ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੰਨਾ ੬੯ ਉਤੇ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸ਼ਬਦ ਹੈ-

ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥
What is the point of reading, studying and debating, if one loses his roots?

ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥
In the fourth state, there is intuitive balance; the Gurmukhs gather it in. ||6||

ਗੁਰੂ ਸਾਹਿਬ ਇਸ ਸ਼ਬਦ ਰਾਹੀਂ ਦੱਸਦੇ ਹਨ ਕਿ ਉਨ੍ਹਾਂ ਪੜ੍ਹਾਈਆਂ, ਸਿਆਣਪਾਂ ਅਤੇ ਚਤੁਰਾਈਆਂ ਦਾ ਕੋਈ ਮਤਲਬ ਨਹੀ ਜੋ ਮਨੁੱਖ ਨੂੰ ਆਪਣੀਆਂ ਜੜ੍ਹ੍ਹਾਂ ਨਾਲੋਂ ਤੋੜ ਦੇਂਦੀਆਂ ਹਨ। ਕੋਈ ਵੀ ਮਨੁੱਖ ਲੱਖ ਦੁਨਿਆਵੀ ਪੜ੍ਹਾਈਆਂ ਕਰ ਲਵੇ, ਵੱਡੀਆਂ ਡਿਗਰੀਆਂ ਹਾਸਲ ਕਰ ਲਵੇ। ਲੱਖ ਸਿਆਣਾਂ ਹੋ ਜਾਵੇ ਅਤੇ ਇੱਥੋਂ ਤੱਕ ਕਿ ਮੁਲਕ ਦਾ ਹਾਕਮ ਵੀ ਬਣ ਜਾਵੇ ਪਰ ਜੇ ਉਹ ਆਪਣੀਆਂ ਜੜ੍ਹਾਂ ਤੋਂ ਟੁੱਟ ਗਿਆ, ਆਪਣੇ ਇਤਿਹਾਸ, ਆਪਣੇ ਫਲਸਫੇ ਅਤੇ ਆਪਣੀ ਰਵਾਇਤ ਤੋਂ ਦੂਰ ਹੋ ਗਿਆ ਤਾਂ ਉਸਦੀ ਸਾਰੀ ਕਮਾਈ ਖਤਮ ਸਮਝੀ ਜਾਵੇਗੀ। ਉਹ ਫਿਰ ਇੱਕ ਅਸਲੀ ਇਨਸਾਨ ਵੱਜੋਂ ਦੁਨੀਆਂ ਵਿੱਚ ਨਹੀ ਵਿਚਰ ਸਕਦਾ। ਨਾ ਤਾਂ ਉਹ ਆਪਣੇ ਫਲਸਫੇ ਦੀ ਰਾਖੀ ਕਰ ਸਕਦਾ ਹੈ ਅਤੇ ਨਾ ਹੀ ਆਪਣੇ ਲੋਕਾਂ ਦੀ ਜਾਂ ਭਾਸ਼ਾ ਦੀ। ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਗੁਰੂ ਸਾਹਿਬ ਨੇ ਸਭ ਤੋਂ ਜਿਆਦਾ ਮਹੱਤਵਪੂਰਨ ਆਖਿਆ ਹੈ ਕਿਉਂਕਿ ਜੜ੍ਹਾਂ ਤੋਂ ਟੁੱਟ ਕੇ ਕੋਈ ਵੀ ਮਨੁੱਖ, ਫਲਸਫਾ ਅਤੇ ਵਿਚਾਰਧਾਰਾ ਅੱਗੇ ਵਿਕਸਿਤ ਨਹੀ ਹੋ ਸਕਦੀ ਬਲਕਿ ਉਸ ਵਿੱਚ ਨਿਘਾਰ (stagnation) ਆਉਣ ਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਹਨ।

ਪੰਜਾਬ ਵਿੱਚ ਇਸ ਵੇਲੇ ਰਾਜ ਕਰ ਰਹੇ ਪਰਿਵਾਰ ਅਤੇ ਉਨ੍ਹਾਂ ਦੇ ਅਧੀਨ ਚੱਲ ਰਹੇ ਅਕਾਲੀ ਦਲ ਦੇ ਵਿਚਾਰਧਾਰਕ ਸੰਕਟ ਨੂੰ ਅਸੀਂ ਇਸੇ ਨਜ਼ਰ ਨਾਲ ਦੇਖ ਸਕਦੇ ਹਾਂ। ਆਪਣੇ ਫਲਸਫੇ, ਇਤਿਹਾਸ ਅਤੇ ਵਿਚਾਰਧਾਰਾ ਦੀਆਂ ਜੜ੍ਹਾਂ ਤੋਂ ਟੁੱਟਕੇ ਅੱਜ ਦਾ ਅਕਾਲੀ ਦਲ ਏਨਾਂ ਨਿਤਾਣਾਂ ਹੋ ਗਿਆ ਹੈ ਕਿ ਉਸ ਵਿੱਚ ਸੱਚ ਨੂੰ ਸੱਚ ਕਹਿਣ ਦੀ ਜੁਅਰਤ ਵੀ ਨਹੀ ਰਹਿ ਗਈ। ਸ਼ਾਇਦ ਇਸੇ ਲਈ ਅਕਾਲੀ ਦਲ, ਨਰਿੰਦਰ ਮੋਦੀ ਵਰਗੇ ਸ਼ੱਕੀ ਕਿਰਦਾਰ ਵਾਲੇ ਵਿਅਕਤੀ ਦੀ ਜੈ-ਜੈ ਕਾਰ ਕਰਦਾ ਜਾ ਰਿਹਾ ਹੈ। ਸ਼ਾਇਦ ਇਸੇ ਲਈ ਅਕਾਲੀ ਦਲ ਅਯੁਧਿਆ ਵਿੱਚ ਮੰਦਰ ਦੀ ਉਸਾਰੀ ਲਈ ਆਪਣੇ ਵਲੰਟੀਅਰ ਭੇਜਣ ਦੇ ਐਲਾਨ ਕਰਦਾ ਰਿਹਾ ਹੈ। ਆਪਣੀਆਂ ਜੜ੍ਹਾਂ ਤੋਂ ਟੁੱਟਣ ਕਰਕੇ ਹੀ ਅਕਾਲੀ ਦਲ ਦੇ ਵੱਡੇ ਲੀਡਰਾਂ ਤੇ ਨਸ਼ਿਆਂ ਦਾ ਕਾਰੋਬਾਰ ਕਰਨ ਦੇ ਇਲਜ਼ਾਮ ਲਗ ਰਹੇ ਹਨ। ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ। ਸ਼ਹੀਦ, ਹਮੇਸ਼ਾ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਆਪਣੀਆਂ ਜਿੰਦੜੀਆਂ ਵਾਰਦੇ ਆਏ ਹਨ। ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਸਨ। ਪਰ ਅਕਾਲੀ ਦਲ ਦਾ ਮੌਜੂਦਾ ਸੰਕਟ ਜੜ੍ਹਾਂ ਤੋਂ ਟੁੱਟੇ ਹੋਏ ਲੋਕਾਂ ਦੀ ਕਹਾਣੀ ਬਣ ਗਿਆ ਹੈ।

ਅਕਾਲੀ ਦਲ ਦੇ ਮੁਕਾਬਲੇ ਉਤਰ ਪ੍ਰਦੇਸ਼ ਦੇ ਸੀਨੀਅਰ ਨੇਤਾ ਆਜ਼ਮ ਖਾਨ ਸਿਆਸੀ ਅਤੇ ਵਿਚਾਰਧਾਰਕ ਤੌਰ ਤੇ ਵੱਧ ਮਜਬੂਤ ਅਤੇ ਸਪਸ਼ਟ ਨਜ਼ਰ ਆਉਂਦੇ ਹਨ। ਅਕਾਲੀ ਦਲ ਦੇ ਲੀਡਰਾਂ ਨੂੰ ਹਮੇਸ਼ਾ ਇਹ ਫਿਕਰ ਲੱਗਾ ਰਹਿੰਦਾ ਹੈ ਕਿ ਉਨ੍ਹਾਂ ਦੇ ਸਿੱਖ ਹੱਕਾਂ ਲਈ ਅਵਾਜ਼ ਉਠਾਉਣ ਕਰਕੇ ਕਿਤੇ ਦੇਸ਼ ਦੇ ਹਿੰਦੂ ਨਰਾਜ਼ ਨਾ ਹੋ ਜਾਣ, ਪਰ ਇਹ ਸੰਸਾ ਜੜ੍ਹਾਂ ਤੋਂ ਟੁੱਟੇ ਹੋਏ ਲੋਕਾਂ ਦੀ ਘਬਰਾਹਟ ਹੈ। ਆਜ਼ਮ ਖਾਨ, ਮੁਲਾਇਮ ਸਿੰਘ ਯਾਦਵ ਵਰਗੇ ਸ਼ੁੱਧ ਹਿੰਦੂ ਲੀਡਰ ਨਾਲ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਕਦੇ ਵੀ ਉਨ੍ਹਾਂ ਦੇ ਮਨ ਵਿੱਚ ਇਹ ਸੰਸਾ ਨਹੀ ਆਇਆ ਕਿ ਮੁਸਲਮਾਨਾਂ ਦੀ ਗੱਲ ਕਰਨ ਨਾਲ ਕਿਤੇ ਯਾਦਵ ਪਰਿਵਾਰ ਜਾਂ ਪਾਰਟੀ ਦੇ ਹੋਰ ਹਿੰਦੂ ਨੇਤਾ ਨਰਾਜ਼ ਨਾ ਹੋ ਜਾਣ। ਉਹ ਹਮੇਸ਼ਾ ਡਟਕੇ ਮੁਸਲਮਾਨਾਂ ਦੇ ਹੱਕ ਵਿੱਚ ਬੇਖੌਫ ਸਟੈਂਡ ਲੈਂਦੇ ਹਨ।

ਪਿਛਲੇ ਦਿਨੀ ਇੱਕ ਭਾਰਤੀ ਟੀ ਵੀ ਚੈਨਲ ਨਾਲ ਮੁਲਾਕਾਤ ਦੌਰਾਨ ਉਸਨੇ ਸਪਸ਼ਟ ਆਖਿਆ ਕਿ ਨਰਿੰਦਰ ਮੋਦੀ ਇੱਕ ‘ਫਾਸ਼ਿਸ਼ਟ ਹਿੰਦੂ’ ਹੈ ਜਿਸ ਦਾ ਉਭਾਰ ਦੇਸ਼ ਲਈ ਖਤਰਨਾਕ ਹੋਵੇਗਾ। ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਹੋਰ ਵੀ ਹਿੰਦੂ ਨੇਤਾ ਹਨ, ਮੁਲਾਇਮ ਸਿੰਘ ਯਾਦਵ, ਸ਼ਰਦ ਯਾਦਵ, ਨਿਤੀਸ਼ ਕੁਮਾਰ, ਸ਼ਰਦ ਪਵਾਰ ਆਦਿ ਆਦਿ ਪਰ ਉਹ ਸੱਚੇ ਅਤੇ ਸਪਸ਼ਟ ਨੇਤਾ ਹਨ। ਨਰਿੰਦਰ ਮੋਦੀ ਫਾਸ਼ਿਸ਼ਟ ਹਿੰਦੂ ਹਨ।

ਇੱਕ ਏਨੇ ਵੱਡੇ ਨੇਤਾ ਨੂੰ ਫਾਸ਼ਿਸ਼ਟ ਆਖ ਦੇਣਾਂ ਅਤੇ ਸ਼ਰੇਆਮ ਉਸਦੇ ਗੁਨਾਹਾਂ ਬਾਰੇ ਬੋਲਣਾਂ ਨਿਸਚਿਤ ਤੌਰ ਤੇ ਆਪਣੀਆਂ ਜੜ੍ਹਾਂ ਨਾਲ ਮਜਬੂਤ ਢੰਗ ਨਾਲ ਜੁੜੇ ਹੋਣ ਦਾ ਹੀ ਚਮਤਕਾਰ ਹੈ। ਜਦੋਂ ਬੰਦਾ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੁੰਦਾ ਹੈ ਤਾਂ ਉਸਦਾ ਇਤਿਹਾਸ, ਉਸਦਾ ਫਲਸਫਾ ਅਤੇ ਉਸਦੇ ਪੁਰਖੇ ਹਮੇਸ਼ਾ ਉਸਦੀ ਪਿੱਠ ਤੇ ਆਣ ਕੇ ਖ੍ਹੜੇ ਰਹਿੰਦੇ ਹਨ। ਗੁਰੂ ਦੀ ਬਖਸ਼ਿਸ਼ ਇਸੇ ਨੂੰ ਹੀ ਆਖਦੇ ਹਨ। ਦਲੇਰੀ ਨਾਲ ਸੱਚ ਉਹ ਹੀ ਬੋਲ ਸਕਦਾ ਹੈ ਜਿਸ ਦੀ ਪਿੱਠ ਤੇ ਉਸਦੇ ਪੁਰਖੇ, ਵੱਡੇ ਵਡੇਰੇ ਅਤੇ ਵਿਚਾਰਧਾਰਾ ਖੜ੍ਹੀ ਹੁੰਦੀ ਹੈ।

ਜੜ੍ਹਾਂ ਤੋਂ ਟੁੱਟਿਆ ਹੋਇਆ ਮਨੁੱਖ ਤਾਂ ਸ਼ਹੀਦਾਂ ਦੀ ਪਾਰਟੀ ਨੂੰ ਵੀ ਨਸ਼ੇੜੀਆਂ ਦੇ ਗਰੋਹ ਵਿੱਚ ਤਬਦੀਲ ਕਰ ਦੇਂਦਾ ਹੈ