ਜੌਹਨ ਕੀਟਸ ਨੇ ਇਕ ਵਾਰ ਕਿਹਾ ਸੀ ਕਿ ਮੈਂਨੂੰ ਕਿਤਾਬਾਂ, ਫਰੈਂਚ ਵਾਈਨ, ਫਲ, ਚੰਗਾ ਮੌਸਮ ਅਤੇ ਇਕ ਅਣਜਾਣ ਸੰਗੀਤਕਾਰ ਦੁਆਰਾ ਵਜਾਏ ਜਾ ਰਹੇ ਸੰਗੀਤ ਤੋਂ ਇਲਾਵਾ ਕੁਝ ਨਹੀਂ ਚਾਹੀਦਾ।ਐਫਰੋ-ਅਮਰੀਕਨ ਨਾਵਲਕਾਰ ਜੇਮਜ਼ ਬਾਲਡਵਿਨ ਦਾ ਕਹਿਣਾ ਸੀ ਕਿ ਸਾਨੂੰ ਲੱਗਦਾ ਹੈ ਕਿ ਸਾਡਾ ਦਰਦ ਹੀ ਇਸ ਦੁਨੀਆਂ ਵਿਚ ਸਭ ਦੇ ਦਰਦਾਂ ਤੋਂ ਜਿਆਦਾ ਹੈ, ਪਰ ਫਿਰ ਅਸੀਂ ਪੜ੍ਹਦੇ ਹਾਂ।ਸਾਡੀ ਜ਼ਿੰਦਗੀ ਵਿਚ ਕਿਤਾਬਾਂ ਦੀ ਕੀ ਮਹੱਤਤਾ ਹੈ?ਹਰ ਵਿਦਿਆਰਥੀ ਦੀ ਜ਼ਿੰਦਗੀ ਵਿਚ ਕਿਤਾਬਾਂ ਉਸ ਨੂੰ ਕਲਪਨਾ ਦੀ ਦੁਨੀਆ ਤੋਂ ਜਾਣੂ ਕਰਵਾ ਕੇ ਅਤੇ ਬਾਹਰੀ ਦੁਨੀਆ ਦਾ ਗਿਆਨ ਦੇ ਕੇ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ।ਇਸ ਦੇ ਨਾਲ ਹੀ ਉਸ ਦੀ ਪੜ੍ਹਨ, ਲਿਖਣ ਅਤੇ ਬੋਲਣ ਦੇ ਹੁਨਰ ਵਿਚ ਸੁਧਾਰ ਲਿਆਂਉਦੀਆਂ ਹਨ।ਸਾਡੀ ਜ਼ਿੰਦਗੀ ਵਿਚ ਕਿਤਾਬਾਂ ਦੀ ਮਹੱਤਤਾ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਉਹ ਨਾ ਸਿਰਫ ਸਾਡੇ ਘੇਰੇ ਨੂੰ ਵਧਾਂਉਦੀਆਂ ਹਨ, ਬਲਕਿ ਉਹ ਸਾਨੂੰ ਬਾਹਰੀ ਦੁਨੀਆ ਨਾਲ ਜੋੜਨ ਦਾ ਜ਼ਰੀਆ ਵੀ ਬਣਦੀਆਂ ਹਨ।ਉਹ ਸਾਨੂੰ ਬਚਾ ਕੇ ਰੱਖਦੀਆਂ ਹਨ ਅਤੇ ਸਾਡੇ ਉੱਪਰ ਗਹਿਰਾ ਪ੍ਰਭਾਵ ਛੱਡਣ ਦੀ ਸਮਰੱਥਾ ਰੱਖਦੀਆਂ ਹਨ।

ਹਰ ਵਰ੍ਹੇ ੨.੨ ਮਿਲੀਅਨ ਕਿਤਾਬਾਂ ਛਪਦੀਆਂ ਹਨ।ਕਿਤਾਬਾਂ ਗਿਆਨ ਨਾਲ ਭਰਪੂਰ ਹੁੰਦੀਆਂ ਹਨ ਅਤੇ ਸਾਨੂੰ ਜ਼ਿੰਦਗੀ ਦੇ ਸਬਕ ਸਿਖਾਉਂਦੀਆਂ ਹਨ।ਇਸ ਦੇ ਨਾਲ ਹੀ ਉਹ ਸਾਨੂੰ ਜ਼ਿੰਦਗੀਆਂ ਦੀਆਂ ਕਠਨਾਈਆਂ, ਮੁਹੱਬਤ, ਡਰ, ਅਤੇ ਹਰ ਉਹ ਛੋਟੀ ਤੋਂ ਛੋਟੀ ਚੀਜ਼ ਜੋ ਜ਼ਿੰਦਗੀ ਦਾ ਹਿੱਸਾ ਹੈ, ਉਸ ਬਾਰੇ ਦੱਸਦੀਆਂ ਹਨ।ਮਨੁੱਖ ਦੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਹੀ ਕਿਤਾਬਾਂ ਉਸ ਦਾ ਅਟੁੱਟ ਹਿੱਸਾ ਰਹੀਆਂ ਹਨ ਅਤੇ ਸਾਨੂੰ ਇਹ ਬੀਤੇ ਨਾਲ, ਸੱਭਿਆਤਾਵਾਂ ਅਤੇ ਸੱਭਿਆਚਾਰਾਂ ਨਾਲ ਜਾਣੂ ਕਰਵਾਉਂਦੀਆਂ ਹਨ।

ਸਾਡੀ ਜ਼ਿੰਦਗੀ ਵਿਚ ਕਿਤਾਬਾਂ ਦੇ ਵੀਹ ਫਾਇਦੇ ਹਨ: ਕਿਤਾਬਾਂ ਸਾਡੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ।ਇਹ ਸਾਡੀ ਕਲਪਨਾ ਨੂੰ ਜਗਾਉਂਦੀਆਂ ਹਨ।ਇਹ ਸਾਨੂੰ ਆਪਣੇ ਆਲੇ-ਦੁਆਲੇ ਪ੍ਰਤੀ ਅਨੋਖਾ ਨਜ਼ਰੀਆ ਦਿੰਦੀਆਂ ਹਨ।ਇਹ ਸਾਡੇ ਆਤਮ-ਵਿਸ਼ਵਾਸ ਨੂੰ ਵਧਾਉਂਦੀਆਂ ਹਨ।ਕਿਤਾਬਾਂ ਸਾਨੂੰ ਮਾਨਸਿਕ ਅਤੇ ਭਾਵਨਾਤਮਕ ਪੱਖ ਤੋਂ ਮਜਬੂਤ ਕਰਦੀਆਂ ਹਨ।ਇਹ ਸਾਨੂੰ ਨਵੇਂ ਸ਼ਬਦ ਸਿਖਾਉਂਦੀਆਂ ਹਨ।ਇਹ ਸਾਨੂੰ ਨਵੀਆਂ ਭਾਸ਼ਾਵਾਂ ਸਿੱਖਣ ਵਿਚ ਸਹਾਈ ਹੁੰਦੀਆਂ ਹਨ।ਇਹ ਸਾਡੇ ਵਿਚ ਆਲੋਚਨਾਤਮਕ ਹੁਨਰ ਵਿਕਸਿਤ ਕਰਦੀਆਂ ਹਨ।ਕਿਤਾਬਾਂ ਸਾਡੇ ਲਈ ਉਪਚਾਰਤਮਕ ਢੰਗ ਵਜੋਂ ਵੀ ਕੰਮ ਕਰਦੀਆਂ ਹਨ।ਇਹ ਸਾਨੂੰ ਜ਼ਿੰਦਗੀ ਦੇ ਮਹੱਤਵਪੂਰਨ ਸਬਕ ਸਿਖਾਉਂਦੀਆਂ ਹਨ।ਇਹ ਸਾਡੀ ਸੂਖਮਤਾ ਵਿਚ ਵਾਧਾ ਕਰਦੀਆਂ ਹਨ।ਇਹ ਵਿਦਿਆਰਥੀਆਂ ਨੂੰ ਬੁੱਧੀਮਾਨ ਬਣਾਉਂਦੀਆਂ ਹਨ।ਇਹ ਸਾਡੀ ਯਾਦਾਸ਼ਤ ਵਿਚ ਵਾਧਾ ਕਰਦੀਆਂ ਹਨ।ਇਹ ਵਿਦਿਆਰਥੀਆਂ ਨੂੰ ਤਣਾਅ ਨਾਲ ਨਜਿੱਠਣ ਵਿਚ ਵੀ ਸਹਾਈ ਹੁੰਦੀਆਂ ਹਨ।ਇਹ ਸਾਡੇ ਗੱਲ-ਬਾਤ ਦੇ ਲਹਿਜ਼ੇ ਵਿਚ ਸੁਧਾਰ ਲਿਆਂਉਦੀਆਂ ਹਨ।ਇਹ ਇਤਿਹਾਸ ਦਰਜ ਕਰਦੀਆਂ ਹਨ।ਪੜ੍ਹਨਾ ਬਹੁਤ ਹੀ ਚੰਗਾ ਸ਼ੌਂਕ ਹੈ।ਇਕ ਆਮ ਪਾਠਕ ਆਪਣੀ ਜ਼ਿੰਦਗੀ ਵਿਚ ਔਸਤਨ ਪੰਜ ਸੌ ਕਿਤਾਬਾਂ ਪੜ੍ਹ ਲੈਂਦਾ ਹੈ।ਇਹ ਸਾਡੀ ਜ਼ਿੰਦਗੀ ਵਿਚ ਦੋਸਤ ਵਜੋਂ ਵਿਚਰਦੀਆਂ ਹਨ ਜੋ ਸਾਨੂੰ ਹਰ ਵਕਤ ਉਤਸ਼ਾਹਿਤ ਕਰਦੀਆਂ ਹਨ ਕਿ ਅਸੀਂ ਆਪਣੇ ਵਿਚ ਹੋਰ ਸੁਧਾਰ ਲਿਆ ਸਕੀਏ।ਇਹ ਸਾਡੇ ਗਿਆਨ ਨੂੰ ਵਧਾ ਕੇ ਸਾਨੂੰ ਲਗਾਤਾਰ ਅਮੀਰ ਕਰਦੀਆਂ ਹਨ।ਇਹ ਸਾਡੀ ਕਲਪਨਾ ਸ਼ਕਤੀ ਵਿਚ ਵਾਧਾ ਕਰਕੇ ਸਾਡੇ ਲਈ ਲਗਾਤਾਰ ਸੁਪਨਮਈ ਦੁਨੀਆਂ ਦੇ ਦਰਵਾਜ਼ੇ ਖੋਲ ਸਕਦੀਆਂ ਹਨ।ਇਕ ਚੰਗੀ ਕਿਤਾਬ ਸਾਡੀ ਕਲਪਨਾ ਅਤੇ ਸਿਰਜਾਣਤਮਿਕਤਾ ਨੂੰ ਵਧਾਉਂਦੀ ਹੈ।

ਇਕ ਚੰਗੀ ਕਿਤਾਬ ਵਿਚ ਸਾਡੀ ਸੋਚ, ਬੋਲਣ ਦੇ ਲਹਿਜੇ ਅਤੇ ਚੀਜ਼ਾਂ ਦਾ ਵਿਸ਼ਲੇਸ਼ਣ ਕਰਨਾ ਸਿਖਾਉਣ ਦੀ ਸਮਰੱਥਾ ਹੁੰਦੀ ਹੈ।ਕਿਤਾਬਾਂ ਵੱਖ-ਵੱਖ ਵਿਧਾਵਾਂ ਵਿਚ ਲਿਖੀਆਂ ਜਾਂਦੀਆਂ ਹਨ: ਨਾਵਲ, ਕਹਾਣੀਆਂ, ਡਰਾਮਾ, ਵਿਗਿਆਨਕ ਸਾਹਿਤ, ਮਿੱਥ-ਕਥਾਵਾਂ ਆਦਿ। ਹਰ ਕਿਤਾਬ ਸਾਨੂੰ ਅਨੋਖਾ ਨਜ਼ਰੀਆ ਪ੍ਰਦਾਨ ਕਰਦੀ ਹੈ।ਅਗਰ ਅਸੀਂ ਚੰਗੇ ਪਾਠਕ ਹਾਂ ਤਾਂ ਅਸੀ ਆਪਣਾ ਨਜ਼ਰੀਆ ਹੋਰ ਵਿਕਸਿਤ ਕਰ ਸਕਦੇ ਹਾਂ ਜੋ ਸਾਨੂੰ ਦੂਜਿਆਂ ਵਿਚ ਵੱਖਰੀ ਜਗ੍ਹਾ ਬਣਾਉਣ ਵਿਚ ਵੀ ਸਹਾਈ ਹੁੰਦਾ ਹੈ।ਇਹ ਸਾਨੂੰ ਸਵੈ-ਨਿਯੰਤ੍ਰਣ ਅਤੇ ਨਿਰੀਖਣ ਦਾ ਹੁਨਰ ਵੀ ਸਿਖਾਉਂਦੀਆਂ ਹਨ।ਇਸ ਲਈ ਸਾਡੀਆਂ ਜ਼ਿੰਦਗੀਆਂ ਨੂੰ ਰੋਸ਼ਨ ਕਰਨ ਵਿਚ ਕਿਤਾਬਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ।