ਅੱਜਕੱਲ੍ਹ ਦੇ ਖਪਤਵਾਦੀ ਸੰਸਾਰ ਵਿੱਚ ਕੋਈ ਅਜਿਹੀ ਸੁੱਚੀ ਰੂਹ ਵੀ ਹੋ ਸਕਦੀ ਹੈ ਜੋ ਸੰਸਾਰਕ ਮੋਹ ਮਾਇਆ ਤੋਂ ਅਭਿੱਜ ਗੁਰੂ ਦੇ ਭਾਣੇ ਵਿੱਚ ਵਿਚਰ ਰਹੀ ਹੋਵੇ। ਜਿਸਦੇ ਦੁਆਲੇ ਭੋਗਵਾਦੀ ਪਦਾਰਥਾਂ ਦਾ ਸੰਸਾਰ ਖੌਰੂ ਪਾ ਰਿਹਾ ਹੋਵੇ ਅਤੇ ਉਹ ਗੁਰੂ ਦੇ ਭਾਣੇ ਵਿੱਚ ਹੀ ਲੀਨ ਹੋਵੇ। ਜੋ ਗੁਰੂ ਦੇ ਦਰਸਾਏ ਮਾਰਗ ਦਾ ਪਾਂਧੀ ਹੋਵੇ ਅਤੇ ਆਪਣੇ ਗਰਹਿਸਤੀ ਜੀਵਨ ਨੂੰ ਚਲਾਉਂਦੇ ਹੋਏ ਵੀ ਨਿਰਲੇਪ ਹੋਵੇ। ਜੋ ਬਚਨਾਂ ਦਾ ਬਲੀ ਹੋਵੇ ਅਤੇ ਅਸਲ ਸਿਪਾਹੀ ਹੋਵੇ।

ਸਾਡੇ ਪਿਤਾ ਸਰਦਾਰ ਗੁਰਦੇਵ ਸਿੰਘ ਇੱਕ ਅਜਿਹੀ ਹੀ ਰੂਹ ਸਨ। ਬਹੁਤ ਹੀ ਮਾਸੂਮ, ਬਹੁਤ ਹੀ ਨਿਰਲੇਪ ਅਤੇ ਗੁਰੂ ਦੇ ਭਾਣੇ ਵਿੱਚ ਅਟੱਲ ਵਿਸ਼ਵਾਸ਼ ਰੱਖਣ ਵਾਲੇ ਰਾਂਗਲੇ ਸੱਜਣ। ਬਹੁਤ ਥੋੜੀ ਜਮੀਨ ਵਾਲੇ ਇੱਕ ਸਧਾਰਨ ਕਿਸਾਨੀ ਪਰਵਾਰ ਵਿੱਚ ਪੈਦਾ ਹੋਈ ਇਸ ਰੂਹ ਨੇ ਕਿਰਦਾਰ ਦੀਆਂ ਜਿਨ੍ਹਾਂ ਉੱਚੀਆਂ ਬੁਲੰਦੀਆਂ ਨੂੰ ਮਾਣਿਆਂ ਉਹ ਹਰ ਕਿਸੇ ਦੇ ਹਿੱਸੇ ਨਹੀ ਆਉਂਦੀਆਂ। ਛੋਟੀ ਕਿਸਾਨੀ ਵਾਲੇ ਪਰਵਾਰ ਦੇ ਬੱਚੇ ਨੂੰ ਜਿਨ੍ਹਾਂ ਔਕੜਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ, ਪਿਤਾ ਜੀ ਨੇ ਉਹ ਸਾਰੀਆਂ ਆਪਣੇ ਪਿੰਡੇ ਤੇ ਹੰਢਾਈਆਂ। ਸਿਰਫ ਇਨ੍ਹਾਂ ਨੇ ਨਹੀ ਬਲਕਿ ਸਾਰੇ ਭੈਣ ਭਰਾਵਾਂ ਨੇ। ਉਨ੍ਹਾਂ ਆਪਣੇ ਪਿਤਾ ਤੋਂ ਜੋ ਦਲੇਰੀ ਅਤੇ ਸਿਰੜ ਵਿਰਾਸਤ ਵਿੱਚ ਲਿਆ ਸੀ ਉਸਤੇ ਚੱਲਦਿਆਂ ਪਿਤਾ ਜੀ ਨੇ ਇਸ ਸਿਰੜ ਨੂੰ ਗੁਰੂ ਲਿਵ ਨਾਲ ਜੋੜ ਦਿੱਤਾ। ਗੁਰੂ ਲਿਵ ਨਾਲ ਜੁੜਿਆ ਇਹ ਸਿਰੜ ਫਿਰ ਗੁਰੂ ਦੇ ਸੱਚੇ ਸਿਪਾਹੀ ਦਾ ਰੂਪ ਧਾਰਨ ਕਰ ਗਿਆ। ਜੀਵਨ ਦੀਆਂ ਔਕੜਾਂ ਫਿਰ ਤੁੱਛ ਲੱਗਣ ਲੱਗੀਆਂ। ਹ੍ਹਰ ਸਮਾਜਕ ਔਕੜ ਗੁਰੂ ਜੀ ਦੇ ਇਮਿਤਿਹਾਨ ਵਰਗੀ ਜਾਪਣ ਲੱਗੀ ਜਿਸ ਨੂੰ ਚੁਣੌਤੀ ਸਮਝਕੇ ਟੱਕਰਨਾ ਉਨ੍ਹਾਂ ਦਾ ਕਰਤਵ ਬਣ ਗਿਆ। ਪਰਵਾਰ ਦੀਆਂ ਜਿੰਮੇਵਾਰੀਆਂ ਨਿਭਾਉਂਦਿਆਂ ਹੀ ਜਿੱਥੇ ਆਪ ਨੇ ਉੱਚ ਵਿਦਿਆ ਨਾਲ ਨਾਤਾ ਜੋੜੀ ਰੱਖਿਆ ਉੱਥੇ ਹੀ ਗੁਰੂਘਰ ਦੇ ਪਾਂਧੀ ਵੀ ਬਣ ਗਏ। ਪੂਰਨ ਨਿੱਤਨੇਮੀ। ਗੁਰਬਾਣੀ ਦਾ ਉਹ ਮਹਿਜ਼ ਪਾਠ ਹੀ ਨਹੀ ਸੀ ਕਰਦੇ ਬਲਕਿ ਬਾਣੀ ਦੇ ਸੰਦੇਸ਼ ਨੂੰ ਉਨ੍ਹਾਂ ਆਪਣੇ ਲਹੂ ਦੀ ਹਰਕਤ ਨਾਲ ਜੋੜ ਕੇ ਜੀਵਿਆ। ਜਿੰਦਗੀ ਵਿੱਚ ਆਈਆਂ ਨਿੱਜੀ ਅਤੇ ਕੌਮੀ ਔਕੜਾਂ ਵੇਲੇ ਅਸੀਂ ਉਨ੍ਹਾਂ ਨੂੰ ਕਦੇ ਨਿਰਾਸ਼ ਹੁੰਦੇ ਨਹੀ ਸੀ ਦੇਖਿਆ। ਪਰਵਾਰਕ ਜਿੰਦਗੀ ਦੀ ਤਾਣੀ ਸੁਲਝਾਉਂਦੇ ਹੋਏ ਉਹ ਇੱਕੋ ਸਮੇਂ ਜਿੰਨੇ ਮੋਰਚਿਆਂ ਤੇ ਲੜ ਰਹੇ ਹੁੰਦੇ ਤਾਂ ਦੇਖਕੇ ਅਰਨੈਸਟ ਹੈਮਿੰਗਵੇ ਦੇ ਨਾਵਲ, ਬੁੱਢਾ ਅਤੇ ਸਮੁੰਦਰ ਦਾ ਉਹ ਕੇਂਦਰੀ ਪਾਤਰ ਯਾਦ ਆ ਜਾਂਦਾ ਜੋ ਆਪਣੀ ਹੋਂਦ ਦੀ ਲੜਾਈ ਲਈ ਵਕਤ ਦੇ ਜਾਬਰਾਂ ਖਿਲਾਫ ਜੂਝ ਰਿਹਾ ਸੀ। ਇਸ ਸਮੁੱਚੀ ਜੰਗ ਵਿੱਚ ਗੁਰੂ ਸਾਹਿਬ ਦਾ ਭਰੋਸਾ ਪਿਤਾ ਜੀ ਦੇ ਨਾਲ ਨਾਲ ਰਿਹਾ।

ਇੱਕ ਅਜਿਹੇ ਸਰਕਾਰੀ ਮਹਿਕਮੇ ਵਿੱਚ ਨੌਕਰੀ ਮਿਲੀ ਜਿਸ ਵਿੱਚ ਭਰਿਸ਼ਟਾਚਾਰ ਦੇ ਅੰਬਾਰ ਲੱਗੇ ਹੁੰਦੇ ਸਨ। ਪਰ ਗੁਰੂ ਲਿਵ ਨਾਲ ਜੁੜਿਆ ਉਹ ਇਨਸਾਨ ਸਾਰੀ ਉਮਰ ਸਾਇਕਲ ਤੇ ਝੋਲਾ ਟੰਗਕੇ ਘਰ ਆਉਂਦਾ ਰਿਹਾ। ਜਦੋਂ ਉਨ੍ਹਾਂ ਨਾਲ ਨੌਕਰੀ ਕਰਨ ਵਾਲਿਆਂ ਦੇ ਮਹੱਲ ਖੜ੍ਹੇ ਹੋ ਰਹੇ ਸਨ ਅਸੀਂ ਸਧਾਰਨ ਘਰ ਵਿੱਚ ਬਹੁਤ ਹੀ ਸਬਰ ਅਤੇ ਸੰਤੋਖ ਵਾਲਾ ਜੀਵਨ ਬਤੀਤ ਕਰ ਰਹੇ ਸਾਂ।

ਸਮਾਜ ਪ੍ਰਤੀ ਅੰਤਾਂ ਦਾ ਭੋਲਾਪਣ ਅਤੇ ਪਵਿੱਤਰਤਾ ਉਨ੍ਹਾਂ ਦਾ ਇਲਾਹੀ ਗੁਣ ਸੀ। ਜੀਵਨ ਵਿੱਚ ਉਨ੍ਹਾਂ ਦਾ ਕੋਈ ਦੁਸ਼ਮਣ ਨਹੀ ਸੀ। ਇੱਕ ਵਾਰ ਜੋ ਉਨ੍ਹਾਂ ਦੇ ਜੀਵਨ ਨਾਲ ਜੁੜ ਗਿਆ ਉਹ ਬਸ ਉਨ੍ਹਾਂ ਦਾ ਹੀ ਹੋਕੇ ਰਹਿ ਗਿਆ। ਬਹੁਤ ਸਾਰੇ ਪਰਵਾਰ ਜੋ ਇਸ ਇਨਸਾਨ ਨਾਲ ਜੁੜੇ ਉਨ੍ਹਾਂ ਸਾਰਿਆਂ ਲਈ ਉਹ, ਭਾਪਾ ਜੀ ਬਣ ਗਏ। ਤਾਲਾਪੁਰ ਪਿੰਡ ਦਾ ਬਾਬੂ ਜੀ ਸਾਡੇ ਸਾਰਿਆਂ ਦਾ ਭਾਪਾ ਜੀ ਬਣ ਗਿਆ। ਆਪਣੇ ਬੁਲੰਦ ਕਿਰਦਾਰ ਦੇ ਬਲਬੂਤੇ ਹੀ ਉਨ੍ਹਾਂ ਲਗਭਗ 15 ਸਾਲ ਗੁਰਮਤ ਪਰਚਾਰ ਦੀ ਲਹਿਰ ਵਿੱਚ ਸਰਗਰਮ ਹਿੱਸਾ ਲਿਆ। ਦਫਤਰ ਦੇ ਕੰਮ ਤੋਂ ਵਿਹਲੇ ਹੋਕੇ ਆਪ 15 ਸਾਲਾਂ ਤੱਕ ਪਿੰਡ ਪਿੰਡ ਬੱਚਿਆਂ ਨੂੰ ਗੁਰਮਤ ਬਾਰੇ ਜਾਣਕਾਰੀ ਦੇਣ ਲਈ ਕਲਾਸਾਂ ਅਤੇ ਦੀਵਾਨ ਲਗਵਾਉਂਦੇ ਰਹੇ। ਆਪਣੀ ਹੱਕ ਦੀ ਕਮਾਈ ਵਿੱਚੋਂ ਉਨਾਂ ਸਮਿਆਂ ਵਿੱਚ ਆਪ ਜੀ ਨੇ ਵੱਡੀ ਨਿੱਜੀ ਲਾਇਬਰੇਰੀ ਸਥਾਪਤ ਕਰ ਲਈ ਸੀ। ਆਪਣੇ ਬੱਚਿਆਂ ਨੂੰ ਵਿਦਿਆ ਦਾ ਉੱਤਮ ਦਾਨ ਦੇਣ ਲਈ ਉਨ੍ਹਾਂ ਸਾਨੂੰ ਸ਼ਹਿਰ ਦੇ ਸਭ ਤੋਂ ਨਾਮਵਾਰ ਸਕੂਲ ਵਿੱਚ ਪੜ੍ਹਨੇ ਪਾਇਆ ਜਿੱਥੇ ਸ਼ਹਿਰ ਦੇ ਡੀ ਸੀ, ਸ਼ੈਸ਼ਨ ਜੱਜ ਅਤੇ ਹੋਰ ਅਫਸਰਾਂ ਦੇ ਬੱਚੇ ਪੜ੍ਹਦੇ ਸਨ। ਵੱਡੇ ਸਰਕਾਰੀ ਅਹੁਦੇ ਤੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਫੱਕਰਾਂ ਵਾਲਾ ਜੀਵਨ ਬਤੀਤ ਕੀਤਾ। ਉਹ ਸਿਰਫ ਧਰਮ ਅਤੇ ਇਤਿਹਾਸ ਦੇ ਵਿਦਿਆਰਥੀ ਹੀ ਨਹੀ ਸਨ ਬਲਕਿ ਰਾਜਨੀਤੀ ਦੇ ਵੀ ਸੁਚੇਤ ਪਾਠਕ ਸਨ। 1975 ਵਿੱਚ ਅੰਗਰੇਜ਼ੀ ਟ੍ਰਿਬਿਊਨ ਸਾਡੇ ਘਰੇ ਆਉਂਦਾ ਹੁੰਦਾ ਸੀ। ਭਾਰਤ ਅਤੇ ਖਾਸ ਕਰ ਪੰਜਾਬ ਦੀ ਰਾਜਨੀਤੀ ਦੇ ਉਹ ਮਾਹਰ ਵਿਦਿਆਰਥੀ ਸਨ। ਖਾਲਸਾਈ ਹੋਂਦ ਦੀ ਰਾਖੀ ਲਈ ਚੱਲੀ ਸਿੱਖ ਲਹਿਰ ਦੇ ਉਹ ਦਿਲੋਂ ਸਮਰਥਕ ਸਨ। ਜਦੋਂ 1984 ਵਿੱਚ ਭਾਰਤੀ ਫੌਜ ਨੇ ਸਿੱਖ ਗੁਰਧਾਮਾਂ ਤੇ ਹਮਲਾ ਕਰ ਦਿੱਤਾ ਤਾਂ ਹਰ ਸੱਚੇ ਸਿੱਖ ਵਾਂਗ ਉਨ੍ਹਾਂ ਦਾ ਹਿਰਦਾ ਵੀ ਵਲੂੰਧਰਿਆ ਗਿਆ। ਆਪਣੇ ਜ਼ਖਮਾਂ ਨੂੰ ਰਾਹਤ ਦੇਣ ਲਈ ਉਹ ਕਰਫਿਊ ਲੱਗਾ ਹੋਣ ਦੇ ਬਾਵਜੂਦ ਵੀ ਲੁਕ ਲੁਕਾ ਕੇ ਗੁਰਦੁਆਰਾ ਸਾਹਿਬ ਜਾਂਦੇ ਸਨ।

ਉਨ੍ਹਾਂ ਨੇ ਆਪਣੇ ਪਰਵਾਰ ਅਤੇ ਸਮਾਜ ਲਈ ਉਨ੍ਹਾਂ ਜਿੰਮੇ ਲੱਗੀ ਹਰ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ। ਹੁਣ ਜਦੋਂ ਅਸੀਂ ਉਨ੍ਹਾਂ ਦੇ ਸਮੁੱਚੇ ਜੀਵਨ ਨੂੰ ਦੇਖਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਹ ਇੱਕ ਸੰਪੂਰਨ ਮਨੁੱਖ ਸਨ। ਘਰ ਪਰਵਾਰ ਦੀਆਂ ਜਿੰਮੇਵਾਰੀਆਂ ਨੂੰ ਉਨ੍ਹਾਂ ਇਮਾਨਦਾਰੀ ਨਾਲ ਨਿਭਾਇਆ,ਆਪਣੇ ਪਰਵਾਰ ਨੂੰ ਵਧੀਆ ਵਿਦਿਆ ਪਰਦਾਨ ਕਰਵਾਈ, ਧਰਮ ਨੂੰ ਉਨ੍ਹਾਂ ਇਖਲਾਕੀ ਜਿੰਮੇਵਾਰੀ ਦੇ ਤੌਰ ਤੇ ਸਮਝਿਆ ਅਤੇ ਪਰਚਾਰਿਆ। ਪੰਜਾਬ ਦੇ ਰਾਜਨੀਤਕ ਭਵਿੱਖ ਬਾਰੇ ਉਨ੍ਹਾਂ ਨੂੰ ਕੋਈ ਭੁਲੇਖਾ ਨਹੀ ਸੀ, ਇਹ ਸਟੇਟ ਕਿਵੇਂ ਕੰਮ ਕਰਦੀ ਹੈ ਉਸ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਸਨ।

ਕੋਈ ਇਕੱਲਾ ਬੰਦਾ ਜੋ ਆਪਣੇ ਜੀਵਨ ਦੌਰਾਨ ਹੈਮਿੰਗਵੇ ਦੇ ਪਾਤਰ ਵਾਂਗ ਜੂਝਿਆ ਹੋਵੇ, ਉਸਦੇ ਚਿਹਰੇ ਤੇ ਕਦੇ ਸ਼ਿਕਨ ਨਹੀ ਸੀ ਦੇਖੀ। ਉਹ ਕਦੇ ਹਾਰੇ ਨਹੀ ਸਨ। ਸਾਨੂੰ ਆਪਣੇ ਸਮੁੱਚੇ ਜੀਵਨ ਦੌਰਾਨ ਕਦੇ ਵੀ ਉਨ੍ਹਾਂ ਦੀ ਸ਼ਖਸ਼ੀਅਤ ਤੋਂ ਇਹ ਪਰਭਾਵ ਨਹੀ ਸੀ ਮਿਲਿਆ ਕਿ ਉ੍ਹਹ ਹਾਰ ਗਏ ਹਨ। ਹਰ ਚੁਣੌਤੀ ਨੂੰ ਉਹ ਇੱਕ ਸੂਰਮੇ ਵਾਂਗ ਟੱਕਰੇ। ਵੱਡੀਆਂ ਹਾਰਾਂ ਦੇ ਬਾਵਜੂਦ ਵੀ ਉਹ ਜੂਝਦੇ ਰਹੇ। ਸ਼ਾਇਦ ਗੁਰੂ ਸਾਹਿਬ ਉਸ ਇਨਸਾਨ ਦੀ ਪਿੱਠ ਤੇ ਆਪ ਖੜ੍ਹੇ ਸਨ। ਸਮਾਜਕ ਜੀਵਨ ਦੌਰਾਨ ਜਾਂ ਸਿੱਖ ਸੰਘਰਸ਼ ਦੌਰਾਨ ਜਦੋਂ ਵੱਡੇ ਦਰਖਤ ਵੀ ਹਿੱਲੇ ਤਾਂ ਵੀ ਉਨ੍ਹਾਂ ਬਹੁਤ ਮਾਸੂਮੀਅਤ ਨਾਲ ਆਖਣਾਂ ਕਿ, ਵਾਹਿਗੁਰੂ ਨੇ ਜਦੋਂ ਆਪਣੀ ਕਲਾ ਵਰਤਾਉਣੀ ਹੈ ਸਭ ਗਿਣਤੀਆਂ ਮਿਣਤੀਆਂ ਫੇਲ ਹੋ ਜਾਣੀਆਂ।

ਸਾਡੇ ਜੀਵਨ ਅਤੇ ਸਾਡੇ ਸਮਾਜ ਦਾ ਉਹ ਹਰਿਆ ਬੋਟ ਆਖਰ ਆਪਣੇ ਜੀਵਨ ਦੀ ਔਧ ਪੁਗਾਕੇ ਵਾਹਿਗੁਰੂ ਦੇ ਚਰਨਾ ਵਿੱਚ ਜਾ ਬਿਰਾਜਿਆ ਹੈ। ਸਾਡੇ ਸਾਰਿਆਂ ਦੇ ਇਹ ਰਾਂਗਲੇ ਸੱਜਣ 16 ਦਸੰਬਰ ਵਾਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਆਪਣੇ ਗੁਰੂ ਦੀ ਗੋਦ ਵਿੱਚ ਜਾ ਬਿਰਾਜੇ ਹਨ।

ਅਸੀਂ ਉਨ੍ਹਾਂ ਦਾ ਪਰਵਾਰ ਹਮੇਸ਼ਾ ਇਹ ਯਤਨ ਕਰਾਂਗੇ ਕਿ ਉਨ੍ਹਾਂ ਵੱਲੋਂ ਪਾਈਆਂ ਪੈੜਾਂ ਤੇ ਚੱਲਦੇ ਹੋਏ ਮਨੁੱਖਤਾ ਦਾ ਪਰਚਮ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਰਹੀਏ। ਇਹੋ ਹੀ ਉਸ ਸੁੱਚੀ ਰੂਹ ਨੂੰ ਅਸਲ ਸ਼ਰਧਾਂਜਲੀ ਹੋਵੇਗੀ।