ਪੰਜਾਬ ਦੀ ਸੱਤਾਧਾਰੀ ਧਿਰ ਵੱਲੋਂ ਸਿੱਖ ਪਰੰਪਰਾਵਾਂ, ਰਵਾਇਤਾਂ ਅਤੇ ਸਿੱਖ ਕਦਰਾਂ ਕੀਮਤਾਂ ਨੂੰ ਆਪਣੀ ਸਿਆਸੀ ਹਵਸ ਦੀ ਪੂਰਤੀ ਲਈ ਖਤਮ ਕਰਨ ਦੇ ਇਰਾਦਿਆਂ ਦੇ ਖਿਲਾਫ ੧੦ ਨਵੰਬਰ ੨੦੧੫ ਨੂੰ ਬਹੁਤ ਸਾਰੇ ਸਿੱਖ ਸੰਗਠਨਾ ਨੇ ਸਰਬੱਤ ਖਾਲਸਾ ਸੰਮੇਲਨ ਜਥੇਬੰਦ ਕੀਤਾ ਸੀ। ਉਸ ਸੰਮੇਲਨ ਵਿੱਚ ਲਗਭਗ ੨ ਲੱਖ ਦੇ ਕਰੀਬ ਸਿੱਖ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ, ਜੋ ਸੱਤਾਧਾਰੀ ਧਿਰ ਲਈ ਕਿਸੇ ਗੱਲੋਂ ਵੀ ਪਚਣਯੋਗ ਗੱਲ ਨਹੀ ਸੀ। ਸੱਤਾਧਾਰੀ ਧਿਰ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਦੇ ਯੋਗ ਸਿਆਸੀ ਅਤੇ ਧਾਰਮਕ ਬਦਲ ਨੂੰ ਕੁਚਲਦੀ ਆਈ ਸੀ ਅਤੇ ਹੁਣ ਵੀ ਇਸੇ ਤਰਜ਼ ਤੇ ਚੱਲ ਰਹੀ ਹੈ। ਸਰਬੱਤ ਖਾਲਸਾ ਵਿੱਚ ਹੋਇਆ ਵੱਡਾ ਇਕੱਠ ਸੱਤਾਧਾਰੀ ਧਿਰ ਲਈ ਖਤਰੇ ਦੀ ਘੰਟੀ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਆਪ ਵਾਰ ਵਾਰ ਇਸ ਤਰ੍ਹਾਂ ਦੇ ਬਿਆਨ ਦਿੱਤੇ ਕਿ ਉਹ ਪੰਜਾਬ ਨੂੰ ਅੱਤਵਾਦੀਆਂ ਤੋਂ ਬਚਾਉਣ ਲਈ ਆਪਣਾਂ ਆਖਰੀ ਕਤਰਾ ਵੀ ਲਗਾ ਦੇਣਗੇ। ਮੀਡੀਆ ਰਾਹੀਂ ਵਾਰ ਵਾਰ ਸੱਤਾਧਾਰੀ ਧਿਰ ਵੱਲੋਂ ਇਹ ਪਰਚਾਰ ਜੋਰ ਸ਼ੋਰ ਰਾਹੀਂ ਕਰਵਾਇਆ ਗਿਆ ਕਿ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਦੇਸ਼ ਵਿਰੋਧੀ ਹਨ ਅਤੇ ਉਹ ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸਰਬੱਤ ਖਾਲਸਾ ਵਿੱਚ ਹੋਏ ਇਕੱਠ ਨੂੰ ਨੀਵਾਂ ਦਰਸਾਉਣ ਲਈ ਅਤੇ ਆਪਣੇ ਪੰਡਾਲਾਂ ਵਿੱਚ ਵੱਧ ਲੋਕ ਇਕੱਠੇ ਕਰਕੇ ਦਰਸਾਉਣ ਦੇ ਮਨਸ਼ੇ ਨਾਲ ਪੰਜਾਬ ਦੀ ਸੱਤਾਧਾਰੀ ਧਿਰ ਨੇ ਫਿਰ ‘ਸਦਭਾਵਨਾ ਰੈਲੀਆਂ’ ਦੀ ਪਿਰਤ ਅਰੰਭ ਕਰ ਦਿੱਤੀ। ਮੀਡੀਆ ਵਿੱਚ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਇਹ ਦਰਸਾਇਆ ਜਾਣ ਲੱਗਾ ਕਿ ਪੰਜਾਬ ਦੀ ਸੱਤਾਧਾਰੀ ਧਿਰ ਹੀ ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਬਚਾਉਣ ਲਈ ਤਤਪਰ ਹੈ ਅਤੇ ਬਾਕੀ ਪੰਥਕ ਧਿਰਾਂ ਤਾਂ ਪੰਜਾਬ ਦੇ ਭਾਈਚਾਰੇ ਅਤੇ ਅਮਨ ਨੂੰ ਭੰਗ ਕਰਨ ਦੀਆਂ ਕੋਸ਼ਿਸਾਂ ਕਰ ਰਹੀਆਂ ਹਨ। ਸਦਭਾਵਨਾ ਰੈਲੀਆਂ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਖ ਵੱਖ ਗੁਰਧਾਮਾਂ ਦੀ ਯਾਤਰਾ ਤੇ ਤੋਰ ਦਿੱਤਾ ਗਿਆ ਅਤੇ ਸੁਨੇਹਾ ਇਹ ਦਿੱਤਾ ਗਿਆ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਰਾਖੀ ਲਈ ਇਹ ਕਰਨਾ ਜਰੂਰੀ ਹੈ।

ਜੇ ਦੇਖਿਆ ਜਾਵੇ ਤਾਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੇ ਘਟਨਾਕ੍ਰਮ ਤੋਂ ਲੈਕੇ ਸਰਬੱਤ ਖਾਲਸਾ ਤੱਕ ਕਿਸੇ ਇੱਕ ਵੀ ਸਿੱਖ ਨੇ ਕੋਈ ਅਜਿਹੀ ਹਰਕਤ ਨਹੀ ਕੀਤੀ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਖੜ੍ਹਾ ਕਰਦੀ ਹੋਵੇ। ਸਿੱਖਾਂ ਦੇ ਗੁਰੂ ਦਾ ਸਿਆਸੀ ਸ਼ਹਿ ਪ੍ਰਾਪਤ ਫਿਰਕੂ ਤਾਕਤਾਂ ਨੇ ਅਪਮਾਨ ਕੀਤਾ ਸੀ ਅਤੇ ਸਿੱਖਾਂ ਨੇ ਉਸਦੇ ਖਿਲਾਫ ਦੋ ਮਹੀਨੇ ਆਪਣਾਂ ਰੋਹ ਉਜਾਗਰ ਕਰਕੇ ਇਹ ਦਰਸਾਇਆ ਕਿ ਦੇਸ਼ ਦੀ ਹਕੂਮਤ ਦੇ ਵਹਿਸ਼ੀ ਜੁਲਮਾਂ ਦੇ ਬਾਵਜੂਦ ਵੀ ਸਿੱਖ ਕੌਮ ਮਰੀ ਨਹੀ ਹੈ। ਬੇਸ਼ੱਕ ਕੌਮ ਦੇ ਬੰਦ ਬੰਦ ਕੱਟ ਦਿੱਤੇ ਗਏ ਅਤੇ ਗਰਮ ਪਾਣੀਆਂ ਵਿੱਚ ਉਬਾਲ ਦਿੱਤਾ ਗਿਆ ਪਰ ਇਸਦੇ ਬਾਵਜੂਦ ਵੀ ਕੌਮ ਆਪਣੇ ਗੁਰੂ ਦਾ ਅਪਮਾਨ ਬਰਦਾਸ਼ਤ ਕਰਨ ਨੂੰ ਤਿਆਰ ਨਹੀ ਹੈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਉਠੇ ਸਿੱਖ ਰੋਹ ਦਾ ਇਹੋ ਹੀ ਸੰਦੇਸ਼ ਸੀ। ਇਹ ਸੰਦੇਸ਼ ਪੰਜਾਬ ਦੇ ਸੱਤਾਧਾਰੀਆਂ ਲਈ ਵੀ ਉਨਾਂ ਹੀ ਗੂੰਜਵਾਂ ਸੀ ਜਿੰਨਾ ਇਹ ਦਿੱਲੀ ਦੇ ਸੱਤਾਧਾਰੀਆਂ ਲਈ ਸੀ।

ਖ਼ੈਰ ਪੰਜਾਬ ਦੇ ਸੱਤਾਧਾਰੀਆਂ ਨੇ ਸਿੱਖ ਕੌਮ ਦੇ ਇਸ ਗੂੰਜਵੇਂ ਸੰਦੇਸ਼ ਨੂੰ ਦੇਸ਼ ਧਰੋਹੀ ਬਣਾਕੇ ਪੇਸ਼ ਕੀਤਾ ਅਤੇ ਆਪ ਉਹ ਹਿੰਦੂ ਸਿੱਖ ਏਕਤਾ ਦੇ ਮਸੀਹੇ ਬਣ ਗਏ।

ਕੀ ਪੰਜਾਬ ਦੇ ਸੱਤਾਧਾਰੀ ਸੱਚਮੁੱਚ ਹੀ ਹਿੰਦੂ-ਸਿੱਖ਼ ਭਾਈਚਾਰੇ ਦੇ ਮੁਦਈ ਸਨ ਜਾਂ ਹਨ? ਕੀ ਸੱਤਾਧਰੀ ਧਿਰ ਵਾਕਿਆ ਹੀ ਹਿੰਦੂ ਸਿੱਖਾਂ ਦੀ ਏਕਤਾ ਬਾਰੇ ਫਿਕਰਮੰਦ ਹੈ ਜਾਂ ਇਹ ਵੀ ਸਿਆਸਤ ਹੀ ਹੈ?

੧੪ ਜਨਵਰੀ ੨੦੧੬ ਨੂੰ ਆਮ ਆਦਮੀ ਪਾਰਟੀ ਨੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਵੱਡੀ ਸਿਆਸੀ ਕਾਨਫਰੰਸ ਕਰਕੇ ਪੰਜਾਬ ਦੀਆਂ ਸੱਤਾਧਾਰੀ ਤਾਕਤਾਂ ਸਾਹਮਣੇ ਇੱਕ ਵੱਡੀ ਸਿਆਸੀ ਚੁਣੌਤੀ ਪੇਸ਼ ਕਰ ਦਿੱਤੀ ਹੈ। ਭਾਵੇਂ ਅਗਲੇ ਸਾਲ ਚੋਣਾਂ ਹੋਣ ਤੱਕ ਇਸ ਉਭਾਰ ਦੇ ਕਾਇਮ ਰਹਿਣ ਜਾਂ ਨਾ ਰਹਿਣ ਬਾਰੇ ਕੁਝ ਨਹੀ ਕਿਹਾ ਜਾ ਸਕਦਾ ਪਰ ਹਾਲ ਦੀ ਘੜੀ ਸੱਤਾਧਾਰੀ ਧਿਰ ਲਈ ਇਹ ਇੱਕ ਚੁਣੌਤੀ ਹੈ।

ਆਮ ਆਦਮੀ ਪਾਰਟੀ ਦੀ ਰੈਲੀ ਵਾਲੇ ਦਿਨ ਹੀ ਅਕਾਲੀ ਦਲ ਨੇ ਵੀ ਸ੍ਰੀ ਮੁਕਤਸਰ ਸਾਹਿਬ ਵਿੱਚ ਆਪਣੀ ਰੈਲੀ ਰੱਖੀ ਹੋਈ ਸੀ ਜਿਸ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਇੱਕ ਬਹੁਤ ਹੀ ਸੀਨੀਅਰ ਲੀਡਰ ਨੇ ਅਕਾਲੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ‘ਟੋਪੀਆਂ ਵਾਲਿਆਂ ਨੂੰ ਭਜਾ ਦੇਣ’।
ਇਸ ਸੰਦੇਸ਼ ਦੇ ਕੀ ਮਤਲਬ ਹਨ? ਇਸ ਬਿਆਨ ਦਾ ਜੋ ਸਾਨੂੰ ਮਤਲਬ ਸਮਝ ਆਇਆ ਹੈ ਉਹ ਇਹ ਹੈ ਕਿ ਹਿੰਦੂਆਂ ਨੂੰ ਪੰਜਾਬ ਵਿੱਚੋਂ ਖਦੇੜ ਦਿੱਤਾ ਜਾਵੇ।

ਉਹ ਲੋਕ ਜੋ ਦਸ ਦਿਨ ਪਹਿਲਾਂ ਸਦਭਾਵਨਾ ਰੈਲੀਆਂ ਕਰਕੇ ਹਿੰਦੂ-ਸਿੱਖ ਏਕਤਾ ਦੇ ਰਹਿਬਰ ਬਣੇ ਹੋਏ ਸਨ ਉਹ ਹਿੰਦੂ ਆਗੂਆਂ ਦੇ ਇਕੱਠ ਨੂੰ ਦੇਖਕੇ ਏਨੇ ਤਿਲਮਿਲਾ ਗਏ ਕਿ ਇਹ ਹੋਕੇ ਦੇਣ ਲੱਗ ਪਏ ਕਿ ਪੰਜਾਬ ਵਿੱਚੋਂ ਹਿੰਦੂਆਂ ਨੂੰ ਭਜਾ ਦਿਓ। ਇਸ ਤਰ੍ਹਾਂ ਦੇ ਬਿਆਨ ਤਾਂ ਕਦੇ ਖਾਲਿਸਤਾਨੀ ਧਿਰਾਂ ਨੇ ਵੀ ਨਹੀ ਦਿੱਤੇ।

ਕੀ ਇਹ ਦੇਸ਼ ਭਗਤੀ ਕਹੀ ਜਾ ਸਕਦੀ ਹੈ? ਕੀ ਇਹ ਹਿੰਦੂ ਸਿੱਖ ਏਕਤਾ ਨੂੰ ਕਿਤੇ ਟਿਕਣ ਦੇਵੇਗੀ? ਕੀ ਹਿੰਦੂ ਸਿੱਖ ਏਕਤਾ ਦਾ ਮਤਲਬ ਸਿਰਫ ਉਨ੍ਹਾਂ ਦੀਆਂ ਵੋਟਾਂ ਬਟੋਰਨਾ ਹੀ ਹੈ? ਕੀ ਸੱਤਾਧਾਰੀ ਧਿਰਾਂ ਸਿੱਖਾਂ ਤੇ ਹਿੰਦੂਆਂ ਨੂੰ ਸਿਰਫ ਵੋਟਾਂ ਵੱਜੋਂ ਹੀ ਦੇਖਦੇ ਹਨ?

ਜੇ ਸਿੱਖ ਸੱਤਾਧਾਰੀ ਧਿਰਾਂ ਦੀ ਗੰਦੀ ਸਿਆਸਤ ਤੋ ਬਦਜ਼ਨ ਹੋਕੇ ਆਪਣਾਂ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਅੱਤਵਾਦੀ ਅਤੇ ਦੇਸ਼ ਧਰੋਹੀ।

ਜੇ ਹਿੰਦੂ ਆਗੂ ਪੰਜਾਬ ਵਿੱਚ ਆਕੇ ਪੰਜਾਬ ਦੇ ਮਲੀਨ ਸਿਆਸੀ ਮਹੌਲ ਨੂੰ ਸਾਫ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ‘ਟੋਪੀਆਂ ਵਾਲੇ’। ਇਹ ਕੀ ਮਾਜਰਾ ਹੈ?

ਇਸ ਸਥਿਤੀ ਵਿੱਚ ਅਸਲੀ ਦੇਸ਼ ਧਰੋਹੀ ਕੌਣ ਹੈ? ਇਸਦਾ ਫੈਸਲਾ ਸਿਆਣੇ ਸਿੱਖਾਂ ਅਤੇ ਹਿੰਦੂਆਂ ਨੇ ਕਰਨਾ ਹੈ।