ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦਿਆਂ ਦੀ ਕੱਟੜਵਾਦੀ ਹਿੰਦੂ ਜਥੇਬੰਦੀਆਂ ਨੇ ਆਪਣੇ ਖੰਭ ਖਿਲਾਰਨੇ ਸ਼ੁਰੂ ਕਰ ਦਿੱਤੇ ਹਨ। ਸੰਘ ਪਰਿਵਾਰ ਦੀ ਛਤਰੀ ਹੇਠ ਪਲ ਰਹੀਆਂ ਵੱਖ ਵੱਖ ਨਾਵਾਂ ਵਾਲੀਆਂ ਇਨ੍ਹਾਂ ਜਥੇਬੰਦੀਆਂ ਨੇ ਆਪਣਾਂ ਆਪਣਾਂ ਰਾਗ ਅਲਾਪਣਾਂ ਅਰੰਭ ਕਰ ਦਿੱਤਾ ਹੈ। ਪਰਵੀਨ ਤੋਗਾੜੀਆ ਨੇ ਮੁਸਲਿਮ ਭਾਈਚਾਰੇ ਦੇ ਖਿਲਾਫ ਦੋ ਤਿੰਨ ਵਾਰ ਰੱਜ ਕੇ ਭੜਾਸ ਕੱਢ ਲਈ ਹੈ। ਗੁਜਰਾਤ ਦੇ ਇੱਕ ਮੰਤਰੀ ਨੇ ਸਹਾਰਨਪੁਰ ਵਿੱਚ ਹੋਈ ਹਿੰਸਾ ਤੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ, ਇਨ੍ਹਾਂ ਨੂੰ ਸਬਕ ਸਿਖਾਉਣ ਲਈ ਤਾਂ ਗੁਜਰਾਤ ਵਾਲਾ ਮਾਡਲ ਹੀ ਠੀਕ ਬੈਠੇਗਾ। ਹੁਣ ਪਿੱਛੇ ਜਿਹੇ ਸੰਘ ਪਰਿਵਾਰ ਦੇ ਮੁਖੀ ਮੋਹਨ ਭਗਵਤ ਨੇ ਮੁੜ ਕੇ ਇਹ ਬਿਆਨ ਦੇ ਦਿੱਤਾ ਹੈ ਕਿ ਸਿੱਖ ਵੀ ਹਿੰਦੂਆਂ ਦਾ ਹੀ ਹਿੱਸਾ ਹਨ।

ਜਦੋਂ ਵੀ ਸਿੱਖਾਂ ਬਾਰੇ ਸੰਘ ਪਰਿਵਾਰ ਦਾ ਅਜਿਹਾ ਬਿਆਨ ਕਦੇ ਆਉਂਦਾ ਹੈ ਤਾਂ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਵਿੱਚ ਇਸਦਾ ਕਾਫੀ ਤਿੱਖਾ ਪ੍ਰਤੀਕਰਮ ਹੁੰਦਾ ਹੈ। ਸ਼ਰਧਾਵਾਨ ਸਿੱਖ ਇਸ ਨੂੰ ਆਪਣੇ ਧਰਮ ਤੇ ਹੋਇਆ ਹਮਲਾ ਸਮਝਦੇ ਹਨ। ਸ਼ੋਸ਼ਲ ਮੀਡੀਆ ਉਤੇ ਇਸ ਸਬੰਧੀ ਇੱਕ ਲਹਿਰ ਹੀ ਬਣ ਜਾਂਦੀ ਹੈ ਜਿਸ ਵਿੱਚ ਸਮਝਦਾਰੀ ਘੱਟ ਅਤੇ ਗਾਲੀ ਗਲੋਚ ਬਹੁਤਾ ਹੁੰਦਾ ਹੈ।

ਸਿੱਖਾਂ ਦਾ ਇਸ ਸਬੰਧੀ ਪ੍ਰਤੀਕਮ ਸਮਝ ਆਉਂਦਾ ਹੈ। ਇਤਿਹਾਸ ਦੇ ਇਸ ਮੋੜ ਤੇ ਆਕੇ ਅਤੇ ੨੦ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਇਤਿਹਾਸ ਨੂੰ ਆਪਣੇ ਹੱਡਾਂ ਤੇ ਹੰਢਾਕੇ ਉਨ੍ਹਾਂ ਨੂੰ ਇੰਨੀ ਕੁ ਸਮਝ ਆ ਗਈ ਹੈ ਕਿ ਉਹ ਬਹੁਗਿਣਤੀ ਦਾ ਹਿੱਸਾ ਨਹੀ ਹਨ। ਉਹ ਇਹ ਵੀ ਜਾਣਦੇ ਹਨ ਕਿ ਮੁਗਲਾਂ ਦੇ ਕਤਲੇਆਮ (execution) ਨਾਲੋਂ ਬਹੁਗਿਣਤੀ ਦਾ ਰਲੇਵੇਂ (assimilation) ਵਾਲਾ ਹਥਿਆਰ ਉਨ੍ਹਾਂ ਲਈ ਖਤਰਨਾਕ ਹੋ ਸਕਦਾ ਹੈ ਇਸੇ ਲਈ ਉਹ ਵਾਰ ਵਾਰ ਸੰਘ ਪਰਿਵਾਰ ਦੇ ਅਜਿਹੇ ਯਤਨਾ ਖਿਲਾਫ ਸੁਚੇਤ ਜਾਂ ਅਚੇਤ ਰੂਪ ਵਿੱਚ ਆਪਣੀ ਭੜਾਸ ਕੱਢ ਲੈਂਦੇ ਹਨ।

ਇਸ ਕਸਰਤ ਦਰਮਿਆਨ ਉਹ ਸੰਘ ਪਰਿਵਾਰ ਨੂੰ ਖਲਨਾਇਕ ਦੇ ਤੌਰ ਤੇ ਦੇਖਣ ਲਗਦੇ ਹਨ। ਕਿਉਂਕਿ ਉਨ੍ਹਾਂ ਕੋਲ ਤਸਵੀਰ ਦਾ ਬਹੁ-ਪਸਾਰੀ ਦ੍ਰਿਸ਼ ਨਹੀ ਹੈ ਅਤੇ ਇਸ ਮਸਲੇ ਦੀ ਵਿਸ਼ਾਲਤਾ ਦੀ ਸਮਝ ਨਹੀ ਹੈ ਇਸ ਲਈ ਸਿੱਖਾਂ ਦੀ ਕਸਰਤ ਗਾਲੀ ਗਲੋਚ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ।

ਅਸੀਂ ਸਮਝਦੇ ਹਾਂ ਕਿ ਸੰਘ ਪਰਿਵਾਰ ਇਸ ਵੇਲੇ ਆਪਣੀ ਹੋਂਦ ਦੇ ਇੱਕ ਵੱਡੇ ਸਵਾਲ ਨਾਲ ਦੋ ਚਾਰ ਹੋ ਰਿਹਾ ਹੈ ਅਤੇ ਸਿੱਖਾਂ ਬਾਰੇ ਉਸਦੇ ਆ ਰਹੇ ਬਿਆਨ ਕਿਸੇ ਦਾਦਾਗਿਰੀ ਵਿੱਚੋ ਨਹੀ ਬਲਕਿ ਆਪਣੀ ਲਾਚਾਰਗੀ (helplessness) ਵਿੱਚੋਂ ਆ ਰਹੇ ਹਨ। ਇਤਿਹਾਸ ਕਈ ਵਾਰ ਕਈ ਸੰਸਥਾਵਾਂ ਨੂੰ ਅਜਿਹੀ ਘੁੰਮਣਘੇਰੀ ਵਿੱਚ ਪਾਉਂਦਾ ਹੈ ਕਿ ਉਹ ਸਭ ਕੁਝ ਹਾਸਲ ਹੋ ਜਾਣ ਦੇ ਬਾਵਜੂਦ ਵੀ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਕੰਗਾਲ ਮਹਿਸੂਸ ਕਰਦੀਆਂ ਹਨ। ਸਾਰੀਆਂ ਰਾਜਨੀਤਿਕ ਸ਼ਕਤੀਆਂ ਅਤੇ ਵੱਡੇ ਫੌਜੀ ਦਲਾਂ ਦੇ ਬਾਵਜੂਦ ਵੀ ਅਜਿਹੀਆਂ ਸੰਸਥਾਵਾਂ ਆਪਣੇ ਆਪ ਨੂੰ ਯਤੀਮ ਅਤੇ ਬੇਸਹਾਰਾ ਮਹਿਸੂਸ ਕਰਦੀਆਂ ਰਹਿੰਦੀਆਂ ਹਨ। ਵਾਹਿਗੁਰੂ ਨੇ ਸੰਘ ਪਰਿਵਾਰ ਨੂੰ ਵੀ ਇਸ ਯਤੀਮਪੁਣੇ ਦਾ ਅਹਿਸਾਸ ਕਰਵਾ ਦਿੱਤਾ ਹੈ। ਸ਼ੰਘ ਪਰਿਵਾਰ ਦੇ ਨਿੱਤ ਦਿਨ ਆਉਂਦੇ ਬਿਆਨ ਕਿਸੇ ਦਾਦਾਗਿਰੀ ਵਿੱਚੋਂ ਨਹੀ ਬਲਕਿ ਆਪਣੀ ਬਦਕਿਸਮਤੀ ਅਤੇ ਲਾਚਾਰਗੀ ਵਿੱਚੋਂ ਆ ਰਹੇ ਹਨ। ਜੇ ਸੰਘ ਪਰਿਵਾਰ ਨੂੰ ਉਸਦੇ ਅੰਦਰ ਚਲਦੀ ਕਸ਼ਮਕਸ਼ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮਹਿਸੂਸ ਹੋਵੇਗਾ ਕਿ ਉਹ ਸਾਰੇ ਰਾਜ ਭਾਗ ਮਾਨਣ ਦੇ ਬਾਵਜੂਦ, ਵੱਡੀਆਂ ਫੌਜੀਆਂ ਸ਼ਕਤੀਆਂ ਦੇ ਬਾਵਜੂਦ ਅਤੇ ਪੂਰੇ ਭਾਰਤ ਵਿੱਚ ਸਰਕਾਰ ਦੀ ਸਹਾਇਤਾ ਨਾਲ ਆਪਣੇ ਸਾਰੇ ਤਜਰਬੇ ਕਰਨ ਦੇ ਬਾਵਜੂਦ ਉਸ ਕਿਸਮ ਦਾ ਰਾਸ਼ਟਰਵਾਦ ਪੈਦਾ ਨਹੀ ਕਰ ਸਕਿਆ ਜਿਸਦੀ ਉਹ ਇੱਛਾ ਕਰ ਰਿਹਾ ਹੈ। ਪਿਛਲੇ ੬੫ ਸਾਲਾਂ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਇੱਕ ਅਜਿਹੀ ਜਥੇਬੰਦੀ ਜਿਸਦੀ ਮੈਂਬਰਸ਼ਿੱਪ ਵਿੱਚ ਵੱਡੇ ਸਿਵਲ ਤੇ ਫੌਜੀ ਅਫਸਰ, ਸੂਹੀਆ ਏਜੰਸੀਆਂ ਦੀ ਅਫਸਰਸ਼ਾਹੀ, ਭਾਰਤੀ ਅਦਾਲਤਾਂ ਦੇ ਸੇਵਾ-ਮੁਕਤ ਜੱਜ ਅਤੇ ਵਿਦੇਸ਼ ਸੇਵਾ ਤੋਂ ਰਿਟਾਇਰ ਹੋਏ ਡਿਪਲੋਮੈਟ ਹੋਣ ਅਤੇ ਉਹ ਸਾਰੇ ਆਪਣਾਂ ਸਾਰਾ ਜੋਰ ਲਾਉਣ ਦੇ ਬਾਵਜੂਦ ਵੀ ਦੇਸ਼ ਵਿੱਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਨਾ ਕਰ ਸਕੇ ਹੋਣ ਫਿਰ ਕਿਸੇ ਏਨੀ ਵੱਡੀ ਜਥੇਬੰਦੀ ਤੋਂ ਕੋਈ ਕੀ ਕਿਆਸ ਕਰ ਸਕਦਾ ਹੈ?

ਜੇ ਸੰਘ ਪਰਿਵਾਰ ਦੇ ਸੰਕਟ ਨੂੰ ਵੱਡੇ ਧਰਾਤਲ ਤੇ ਖੜ੍ਹਕੇ ਦੇਖਿਆ ਜਾਵੇ ਤਾਂ ਅਸਲ ਤਸਵੀਰ ਦੀ ਸਮਝ ਪੈਂਦੀ ਹੈ। ਸਾਡੇ ਕੋਲ ਭਾਰਤੀ ਵਿਦਵਾਨ ਰਬਿੰਦਰਨਾਥ ਟੈਗੋਰ ਦਾ ੧੯੧੭ ਵਿੱਚ ਇੱਕ ਅਮਰੀਕੀ ਯੂਨੀਵਰਸਿਟੀ ਵਿੱਚ ਦਿੱਤਾ ਇੱਕ ਲੈਕਚਰ ਹੈ। ਉਸ ਲੈਕਚਰ ਵਿੱਚ ਰਬਿੰਦਰਨਾਥ ਟੈਗੋਰ ਵੀ ਉਹ ਹੀ ਦਰਦ ਮਹਿਸੂਸ ਕਰਦੇ ਹਨ ਜੋ ਅੱਜ ਸੰਘ ਪਰਿਵਾਰ ਕਰ ਰਿਹਾ ਹੈ। ਉਹ ਆਖਦੇ ਹਨ, “ਭਾਰਤ ਇੱਕੋ ਭੂ-ਮੰਡਲ ਵਿੱਚ ਰਹਿ ਰਹੇ ਕਈ ਦੇਸ਼ਾਂ ਵਰਗਾ ਹੈ। ਇਹ ਯੂਰਪ ਨਾਲੋਂ ਬਿਲਕੁਲ ਵੱਖਰਾ ਹੈ ਜਿੱਥੇ ਇੱਕ ਦੇਸ਼ ਕਈ ਭੂ-ਮੰਡਲਾਂ ਵਿੱਚ ਰਹਿ ਰਿਹਾ ਹੈ। ਇਸੇ ਲਈ ਭਾਰਤ ਵਿੱਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਨਹੀ ਹੋ ਰਹੀ।…. ਭਾਰਤ ਦੇ ਜਾਤਪਾਤੀ ਪ੍ਰਬੰਧ ਨੇ ਸਾਡੇ ਲੋਕਾਂ ਵਿੱਚ ਬਹੁਤ ਜਿਆਦਾ ਵੰਡੀਆਂ ਪਾ ਦਿੱਤੀਆਂ ਹਨ। ਤੁਸੀਂ ਇਹ ਕਿਸ ਤਰ੍ਹਾਂ ਉਮੀਦ ਕਰ ਸਕਦੇ ਹੋ ਕਿ ਜਿਹੜੇ ਲੋਕਾਂ ਦਾ ਖੂਨ ਆਪਸ ਵਿੱਚ ਮਿਲਣ ਨਹੀ ਦਿੱਤਾ ਜਾ ਰਿਹਾ (ਜਾਤਪਾਤ ਕਾਰਨ) ਉਹ ਕਿਸੇ ਦੂਜੇ ਲਈ ਆਪਣਾਂ ਖੂਨ ਕਿਸ ਤਰ੍ਹਾਂ ਵਹਾ ਸਕਦੇ ਹਨ।”

ਰਬਿੰਦਰਨਾਥ ਟੈਗੋਰ ਦੇ ਉਸ ਲੇਖ ਨੂੰ ਪੜ੍ਹਕੇ ਸੰਘ ਪਰਿਵਾਰ ਦੇ ਮੌਜੂਦਾ ਸੰਕਟ ਦੀ ਸਮਝ ਆਉਂਦੀ ਹੈ। ਭਾਰਤੀ ਰਾਸ਼ਟਰਵਾਦ ਦਾ ਸੰਕਟ ਲਗਭਗ ੧੦੦ ਸਾਲ ਪੁਰਾਣਾਂ ਹੈ ਜੇ ਰਬਿੰਦਰਨਾਥ ਟੈਗੋਰ ਦੇ ਲੈਕਚਰ ਨੂੰ ਪਹਿਲਾ ਦਿਨ ਮੰਨ ਕੇ ਚੱਲੀਏ ਤਾਂ। ਸੌ ਸਾਲਾਂ ਦੇ ਦੌਰਾਨ ਜੇ ਰਾਸ਼ਟਰਵਾਦ ਦੇ ਮਾਮਲੇ ਵਿੱਚ ਉਸ ਕਿਸਮ ਦੀ ਕੋਈ ਪ੍ਰਗਤੀ ਨਹੀ ਹੋਈ ਅਤੇ ਸਥਿਤੀ ਬਿਲਕੁਲ ਉਥੇ ਖੜ੍ਹੀ ਹੈ। ਜੇ ਏਨੇ ਵੱਡੇ ਫੌਜੀ ਲਾਮਲਸ਼ਕਰਾਂ ਦੇ ਬਾਵਜੂਦ ਦੇਸ਼ ਦਾ ਰਾਸ਼ਟਰਵਾਦ ਦਾ ਸੁਪਨਾ ਸਾਕਾਰ ਨਹੀ ਹੋ ਸਕਿਆ ਤਾਂ ਸੰਘ ਪਰਿਵਾਰ ਤੋਂ ਵੱਧ ਲਾਚਾਰ ਸੰਸਥਾ ਹੋਰ ਕੌਣ ਹੋ ਸਕਦੀ ਹੈ? ਇਸ ਸਥਿਤੀ ਵਿੱਚ ਜੇ ਸੰਘ ਪਰਿਵਾਰ ਉਚੀ ਅਵਾਜ਼ ਵਿੱਚ ਦਮਗਜੇ ਮਾਰ ਵੀ ਲੈਂਦਾ ਹੈ ਤਾਂ ਇਨ੍ਹਾਂ ਤੋਂ ਭੈਭੀਤ ਹੋਣ ਦੀ ਲੋੜ ਨਹੀ ਹੈ ਬਸ ਸੁਚੇਤ ਰਹਿਣ ਦੀ ਲੋੜ ਹੈ।