੨੫ ਜੁਲਾਈ ੨੦੧੫ ਨੂੰ ਮੇਰੇ ਨਾਲ ਪੀ.ਟੀ.ਸੀ. ਨਿਊਜ ਟੀ.ਵੀ. ਚੈਨਲ ਰਾਹੀਂ ਇੱਕ ਵਿਸ਼ੇਸ ‘ਖਾਸ ਮੁਲਾਕਾਤ’ ਪ੍ਰੋਗਰਾਮ ਅਧੀਨ ਮੇਰੀ ਨਿੱਜੀ ਵਾਤਾਲਾਪ ਦੁਨੀਆਂ ਭਰ ਵਿੱਚ ਪ੍ਰਸਾਰਤ ਹੋਈ ਸੀ। ਇਸ ਵਾਰਤਾਲਾਪ ਨੂੰ ਯੂ.ਟਿਊਬ ਰਾਹੀਂ ਹੁਣ ਤੱਕ ਬਹੁਤ ਸਾਰੇ ਸਰੋਤਿਆਂ ਵੱਲੋਂ ਦੇਖੇ ਜਾਣ ਦਾ ਸੰਕੇਤ ਆਇਆ ਹੈ। ਇਥੇ ਅਤੇ ਵਿਦੇਸ਼ਾਂ ਵਿੱਚ ਵੀ ਮੇਰੀ ਇਸ ਮੁਲਾਕਾਤ ਨੂੰ ਬੜੇ ਗਹੁ ਨਾਲ ਦੇਖਿਆ ਗਿਆ ਹੈ। ਕੁਝ ਕੁ ਸਰੋਤਿਆਂ ਨੂੰ ਛੱਡ ਕੇ ਮੈਨੂੰ ਵੀ ਵੱਡੀ ਗਿਣਤੀ ਵਿੱਚ ਫੋਨਾਂ ਰਾਹੀਂ ਇਸ ਨੂੰ ਬੇਹੱਦ ਪਸੰਦ ਕਰਨ ਦੇ ਸੁਨੇਹੇ ਮਿਲੇ ਹਨ। ਇਸ ਮੁਲਾਕਾਤ ਬਾਰੇ ਕੁਝ ਸਿੱਖ ਸਰੋਤਿਆਂ ਖਾਸ ਕਰਕੇ ਵਿਦੇਸ਼ਾ ਵਿੱਚ ਰਹਿੰਦੇ ਹੋਏ ਸਿੱਖ ਸਰੋਤਿਆਂ ਨੇ ਮੇਰੇ ਵੱਲੋਂ ਇਸ ਮੁਲਾਕਾਤ ਦੌਰਾਨ ਉਠਾਏ ਗਏ ਦੋ ਵਿਸ਼ਿਆਂ ਬਾਰੇ ਕਿੰਤੂ ਅਤੇ ਪ੍ਰਸ਼ਨ ਚਿੰਨ ਉਠਾਏ ਹਨ। ਇਸ ਤੋਂ ਵੀ ਵਧੇਰੇ ਜਿਸ ਅਦਾਰੇ ਨੌਜਵਾਨੀ ਡੌਟ ਕੌਮ ਨਾਲ ਮੈਂ ਕੰਮ ਕਰਦਾ ਹਾਂ, ਨੇ ਵੀ ਆਪਣੇ ਇੱਕ ਲੇਖ ਰਾਹੀਂ ਮੇਰੀ ਇਸ ਵਾਰਤਾਲਾਪ ਬਾਰੇ ਵੱਡਾ ਪ੍ਰਸ਼ਨ ਚਿੰਨ ਉਠਾਇਆ ਹੈ। ਦੋ ਮੁੱਖ ਵਿਸ਼ੇ ਜੋ ਮੈਂ ਇਸ ਮੁਲਾਕਾਤ ਵਿੱਚ ਉਠਾਏ ਹਨ ਉਹ ਇਹ ਹਨ ਕਿ ਮੈਂ ਖਾਲਿਸਤਾਨ ਦੇ ਵਿਸ਼ੇ ਬਾਰੇ ਆਪਣੇ ਨਿੱਜ ਦੇ ਵਿਚਾਰ ਰੱਖੇ ਹਨ ਅਤੇ ਇਸੇ ਤਰਾਂ ਵਿਦੇਸ਼ਾਂ ਵਿੱਚ ਹੁਣੇ-ਹੁਣੇ ਜੋ ਪੰਜਾਬ ਦੀ ਰਾਜ ਸਰਕਾਰ ਦੇ ਮੰਤਰੀਆਂ ਵੱਲੋਂ ਹੋਏ ਦੌਰੇ ਦੌਰਾਨ ਵਿਰੋਧ ਬਾਰੇ ਵੀ ਆਪਣੇ ਨਿੱਜੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਇਹ ਵਾਰਤਾਲਾਪ ਕਾਫੀ ਹੱਦ ਤੱਕ ਪੀ.ਟੀ.ਸੀ. ਨਿਊਜ ਵੱਲੋ ਔਡਿਟ ਕੀਤੀ ਗਈ ਹੈ ਅਤੇ ਮੇਰੇ ਇੰਨਾ ਦੋਨਾਂ ਵਿਸ਼ਿਆਂ ਬਾਰੇ ਕਾਫੀ ਵਿਸ਼ਥਾਰਪੂਰਵਕ ਵਿਚਾਰਾਂ ਨੂੰ ਕੱਟਿਆ ਗਿਆ ਹੈ। ਪਰ ਮੈਂ ਆਪਣੇ ਵੱਲੋਂ ਇੰਨਾ ਦੋਨਾਂ ਵਿਸਿਆਂ ਬਾਰੇ ਜੋ ਨਿੱਜੀ ਵਿਚਾਰ ਉਠਾਏ ਹਨ ਉਨਾਂ ਪ੍ਰਤੀ ਮੈਂ ਪੂਰੀ ਤਰਾਂ ਸੰਜੀਦਗੀ ਨਾਲ ਸੋਚ ਵਿਚਾਰ ਕੇ ਹੀ ਜਵਾਬ ਦਿੱਤਾ ਹੈ। ਮੈਨੂੰ ਇੰਨਾਂ ਵਿਚਾਰਾਂ ਬਾਰੇ ਸ਼ਰਮਿੰਦਗੀ ਜਾਂ ਕਿੰਤੂ ਪ੍ਰੰਤੂ ਨਹੀਂ ਹੈ।

ਮੇਰਾ ਅੱਜ ਤੱਕ ਕਿਸੇ ਵੀ ਰਾਜਸੀ ਪਾਰਟੀ ਜਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਮੈਂ ਇਸ ਜਮਾਤ ਦਾ ਮੈਂਬਰ ਹਾਂ। ਮੇਰੀ ਨਿੱਜੀ ਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਸਾਂਝ ਹੈ। ਇਹ ਸਾਂਝ ਕਾਫੀ ਹੱਦ ਤੱਕ ਪੰਜਾਬ ਦੀ ਅਤੇ ਸਿੱਖ ਕੌਮ ਦੀ ਬੇਹਤਰੀ ਨਾਲ ਜੁੜੇ ਵਿਸ਼ਿਆਂ ਤੇ ਅਧਾਰਤ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਮੇਰਾ ਹਮਉਮਰ ਹੋਣ ਦੇ ਨਾਤੇ ਅਤੇ ਪੁਰਾਣੇ ਪਰਿਵਾਰਕ ਸਬੰਧਾਂ ਕਰਕੇ ਤੇ ਮੁੱਖ ਰੂਪ ਵਿੱਚ ਮੇਰਾ ਸਿੱਖ ਸੰਘਰਸ਼ ਨਾਲ ਸਬੰਧ ਹੋਣ ਕਰਕੇ ਇੱਕ ਨਿਜੀ ਸਤਿਕਾਰ ਵਜੋਂ ਵੀ ਨਾਤਾ ਹੈ। ਜਿੱਥੋਂ ਤੱਕ ਮੇਰਾ ਆਪਣਾ ਸਬੰਧ ਹੈ ਮੈਂ ਆਪਣੀ ਜਿੰਦਗੀ ਦੇ ਵੀਹ ਸਾਲ ਤੋਂ ਉਪਰ ਸਿੱਖ ਸੰਘਰਸ਼ ਲਈ ਲੇਖੇ ਲਾਏ ਹਨ। ਮੇਰਾ ਸਿੱਖ ਸੰਘਰਸ਼ ਨਾਲ ਸਬੰਧ ਪਹਿਲਾਂ ਜ਼ਜ਼ਬਾਤੀ ਸੀ ਅਤੇ ਸਮੇਂ ਨਾਲ ਪੂਰੀ ਤਰਾਂ ਗਹਿਰਾਈ ਅਤੇ ਸਮਝ ਅਧੀਨ ਹਿਰਾ ਹੈ। ਅੱਜ ਵੀ ਮੇਰਾ ਸਿੱਖ ਸੰਘਰਸ਼ ਨਾਲ ਸਬੰਧ ਹੋਣ ਬਾਰੇ ਕੋਈ ਪਛਤਾਵਾ ਜਾਂ ਗਿਲਾ ਨਹੀਂ ਹੈ। ਜਿੰਨੀ ਵੀ ਸੇਵਾ ਮੈਂ ਨਿੱਜ ਰੂਪ ਵਿੱਚ ਸਿੱਖ ਸੰਘਰਸ਼ ਦੇ ਲੇਖੇ ਲਾe ਿਹੈ ਉਹ ਇੱਕ ਸਿਪਾਹੀ ਦੇ ਤੌਰ ਤੇ ਨਿਭਾਈ ਹੈ। ਇਸ ਦਾ ਮੈਨੂੰ ਅੱਜ ਵੀ ਮਾਣ ਹੈ। ਅੱਜ ਤੱਕ ਨਾ ਤਾਂ ਮੈਂ ਲੰਮੀ ਜੇਲਬੰਦੀ ਦੌਰਾਨ ਕਦੇ ਕੋਈ ਮਾਫੀਨਾਮਾ ਲਿਖਿਆ ਹੈ ਅਤੇ ਨਾ ਹੀ ਕੋਈ ਅੱਜ ਤੱਕ ਹਲਫੀਆ ਬਿਆਨ ਦਿੱਤਾ ਹੈ। ਮੈਂ ਕਦੇ ਵੀ ਖਾਲਿਸਤਾਨ ਦੇ ਮੁੱਦੇ ਕਰਕੇ ਸਿੱਖ ਸੰਘਰਸ਼ ਵਿੱਚ ਸ਼ਾਮਿਲ ਨਹੀਂ ਸੀ ਹੋਇਆ ਅਤੇ ਨਾ ਹੀ ਅੱਜ ਤੱਕ ਮੈਂ ਕਦੇ ਇਸ ਮੁੱਦੇ ਨੂੰ ਆਪਣਾ ਮਨੋਰਥ ਮੰਨਿਆ ਹੈ। ਮੇਰਾ ਸੰਘਰਸ਼ ਨਾਲ ਸਬੰਧ ਸਿੱਖ ਕੌਮ ਦੀ ਅਣਖ, ਇੱਜਤ ਤੇ ਸਵੈਮਾਨ ਕਰਕੇ ਰਿਹਾ ਹੈ ਅਤੇ ਮੈਂ ਨਿੱਜ ਤੌਰ ਤੇ ਕੌਮ ਲਈ ਖੁਦਮੁਖਤਿਆਰੀ ਦਾ ਮੁਦੱਈ ਹਾਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਅਤੇ ਸਿੱਖ ਕੌਮ ਦੀ ਵੱਖਰੀ ਪਛਾਣ ਆਪਣਾ ਮਨੋਰਥ ਮੰਨਦਾ ਹਾਂ। ਮੈਂ ਵਿਚਾਰਾਂ ਦੀ ਅਜਾਦੀ ਦਾ ਮੁੱਦਈ ਹਾਂ ਅਤੇ ਮੈਂ ਅਨੇਕਾਂ ਵਾਰ ਇਸ ਬਾਰੇ ਆਪਣੇ ਲਿਖੇ ਲੇਖਾਂ ਵਿੱਚ ਵੀ ਪ੍ਰਗਟਾਵਾ ਕਰ ਚੁਕਿਆਂ ਹਾਂ। ਜਿਥੋਂ ਤੱਕ ਵਿਦੇਸ਼ ਵਿੱਚ ਰੋਸ ਮੁਜਾਰੇ ਹੁੰਦੇ ਹਨ ਅਤੇ ਸਿੱਖਾਂ ਵੱਲੋਂ ਹੀ ਸਿੱਖਾਂ ਦੀਆਂ ਪੱਗਾਂ, ਅਕਸਰ ਉਛਾਲੀਆਂ ਜਾਂਦੀਆਂ ਹਨ ਅਜਿਹੇ ਮੁੱਦਿਆਂ ਬਾਰੇ ਖੁੱਲ ਕੇ ਵਿਰੋਧ ਵਿੱਚ ਅਵਾਜ ਉਠਾਈ ਹੈ ਅਤੇ ਇੰਨਾ ਬਾਰੇ ਮੈਂ ਸਦਾ ਇਹ ਹੀ ਕਹਿਣਾ ਚਾਹਿਆ ਹੈ ਕਿ ਆਪਸੀ ਵਖਰੇਵੇਂ ਹੋਣੇ, ਵਿਚਾਰਾਂ ਦੇ ਫਰਕ ਹੋਣੇ ਇੱਕ ਸਿਹਤਮੰਦ ਤੇ ਸਮਝ ਵਾਲੀ ਕੌਮ ਦੀ ਨਿਸ਼ਾਨੀ ਹੈ। ਮੈਂ ਹਮੇਸਾਂ ਇਸ ਮੁੱਦੇ ਬਾਰੇ ਇਹੀ ਵਿਚਾਰ ਰੱਖੇ ਹਨ ਕਿ ਸਿੱਖ ਕੌਮ ਨੂੰ ਅੱਜ ਦੇ ਯੁੱਗ ਵਿੱਚ ਵਖਰੇਵਿਆਂ ਅਤੇ ਵਿਚਾਰਾਂ ਦੇ ਫਰਕ ਨੂੰ ਸੜਕਾਂ ਤੇ ਉਛਾਲਣ ਨਾਲੋਂ ਬੈਠ ਕੇ ਸੂਝਵਾਨ ਤਰੀਕੇ ਨਾਲ ਗੱਲਬਾਤ ਕਰਕੇ ਤੇ ਖੁੱਲ ਕੇ ਵਿਸਥਾਰ ਵਿਚਾਰ ਵਟਾਂਦਰੇ ਰਾਹੀਂ ਨਿਪਟਾਉਣੇ ਚਾਹੀਦੇ ਹਨ।

ਅਜਾਦੀ ਤਾਂ ਹਰ ਕੋਈ ਚਾਹੁੰਦਾ ਹੈ ਪਰ ਅਜ਼ਾਦੀ ਤੱਕ ਪਹੁੰਚਣ ਦੇ ਰਾਹਾਂ ਵਿੱਚ ਸਿੱਖ ਕੌਮ ਅੱਜ ਵੀ ਆਪਣੇ ਅੰਦਰੂਨੀ ਰੌਲੇ ਰੱਪੇ ਅਤੇ ਦਿਸ਼ਾ ਦੀ ਘਾਟ ਤੇ ਯੋਗ ਅਗਵਾਈ ਦੇ ਅਧੂਰੇਪਨ ਕਰਕੇ ਇਸ ਤੋਂ ਅਜੇ ਕੋਹਾਂ ਦੂਰ ਹੈ। ਇਸੇ ਕਰਕੇ ਪਹਿਲਾਂ ਤਾਂ ਆਪਾਂ ਨੂੰ ਅਜ਼ਾਦੀ ਤੇ ਅਜਾਦ ਹੋਣ ਦੇ ਰਾਹਾਂ ਤੇ ਸੋਚ ਵਿਚਾਰ ਕਰਨ ਦੀ ਲੋੜ ਹੈ। ਇੱਕ ਦੂਜੇ ਤੇ ਤੋਹਮਤਬਾਜੀ ਕਰਕੇ ਆਪਸ ਵਿੱਚ ਹੀ ਨਵੇਂ ਸ਼ੰਕੇ ਪੈਦਾ ਨਹੀਂ ਕਰਨੇ ਚਾਹੀਦੇ।