ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਵਿੱਚ ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਇਸੇ ਦੇਸ਼ ਨੂੰ ਅਗੇ ਤੌਰਦਿਆਂ ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਤੇ ਪੰਗਤ ਦੀ ਰੀਤ ਚਲਾਈ। ਸੰਗਤ ਤੋਂ ਭਾਵ ਗੁਰੂ ਦੀ ਸੰਗਤ ਤੇ ਵਿਚਾਰ ਵਟਾਂਦਰਾ ਅਤੇ ਪੰਗਤ ਤੋਂ ਭਾਵ ਇੱਕ ਲਾਈਨ ਵਿੱਚ ਬੈਠ ਕੇ ਲੰਗਰ ਛਕਣਾ। ਗੁਰੂ ਸਾਹਿਬ ਨੇ ਇਸ ਰੀਤ ਨੂੰ ਇਸ ਲਈ ਵੀ ਵਧੇਰੇ ਪ੍ਰਫੁੱਲਤ ਕੀਤਾ ਸੀ ਕਿਉਂਕਿ ਉਸ ਸਮੇਂ ਸਮਾਜ ਵਿੱਚ ਜਾਤ-ਪਾਤ, ਅਮੀਰ-ਗਰੀਬ ਤੇ ਧਰਮ ਦੇ ਨਾਮ ਤੇ ਵੰਡੀਆਂ ਪਈਆਂ ਹੋਈਆਂ ਸਨ। ਗੁਰੂ ਸਾਹਿਬ ਨੇ ਹਰ ਤਰਾਂ ਦੇ ਭੇਦ-ਭਾਵ ਨੂੰ ਖਤਮ ਕਰਨ ਅਤੇ ਸਮਾਜ ਵਿਚਲੇ ਵੈਰ-ਵਿਰੋਧ ਨੂੰ ਸਮਾਨਤਰ ਕਰਨ ਲਈ ਅਜਿਹੀ ਪ੍ਰਣਾਲੀ (ਲੰਗਰ) ਦੀ ਵਿਵਸਥਾ ਨੂੰ ਕਾਇਮ ਕੀਤਾ ਸੀ। ਜੋ ਵੀ ਇਨਸਾਨ ਗੁਰੂ ਦੇ ਦਰ ਤੇ ਆਉਂਦਾ ਹੈ ਉਸ ਨਾਲ ਕਿਸੇ ਵੀ ਕਿਸਮ ਦਾ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ। ਗੁਰੂ ਸਾਹਿਬਾਨ ਦੇ ਸਮੇਂ ਦੇ ਕੁਝ ਮੁਗਲ ਬਾਦਸ਼ਾਹਾਂ ਨੇ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ। ਇਹ ਉਸ ਸਮੇਂ ਦੇ ਤੇ ਅੱਜ ਲੋਕਾਂ ਲਈ ਇੱਕ ਸੰਦੇਸ ਸੀ ਕਿ ਰੱਬ ਵੱਲੋਂ ਪੈਦਾ ਕੀਤੇ ਇਨਸਾਨਾਂ ਨੂੰ ਕਿਸੇ ਵੀ ਅਧਾਰ ਤੇ ਉੱਚਾ ਜਾਂ ਨੀਵਾਂ ਨਹੀਂ ਸਮਜਿਆ ਜਾਣਾ ਚਾਹੀਦਾ। ਜੋ ਵੀ ਉਸ ਸਮੇਂ ਗੁਰੂ ਦੇ ਦਰਬਾਰ ਵਿੱਚ ਆਉਂਦਾ ਸੀ ਉਹ ਪਹਿਲਾਂ ਲੰਗਰ ਛਕਦਾ ਅਤੇ ਫਿਰ ਗੁਰੂ ਦੀ ਸੰਗਤ ਕਰਦਾ ਸੀ। ਉਸ ਸਮੇਂ ਅਵਾਜਾਈ ਦੇ ਸਾਧਨ ਵੀ ਵਧੇਰੇ ਨਹੀਂ ਸਨ ਅਤੇ ਗੁਰੂਦੁਆਰਾ ਸਾਹਿਬ ਤੱਕ ਪਹੁੰਚਦਿਆਂ ਕਈ-ਕਈ ਘੰਟੇ ਤੇ ਕਈ ਵਾਰ ਦਿਨ ਵੀ ਲੱਗ ਜਾਂਦੇ ਸਨ ਅਜਿਹੀ ਹਾਲਤ ਵਿੱਚ ਭੁੱਖੇ ਇਨਸਾਨ ਗੁਰੂ ਦੀ ਸੰਗਤ ਦਾ ਅਨੰਦ ਨਹੀਂ ਮਾਣ ਸਕਦੇ ਸੀ ਅਤੇ ਲੰਗਰ ਦੀ ਵਿਵਸਥਾ ਬਹੁਤ ਜਰੂਰੀ ਸੀ।

ਗੁਰੂ ਸਾਹਿਬ ਦੇ ਸਮੇਂ ਸੰਗਤ ਸਿਮਰਨ ਕਰਦੀ ਹੋਈ ਲੰਗਰ ਦੀ ਤਿਆਰੀ ਕਰਦੀ ਸੀ ਅਤੇ ਸੇਵਾ ਕਰਨ ਨਾਲ ਮਨ ਨੂੰ ਨਿਮਰਤਾ ਮਿਲਦੀ ਸੀ। ਪ੍ਰਮਾਤਮਾ ਦਾ ਸਿਮਰਨ ਕਰਦੇ ਹੋਏ ਅਤੇ ਬਹੁਤ ਸ਼ਰਧਾ ਨਾਲ ਤਿਆਰ ਕੀਤੇ ਲੰਗਰ ਨੂੰ ਛਕ ਕੇ ਮਨ ਨੂੰ ਸਕੂਨ ਮਿਲਦਾ ਤੇ ਵਿਕਾਰਾਂ ਦਾ ਨਾਸ ਹੁੰਦਾ ਸੀ। ਸਮੇਂ ਦੇ ਨਾਲ ਨਾਲ ਲੰਗਰ ਦੀ ਪ੍ਰਣਾਲੀ ਵਿੱਚ ਤਬਦੀਲੀ ਆਉਂਦੀ ਰਹੀ ਹੈ। ਕੁਝ ਸਮਾਂ ਪਹਿਲਾਂ ਜਦ ਲੰਗਰ ਕੁਰਸੀ ਅਤੇ ਮੇਜ ਤੇ ਬੈਠ ਕੇ ਛਕਾਏ ਜਾਣ ਦੀ ਗੱਲ ਚੱਲੀ ਤਾਂ ਲੰਗਰ ਵਿਵਸਥਾ ਬਹੁਤ ਸਮਾਂ ਵਿਵਾਦਾਂ ਵਿੱਚ ਘਿਰ ਗਈ ਭਾਵੇਂ ਸਿੱਖਾਂ ਵਿੱਚ ਇਸ ਬਾਰੇ ਕੋਈ ਇੱਕ ਰਾਇ ਅਜੇ ਤੱਕ ਨਹੀਂ ਹੋ ਸਕੀ। ਕੁਝ ਗੁਰਦੁਆਰਿਆਂ ਵਿੱਚ ਲੰਗਰ ਚੌਵੀ ਘੱਟੇ ਚੱਲਦਾ ਹੈ ਜਿੱਥੇ ਬਹੁਤ ਸਾਰੇ ਗਰੀਬ ਤੇ ਜਰੂਰਤਮੰਦ ਲੋਕ ਵੀ ਲੰਗਰ ਛਕਦੇ ਹਨ। ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਅਜਿਹੇ ਗੁਰਦੁਆਰੇ ਹਨ। ਇੰਗਲੈਂਡ ਵਿੱਚ ਵੀ ਇੱਕ ਅਜਿਹਾ ਹੀ ਗੁਰਦੁਆਰਾ ਹੈ ਜਿਥੇ ਪੰਜ ਹਜ਼ਾਰ ਦੇ ਕਰੀਬ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਰਹਿਤ ਹੋ ਕੇ ਇਨਸਾਨੀਅਤ ਦੇ ਨਾਂ ਤੇ ਲੰਗਰ ਛਕਾਇਆ ਜਾਂਦਾ ਹੈ ਅਤੇ ਗੁਰੂ ਅਮਰਦਾਸ ਜੀ ਵੱਲੋਂ ਚਲਾਈ ਲੰਗਰ ਦੀ ਮਰਿਆਦਾ ਨੂੰ ਪੂਰੇ ਸੰਸਾਰ ਅੱਗੇ ਰੱਖ ਰਹੇ ਹਨ।

ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਗੁਰਪੁਰਬਾਂ ਦੇ ਮੌਕਿਆਂ ਤੇ ਲੰਗਰ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਅਜਿਹੇ ਮੌਕਿਆਂ ਤੇ ਛਕਾਏ ਜਾਂਦੇ ਲੰਗਰ ਦੀ ਪੂਰੀ ਪ੍ਰਕਿਰਿਆਂ ਨੂੰ ਦੇਖਕੇ ਜਰੂਰ ਹੀ ਜਾਗਰੂਕ ਸਿੱਖਾਂ ਦੇ ਮਨ ਵਿੱਚ ਬਹੁਤ ਸਾਰੇ ਪ੍ਰਸ਼ਨ ਪੈਦਾ ਹੁੰਦੇ ਹਨ ਜਿਨਾਂ ਦਾ ਕੋਈ ਜਵਾਬ ਨਹੀਂ ਮਿਲਦਾ। ਗੁਰਪੁਰਬ ਦੇ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕੀਤੇ ਜਾਂਦੇ ਹਨ। ਇਸ ਗੁਰਬਾਣੀ ਦੇ ਪਾਠ ਕਰਨ ਸਮੇਂ ਕੋਈ ਵਿਰਲੇ ਹੀ ਪ੍ਰਾਣੀ ਗੁਰਬਾਣੀ ਸ੍ਰਵਣ ਕਰਦੇ ਨਜ਼ਰ ਆਉਂਦੇ ਹਨ। ਇਥੋਂ ਤੱਕ ਕੇ ਗੁਰਦੁਆਰੇ ਵਿੱਚ ਰੱਖੇ ਗਏ ਪੱਕੇ ਚਾਰ-ਪੰਜ ਗ੍ਰੰਥੀ ਸਿੰਘ ਵੀ ਗੁਰਬਾਣੀ ਸਰਵਣ ਕਰਨ ਦੀ ਥਾਂ ਬਾਹਰ ਬੈਠ ਕੇ ਗੱਲਾਂ ਕਰਨ ਨੂੰ ਵਧੇਰੇ ਤਰਜ਼ੀਹ ਦਿੰਦੇ ਹਨ। ਅਖੰਡ-ਪਾਠਾਂ ਦੇ ਪ੍ਰਕਾਸ ਦੇ ਦੂਸਰੇ ਦਿਨ ਪੂਰੀ ਸੰਗਤ ਨੂੰ ਤੀਸਰੇ ਦਿਨ ਚੱਲਣ ਵਾਲੇ ਲੰਗਰ ਦੀ ਵਧੇਰੇ ਚਿੰਤਾ ਹੁੰਦੀ ਹੈ ਨਾ ਕਿ ਗੁਰੂ ਬਾਣੀ ਸੁਣੇ ਜਾਣ ਨੂੰ। ਪੂਰਾ ਦਿਨ ਲੋਕ ਘਰਾਂ ਤੋਂ ਆ ਕੇ ਲੰਗਰ ਦੀ ਸੇਵਾ ਜਿਵੇਂ ਸਬਜ਼ੀਆਂ ਦੀ ਕਟਾਈ ਵਿੱਚ ਜੁਟ ਜਾਂਦੇ ਹਨ ਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕੋਈ ਵੀ ਨਹੀਂ ਬੈਠਦਾ ਤੇ ਤੀਸਰੇ ਦਿਨ ਸਵੇਰੇ ਕਿਰਾਏ ਤੇ ਲਿਆਂਦੇ ਗਏ ਪ੍ਰੋਫੈਸ਼ਨਲ ਕੁੱਕ ਲੰਗਰ ਤਿਆਰ ਕਰਦੇ ਹਨ। ਸਾਦੇ ਭੋਜਨ ਦੀ ਜਗ੍ਹਾ ਕਈ ਪ੍ਰਕਾਰ ਦੇ ਸਵਾਦੀ ਭੋਜਨ ਭੰਡਾਰਾਂ ਦੇ ਰੂਪ ਵਿੱਚ ਤਿਆਰ ਕੀਤੇ ਜਾਂਦੇ ਹਨ। ਕਿਰਾਏ ਤੇ ਆਏ ਕੁੱਕ ਜਿਨਾਂ ਦਾ ਲੰਗਰ ਜਾਂ ਗੁਰੂ ਘਰ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਤੇਜੀ ਨਾਲ ਲੰਗਰ ਤਿਆਰ ਕਰਦੇ ਹਨ। ਉਨਾਂ ਦਾ ਅੰਦਰ ਸ਼ਰਧਾ ਜਾਂ ਸਫਾਈ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਬਹੁਤ ਸਾਰੇ ਕੁੱਕ ਭੋਜਨ ਤਿਆਰ ਕਰਦੇ-ਕਰਦੇ ਵਿਚੋਂ ਨਜਦੀਕੀ ਪਾਰਕਾਂ ਜਾਂ ਗੁਲੀਆ ਵਿੱਚ ਜਾ ਕੇ ਸਿਗਰਟਾਂ ਆਦਿ ਦਾ ਅਕਸਰ ਹੀ ਪ੍ਰਯੋਗ ਕਰਦੇ ਹਨ। ਸੜਕਾਂ ਤੇ ਰੱਖ ਕੇ ਤਿਆਰ ਕੀਤੇ ਭੋਜਨ ਨੂੰ ਢੱਕ ਕੇ ਰੱਖਣਾ ਵੀ ਠੀਕ ਨਹੀਂ ਸਮਝਿਆ ਜਾਂਦਾ। ਨੇੜੇ ਦੇ ਇਲਾਕੇ ਜਾਂ ਘਰਾਂ ਦੇ ਲੋਕ ਆਪਣੀ ਸ਼ਰਧਾ ਮੁਤਾਬਕ ਤਿਲ-ਫੁੱਲ ਲੰਗਰ ਲਈ ਭੇਂਟ ਕਰਦੇ ਹਨ। ਪਾਠਾਂ ਦੇ ਭੋਗ ਦਾ ਸਮਾਂ ਪਹਿਲਾਂ ਹੀ ਨੀਬਤ ਕੀਤਾ ਹੁੰਦਾ ਹੈ। ਇਸ ਲਈ ਸੰਗਤ (ਸੰਗਤ ਦੀ ਜਗ੍ਹਾ ਲੋਕਾਂ ਦਾ ਇੱਕਠ ਕਹਿਣਾ ਵਧੇਰੇ ਮੁਨਾਸਬ ਸਮਝਾਂਗੇ) ਸਵੇਰ ਤੋਂ ਹੀ ਲੰਗਰ ਦੇ ਇੰਤਜ਼ਾਰ ਵਿੱਚ ਹੁੰਦੀ ਹੈ। ਬਹੁਤ ਘੱਟ ਲੋਕ ਆਖਰੀ ਦਿਨ ਗੁਰੂ ਦੀ ਬਾਣੀ ਨੂੰ ਸ੍ਰਵਣ ਕਰਦੇ ਹਨ। ਹਜ਼ਾਰ ਪ੍ਰਾਣੀ ਪਿੱਛੇ ਪੰਜਾਹ ਪ੍ਰਾਣੀ ਗੁਰਬਾਣੀ ਸ੍ਰਵਣ ਕਰਦੇ ਹਨ ਬਾਕੀ ੯੦ ਫੀਸਦੀ ਤਾਂ ਪਹੁੰਚਦੇ ਹੀ ਲੰਗਰ ਦੇ ਟਾਈਮ ਤੇ ਹਨ ਅਤੇ ਆਖਰੀ ਸਮਾਂ ਤਾਂ ਦਿਲ ਨੂੰ ਠੇਸ ਪਹੁੰਚਾਣ ਵਾਲਾ ਹੀ ਹੁੰਦਾ ਹੈ ਜਦੋਂ ਲੋਕ (ਸੰਗਤ) ਗੁਰਵਾਕ ਸਰਵਣ ਕੀਤੇ ਬਿਨਾਂ ਅਤੇ ਦੇਗ ਲਏ ਬਿਨਾਂ ਹੀ ਪੰਗਤਾਂ ਵਿੱਚ ਜਾ ਕੇ ਬੈਠ ਜਾਂਦੇ ਹਨ ਤਾਂ ਜੋ ਅਜਿਹੀ ਜਗ੍ਹਾ ਮਿਲ ਸਕੇ ਜਿਥੇ ਜਲਦੀ ਅਤੇ ਵਧੇਰੇ ਲੰਗਰ ਪਹੁੰਚੇ।

ਸੇਵਾਦਾਰਾਂ ਵਿੱਚ ਵੀ ਕੋਈ ਸਹਿਜ ਜਾਂ ਸਾਂਤੀ ਨਹੀਂ ਹੁੰਦੀ ਸਗੋਂ ਉਹ ਤਾਂ ਇਸ ਤਰਾਂ ਐਕਸ਼ਨ ਲੈਂਦੇ ਹਨ ਜਿਵੇਂ ਬੰਬ ਬਾਰੀ ਕਰਨੀ ਹੋਵੇ। ਗੁਰਦੁਆਰੇ ਦੇ ਗ੍ਰੰਥੀ ਸਿੰਘ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਨਾਲ ਸਬੰਧਤ ਘਟਨਾਵਾਂ ਦੀਆਂ ਸਾਖੀਆਂ ਗੁਰਪੁਰਬ ਦੇ ਮੌਕਿਆਂ ਤੇ ਸੁਣਾਉਂਦੇ ਹਨ ਹਰ ਸਾਲ ਉਹੀ ਸਾਖੀਆਂ ਦੁਹਰਾਈਆਂ ਜਾਂਦੀ ਹਨ। ਉਹ ਉਹਨਾਂ ਸਾਖੀਆਂ ਦੁਆਰਾ ਸਿੱਖ ਕੌਮ ਵਿੱਚ ਜਜਬਾ ਤੇ ਦਲੇਰੀ ਭਰਨੀ ਚਾਹੁੰਦੇ ਹਨ, ਅਜਿਹੀ ਉਨਾਂ ਦੀ ਸੋਚ ਹੈ ਪਰ ਸਭ ਤੋਂ ਵਧੇਰੇ ਕਾਇਰ ਤੇ ਡਰਪੋਕ ਇਹ ਸਾਖੀਆਂ ਸੁਣਾਉਣ ਵਾਲੇ ਹੀ ਹੁੰਦੇ ਹਨ। ਗੁਰੂ ਸਾਹਿਬਾਨ ਦੇ ਦੱਸੇ ਸਹੀਦੀਆਂ ਦੇ ਮਾਰਗ ਤੇ ਚਲਦੇ ਹੋਏ ਹੱਕ ਸੱਚ ਦੀ ਲੜਾਈ ਲਈ ਪਿਛਲੇ ਕੁਝ ਦਹਾਕਿਆਂ ਵਿੱਚ ਅਨੇਕਾਂ ਹੀ ਨੌਜਵਾਨਾਂ ਨੇ ਸ਼ਹੀਦੀਆਂ ਤੇ ਕੁਰਬਾਨੀਆਂ ਦਿੱਤੀਆਂ ਜਿਨਾਂ ਦਾ ਜਿਕਰ ਕਰਨਾ ਜਾਂ ਉਹਨਾਂ ਦੇ ਸ਼ਹੀਦੀ ਦਿਵਸ ਤੇ ਅਰਦਾਸ ਕਰਨੀ ਇਹ ਗ੍ਰੰਥੀ ਤੇ ਗੁਰਦੁਆਰੇ ਦੀਆਂ ਕਮੇਟੀਆਂ ਉਚਿ ਨਹੀਂ ਸਮਝਦੀਆਂ ਆਪਣੀ ਰੋਜ਼ੀ-ਰੋਟੀ ਨੂੰ ਚਲਦਾ ਰੱਖਣ ਲਈ ਇਹ ਲੋਕ ਸਿੱਖੀ ਸਰੂਪ ਅਪਣਾਉਂਦੇ ਹਨ ਤੇ ਜੇ ਇਹਨਾਂ ਲੋਕਾਂ ਨੂੰ ਹੀ ਕੁਰਬਾਨੀ ਜਾਂ ਕਿਸੇ ਕਿਸਮ ਦੀ ਸ਼ਹੀਦੀ ਦੇਣੀ ਪਵੇ ਤਾਂ ਪਿੱਠ ਦਿੱਖਾ ਕਿ ਭੱਜਣ ਵਾਲਿਆਂ ਵਿੱਚ ਇਹ ਸਭ ਤੋਂ ਮੋਹਰੀ ਹੋਣਗੇ। ਜਰੂਰਤ ਹੈ ਅੱਜ ਦੀ ਸੂਝਵਾਨ ਸਿੱਖਾਂ ਨੂੰ ਸਮੇਂ ਦੀ ਨਜ਼ਾਕਤ ਨੂੰ ਪਛਾਨਣ ਦੀ ਤੇ ਸਵਾਰਥ ਤੋਂ ਉੱਪਰ ਉੱਠਣ ਦੀ। ਗੁਰੂ ਸਾਹਿਬ ਦੁਆਰਾ ਚਲਾਈਆਂ ਕੁਝ ਰੀਤਾਂ ਜਿਵੇਂ ਸੰਗਤ ਤੇ ਪੰਗਤ ਦੀ ਮਹੱਤਤਾ ਨੂੰ ਪਛਾਨਣ ਦੀ ਜਰੂਰਤ ਹੈ ਨਾ ਕਿ ਸਵਾਦੀ ਪਕਵਾਨਾਂ ਦਾ ਅਨੰਦ ਮਾਣ ਕੇ ਕੰਨ ਵਲੇਟ ਲੈਣ ਵਾਲੇ ਸਿਖਾਂ ਦੀ ਕਤਾਰ ਵਿੱਚ ਖੜੇ ਹੋ ਜਾਣ ਦੀ।

ਪਿਛਲੇ ਦਿਨੀ ਇੱਕ ਅਜਿਹੀ ਘਟਨਾ ਹੋਈ ਜਿਸਨੇ ਲੰਗਰ ਦੀ ਮਹੱਤਤਾ ਨੂੰ ਨਵੀਂ ਪਰਿਭਾਸ਼ਾ ਦਿਤੀ ਹੈ ਇਹ ਘਟਨਾ ਜਗਰਾਉਂ ਵਿੱਚ ਮੌਜੂਦਾ ਪੰਜਾਬ ਸਰਕਾਰ ਜਿਸ ਨੂੰ ਕਿ ਸਿੱਖਾਂ ਦੀ ਮੁੱਖ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਸਾਂਭ ਰਹੀ ਹੈ ਕੇ ਆਪਣਾ ਰਾਜਨੀਤਿਕ ਪ੍ਰਭਾਵ ਵੱਡੇ ਪੱਧਰ ਤੇ ਦਰਸਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਮਾਏ ਨੂੰ ਵਰਤ ਕੇ ਲੰਗਰ ਦੇ ਲਈ ਉਪਯੋਗ ਕੀਤਾ। ਇਕ ਪਾਸੇ ਇੱਕ ਸਿੱਖ ਪ੍ਰਵਾਰ ਆਪਣੇ ਨਿੱਜੀ ਸਰਮਾਏ ਨੂੰ ਲੰਗਰ ਲਈ ਵਰਤ ਰਿਹਾ ਹੈ ਅਤੇ ਉਹ ਪ੍ਰਵਾਰ ਆਪਣੇ ਵੱਲੋਂ ਇਹ ਲੰਗਰ ਸਵੇਰ ਤੇ ਲੈ ਕੇ ਸ਼ਾਮ ਤੱਕ ਪੰਜਾਬ ਦੇ ਮੁੱਖ ਹਸਪਤਾਲ ਪੀ.ਜੀ. ਆਈ ਦੇ ਸਾਹਮਣੇ ਬਿਮਾਰ ਬੰਦਿਆਂ ਦੀ ਸੇਵਾ ਸੰਭਾਲ ਲਈ ਆਏ ਉਹਨਾਂ ਦੇ ਸਕੇ ਸਬੰਧੀਆਂ ਨੂੰ ਲੰਗਰ ਛਕਾਉਣ ਲਈ ਵਰਤ ਰਿਹਾ ਹੈ ਇਸ ਵਿੱਚ ਕੋਈ ਭੇਦ-ਭਾਵ ਨਹੀਂ ਅਪਣਾਇਆ ਜਾਂਦਾ ਤੇ ਇਨਸਾਨੀਅਤ ਦੇ ਨਾਮ ਤੇ ਸਿੱਖ ਧਰਮ ਵੱਲੋਂ ਚਲਾਈ ਲੰਗਰ ਪ੍ਰਥਾ ਦਾ ਸਹੀ ਢੰਗ ਨਾਲ ਉਪਯੋਗ ਕਰ ਰਿਹਾ ਹੋ ਤੇ ਦੂਜੇ ਪਾਸੇ ਇਸੇ ਹੀ ਲੰਗਰ ਦੀ ਪ੍ਰਥਾ ਨੂੰ ਵਾਰ ਵਾਰ ਸਿੱਖਾਂ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਪਣੇ ਰਾਜਸੀ ਮਨਰੋਥਾਂ ਨੂੰ ਹੱਲ ਕਰਨ ਲਈ ਵਰਤ ਰਿਹੀ ਹੈ। ਲੋੜ ਹੈ ਲੰਗਰ ਦੀ ਮਹਤੱਤਾ ਨੂੰ ਮੁੜ ਤੋਂ ਵਿਚਾਰਨ ਅਤੇ ਸਮਝਣ ਦੀ ਤਾਂ ਜੋ ਸਿਖ ਕੌਮ ਦੇ ਇਸ ਵਡਮੁਲੇ ਸਰਮਾਏ ਨੂੰ ਬਣਦਾ ਸਤਿਕਾਰ ਮਿਲ ਸਕੇ॥