ਸੰਸਾਰ ਵਿੱਚ ਸਮੇਂ ਨਾਲ ਕੁਝ ਅਜਿਹੀਆਂ ਸ਼ਖਸ਼ੀਅਤਾਂ ਸਾਹਮਣੇ ਆਉਂਦੀਆਂ ਹਨ ਜਿੰਨਾਂ ਦੇ ਜੀਵਨ ਕਾਲ ਤੋਂ ਬਾਅਦ ਵੀ ਬੜੇ ਅਦਬ ਤੇ ਸਤਿਕਾਰ ਨਾਲ ਉਨਾਂ ਨੂੰ ਯਾਦ ਕੀਤਾ ਜਾਂਦਾ ਹੈ। ਕਿਉਂਕਿ ਅਜਿਹੀਆਂ ਸਖਸ਼ੀਅਤਾਂ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਆਪਣੇ ਲੋਕਾਂ ਲਈ ਕੀਤੇ ਉਪਰਾਲੇ ਅਤੇ ਆਪਣੇ ਰੁਤਬੇ ਦੇ ਸਹੀ ਯੋਗਦਾਨ ਕਰਕੇ ਸਮਾਜ ਅਤੇ ਆਪਣੇ ਖਿੱਤੇ ਲਈ ਕੀਤੇ ਗਏ ਉਪਰਾਲੇ ਉਨਾਂ ਦੀ ਹੋਂਦ ਨੂੰ ਸਦਾ ਬਰਕਰਾਰ ਰੱਖਦੇ ਹਨ। ਅਜਿਹੀ ਇੱਕ ਸਖਸ਼ੀਅਤ ਡਾਕਟਰ ਮਹਿੰਦਰ ਸਿੰਘ ਰੰਧਾਵਾ ਵੀ ਹੋਏ ਹਨ। ਇਹ ਪੰਜਾਬ ਦਾ ਪੁੱਤ ਦੋ ਫਰਵਰੀ ੧੯੦੯ ਨੂੰ ਇੱਕ ਰੱਜੇ ਪੁੱਜੇ ਸਰਦਾਰਾਂ ਦੇ ਖਾਨਦਾਨ ਵਿੱਚ ਜਨਮਿਆ ਸੀ। ਇਨਾਂ ਦਾ ਜਨਮ ਜੀਰੇ ਵਿਖੇ (ਜੋ ਕਿ ਫਿਰੋਜਪੁਰ ਜਿਲੇ ਵਿੱਚ ਹੈ) ਹੋਇਆ ਸੀ। ਇਨਾਂ ਨੇ ਆਪਣੀ ਮੁਢਲੀ ਸਿੱਖਿਆ ਮੁਕਤਸਰ ਤੋਂ ਗ੍ਰਹਿਣ ਕੀਤੀ ਅਤੇ ਫੇਰ ਉਚੇਰੀ ਸਿੱਖਿਆ ਲਈ ਲਹੌਰ ਕਾਲਜ ਤੋਂ ਬੀ.ਐਸ.ਸੀ ਤੇ ਐਮ.ਐਸ.ਸੀ ਕੀਤੀ। ੧੯੩੪ ਵਿੱਚ ਇਨਾਂ ਨੇ ਉਸ ਸਮੇਂ ਦੀ ਸਭ ਤੋਂ ਮਹੱਤਵਪੂਰਨ ਪ੍ਰੀਖਿਆ ਆਈ.ਸੀ.ਐਸ. ਪਾਸ ਕੀਤੀ ਅਤੇ ਕੁਝ ਸਮਾਂ ਲੰਡਨ ਵਿੱਚ ਨੌਕਰੀ ਕਰਨ ਤੋਂ ਬਾਅਦ ਯੂ.ਪੀ. ਦੇ ਵੱਡੇ ਸ਼ਹਿਰਾਂ ਵਿੱਚ ਬਤੌਰ ਡਿਪਟੀ ਕਮਿਸ਼ਨਰ ਸੇਵਾ ਨਿਭਾਈ। ਇਹ ਇਕ ਅਜਿਹੀ ਸਖਸ਼ੀਅਤ ਸੀ ਜਿਸ ਨੂੰ ਅੱਜ ਉਨਾਂ ਦੇ ਜਨਮ ਦਿਨ ਤੇ ਯਾਦ ਕਰਦਿਆਂ ਇਹ ਮਾਣ ਨਾਲ ਆਖਿਆ ਜਾ ਸਕਦਾ ਹੈ ਕਿ ਉਹ ਭਾਰਤ ਦੀ ਅਜਾਦੀ ਸਮੇਂ ਦਿੱਲੀ ਦੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸੀ ਤੇ ਉਨਾਂ ਨੂੰ ਇਹ ਮਾਣ ਪ੍ਰਾਪਤ ਹੈ ਕਿ ਅਜਾਦੀ ਵਾਲੇ ਦਿਨ ਇਨਾਂ ਨੇ ਹੀ ਅਜਾਦੀ ਦੇ ਜਸ਼ਨਾਂ ਦਾ ਸਾਰਾ ਇੰਤਜ਼ਾਮ ਆਪਣੀ ਦੇਖ-ਰੇਖ ਹੇਠ ਸੰਭਾਲਿਆ।

ਸ੍ਰ. ਰੰਧਾਵਾ ਨੂੰ ਮੁੱਢ ਤੋਂ ਹੀ ਪੜਾਈ ਲਿਖਾਈ ਤੋਂ ਇਲਾਵਾ ਪੰਜਾਬੀ ਲਿਪੀ ਕਲਾ ਅਤੇ ਚਿਰਤਕਾਰੀ ਦੇ ਨਾਲ-ਨਾਲ ਕਿਤਾਬਾਂ ਪੜਨ ਤੇ ਸ਼ਾਂਭਣ ਦਾ ਵੀ ਸੌਂਕ ਸੀ। ਇਸ ਪੰਜਾਬ ਦੇ ਪੁੱਤ ਨੇ ਮੁੜ ਵਸੇਬੇ ਦੇ ਅਹੁਦੇਦਾਰ ਹੁੰਦਿਆਂ ਹੋਇਆਂ ਪਾਕਿਸਤਾਨ ਜੋ ਉੱਜੜ ਕਿ ਆਏ ਲੱਖਾਂ ਸ਼ਰਨਾਰਥੀਆਂ ਨੂੰ ਬਗੈਰ ਕਿਸੇ ਪੱਖਪਾਤ ਦੇ ਪੂਰੀ ਤਰਾਂ ਮੁੜ ਵਸਾਏ ਜਾਣ ਦਾ ਮਾਣ ਹਾਸਲ ਹੈ ਤੇ ਅੱਜ ਤੱਕ ਯਾਦ ਕੀਤਾ ਜਾਂਦਾ ਹੈ। ਸ੍ਰ. ਰੰਧਾਵਾ ਖੇਤੀਬਾੜੀ ਮਹਿਕਮੇ ਦੇ ਵੀ ਉੱਚ ਅਹੁਦੇ ਉਤੇ ਰਹੇ ਅਤੇ ਇਸ ਦੌਰਾਨ ਇਨਾਂ ਨੇ Green Revolution ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ Green Revolution ਕਰਕੇ ਹੀ ਪੰਜਾਬ ਅਤੇ ਭਾਰਤ ਆਪਣੀ ਅੰਨ-ਵਿਵਸਥਾ ਨੂੰ ਪ੍ਰਾਪਤ ਕਰ ਸਕਿਆ ਅਤੇ ਇਸ ਨਾਲ ਪੰਜਾਬ ਦੀ ਕਿਸਾਨੀ ਨੂੰ ਅਹਿਮ ਬੱਲ ਮਿਲਿਆ ਅਤੇ ਪੰਜਾਬ ਜੋ ਅਜਾਦੀ ਵੇਲੇ ਉਜੜਿਆ ਸੀ ਉਹ ਮੁੜ ਖੁਸ਼ਹਾਲੀ ਦੇ ਰਾਹ ਤੇ ਤੁਰ ਪਿਆ। ਇਸ ਖੇਤੀਬਾੜੀ ਦੇ ਲਗਾਅ ਕਰਕੇ ਹੀ ਇਨਾ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਬਣਾਉਣ ਵਿੱਚ ਅਹਿਮ ਯੋਗਦਾਨ ਰਿਹਾ ਜਿਸ ਨਾਲ ਕਿ ਪੰਜਾਬ ਦੀ ਖੇਤੀਬਾੜੀ ਨੂੰ ਬਹੁਤ ਬਲ ਮਿਲਿਆ। ਇਸੇ ਤਰਾਂ ਇਸ ਪੰਜਾਬ ਦੇ ਪੁੱਤ ਨੂੰ ਮਾਣ ਹਾਸਲ ਹੈ ਕਿ ਇਹਨਾਂ ਨੇ ਚੰਡੀਗੜ੍ਹ ਸ਼ਹਿਰ ਨੂੰ ਖੂਬਸੂਰਤੀ ਦਾ ਸ਼ਹਿਰ ਉਸਾਰਨ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਤੇ ਇਹ ਇਸਦੇ ਪਹਿਲੇ ਚੀਫ ਕਮਿਸ਼ਨਰ ਵੀ ਰਹੇ ਅਤੇ ਇਸ ਦੌਰਾਨ ਚੰਡੀਗੜ੍ਹ ਦੀ ਖੂਬਸੂਰਤੀ ਲਈ ਰੋਜ਼ ਗਾਰਡਨ, ਰੌਕ ਗਾਰਡਨ ਤੇ ਕਲਾ ਦੇ ਸਾਂਭਣ ਲਈ ਬਿਹਤਰਹੀਨ ਅਜ਼ਾਇਬ ਘਰ ਉਸਾਰਿਆ। ਭਾਵੇਂ ਚੰਡੀਗੜ੍ਹ ਨੂੰ ਬਣਾਉਣ ਲਈ ਫਰਾਂਸ ਦੇ ਆਰਕੀਟੈਕਟ ਤੋਂ ਮੱਦਦ ਲਈ ਗਈ ਪਰ ਇਸ ਪਿਛੇ ਅਹਿਮ ਭੂਮਿਕਾ ਸ੍ਰ. ਰੰਧਾਵਾ ਦੀ ਹੀ ਸੀ।

ਅੱਜ ਦੇ ਮੌਜੂਦਾ ਪੰਜਾਬ ਦੀ ਜਦੋਂ ੧੯੬੬ ਵਿੱਚ ਨਵੀਂ ਰੂਪ ਰੇਖਾ ਉੱਘਰੀ ਤਾਂ ਉਸ ਵੇਲੇ ਵੀ ਇਹ ਇਸ ਨਾਲ ਸਬੰਧਤ ਮਕਿਮੇ ਵਿੱਚ ਉੱਚ ਅਹੁਦੇ ਤੇ ਸਨ। ਇਸੇ ਤਰਾਂ ਇਨਾਂ ਨੂੰ ਕਲਾ ਪ੍ਰਤੀ ਸੌਕ ਹੋਣ ਕਰਕੇ ਇਨਾਂ ਨੇ ਸਦੀਆਂ ਤੋਂ ਲੁਕਿਆ ਹੋਇਆ ਪਹਾੜੀ ਕਲਾਕਾਰ ਤੇ ਉਸ ਨਾਲ ਸਬੰਧਤ ਕਲਾ ਤੇ ਚਿਤਰਕਾਰੀ ਨੂੰ ਭਾਰਤ ਤੇ ਦੁਨੀਆਂ ਸਾਹਮਣੇ ਲਿਆਂਦਾ ਤੇ ਇਸ ਦੀਆਂ ਨਿਸ਼ਾਨੀਆਂ ਅੱਜ ਵੀ ਚੰਡੀਗੜ੍ਹ ਤੇ ਅਜਾਇਬ ਘਰ ਵਿੱਚ ਸ਼ੁਸੋਭਿਤ ਹਨ। ਇਸੇ ਤਰਾਂ ਜਦੋਂ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ੧੯੬੮ ਵਿੱਚ ਉੱਪ-ਕੁਲਪਤੀ ਬਣੇ ਤਾਂ ਇਨਾਂ ਨੇ ਪੰਜਾਬ ਦੇ ਪਿੰਡਾਂ ਨਾਲ ਜੁੜੀਆਂ ਪੁਰਾਤਨ ਤੇ ਸਭਿਅਕ ਵਸਤੂਆਂ ਨੂੰ ਪੰਜਾਬ ਦੇ ਕੋਨੇ ਕੋਨੇ ਤੋਂ ਲੱਭ ਕੇ ਯੂਨੀਵਰਸਿਟੀ ਵਿੱਚ ਇਨਾਂ ਵੱਲੋਂ ਉਸਾਰੇ ਗਏ ਅਜਾਇਬ ਘਰ ਵਿੱਚ ਲੋਕਾਂ ਦੀ ਪ੍ਰਦਰਸ਼ਨੀ ਲਈ ਸਾਂਭਿਆ ਗਿਆ ਤਾਂ ਜੋ ਅੱਜ ਦੇ ਯੁੱਗ ਦੇ ਲੋਕ ਆਪਣੇ ਵਿਰਸੇ ਤੇ ਉਸ ਨਾਲ ਸਬੰਧਤ ਵਸਤੂਆਂ ਤੇ ਕਲਾ ਬਾਰੇ ਜਾਣਕਾਰੀ ਹਾਸਿਲ ਕਰ ਸਕਣ। ਇਸੇ ਤਰਾਂ ਇਨਾਂ ਨੂੰ ਪੜਾਈ ਤੇ ਕਲਾ ਪ੍ਰਤੀ ਸ਼ੌਕ ਹੋਣ ਕਾਰਨ ਇਹਨਾਂ ਨੇ ਉੱਪ-ਕੁਲਪਤੀ ਦੇ ਅਹੁਦੇ ਤੇ ਹੁੰਦਿਆਂ ਹੋਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਬਹੁਤ ਹੀ ਬੇਹਤਰਹੀਨ ਤੇ ਮਿਆਰੀ ਲਾਇਬਰੇਰੀ ਬਣਾ ਕੇ ਦਿੱਤੀ ਤੇ ਇਸ ਨੂੰ ਇਨਾਂ ਵੱਲੋਂ ਅਰਸੇ ਤੋਂ ਸਾਂਭੀਆਂ ਹੋਈਆਂ ਆਪਣੀ ਨਿੱਜੀ ਕਿਤਾਬਾਂ ਵੀ ਦਾਨ ਵਜੋਂ ਦਿੱਤੀਆਂ। ਇਸੇ ਤਰਾਂ ਇਨਾਂ ਦਾ ਬੂਟਿਆਂ ਪ੍ਰਤੀ ਸ਼ੌਕ ਹੋਣ ਕਾਰਨ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਹੁਤ ਹੀ ਬੇਹਤਰਹੀਨ ਜੈਪਨੀਜ਼ ਗਾਰਡਨ ਉਸਾਰਿਆ ਤੇ ਇਸੇ ਤਰਾਂ ਇੱਕ ਹੋਰ ਬਟੈਨੀਕਲ ਗਾਰਡਨ ਵੀ ਬਣਾਇਆ ਜਿਸ ਵਿੱਚ ਬਹੁਤ ਕਿਸਮਾਂ ਦੇ ਕੈਕਟਸ ਦੇ ਬੂਟੇ ਦੂਰੋਂ ਦੂਰੋਂ ਲੱਭ ਕਿ ਸਾਂਭੇ ਗਏ।

ਪਰ ਅਫਸੋਸ ਹੈ ਇਨਾਂ ਦੀਆਂ ਇਹ ਅਹਿਮ ਉਸਾਰੀਆਂ ਅੱਜ ਸਹੀ ਪ੍ਰਬੰਧਾਂ ਦੀ ਘਾਟ ਕਾਰਨ ਤਹਿਸ਼ ਨਹਿਸ਼ ਤੇ ਖਿੱਲਰੀਆਂ ਪਈਆਂ ਹਨ। ਇਨਾਂ ਦੀ ਦੂਰ ਦਰਿਸ਼ਟੀ ਸਦਕਾ ਹੀ ਅੱਜ ਚੰਡੀਗੜ ਵਿੱਚ ਇਨਾਂ ਵੱਲੋਂ ਲਗਾਏ ਹੋਏ ਦਰਖਤ ਤੇ ਹੋਰ ਉਸਾਰੀਆਂ ਹੋਈਆਂ ਨਿਸ਼ਾਨੀਆਂ ਅੱਜ ਵੀ ਦੁਨੀਆਂ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹਨ। ਇਹਨਾਂ ਦੇ ਜਨਮ ਦਿਨ ਤੇ ਯਾਦ ਕਰਦਿਆਂ ਇਹੀ ਆਖਿਆ ਜਾ ਸਕਦਾ ਹੈ ਕਿ ਇਨਾਂ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਲੋਕਾਂ ਦੇ ਭਲੇ ਲਈ ਕੀਤੇ ਉਪਰਾਲੇ ਅਤੇ ਇਨਾਂ ਵੱਲੋਂ ਸਮਾਜ ਦੀ ਬਿਹਤਰੀ ਲਈ ਉਸਾਰੀਆਂ ਗਈਆਂ ਨਿਸ਼ਾਨੀਆਂ ਅੱਜ ਵੀ ਪੰਜਾਬੀਆਂ ਲਈ ਮਾਣ ਦਾ ਸਬੱਬ ਹਨ ਅਤੇ ਰਹਿੰਦੀ ਦੁਨੀਆਂ ਤੱਕ ਇਨਾਂ ਦਾ ਨਾਮ ਤੇ ਮਾਣ ਸਤਿਕਾਰ ਸਦਾ ਬਰਕਰਾਰ ਰਹੇਗਾ।

ਅੱਜ ਜਦੋਂ ਪੰਜਾਬ ਅਤੇ ਪੰਜਾਬ ਦੀ ਕਿਸ਼ਾਨੀ ਪੂਰੀ ਤਰਾਂ ਲੀਹ ਤੋਂ ਲਹਿ ਗਈ ਹੈ ਉਸ ਵਕਤ ਡਾ.ਰੰਧਾਵਾ ਵਰਗੀ ਸ਼ਖਸੀਅਤ ਦਾ ਯਾਦ ਆਉਣਾ ਸੁਭਾਵਿਕ ਹੈ ਤਾਂ ਜੋ ਇਸ ਖਿਲਰ ਰਹੇ ਪੰਜਾਬ ਨੂੰ ਸੰਭਾਲਿਆ ਜਾਵੇ ਅਤੇ ਅਜਿਹੀ ਸਖਸ਼ੀਅਤ ਤੋਂ ਪ੍ਰਰੇਣਾ ਲੈ ਇਹਨਾਂ ਵਾਂਗ ਪੰਜਾਬ, ਪੰਜਾਬੀ ਬੋਲੀ ਅਤੇ ਵਿਰਸੇ ਦਾ ਰਾਖਾ ਅੱਜ ਦਾ ਡਾ. ਰੰਧਾਵਾ ਸਾਹਮਣੇ ਆਵੇ।