ਪੰਜਾਬ ਵਿੱਚੋਂ ਚੋਣਾਂ ਦਾ ਰਾਮ ਰੌਲਾ ਮੁੱਕ ਚੁੱਕਾ ਹੈ। ਇੱਕ ਮਹੀਨੇ ਤੋਂ ਅਰੰਭ ਹੋਈ ਖਿੱਚਾਧੂਹੀ ਅਤੇ ਝੂਠ ਸੱਚ ਬੋਲਣ ਦੀ ਖੇਡ ਮੁੱਕ ਗਈ ਹੈ। ਮਹੌਲ ਫਿਰ ਸ਼ਾਂਤ ਹੋ ਗਿਆ ਹੈ। ਲੋਕ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਕੌਣ ਜਿੱਤੇਗਾ ਕੌਣ ਹਾਰੇਗਾ ਇਸ ਬਾਰੇ ਕਿਆਸਅਰਾਈਆਂ ਅਤੇ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਦੇਸ਼ ਦਾ ਭਵਿੱਖ ਕੀ ਹੋਵੇਗਾ ਇਸ ਬਾਰੇ ਚਰਚਾ ਹੋ ਰਹੀ ਹੈ।

ਖੈਰ ਇਹ ਚਰਚਾ ਥੋੜੇ ਦਿਨ ਚੱਲਣ ਵਾਲੀ ਹੈ। ਕੁਝ ਦਿਨਾਂ ਤੋਂ ਬਾਅਦ ਨਤੀਜੇ ਆ ਜਾਣਗੇ ਅਤੇ ਸਭ ਕੁਝ ਸ਼ਾਂਤ ਹੋ ਜਾਵੇਗਾ। ਜੇ ਕੁਝ ਸ਼ਾਂਤ ਨਹੀ ਹੋਵੇਗਾ ਤਾਂ ਉਹ ਸਿੱਖ ਪੰਥ ਉਹ ਹਿਰਦੇ ਹੋਣਗੇ ਜੋ ਹਾਲੇ ਵੀ ੧੮੪੯ ਵਿੱਚ ਖੁਸੀ ਹੋਈ ਆਪਣੀ ਸਲਤਨਤ ਬਾਰੇ ਵਾਰ ਵਾਰ ਗੱਲ ਕਰ ਰਹੇ ਹਨ ਅਤੇ ਸਿੱਖ ਰਾਜ ਦੀਆਂ ਸ਼ਾਮਾਂ ਜਿਨ੍ਹਾਂ ਦੇ ਹਿਰਦੇ ਵਿੱਚ ਅੱਜ ਵੀ ਇੱਕ ਚੀਸ ਬਣਕੇ ਵਸੀਆਂ ਹੋਈਆਂ ਹਨ।

ਗੱਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੀ ਸ਼ੁਰੂ ਹੋਈ ਸੀ। ਗੱਲ ਸ਼ੁਰੂ ਕਰਨ ਵਾਲੇ ਸੱਜਣ ਨੇ ਤਾਂ ਸਿੱਖਾਂ ਨੂੰ ਬੇਵਕੂਫਾਂ ਦਾ ਸਮੂਹ ਸਮਝਕੇ ਆਪਣੀ ਚਲਾਕੀ ਅਤੇ ਚਾਣਕਿਆ ਨੀਤੀ ਤੇ ਮਾਣ ਮਹਿਸੂਸ ਕਰਨ ਦੇ ਇਰਾਦੇ ਨਾਲ ਗੱਲ ਚੁੱਕੀ ਸੀ ਪਰ ਉਹ ਗੱਲ ਏਨੀ ਗੰਭੀਰ ਹੋ ਜਾਵੇਗੀ ਅਤੇ ਸਿੱਖਾਂ ਵਿੱਚ ਆਪਣੀ ਸਲਤਨਤ ਦੀਆਂ ਉਮੰਗਾਂ ਅਤੇ ਉਮੀਦਾਂ ਜਗਾ ਦੇਵੇਗੀ ਇਹ ਉਸ ਸਖਸ਼ ਨੂੰ ਚਿਤ ਚੇਤਾ ਵੀ ਨਹੀ ਸੀ।

ਜੀ ਹਾਂ! ਗੱਲ ਅੰਮ੍ਰਿਤਸਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਅਰੁਣ ਜੇਤਲੀ ਨੇ ਸ਼ੁਰੂ ਕੀਤੀ ਸੀ। ਆਪਣਾਂ ਨਾਅ ਅੰਮ੍ਰਿਤਸਰ ਸਾਹਿਬ ਦੀ ਸੀਟ ਤੋਂ ਐਲਾਨ ਹੋ ਜਾਣ ਤੋਂ ਬਾਅਦ ਸ਼ਹਿਰ ਦੀ ਫੇਰੀ ਤੇ ਆਏ ਅਰੁਣ ਜੇਤਲੀ ਨੇ ਇਹ ਆਖ ਦਿੱਤਾ ਕਿ ਜੇ ਭਾਜਪਾ ਸੱਤਾ ਵਿੱਚ ਆਈ ਤਾਂ ੧੯੮੪ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਬਰਤਾਨੀਆ ਦੀ ਭੂਮਿਕਾ ਦੀ ਜਾਂਚ ਕਰਵਾਏਗੀ। ਉਨ੍ਹਾਂ ਦੀ ਇਹ ਗੱਲ ਕਹਿਣ ਦੀ ਦੇਰ ਸੀ ਕਿ ੧੯੮੪ ਦਾ ਹਮਲਾ ਹੀ ਅੰਮ੍ਰਿਤਸਰ ਸਾਹਿਬ ਦੀ ਸੀਟ ਦਾ ਕੇਂਦਰੀ ਮੁੱਦਾ ਬਣ ਗਿਆ। ਕੈਪਟਨ ਅਮਰਿੰਦਰ ਸਿੰੰਘ ਨੇ ਤਾਂ ਇਸ ਮੁੱਦੇ ਤੇ ਨਾ ਕਾਂਗਰਸ ਨੂੰ ਬਖਸ਼ਿਆ, ਨਾ ਲਾਲ ਕਿਸ਼ਨ ਅਡਵਾਨੀ ਨੂੰ ਅਤੇ ਨਾ ਹੀ ਪ੍ਰਕਾਸ਼ ਸਿੰਘ ਬਾਦਲ ਨੂੰ। ਇੰਗਲਿਸ਼ ਟ੍ਰਿਬਿਊਨ ਨੇ ਉਸ ਸਮੇਂ ਦੌਰਾਨ ਚੰਡੀਗੜ੍ਹ ਦੇ ਡੀ.ਸੀ. ਰਹੇ ਸ੍ਰ ਰਘਬੀਰ ਸਿੰਘ ਦਾ ਬਿਆਨ ਛਾਪ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ।

ਗੱਲ ਏਥੇ ਹੀ ਖਤਮ ਨਹੀ ਹੋ ਗਈ ਬਲਕਿ ੧੯੮੪ ਤੋਂ ਸ਼ੁਰੂ ਹੋਈ ਗੱਲ ਫਿਰ ੧੮੪੯ ਤੱਕ ਜਾ ਪਹੁੰਚੀ। ਚੋਣਾਂ ਦੇ ਇਸ ਘੜਮੱਸ ਦੌਰਾਨ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਮਰੀਕਾ ਦੇ ਇੱਕ ਰੇਡੀਓ ਸਟੇਸ਼ਨ ਨਾਲ ਹੋਈ ਇੰਟਰਵਿਊ ਸਾਹਮਣੇ ਆ ਗਈ ਜਿਸ ਵਿੱਚ ਉਨ੍ਹਾਂ ਨੇ ਅਰੁਣ ਜੇਤਲੀ ਤੇ ਦੋਸ਼ ਲਾਏ ਕਿ ਉਹ ੧੯੭੮ ਦੇ ਸਾਕੇ ਦੇ ਮੁੱਖ ਦੋਸ਼ੀ ਨਿਰੰਕਾਰੀਆਂ ਦਾ ਵਕੀਲ ਰਿਹਾ ਹੈ ਅਤੇ ਉਨ੍ਹਾਂ ਨੂੰ ਸਜ਼ਾ ਕਰਵਾਉਣ ਅਤੇ ਜੇਲ਼੍ਹ ਵਿੱਚ ਬੰਦ ਰੱਖੇ ਜਾਣ ਦਾ ਵੱਡਾ ਕਾਰਨ ਬਣਿਆ। ਭਾਈ ਰਣਜੀਤ ਸਿੰਘ ਨੇ ਤਾਂ ਇਹ ਦੋਸ਼ ਵੀ ਲਾਇਆ ਕਿ ਅਰੁਣ ਜੇਤਲੀ ਦੇ ਸਹੁਰੇ ਉਸ ਡੋਗਰਾ ਖਾਨਦਾਨ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਵਾਉਣ ਵਿੱਚ ਗੋਰਿਆਂ ਨਾਲ ਮਿਲਕੇ ਮੁੱਖ ਭੂਮਿਕਾ ਨਿਭਾਈ ਸੀ।

ਭਾਈ ਰਣਜੀਤ ਸਿੰਘ ਦੇ ਇਸ ਖੁਲਾਸੇ ਤੋਂ ਬਾਅਦ ਅਰੁਣ ਜੇਤਲੀ ਦੀ ਹਲਕੀ ਸਿਆਸਤ ਵਾਲੀ ਖੇਡ ਖਤਮ ਹੋ ਗਈ ਅਤੇ ਸਿੱਖਾਂ ਦੇ ਇੱਕ ਵੱਡੇ ਹਿੱਸੇ ਵਿੱਚ ਆਪਣੇ ਖੁਸੇ ਹੋਏ ਰਾਜ ਦੀਆਂ ਯਾਦਾਂ ਹੜ੍ਹ ਦੀਆਂ ਛੱਲਾਂ ਵਾਂਗ ਵੱਜਣ ਲੱਗੀਆਂ। ਡੋਗਰੇ ਅਤੇ ਇਨ੍ਹਾਂ ਵਰਗੇ ਹੋਰ ਖਲਨਾਇਕ ਮੁੜ ਸਿੱਖ ਸਿਮਰਤੀ ਵਿੱਚ ਉਤਰ ਆਏ। ਚੇਲਿਆਂਵਾਲੀ ਦੀ ਜੰਗ ਦੌਰਾਨ ਹਾਰ ਗਈਆਂ ਸਿੱਖ ਫੌਜਾਂ ਦੇ ਮਨਾਂ ਵਿੱਚ ਛਾਈ ਉਦਾਸੀ ਇੱਕਦਮ ਫਿਰ ਸਿੱਖ ਮਾਨਸਿਕਤਾ ਤੇ ਭਾਰੂ ਹੋ ਗਈ। ਸ਼ੇਰੇ ਪੰਜਾਬ ਦੀ ਯਾਦ ਇੱਕ ਵਾਰ ਸਿੱਖ ਸਿਮਰਤੀ ਵਿੱਚ ਤਾਜ਼ਾ ਹੋ ਗਈ। ਆਪਣੀ ਸਲਤਨਤ, ਆਪਣਾਂ ਰਾਜ ਅਤੇ ਆਪਣੀ ਬਾਦਸ਼ਾਹੀ ਦੀਆਂ ਤਰੰਗਾਂ ਇੱਕ ਵਾਰ ਫਿਰ ਸਿੱਖ ਮਾਨਸਿਕਤਾ ਵਿੱਚ ਘੁੰਮਣ ਲੱਗੀਆਂ। ਬੇਸ਼ੱਕ ਸਿੱਖ ਦੇਖਣ ਨੂੰ ਵੋਟਾਂ ਦੇ ਰਾਮ ਰੌਲੇ ਵਿੱਚ ਮਸਤ ਘੁੰਮ ਰਹੇ ਸਨ ਪਰ ਸਿੱਖ ਸਲਤਨਤ ਦੀ ਯਾਦ ਉਨ੍ਹਾਂ ਦੇ ਕਰੇਜੇ ਦੀ ਕਸਕ ਬਣ ਰਹੀ ਸੀ।

ਇਹ ਇਸ ਵਾਰ ਨਹੀ ਹੋਇਆ ਬਲਕਿ ਜਦੋਂ ਵੀ ਇਹੋ ਜਿਹਾ ਕੋਈ ਇਤਿਹਾਸਕ ਮੌਕਾ ਆਉਂਦਾ ਹੈ ਤਾਂ ਇਹੋ ਜਿਹੇ ਜਜਬੇ ਹੀ ਸਾਹਮਣੇ ਆਉਂਦੇ ਹਨ।

ਸਾਡੇ ਇੱਕ ਦੋਸਤ ਨੇ ਪਿਛਲੇ ਦਿਨੀ ਦੱਸਿਆ ਕਿ ਉਹ ਕੁਝ ਦੇਰ ਪਹਿਲਾਂ ਚੰਡੀਗੜ੍ਹ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਏ ਜੋ ਅਮਰੀਕਨ ਸਿੱਖ ਚੈਂਬਰ ਆਫ ਕਾਮਰਸ ਦਾ ਉਦਘਾਟਨੀ ਸਮਾਰੋਹ ਸੀ। ਉਸ ਸਮਾਗਮ ਵਿੱਚ ਪੰਜਾਬ ਅਤੇ ਦਿੱਲੀ ਤੋਂ ਵੱਡੇ ਸਿੱਖ ਵਪਾਰੀ ਅਤੇ ਪੰਜਾਬ ਦੇ ਬਹੁਤ ਸਾਰੇ ਸੀਨੀਅਰ ਆਈ.ਏ.ਐਸ. ਅਤੇ ਹੋਰ ਅਫਸਰ ਸ਼ਾਮਲ ਹੋਏ। ਉਸ ਦੋਸਤ ਦੇ ਦੱਸਣ ਮੁਤਬਿਕ ਉਸ ਕਰੀਮੀ ਲੇਅਰ ਵਿੱਚ ਖੁਸੇ ਹੋਏ ਸਿੱਖ ਰਾਜ ਦਾ ਦਰਦ ਦੇਖਣ ਅਤੇ ਮਹਿਸੂਸਣ ਵਾਲਾ ਸੀ।

ਹਰ ਸਿੱਖ ਇਸ ਦਰਦ ਨਾਲ ਜੀਅ ਰਿਹਾ ਹੈ। ਸ਼ੇਰੇ ਪੰਜਾਬ ਦੇ ਰਾਜ ਦਾ ਦਰਦ। ਜਦੋਂ ਵੀ ਇਸ ਦੀ ਯਾਦ ਆਉਂਦੀ ਹੈ ਤਾਂ ਕਾਲਜੇ ਦਾ ਦਰਦ ਸਾਂਭਿਆ ਨਹੀ ਜਾਂਦਾ। ਇਸੇ ਲਈ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ-
ਭੋਲਾ ਵੈਦਿ ਨਾ ਜਾਣਈ ਕਰਕਿ ਕਰੇਜੇ ਮਾਹਿ।।