਸੁਆਰਨ ਨਾਲੋਂ ਭਾਰਤੀ ਸੂਹੀਆ ਏਜੰਸੀਆਂ ਦੇ ਧੱਕੇ ਚੜ੍ਹਕੇ ਦੂਜੇ ਧਰਮਾਂ ਦੀ ਵਿਚਾਰਧਾਰਕ ਉਚਤਾ ਤੇ ਕਾਵਾਂ ਵਾਲੀਆਂ ਊਜਾਂ ਲਾਉਣ ਦੇ ਚੱਕਰ ਵਿੱਚ ਫਸ ਗਿਆ ਹੈ। ਜਿਸ ਪਾਰਟੀ ਦਾ ਕੇਂਦਰੀ ਨਿਸ਼ਾਨਾ ਹੀ ਨਕਾਰਾਤਮਕ (negative) ਹੋ ਜਾਵੇ ਉਸ ਤੋਂ ਉਚ ਪਾਏ ਦੇ ਵਿਦਵਾਨ ਜਾਂ ਸੋਝੀਵਾਨਾਂ ਦੀ ਆਸ ਰੱਖਣੀ ਫਜੂਲ ਹੈ।

ਇਸ ਲਈ ਸਿੱਖ਼ੀ ਨਾਲ ਜੁੜੇ ਗੰਭੀਰ ਹਲਕਿਆਂ ਨੂੰ ਅਜਿਹੇ ਨਕਾਰਾਤਮਕ ਨਿਸ਼ਾਨੇ ਵਾਲੇ ਸੰਗਠਨ ਤੋਂ ਡਰਨ ਦੀ ਲੋੜ ਨਹੀ ਹੈ। ਕਿਸੇ ਦਾ ਸਾਰਾ ਕੁਝ ਢਾਹ ਦੇਣ ਦੀ ਮਨਸ਼ਾ ਪਾਲਣ ਵਾਲਾ ਆਪਣਾਂ ਕੁਝ ਨਹੀ ਉਸਾਰ ਸਕਦਾ। ਗੁਰੂ ਸਾਹਿਬ ਨੇ ਸਾਨੂੰ ਸਾਰਾ ਕੁਝ ਆਪਣਾਂ ਉਸਾਰ ਕੇ ਦਿਖਾਇਆ ਹੈ। ਇਸੇ ਲਈ ਸਿੱਖਾਂ ਵਿੱਚ ਅੱਜ ਵੀ ਆਪਣੇ ਪੰਥ ਅਤੇ ਧਰਮ ਤੋਂ ਕੁਰਬਾਨ ਹੋਣ ਦਾ ਜਜਬਾ ਠਾਠਾਂ ਮਾਰਦਾ ਹੈ। ਕਿਸੇ ਇੱਕ ਵੀ ਹਿੰਦੂ ਵਿੱਚ ਆਪਣੇ ਧਰਮ, ਦੇਸ਼ ਜਾਂ ਕਾਜ ਲਈ ਫਾਂਸੀ ਤੇ ਚੜ੍ਹਨ ਦਾ ਉਹ ਜਜਬਾ ਨਹੀ ਹੈ ਜੋ ਸਿੱਖਾਂ ਵਿੱਚ ਅੱਜ ਵੀ ਪ੍ਰਬਲ ਹੈ। ਇਸ ਲਈ ਸੰਘ ਪਰਿਵਾਰ ਦੇ ਹਊਏ ਤੋਂ ਡਰਨ ਦੀ ਲੋੜ ਨਹੀ ਹੈ ਇਹ ਲੋਕ ਵਿਚਾਰਧਾਰਕ ਤੌਰ ਤੇ ਬਹੁਤ ਨੀਵੇਂ ਹਨ ਸਿੱਖਾਂ ਦਾ ਮੁਕਾਬਲਾ ਨਹੀ ਕਰ ਸਕਦੇ।