ਸਿੱਖ ਮਸਲਿਆਂ ਨਾਲ ਜੁੜੇ ਕਈ ਅਹਿਮ ਸਵਾਲਾਂ ਨਾਲ ਤਕਰੀਬਨ ਪਿਛਲੇ ਦੋ ਸਾਲਾਂ ਤੋਂ ਸਿੱਖ ਮਸਲਿਆਂ ਵਿੱਚੋਂ ਇੱਕ ਅਹਿਮ ਮੁੱਦਾ ਸਿੱਖ ਬੰਦੀਆਂ ਦੀ ਰਿਹਾਈ ਨੂੰ ਮੁੱਖ ਰੂਪ ਵਿੱਚ ਸਾਂਤਮਈ ਸੰਘਰਸ਼ ਦੇ ਨਾਮ ਹੇਠ ਵੱਖ-ਵੱਖ ਸਿੱਖ ਸ਼ਖਸ਼ੀਅਤਾਂ ਵੱਲੋਂ ਮਰਨ ਵਰਤ ਦਾ ਰਾਹ ਅਪਣਾਇਆਂ ਗਿਆ ਹੈ। ੧੯੭੮ ਦੀ ਵਿਸਾਖੀ ਦੇ ਸਾਕੇ ਤੋਂ ਬਾਅਦ ਸਿੱਖ ਸਿਆਸੀ ਅਤੇ ਧਾਰਮਿਕ ਜਮਾਤਾਂ ਵੱਲੋਂ ਅਰਸਿਆਂ ਤੋਂ ਸਿੱਖਾਂ ਅਤੇ ਪੰਜਾਬ ਨਾਲ ਸਬੰਧਿਤ ਮਸਲਿਆਂ ਦੇ ਹੱਲ ਲਈ ਭਾਰਤੀ ਰਾਜਤੰਤਰ ਨਾਲ ਵੱਖ-ਵੱਖ ਰੂਪ ਵਿੱਚ ਸੰਘਰਸ਼ ਚਲਦਾ ਰਿਹਾ ਹੈ ਜਿਸਦਾ ਇੱਕ ਪੜਾਅ ੧੯੮੪ ਦੇ ਦਰਬਾਰ ਸਾਹਿਬ ਤੇ ਹੋਏ ਹਮਲੇ ਨਾਲ ਮੁੱਕਣ ਤੋਂ ਬਾਅਦ ਇੱਕ ਨਵੇਂ ਰੂਪ ਵਿੱਚ ਪੂਰੀ ਤਰਾਂ ਹਥਿਆਰਬੰਦ ਸੰਘਰਸ਼ ਸਿੱਖ ਮਸਲਿਆਂ ਨੂੰ ਸੁਲਝਾਉਣ ਲਈ ਭਾਰਤੀ ਸਰਕਾਰ ਤੇ ਇਸਦੀਆਂ ਸੁਰੱਖਿਆ ਸ਼ਕਤੀਆਂ ਨਾਲ ਲੰਮਾਂ ਸੰਘਰਸ਼ ਲੜਿਆ ਗਿਆ। ਜਿਸ ਅਧੀਨ ਬੇਸ਼ਮਾਰ ਨੌਜਵਾਨਾਂ ਦੀਆਂ ਕੁਰਬਾਨੀਆਂ, ਸਹਾਦਤਾਂ, ਸਿੱਖ ਪਰਿਵਾਰਾਂ ਦੀਆਂ ਬੇਪਤੀਆਂ ਅਤੇ ਉਜਾੜਿਆਂ ਨਾਲ ਭਰਪੂਰ ਇਸ ਸੰਘਰਸ਼ ਨੇ ਵੀ ਆਖਿਰਕਾਰ ਭਾਰਤੀ ਸਰਕਾਰੀ ਪ੍ਰਣਾਲੀ ਦੇ ਦਬਾਅ ਹੇਠ ਸਹਿਕਦਿਆਂ ਹੋਇਆਂ ਦਮ ਤੋੜ ਲਿਆ ਅਤੇ ਸਿੱਖ ਮਸਲੇ ਅੱਜ ਵੀ ਇੱਕ ਗਹਿਰੇ ਜਖਮ ਵਾਂਗ ਸਿੱਖਾਂ ਦੀ ਯਾਦਾਸ਼ਤ ਵਿੱਚ ਉੱਕਰੇ ਜਾ ਚੁੱਕੇ ਹਨ।

ਇਹਨਾਂ ਵਿੱਚੋਂ ਇੱਕ ਅਹਿਮ ਜਖਮ ਇਸ ਸੰਘਰਸ਼ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸਬੰਧਤ ਹੋਣ ਕਾਰਨ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੇ ਆਪਣੀਆਂ ਜਵਾਨੀਆਂ ਭਾਰਤੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਦਹਾਕਿਆਂ ਬੱਧੀ ਹੰਢਾਈਆਂ ਹਨ। ਇਹਨਾਂ ਵਿਚੋਂ ਹੀ ਅੱਜ ਵੀ ਕੁਝ ਸਿੱਖ ਨੌਜਵਾਨ ਦਹਾਕਿਆਂ ਦੀ ਜੇਲਬੱਦੀ ਬਾਅਦ ਅਧੇੜ ਉਮਰ ਦੀ ਦਹਿਲੀਜ਼ ਤੇ ਖੜੇ ਹਨ ਅਜੇ ਵੀ ਭਾਰਤੀ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਇਸ ਮਸਲੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਸਿੱਖ ਬੰਦੀਆਂ ਦੇ ਪਰਿਵਾਰਾਂ ਦੀਆਂ ਪੀੜਾਂ ਅਤੇ ਵਿਛੋੜੇ ਤਾਂ ਜੁੜੇ ਹੀ ਹਨ ਅਤੇ ਕਾਫੀ ਹੱਦ ਤੱਕ ਕੁਝ ਸਿੱਖਾਂ ਵਿੱਚ ਵੀ ਇਸ ਮਸਲੇ ਪ੍ਰਤੀ ਹਮਦਰਦੀ ਹੈ ਅਤੇ ਉਹ ਚਾਹੁੰਦੇ ਹਨ ਕਿ ਇਹਨਾਂ ਸਿੱਖ ਬੰਦੀਆਂ ਦੀ ਹੁਣ ਰਿਹਾਈ ਹੋਣੀ ਬਣਦੀ ਹੈ ਮੁੱਖ ਰੂਪ ਵਿੱਚ ਇਸ ਮਸਲੇ ਨੂੰ ਸੰਜੀਦਗੀ ਅਤੇ ਗੰਭੀਰਤਾ ਨਾਲ ਵਿਚਾਰਨ ਤੋਂ ਬਿਨਾਂ ਹੀ ਕੁਝ ਸਿੱਖ ਸ਼ਖਸ਼ੀਅਤਾਂ ਜਿਵੇਂ ਕਿ ਪਹਿਲਾਂ ਗੁਰਬਖਸ਼ ਸਿੰਘ ਅਤੇ ਹੁਣ ਸੂਰਤ ਸਿੰਘ ਖਾਲਸਾ ਵੱਲੋਂ ਆਪਣੇ ਬਲਬੂਤੇ ਤੇ ਹੀ ਸਾਂਤਮਈ ਸੰਘਰਸ਼ ਦੇ ਨਾਮ ਹੇਠ ਮਰਨ ਵਰਤ ਦਾ ਰਾਹ ਅਪਣਾਇਆ ਅਤੇ ਇਸਨੂੰ ਕਿਸੇ ਅਹਿਮ ਮੋੜ ਤੇ ਲਿਆਉਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਤੇ ਇਸ ਭਾਵਨਾਤਮਕ ਅਹਿਮ ਸਿੱਖ ਮਸਲੇ ਨੂੰ ਵੀ ਖਿਲਾਰ ਕੇ ਰੱਖ ਦਿੱਤਾ।

ਗੁਰਬਖਸ਼ ਸਿੰਘ ਵੱਲੋਂ ਹੁਣ ਤੱਕ ਦੋ ਵਾਰ ਭੁੱਖ ਹੜਤਾਲ ਮਰਨ ਤੱਕ ਕਰਨ ਦੇ ਅਹਿਦ ਨਾਲ ਸ਼ੁਰੂ ਤਾਂ ਜਰੂਰ ਕੀਤੀ ਗਈ ਸੀ, ਪਹਿਲਾਂ ਮੁਹਾਲੀ ਵਿੱਚ ਤੇ ਹੁਣ ਕੁਝ ਦਿਨ ਪਹਿਲਾਂ ਅੰਬਾਲਾ ਵਿੱਚ ਰੱਖੀ ਗਈ ਸੀ। ਇਹ ਭੁੱਖ ਹੜਤਾਲ ਜਿਸਨੂੰ ਪਹਿਲਾਂ ਗੁਰਬਖਸ ਸਿੰਘ ਨੇ ਛੇ ਸਿੱਖ ਬੰਦੀਆਂ ਦੀ ਪੱਕੀ ਰਿਹਾਈ ਨੂੰ ਮੁੱਖ ਮੁੱਦਾ ਬਣਾ ਅਰੰਭ ਕੀਤਾ ਗਿਆ ਸੀ ਅਤੇ ਇਸਦੇ ਚਲਦਿਆਂ ਇਸਦੀ ਇੱਕ ਪ੍ਰਾਪਤੀ ਇਹ ਜਰੂਰ ਸੀ ਕਿ ਕੁਝ ਸਮੇਂ ਲਈ ਇਹਨਾਂ ਛੇ ਬੰਦੀਆਂ ਵਿੱਚੋਂ ਤਿੰਨ ਸਿੱਖ ਬੰਦੀਆਂ ਨੂੰ ਕੁਝ ਚਿਰ ਲਈ ਪੰਜਾਬ ਸਰਕਾਰ ਵੱਲੋਂ ਕੁਝ ਦਿਨਾਂ ਦੀ ਛੁੱਟੀ ਮੁਕਰੱਰ ਕਰ ਦਿੱਤੀ ਗਈ ਸੀ ਜੋ ਕਿ ਇੱਕ ਤਰਾਂ ਉਹਨਾਂ ਦੇ ਘਰਾਂ ਅੰਦਰ ਹੀ ਜੇਲ-ਬੰਦੀ ਸੀ। ਇਸ ਭੁੱਖ ਹੜਤਾਲ ਵੇਲੇ ਇਸ ਭਾਵਾਨਾਤਮਿਕ ਮਸਲੇ ਨਾਲ ਇਹ ਵੀ ਇੱਕ ਕੋਸ਼ਿਸ ਗੁਰਬਖਸ਼ ਸਿੰਘ ਵੱਲੋਂ ਕੀਤੀ ਗਈ ਸੀ ਕਿ ਉਹ ਆਪਣੇ ਆਪ ਨੂੰ ਸਿੱਖ ਸੰਘਰਸ਼ ਦਾ ਇੱਕ ਅਹਿਮ ਜਥੇਦਾਰ ਅਤੇ ਪੰਜਾਬ ਸਿਆਸਤ ਦਾ ਮੁੱਖ ਆਗੂ ਬਣ ਕੇ ਲੋਕਾਂ ਦੇ ਸਾਹਮਣੇ ਆਵੇ। ਉਸਦੀ ਇਸ ਲਾਲਸਾ ਨੇ ਸਿੱਖ ਭਾਵਨਾਵਾਂ ਨਾਲ ਜੁੜੇ ਇਸ ਅਹਿਮ ਸਿੱਖ ਬੰਦੀਆਂ ਦੀ ਰਿਹਾਈ ਦਾ ਮੁੱਦਾ ਆਪਣੇ ਆਗੂ ਬਣਨ ਦੀ ਹੋੜ ਵਿੱਚ ਤਾਂ ਦਬਾਅ ਹੀ ਲਿਆ ਤੇ ਆਪ ਵੀ ਅੱਧ ਵਿਚਕਾਰ ਹੀ ਝੂਠੇ ਵਾਅਦਿਆਂ ਤੇ ਆਪਣੇ ਵੱਲੋਂ ਕੀਤੀ ਅਰਦਾਸ ਨੂੰ ਵਿਚਕਾਰ ਛੱਡ ਆਗੂ ਬਣਨ ਦੀ ਹੋੜ ਵਿੱਚ ਆਪਣੀ ਲਾਲਸਾ, ਤੇ ਮੋਹ ਮਾਇਆ ਨੂੰ ਇੱਕਠੇ ਕਰ ਸਿੱਖ ਬੰਦੀਆਂ ਦੀ ਰਿਹਾਈ ਨੂੰ ਇੱਕ ਗੰਭੀਰ ਮਸਲੇ ਤੋਂ ਘਟਾ ਕੇ ਇੱਕ ਆਮ ਜਿਹਾ ਮਸਲਾ ਬਣਨ ਦੇ ਰਾਹ ਪਾ ਦਿੱਤਾ। ਹੁਣ ਜਦੋਂ ਦੂਜੀ ਵਾਰੀ ਉਸਨੇ ਇਸ ਭੁੱਖ ਹੜਤਾਲ ਦੇ ਰਾਹ ਨੂੰ ਦੁਬਾਰਾ ਅੰਬਾਲਾ ਵਿੱਚ ਆਰੰਭ ਕੀਤਾ ਤਾਂ ਇਸ ਵੇਲੇ ਕੁਝ ਚਿਰ ਬਾਅਦ ਹੀ ਗੁਰਬਖਸ਼ ਸਿੰਘ ਨੇ ਆਪਣੀ ਇਸ ਭੁੱਖ ਹੜਤਾਲ ਦੇ ਡਰਾਮੇ ਰਾਹੀਂ ਸਿੱਖ ਬੰਦੀਆਂ ਦੇ ਅਹਿਮ ਮਸਲੇ ਨੂੰ ਆਪਣੀ ਸਖਸ਼ੀਅਤ ਵਾਂਗ ਕਰਾਰੀ ਸੱਟ ਮਾਰੀ ਹੈ।

ਇਸੇ ਲੜੀ ਨੂੰ ਅੱਗੇ ਤੋਰਦਿਆਂ ਅਤੇ ਆਪਣੀ ਖੁਦ ਦੀ ਆਗੂ ਬਣਨ ਦੀ ਲਾਲਸਾ ਤੇ ਮਾਨਸਿਕਤਾ ਨੂੰ ਤਰਜ਼ੀਹ ਦੇਣ ਲਈ ਜਿੰਦਗੀ ਦੇ ਆਖਰੀ ਮੋੜ ਤੇ ਖੜੇ ‘ਬਾਪੂ’ ਸੂਰਤ ਸਿੰਘ ਖਾਲਸਾ ਨੇ ਵੀ ਭੁੱਖ ਹੜਤਾਲ ਦਾ ਰਾਹ ਚੁਣਿਆ ਤਾਂ ਜੋ ਸਿੱਖ ਬੰਦੀਆਂ ਦੀ ਰਿਹਾਈ ਦੇ ਮੁੱਦੇ ਰਾਹੀਂ ਆਪਣੀ ਖੁਦ ਦੀ ਸ਼ਖਸ਼ੀਅਤ ਵੱਲ ਸਿੱਖ ਭਾਵਨਾਵਾਂ ਨੂੰ ਆਕਰਸ਼ਤ ਕੀਤਾ ਜਾ ਸਕੇ ਅਤੇ ਮੁੱਖ ਰੂਪ ਵਿੱਚ ਜੋ ਲਿਸਟ ਇਨਾਂ ਨੇ ਚੁਰਾਸੀ ਸਿੱਖ ਬੰਦੀਆਂ ਦੀ ਜਨਤਾ ਸਾਹਮਣੇ ਲਿਆਂਦੀ ਹੈ ਉਸਨੂੰ ਗੰਭੀਰਤਾ ਨਾਲ ਸਮਝਾਉਣ ਦੀ ਬਜਾਏ ਇੱਕ ਅਜਿਹਾ ਕਾਗਜ਼ ਸਰਕਾਰ ਦੇ ਹੱਥ ਵਿੱਚ ਫੜਾ ਦਿੱਤਾ ਜਿਸਨੂੰ ਉਹਨਾਂ ਨੇ ਆਪਣੇ ਸਰਕਾਰੀ ਅੰਕੜਿਆ ਦਾ ਹਿੱਸਾ ਸਮਝਦਿਆਂ ਹੋਇਆਂ ਜਨਤਾ ਸਾਹਮਣੇ ਕੂੜੇਦਾਨ ਵਿੱਚ ਵਗਾਹ ਮਾਰਿਆ ਅਤੇ ਨਾਲ ਹੀ ਸੂਰਤ ਸਿੰਘ ਖਾਲਸਾ ਦੀ ਸ਼ਖਸ਼ੀਅਤ ਅਤੇ ਅਮਲ ਨੂੰ ਵੀ ਵਗਾਹ ਮਾਰਿਆ ਅਤੇ ਇਸ ਨਾਲ ਸਿੱਖਾਂ ਦਾ ਅਹਿਮ ਮਸਲਾ ਜਿਸ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਲਾਲ ਸਿੰਘ ਦੀ ਰਿਹਾਈ ਵਰਗੇ ਅਹਿਮ ਮੁੱਦੇ ਵੀ ਆਪਣੀ ਤਰਜੀਹ ਗਵਾ ਬੈਠੇ ਹਨ।

ਇਹਨਾਂ ਦੋਨਾਂ ਭੁੱਖ ਹੜਤਾਲਾਂ ਤੋਂ ਸਿੱਖ ਸੰਘਰਸ਼ ਨਾਲ ਗੰਭੀਰਤਾ ਰੱਖਣ ਵਾਲਾ ਇੱਕ ਛੋਟਾ ਜਿਹਾ ਹਿੱਸਾ ਜਿਸਨੇ ਕਿ ਲੰਮਾ ਅਰਸਾ ਸੰਘਰਸ਼ ਦੇਖਿਆ ਅਤੇ ਪਿੰਡੇ ਹੰਡਾਇਆ ਵੀ ਹੈ ਉਹ ਪੂਰੀ ਤਰਾਂ ਇਹਨਾਂ ਭੁੱਖ ਹੜਤਾਲਾਂ ਤੋਂ ਅਪਾਣੀ ਦੂਰੀ ਬਣਾ ਕੇ ਚੱਲਿਆ ਹੈ ਕਿਉਂਕਿ ਉਹਨਾਂ ਦੇ ਮੁਤਾਬਕ ਸਿੱਖ ਸੰਘਰਸ਼ ਵਿੱਚ ਸਹਾਦਤਾਂ ਦਾ ਦਾਅਵਾ ਕਰਨ ਵਾਲੇ ਭੁੱਖਿਆਂ ਰਹਿਣ ਦਾ ਵਾਅਦਾ ਕਰਕੇ ਆਪਣੀਆਂ ਨਿੱਜੀ ਸ਼ਖਸ਼ੀਅਤਾਂ ਨੂੰ ਫੋਕੀ ਚਮਕ ਦੇਣ ਤੋਂ ਇਲਾਵਾ ਸਿੱਖ ਸੰਘਰਸ਼ ਨਾਲ ਜੁੜੇ ਕਿਸੇ ਅਹਿਮ ਮੁੱਦੇ ਦਾ ਹੱਲ ਜਾ ਉਸ ਤੱਕ ਅਪੜਨ ਦਾ ਰਾਹ ਕਦੇ ਵੀ ਲੱਭਣ ਵਿੱਚ ਕਾਮਯਾਬ ਨਹੀਂ ਹੋ ਸਕਦੇ। ਇਹੀ ਫਰਕ ਜੇ ਆਪਾਂ ਆਇਰਸ਼ਾਂ ਵੱਲੋਂ ਆਪਣੀ ਅੰਗਰੇਜ ਹਕੂਮਤ ਦੇ ਖਿਲਾਫ ਸੰਘਰਸ਼ ਦੌਰਾਨ ਵਰਤੇ ਗਏ ਭੁੱਖ ਹੜਤਾਲ ਜਿਹੇ ਅਹਿਮ ਹਥਿਆਰ ਨੂੰ ਸੰਜੀਦਗੀ ਨਾਲ ਵਰਤ ਕੇ ਆਪਣੇ ਸੰਘਰਸ਼ ਨੂੰ ਵੀ ਪੂਰੀ ਤਰਾਂ ਵਡੱਪਣ ਦੇਣ ਵਿੱਚ ਕਾਮਯਾਬ ਹੋਏ ਸੀ ਅਤੇ ਦੂਜੇ ਪਾਸੇ ਸਿੱਖ ਕੌਮ ਨਾਲ ਜੁੜੇ ਇਹਨਾ ਦੋਨਾਂ ਸ਼ਖਸ਼ੀਅਤਾਂ ਵੱਲ ਝਾਤ ਮਾਰੀਏ ਤਾਂ ਫਰਕ ਦਾ ਜ਼ਾਇਜ਼ਾ ਲੈਣ ਵਿੱਚ ਕੋਈ ਔਖ ਨਹੀਂ ਆਵੇਗੀ।