ਆਖਰ ਇੰਦਰਾ ਗਾਂਧੀ ਦੇ ਪੋਤੇ ਰਾਹੁਲ ਗਾਂਧੀ ਨੇ ਵੀ ਆਪਣੀ ਜੁਬਾਨ ਖੋਲ਼੍ਹ ਲਈ ਹੈ। ਪਿਛਲੇ ਦਿਨੀ ਇੱਕ ਟੀ.ਵੀ. ਚੂਨਲ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਮੰਨ ਲਿਆ ਹੈ ਕਿ ਨਵੰਬਰ ੧੯੮੪ ਦਾ ਸਿੱਖ ਵਿਰੋਧੀ ਕਤਲੇਆਮ ਕਾਂਗਰਸ ਪਾਰਟੀ ਵੱਲੋਂ ਜਥੇਬੰਦ ਕੀਤਾ ਹੋਇਆ ਨਹੀ ਸੀ ਬਲਕਿ ਆਪ ਮੁਹਾਰਾ ਸੀ। ਉਨ੍ਹਾਂ ਇਹ ਵੀ ਆਖ ਦਿੱਤਾ ਹੈ ਕਿ ਨਵੰਬਰ ੧੯੮੪ ਦੇ ਸਿੱਖ ਕਤਲੇਆਮ ਵਿੱਚ ਕੁਝ ਕਾਂਗਰਸੀ ਜਰੂਰ ਸ਼ਾਮਲ ਸਨ ਪਰ ਕਾਂਗਰਸ ਪਾਰਟੀ ਦਾ ਇਸ ਵਿੱਚ ਕੋਈ ਰੋਲ ਨਹੀ ਸੀ। ਰਾਹੁਲ ਗਾਂਧੀ ਦੇ ਇਸ ਬਿਆਨ ਦੀ ਹਾਲੇ ਸਿਆਹੀ ਵੀ ਨਹੀ ਸੀ ਸੁੱਕੀ ਕਿ ਭਾਰਤ ਦੇ ਉਘੇ ਨਿਊਜ਼ ਮੈਗਜ਼ੀਨ India Today ਨੇ ਇਹ ਸਟੋਰੀ ਛਾਪ ਦਿੱਤੀ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਅਸਲ ਵਿੱਚ ੧੯੮੩ ਵਿੱਚ ਹੀ ਸ੍ਰੀ ਦਰਬਾਰ ਸਾਹਿਬ ਤੇ ਕਮਾਂਡੋ ਕਾਰਵਾਈ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਅਗਵਾ ਕਰਨ ਦੀਆਂ ਯੋਜਨਾਵਾਂ ਬਣਾ ਰਹੀ ਸੀ।

੧੯੮੪ ਦਾ ਘਟਨਾਕ੍ਰਮ ਭਾਰਤ ਦੇ ਇਤਿਹਾਸ ਦਾ ਏਨਾ ਮਹੱਤਵਪੂਰਨ ਅੰਗ ਬਣ ਗਿਆ ਹੈ ਕਿ ਇਸ ਨੂੰ ਵਿਚਾਰੇ ਬਿਨਾ ਭਾਰਤੀ ਰਾਜਸੀ ਇਤਿਹਾਸ ਦੀ ਗਾਥਾ ਅੱਗੇ ਨਹੀ ਵਧ ਸਕਦੀ। ਬੇਸ਼ੱਕ ਵੱਖ ਵੱਖ ਰਾਜਸੀ ਪਾਰਟੀਆਂ ਅਤੇ ਰਾਜਨੀਤੀਵਾਨ ਕਈ ਵਾਰ ਆਪਣੇ ਸਿਆਸੀ ਫਾਇਦੇ ਜਾਂ ਦੂਜੇ ਦੇ ਨੁਕਸਾਨ ਲਈ ੧੯੮੪ ਦੇ ਕਤਲੇਆਮ ਦੀ ਵਰਤੋ ਕਰਦੇ ਰਹਿੰਦੇ ਹਨ ਪਰ ਇੱਕ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ੧੯੮੪ ਨੇ ਭਾਰਤ ਦੇ ਰਾਜਸੀ ਇਤਿਹਾਸ ਨੂੰ ਅਜਿਹੇ ਝਟਕੇ ਲਗਾਏ ਹਨ ਕਿ ਲੱਖ ਚਾਹੁੰਣ ਦੇ ਬਾਵਜੂਦ ਵੀ ਇਹ ਮੁਲਕ ਉਸ ਅਹਿਮ ਘਟਨਾ ਤੋਂ ਪਿੱਛਾ ਨਹੀ ਛੁਡਾ ਸਕਿਆ।

ਪ੍ਰਮਾਣੂ ਸ਼ਕਤੀ ਦੇ ਤੌਰ ਤੇ ਉਭਰ ਰਹੇ ਭਾਰਤ ਦੇ ਸਿਆਸੀ ਨੇਤਾ ਬੇਸ਼ੱਕ ਸਿੱਖਾਂ ਨੂੰ ਇਹ ਸਲਾਹ ਆਮ ਤੌਰ ਤੇ ਦੇਂਦੇ ਰਹਿੰਦੇ ਹਨ ਕਿ ਸਿੱਖ ੧੯੮੪ ਦੇ ਘਟਨਾਕ੍ਰਮ ਨੂੰ ਭੁੱਲ ਕੇ ਦੇਸ਼ ਦੇ ਨਵਨਿਰਮਾਣ ਵਿੱਚ ਹਿੱਸਾ ਪਾਉਣ ਪਰ ਅਸਲੀਅਤ ਇਹ ਹੈ ਕਿ ਉਸ ਮੁਲਕ ਦਾ ਇਤਿਹਾਸ ੧੯੮੪ ਨੂੰ ਨਹੀ ਭੁੱਲ ਰਿਹਾ। ਜਿਸ ਤਰ੍ਹਾਂ ਨਾਜ਼ੀਵਾਦ ਦੇ ਇਤਿਹਾਸ ਨੂੰ ਉਲੰਘ ਕੇ ਸੰਸਾਰ ਦੇ ਇਤਿਹਾਸ ਨੂੰ ਨਹੀ ਵਾਚਿਆ ਜਾ ਸਕਦਾ ਬਿਲਕੁਲ ਉਸੇ ਤਰ੍ਹਾਂ ਹਰ ਤਰ੍ਹਾਂ ਦੀਆਂ ਸਿਆਸੀ, ਬੌਧਿਕ ਅਤੇ ਫੌਜੀ ਕੋਸ਼ਿਸਾਂ ਕਰਨ ਦੇ ਬਾਵਜੂਦ ਵੀ ਭਾਰਤ ਦੇ ਰਾਜਸੀ ਇਤਿਹਾਸ ਨੂੰ ੧੯੮੪ ਤੋਂ ਬਿਨਾ ਨਹੀ ਪੜ੍ਹਿਆ ਜਾ ਸਕਦਾ।

ਇਤਿਹਾਸ ਦੇ ਕੁਝ ਸਾਕੇ ਅਜਿਹੇ ਮਹੱਤਵਪੂਰਨ ਅਤੇ ਭਿਆਨਕ ਹੁੰਦੇ ਹਨ ਕਿ ਉਨ੍ਹਾਂ ਤੇ ਚਾਹੁਣ ਦੇ ਬਾਵਜੂਦ ਵੀ ਮਿੱਟੀ ਨਹੀ ਪਾਈ ਜਾ ਸਕਦੀ।

ਨਹੀ ਤਾਂ ਕਿਹੜੀ ਕੋਸ਼ਿਸ ਹੈ ਜੋ ਭਾਰਤੀ ਨੀਤੀਘਾੜਿਆਂ ਨੇ ਨਹੀ ਕੀਤੀ। ਪੰਜਾਬ ਨੂੰ ਫੌਜੀ ਬੂਟਾਂ ਹੇਠ ਕੁਚਲਣ ਦੀਆਂ ਕਾਰਵਾਈਆਂ ਤੋਂ ਲੈਕੇ, ਦਿੱਲੀ ਦੇ ਕਤਲੇਆਮ ਤੱਕ। ਸਾਰਾ ਮੀਡੀਆ ਅੱਜ ਵੀ ਸਰਕਾਰੀ ਬੋਲੀ ਹੀ ਬੋਲ ਰਿਹਾ ਹੈ, ਸਾਰੇ ਵਿਦਵਾਨ ਸਰਕਾਰੀ ਲਾਈਨ ਤੇ ਬੋਲ ਰਹੇ ਹਨ। ਕੌਮਾਂਤਰੀ ਪਿੜ ਅੰਦਰ ਇਸ ਨੂੰ ਅੱਤਵਾਦ ਦੀ ਘਟਨਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੱਛਮੀ ਮੁਲਕਾਂ ਦੀਆਂ ਸਰਕਾਰਾਂ ਸਭ ਕੁਝ ਜਾਣਦੀਆਂ ਹੋਈਆਂ ਵੀ ਸਰਕਾਰੀ ਪਰਿਭਾਸ਼ਾ ਨੂੰ ਹੀ ਮੰਨ ਰਹੀਆਂ ਹਨ ਪਰ ਇਸ ਸਭ ਕੁਝ ਦੇ ਬਾਵਜੂਦ ੧੯੮੪ ਦਾ ਸੱਚ ਵਾਰ ਵਾਰ ਬੁਰੀ ਤਰ੍ਹਾਂ ਵਗਲੇ ਹੋਏ ਇਤਿਹਾਸ ਦੇ ਕੰਢੇ ਤੋੜ ਕੇ ਬਾਹਰ ਉਛਲ ਪੈਂਦਾ ਹੈ। ਜਦੋਂ ਵੀ ਇਹ ਉਛਲਦਾ ਹੈ ਫਿਰ ਸਰਕਾਰੀ ਧਿਰ ਨੂੰ ਇਸ ਸਬੰਧੀ ਕੋਈ ਯੋਗ ਜਾਂ ਜਚਵੀਂ ਸਫਾਈ ਦੇਣੀ ਔਖੀ ਹੋ ਜਾਂਦੀ ਹੈ। ਭਾਰਤੀ ਨੈਸ਼ਨਲਇਜ਼ਮ ਦੇ ਨੀਤੀਘਾੜੇ ਭਾਵੇਂ ਲੱਖ ਯਤਨ ਕਰਨ ਪਰ ਜਦੋਂ ਸੀਨੇ ਵਿੱਚ ਚੀਸ ਉਠਦੀ ਹੈ ਉਸ ਵੇਲੇ ਭਾਰਤੀ ਸਿਆਸਤ ਦੀ ਮਲਾਈ ਛਕਣ ਵਾਲੇ ਸੱਜਣ ਵੀ ਮੂੰਹਜੋਰ ਹੋਕੇ ਬੋਲਦੇ ਹਨ।

ਇਹ ਇਤਿਹਾਸ ਦਾ ਸੱਚ ਹੈ। ਇਤਿਹਾਸ ਜੋ ਕਿਤਾਬੀ ਨਹੀ ਹੈ, ਜਿਸ ਨੂੰ ਇੱਕ ਕੌਮ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਇਤਿਹਾਸ ਜੋ ਕਹਾਣੀ ਨਹੀ ਹੈ ਬਲਕਿ ਇੱਕ ਇਬਾਰਤ ਹੈ ਜੋ ਪੀੜ੍ਹੀਆਂ ਨੂੰ ਹਸਤਾਂਤਰਿਤ ਹੋ ਰਹੀ ਹੈ। ਮਾਂ ਮਿੱਟੀ ਵਰਗੀ ਸਚਾਈ ਇਸ ਇਤਿਹਾਸ ਦੀਆਂ ਪੈੜਾਂ ਵਿੱਚ ਖਿੰਡੀ ਪਈ ਹੈ। ਕੁਝ ਵੀ ਨਕਲੀ ਜਾਂ ਬਨਾਉਟੀ ਨਹੀ ਹੈ ਇਸ ਇਤਿਹਾਸ ਵਿੱਚ। ਹਜਾਰਾਂ ਮਾਸੂਮ ਜਿੰਦਾਂ ਦੇ ਸਿਰ ਲੱਗੇ ਹਨ ਇਤਿਹਾਸ ਦੇ ਇਸ ਕਾਂਡ ਲਈ। ਬਕਾਇਦਾ ਜਿਉਂਦੇ ਜਾਗਦੇ ਇਨਸਾਨ ਗਲਾਂ ਵਿੱਚ ਟਾਇਰ ਪਾਕੇ ਸਾੜੇ ਗਏ ਹਨ। ਮਾਸੂਮ ਬੱਚਿਆਂ ਨੇ ਮਾਂ ਦੀ ਗੋਦੀ ਦੇ ਨਿੱਘ ਤੋਂ ਬਲਦੀ ਅੱਗ ਦਾ ਭਿਆਨਕ ਸੇਕ ਜਰਿਆ ਹੈ ਇਸ ਇਤਿਹਾਸ ਲਈ।

ਅਜਿਹੇ ਮੂੰਹ-ਜੋਰ ਇਤਿਹਾਸ ਜੋ ਸੱਚ ਤੇ ਖੜ੍ਹੇ ਹੋਣ ਕਦੇ ਵੀ ਮਰਦੇ ਨਹੀ ਹੁੰਦੇ ਅਤੇ ਨਾ ਹੀ ਭੁਲਾਏ ਜਾ ਸਕਦੇ ਹਨ।

ਰਾਹੁਲ ਗਾਂਧੀ ਅਤੇ ਉਸਦੇ ਸਿਆਸੀ ਪਰਿਵਾਰ ਨੂੰ ਚਾਹੀਦਾ ਹੈ ਕਿ ਹੁਣ ਉਹ ਉਸ ਦਰਦਨਾਕ ਇਤਿਹਾਸ ਦੇ ਸੱਚ ਨੂੰ ਸਮਝ ਅਤੇ ਪਹਿਚਾਣ ਲੈਣ ਅਤੇ ਖਿੜੇ ਮੱਥੇ ਆਪਣੇ ਪੁਰਖਿਆਂ ਦੀਆਂ ਗਲਤੀਆਂ ਨੂੰ ਮੰਨ ਕੇ ਤੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ, ਭਾਰਤ ਦੇ ਨਵ-ਨਿਰਮਾਣ ਲਈ ਯਤਨ ਕਰਨ।