ਪੰਜ ਮਹੀਨੇ ਹੋ ਗਏ ਹਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਪੰਜਾਬ ਸਰਕਾਰ ਨੂੰ ਪਰ ਹਾਲੇ ਵੀ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਬਿਨਾ ਕਿਸੇ ਸਰਕਾਰ ਦੇ ਹੀ ਚੱਲ ਰਿਹਾ ਹੈ। ਕਿਤੇ ਵੀ ਕੁਝ ਅਜਿਹਾ ਨਜ਼ਰ ਨਹੀ ਆਉਂਦਾ ਜਿਸ ਤੋਂ ਮਹਿਸੂਸ ਹੁੰਦਾ ਹੋਵੇ ਕਿ ਪੰਜਾਬ ਵਿੱਚ ਕੋਈ ਸਰਕਾਰ ਕੰਮ ਕਰ ਰਹੀ ਹੈ। ਕਿਤੇ ਮੁੱਖ ਮੰਤਰੀ ਨਜ਼ਰ ਨਹੀ ਪੈਂਦੇ ਕਿਤੇ ਕੋਈ ਵੱਡੀ ਸਰਕਾਰੀ ਹਲਚਲ ਜਾਂ ਨਵੀਆਂ ਸਕੀਮਾਂ ਜਾਂ ਵਿਕਾਸ ਕਾਰਜਾਂ ਦੇ ਐਲਾਨ ਨਜ਼ਰ ਨਹੀ ਪੈਂਦੇ।

ਇਸ ਤੋਂ ਪਹਿਲੀ ਅਕਾਲੀ ਸਰਕਾਰ ਦੀ ਇਹ ਖਾਸੀਅਤ ਸੀ ਕਿ ਉਹ ਕੰਮ ਭਾਵੇਂ ਡੱਕੇ ਦਾ ਨਾ ਕਰਦੇ ਹੋਣ ਪਰ ਦੋਵੇਂ ਪਿਉ-ਪੁੱਤ ਸਵੇਰ ਤੋਂ ਹੀ ਪੰਜਾਬ ਵਿੱਚ ਦਨਦਨਾਉਣ ਲੱਗ ਜਾਂਦੇ ਸਨ। ਸ਼ੋਸ਼ਲ ਮੀਡੀਆ ਤੇ ਭਾਵੇਂ ਦੋਵਾਂ ਦਾ ਕਿੰਨਾ ਵੀ ਮਜ਼ਾਕ ਕਿਉਂ ਨਾ ਉਡਿਆ ਹੋਵੇ ਪਰ ਦੋਵਾਂ ਨੇ ਪੰਜਾਬ ਨਹੀ ਛੱਡਿਆ।

ਨਵੀਂ ਸਰਕਾਰ ਦਾ ਨਾ ਕਿਸੇ ਅਫਸਰਸ਼ਾਹੀ ਤੇ ਕੋਈ ਰੋਅਬ-ਦਾਬ ਲੱਗ ਰਿਹਾ ਹੈ ਅਤੇ ਨਾ ਹੀ ਪ੍ਰਸ਼ਾਸ਼ਨ ਤੇ ਪਕੜ ਨਜ਼ਰ ਆ ਰਹੀ ਹੈ। ਰਾਣਾ ਗੁਰਜੀਤ ਸਿੰਘ ਪਹਿਲੇ ਹੱਲੇ ਹੀ ਚਲਦੀ ਗੰਗਾ ਵਿੱਚ ਹੱਥ ਧੋ ਗਿਆ ਹੈ ਪਰ ਬਾਕੀ ਕਿਤੇ ਅਜਿਹਾ ਨਜ਼ਰ ਨਹੀ ਆਉਂਦਾ ਜਿਸ ਤੋਂ ਪਤਾ ਲੱਗੇ ਕਿ ਪੰਜਾਬ ਨੂੰ ਕੋਈ ਸਿਆਸੀ ਨੇਤਾ, ਕੈਪਟਨ ਅਮਰਿੰਦਰ ਸਿੰਘ ਵਰਗਾ ਨੇਤਾ ਚਲਾ ਰਿਹਾ ਹੈ। ਕੁਝ ਕੁ ਬਦਲੀਆਂ ਦੀਆਂ ਖਬਰਾਂ ਨੂੰ ਛੱਡ ਕੇ ਅਜਿਹਾ ਕੁਝ ਵੀ ਨਜ਼ਰ ਨਹੀ ਪੈਂਦਾ ਜਿਸ ਤੋਂ ਸਰਕਾਰੀ ਕੰਮ ਕਾਜ ਦਾ ਭੁਲੇਖਾ ਪੈਂਦਾ ਹੋਵੇ।

ਅਸਲ ਵਿੱਚ ਕਾਂਗਰਸ ਨੂੰ ਇਹ ਸਰਕਾਰ ਬਿਨਾ ਕਿਸੇ ਮਿਹਨਤ ਦੇ ਹੀ ਮਿਲ ਗਈ ਹੈ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਆਪ ਵੀ ਏਨੇ ਹੈਰਾਨ ਹਨ ਕਿ ਉਨ੍ਹਾਂ ਦਾ ਸਰਕਾਰ ਤੇ ਹੱਥ ਕਿਵੇਂ ਪੈ ਗਿਆ। ਕਿਸੇ ਨੂੰ ਚਿੱਤ ਚੇਤਾ ਵੀ ਨਹੀ ਸੀ ਕਿ ਕਾਂਗਰਸ ਪੰਜਾਬ ਵਿੱਚ ਸਰਕਾਰ ਬਣਾ ਲਵੇਗੀ। ਵੱਡੀ ਪੱਧਰ ਤੇ ਹਵਾ ਆਮ ਆਦਮੀ ਪਾਰਟੀ ਦੀ ਸੀ।

ਪਰ ਆਖਰੀ ਦਿਨਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੂਹੀਆ ਏਜੰਸੀਆਂ ਨੇ ਜੋ ਰਿਪੋਰਟ ਪੇਸ਼ ਕੀਤੀ ਉਸ ਨੂੰ ਦੇਖਕੇ ਨਰਿੰਦਰ ਮੋਦੀ ਅਤੇ ਸੰਘ ਪਰਿਵਾਰ ਇੱਕਦਮ ਹਰਕਤ ਵਿੱਚ ਆ ਗਏ। ਉਨ੍ਹਾਂ ਨੂੰ ਲੱਗਾ ਕਿ ਪੰਜਾਬ ਉਨ੍ਹਾਂ ਦੇ ਹੱਥਾਂ ਵਿੱਚੋਂ ਚਲਾ ਜਾਵੇਗਾ ਅਤੇ ਪੰਜਾਬ ਦੀ ਹੋਈ ਨਸਲਕੁਸ਼ੀ ਦੀਆਂ ਫਾਈਲਾਂ ਬਾਹਰ ਆ ਜਾਣਗੀਆਂ। ਜਿਹੜੇ ਪੁਲਿਸ ਅਤੇ ਸਿਵਲ ਅਧਿਕਾਰੀ ਪੰਜਾਬ ਵਿੱਚ ਮਨੁੱਖਤਾ ਦੇ ਘਾਣ ਤੋਂ ਬਾਅਦ ਵੱਡੇ ਅਹੁਦੇ ਲੈ ਕੇ ਬੈਠੇ ਹਨ ਉਹ ਕਨੂੰਨ ਦੇ ਸਿਕੰਜੇ ਵਿੱਚ ਆ ਜਾਣਗੇ। ਬਾਦਲ ਪਰਿਵਾਰ ਦੀ ਪੰਜਾਬ ਧਰੋਹੀ ਦੇ ਕਿੱਸੇ ਜੱਗ ਜਾਹਰ ਹੋ ਜਾਣਗੇ।

ਇੱਕਦਮ ਪ੍ਰਧਾਨ ਮੰਤਰੀ ਨੇ ਵਿੱਚ ਪੈ ਕੇ ਅਕਾਲੀ ਦਲ ਨੂੰ ਆਪਣੀ ਵੋਟ ਕਾਂਗਰਸ ਵੱਲ ਭੁਗਤਾਉਣ ਦੇ ਆਦੇਸ਼ ਦਿੱਤੇ ਅਤੇ ਸੰਘ ਪਰਿਵਾਰ ਦੇ ਮੈਂਬਰਾਂ ਨੇ ਪੰਜਾਬ ਦੇ ਹਿੰਦੂਆਂ ਨੂੰ ਸਮਝਾਇਆ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਪੰਜਾਬ ਵਿੱਚ ਅਨਾਰਕੀ ਫੈਲ ਜਾਵੇਗੀ।

ਕੈਪਟਨ ਅਮਰਿੰਦਰ ਸਿੰਘ ਨਾਲ ਸ਼ਰਤਾਂ ਤੈਅ ਹੋਈਆਂ ਅਤੇ ਗੱਦੀ ਦੇ ਵਾਰਸ ਬਣਾਉਣ ਦਾ ਸਮਝੌਤਾ ਹੋ ਗਿਆ। ਹੁਣ ਕੈਪਟਨ ਅਤੇ ਸਾਰੇ ਕਾਂਗਰਸੀ ਮੰਤਰੀ ਇਸ ਗੱਲ ਤੋਂ ਹੈਰਾਨ ਹਨ ਕਿ ਕੀ ਉਹ ਸੱਚ ਮੁੱਚ ਹੀ ਮੰਤਰੀ ਬਣ ਗਏ ਹਨ। ਕੀ ਸੱਚਮੁੱਚ ਹੀ ਪੰਜਾਬ ਵਿੱਚ ਸਾਡੀ ਸਰਕਾਰ ਬਣ ਗਈ ਹੈ?

ਬਸ ਇਸ ਸ਼ਸ਼ੋਪੰਜ ਵਿੱਚ ਹੀ ਉਹ ਬੇਭਰੋਸਗੀ ਨਾਲ ਸਰਕਾਰ ਚਲਾ ਰਹੇ ਹਨ। ਬਿਨਾ ਕਿਸੇ ਹਰਕਤ ਦੇ। ਵਕਤ ਕੱਢ ਰਹੇ ਹਨ। ਸ਼ਾਇਦ ਇਸੇ ਕਰਕੇ ਪੰਜਾਬ ਵਿੱਚ ਕਿਸੇ ਸਰਕਾਰ ਦਾ ਨਾਅ ਨਿਸ਼ਾਨ ਨਜ਼ਰ ਨਹੀ ਆ ਰਿਹਾ। ਜੇ ਇਸੇ ਤਰ੍ਹਾਂ ਰਿਹਾ ਤਾਂ ੨੦੧੯ ਦੀਆਂ ਲੋਕ ਸਭਾ ਚੋਣਾਂ ਵਿੱਚ ਕੀ ਬਣੇਗਾ। ਅਤੇ ਵੱਡੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਲੋਕਾਂ ਦਾ ਕੀ ਬਣੇਗਾ ਜਿਨ੍ਹਾਂ ਨੂੰ ਕਾਂਗਰਸ ਤੇ ਭਾਵੇਂ ਨਹੀ ਪਰ ਕੈਪਟਨ ਅਮਰਿੰਦਰ ਸਿੰਘ ਤੇ ਕੋਈ ਭਰੋਸਾ ਸੀ।