ਪੰਜਾਬ ਵਿੱਚ ਫਰਵਰੀ ੨੦੧੭ ਵਿੱਚ ਵਿਧਾਨ ਸਭਾ ਸੀਆਂ ਚੋਣਾਂ ਹੋਣੀਆਂ ਹਨ। ਇਸ ਲਈ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇਦਾਰ ਹੁਣ ਤੋਂ ਹੀ ਆਪਣੀ ਸਰਗਰਮੀ ਸ਼ੁਰੂ ਕਰਕੇ ਚੱਲ ਰਹੇ ਹਨ। ਸੱਤਾਧਾਰੀ ਅਕਾਲੀ ਦਲ ਪਿਛਲੇ ੯ ਸਾਲਾਂ ਦੌਰਾਨ ਕੀਤੇ ‘ਵਿਕਾਸ’ ਦੇ ਸਹਾਰੇ ਚੋਣ ਪਿੜ ਵਿੱਚ ਉਤਰ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਜਿਆਦਾ ਹੋ ਜਾਣ ਕਾਰਨ ਅਗਲੀ ਚੋਣ ਮੁਹਿੰਮ ਦੀ ਅਗਵਾਈ ਉਨ੍ਹਾਂ ਦੇ ‘ਹੋਣਹਾਰ’ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਸੰਭਾਲ ਲਈ ਹੈ। ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਹੈਰਾਨੀਜਨਕ ਬਿਆਨਾ ਕਾਰਨ ਸ਼ੋਸ਼ਲ ਮੀਡੀਆ ਤੇ ਕਈ ਨਾਵਾਂ ਨਾਲ ਜਾਣਿਆਂ ਜਾਂਦਾ ਹੈ। ਉਹ ਹਰ ਭਾਸ਼ਣ ਵਿੱਚ ਪੰਜਾਬ ਨੂੰ ਅਮਰੀਕਾ ਦੇ ਸ਼ਹਿਰਾਂ ਵਰਗਾ ਬਣਾ ਦੇਣ ਦਾ ਲਾਰਾ ਤੇ ਵਾਅਦਾ ਕਰਨੋਂ ਨਹੀ ਭੁੱਲਦੇ।

ਪੰਜਾਬ ਦੀ ਵਿਰੋਧੀ ਪਾਰਟੀ ਕਾਂਗਰਸ ਦੀ ਵਾਗਡੋਰ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਆ ਗਈ ਹੈ। ਆਈ ਨਹੀ ਬਲਕਿ ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ਦੀ ਬਾਂਹ ਮਰੋੜ ਕੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਥਿਆ ਲਈ ਹੈ। ਵੈਸੇ ਵੀ ਹਾਰ ਦਾ ਕਲੰਕ ਮੱਥੇ ਤੇ ਲਵਾਉਣ ਨਾਲ਼ੋਂ ਉਨ੍ਹਾਂ ਦੇ ਵਿਰੋਧੀਆਂ ਨੇ ਆਪਣੀ ਇੱਛਾ ਨਾਲ ਹੀ ਹਥਿਆਰ ਸੁਟਣੇ ਮੁਨਾਸਿਬ ਸਮਝੇ। ਕੈਪਟਨ ਅਮਰਿੰਦਰ ਸਿੰਘ ਨੇ ਬੇਸ਼ੱਕ ਆਪਣੀ ਪਾਰਟੀ ਅੰਦਰਲੇ ਆਪਣੇ ਵਿਰੋਧੀਆਂ ਤੇ ਇੱਕ ਜਿੱਤ ਪ੍ਰਾਪਤ ਕਰ ਲਈ ਸੀ ਪਰ ਰਾਜ ਸਭਾ ਲਈ ਹੰਸ ਰਾਜ ਹੰਸ ਦੀ ਟਿਕਟ ਕਟਵਾ ਕੇ ਸ਼ਮਸ਼ੇਰ ਸਿੰਘ ਦੂਲੋ ਨੂੰ ਟਿਕਟ ਦੇਣ ਦੇ ਡਰਾਮੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਸੀਨੇ ਲਿਆ ਦਿੱਤੇ ਹਨ। ਉਹ ਹਾਈਕਮਂਡ ਨਾਲ ਕਾਫੀ ਨਰਾਜ਼ ਦੱਸੇ ਜਾਂਦੇ ਹਨ। ਪੰਜਾਬ ਦੀ ਚੋਣ ਮੁਹਿੰਮ ਲਈ ਕਿਰਾਏ ਤੇ ਕੀਤੇ ਗਏ ਪ੍ਰਸ਼ਾਂਤ ਕਿਸ਼ੋਰ ਨਾਲ ਵੀ ਉਹ ਪਿਛਲੀਆਂ ਦੋ ਮੀਟਿੰਗਾਂ ਵਿੱਚ ਗੰਭੀਰਤਾ ਨਾਲ ਸ਼ਾਮਲ ਨਹੀ ਹੋਏ। ਬੀਬੀ ਭੱਠਲ, ਮਹਿੰਦ ਸਿੰਘ ਕੇਪੀ, ਸੰਤੋਸ਼ ਚੌਧਰੀ ਦੀ ਤਿੱਕੜੀ ਨੇ ਹੰਸ ਰਾਜ ਹੰਸ ਦੇ ਉਡਨ ਤੋਂ ਪਹਿਲਾਂ ਹੀ ਖੰਭ ਕਟਵਾ ਕੇ ਆਪਣੀ ਹੋਂਦ ਦਰਸਾ ਦਿੱਤੀ ਹੈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਪੰਜਾਬ ਕਾਂਗਰਸ ਦੇ ਪ੍ਰਕਾਸ਼ ਸਿੰਘ ਬਾਦਲ ਸਮਝਣ ਲੱਗ ਪਏ ਸਨ ਉਨ੍ਹਾਂ ਨੂੰ ਪਾਰਟੀ ਅੰਦਰਲੇ ਉਨ੍ਹਾਂ ਦੇ ਵਿਰੋਧੀਆਂ ਨੂੰ ਉਲਟ ਬਾਜੀ ਲਵਾ ਕੇ ਦੱਸ ਦਿੱਤਾ ਹੈ ਕਿ ਭੂੰਡਾਂ ਦੇ ਖੱਖਰ ਨੂੰ ਸਾਂਭਣਾਂ ਏਨਾ ਸੌਖ਼ਾ ਨਹੀ ਹੋਵੇਗਾ ਅਤੇ ਪੰਜਾਬ ਦੀ ਸੂਬੇਦਾਰੀ ਉਨ੍ਹਾਂ ਲਈ ਏਨੀ ਸੌਖੀ ਨਹੀ ਹੋਵੇਗੀ। ਜਿਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਨੇ ਬਹੁਤ ਸਾਰੇ ਵਿਰੋਧੀਆਂ ਨੂੰ ਆਪ ਹੀ ਹਰਾਉਣ ਲਈ ਸਰਗਰਮੀਆਂ ਕੀਤੀਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਉਹੋ ਜਿਹੀਆਂ ਹੀ ਹਾਲਤਾਂ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ। ਵਿਰੋਧੀ ਕੈਪਟਨ ਸਾਹਬ ਨੂੰ ਏਨੀ ਸੌਖੀ ਤਰ੍ਹਾਂ ਸੱਤਾ ਨਹੀ ਹਥਿਆਉਣ ਦੇਣਗੇ।

ਆਮ ਆਦਮੀ ਪਾਰਟੀ ਵੀ ਇਸ ਵਾਰ ਪੰਜਾਬ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਯਤਨਸ਼ੀਲ ਹੈ। ਉਸਦੇ ਵਰਕਰ ਘਰ ਘਰ ਜਾ ਕੇ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਦਿੱਲੀ ਵਾਲਾ ਤਜਰਬਾ ਉਹ ਪੰਜਾਬ ਵਿੱਚ ਕਰਨ ਜਾ ਰਹੇ ਹਨ। ਜਮਹੂਰੀਅਤ ਵਿੱਚ ਵੈਸੇ ਤਾਂ ਘਰ ਘਰ ਜਾ ਕੇ ਹੀ ਵੋਟਰਾਂ ਨਾਲ ਸੰਪਰਕ ਕੀਤਾ ਜਾਣਾਂ ਚਾਹੀਦਾ ਹੈ। ਘਰ ਘਰ ਜਾ ਕੇ ਹੀ ਤੁਸੀਂ ਲੋਕਾਂ ਦੀਆਂ ਤਕਲੀਫਾਂ ਬਾਰੇ ਜਾਣ ਸਕਦੇ ਹੋ ਪਰ ਪੰਜਾਬ ਦਿੱਲੀ ਵਰਗਾ ਏਨਾ ਸਧਾਰਨ ਨਹੀ ਹੈ। ਪੰਜਾਬ ਭਾਰਤੀ ਸਟੇਟ ਅਤੇ ਸੂਹੀਆ ਏਜੰਸੀਆਂ ਦੀ ਲੈਬਾਰਟਰੀ ਹੈ। ਉਹ ਪੰਜਾਬ ਨੂੰ ਆਪਣੀ ਜਕੜ ਵਿੱਚੋਂ ਬਾਹਰ ਨਹੀ ਜਾਣ ਦੇਣਾਂ ਚਾਹੁੰਦੇ। ਜਿਹੜਾ ਸਿਆਸੀ ਲੀਡਰ ਸੂਹੀਆ ਏਜੰਸੀਆਂ ਨੂੰ ਪਸੰਦ ਨਹੀ ਉਹ ਪੰਜਾਬ ਵਿੱਚ ਸਿਆਸਤ ਨਹੀ ਕਰ ਸਕਦਾ। ਪੰਜਾਬ ਨੂੰ ਉਨ੍ਹਾਂ ਨੇ ਆਪਣੀ ਕਤਲਗਾਹ ਬਣਾ ਰੱਖਿਆ ਹੈ। ਪਹਿਲਾਂ ਇੱਥੇ ਗੋਲੀਆਂ ਅਤੇ ਬੰਬਾਂ ਨਾਲ ਬੰਦੇ ਮਾਰੇ ਜਾਂਦੇ ਸਨ ਹੁਣ ਨਸਲਕੁਸ਼ੀ ਦੀ ‘ਆਧੁਨਿਕ’ ਤਕਨੀਕ ਪੰਜਾਬ ਵਿੱਚ ਵਰਤੀ ਜਾ ਰਹੀ ਹੈ। ਜੇ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਪੰਜਾਬ ਨੂੰ ਕਤਲਗਾਹ ਬਣਾਉਣ ਲਈ ਰਾਜੀ ਹੋ ਗਈ ਤਾਂ ਫਿਰ ਉਹ ਪੰਜਾਬ ਵਿੱਚ ਆਪਣੇ ਪੈਰ ਜਮਾ ਲੈਣਗੇ ਵਰਨਾ ਵੋਟਰਾਂ ਦੀਆਂ ਵੋਟਾਂ ਤਾਂ ਪਹਿਲਾਂ ਹੀ ਪੋਲ ਹੋਈਆਂ ਮਿਲਣਗੀਆਂ ਅਤੇ ਮੁੱਖ ਮੰਤਰੀ ਪਹਿਲਾਂ ਹੀ ਬਣਿਆ ਹੋਵੇਗਾ। ਪੰਜਾਬ ਨੂੰ ਭਾਰਤੀ ਸੂਹੀਆ ਏਜੰਸੀਆਂ ਨੇ ਕਿੰਨੀ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ ਇਸਨੂੰ ਇੱਕ ਸਿੱਖ ਹੋਕੇ ਹੀ ਜਾਣਿਆਂ ਜਾ ਸਕਦਾ ਹੈ। ਅਰਵਿੰਦ ਕੇਜਰੀਵਾਲ ਜਾਂ ਉਸਦੇ ਲੈਫਟੀਨੈਂਟ ਉਸ ਗੱਲ ਨੂੰ ਮਹਿਸੂਸ ਨਹੀ ਕਰ ਸਕਦੇ।

ਪੰਥਕ ਧਿਰਾਂ ਆਪਣੀ ਹੋਂਦ ਪੰਜਾਬ ਵਿੱਚੋਂ ਗਵਾ ਹੀ ਚੁੱਕੀਆਂ ਹਨ। ਇਸ ਵਿੱਚ ਵੱਡਾ ਕਸੂਰ ਭਾਰਤੀ ਸਿਸਟਮ ਅਤੇ ਉਸ ਜਕੜ ਦਾ ਹੈ ਜਿਸਦਾ ਅਸੀਂ ਉਪਰ ਵਰਨਣ ਕੀਤਾ ਹੈ। ਬਾਕੀ ਕਸੂਰ ਪੰਥਕ ਲੀਡਰ ਕਹਾਉਣ ਵਾਲੇ ਸੱਜਣਾਂ ਦਾ ਵੀ ਹੈ ਜੋ ਆਪਣੀ ਹੈਂਕੜ ਦੇ ਘੋੜੇ ਤੋਂ ਥੱਲੇ ਨਹੀ ਉਤਰਨਾ ਚਾਹੁੰਦੇ। ਜੋ ਕੌਮ ਦਾ ਨੁਕਸਾਨ ਤਾਂ ਝੱਲ ਸਕਦੇ ਹਨ ਪਰ ਆਪਣਾਂ ਨਿੱਜੀ ਨੁਕਸਾਨ ਨਹੀ।

ਹੁਣ ਵੀ ਸੱਤਾਧਾਰੀ ਅਕਾਲੀ ਦਲ ਫਿਰ ਪੰਥਕ ਧਿਰ ਨੂੰ ਆਪਣੇ ਫਾਇਦੇ ਲਈ ਵਰਤਣ ਦੇ ਯਤਨ ਕਰ ਰਿਹਾ ਹੈ। ਭਾਈ ਮੋਹਕਮ ਸਿੰਘ ਦੀ ਜ਼ਮਾਨਤ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਚਲੀ ਗਈ ਹੈ। ਸਰਬੱਤ ਖਾਲਸੇ ਵਾਲੀ ਪੰਥਕ ਧਿਰ ਵਿੱਚੋਂ ਭਾਈ ਮੋਹਕਮ ਸਿੰਘ ਅਕਾਲੀ ਦਲ ਦੀ ਖੇਡ ਵਿੱਚ ਫਿੱਟ ਨਹੀ ਬੈਠ ਰਿਹਾ। ਉਸਦੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਕੇਜਰੀਵਾਲ ਉਸਨੂੰ ਅਤੇ ਉਸਦੇ ਇੱਕ ਦੋ ਸਾਥੀਆਂ ਨੂੰ ਟਿਕਟ ਦੇਣ ਦਾ ਵਾਅਦਾ ਕਰ ਚੁੱਕੇ ਹਨ। ਉਹ ਭਾਈ ਮੋਹਕਮ ਸਿੰਘ ਨੂੰ ਆਪਣੇ ਨਾਲ ਲੈ ਕੇ ਚੱਲਣ ਲਈ ਵੀ ਰਾਜ਼ੀ ਹੋ ਗਏ ਦੱਸੇ ਜਾਂਦੇ ਹਨ।

ਪਰ ਅਕਾਲੀ ਦਲ ਚਾਹੁੰਦਾ ਹੈ ਕਿ ਪੰਥਕ ਧਿਰ ਆਪਣੇ ਤੌਰ ਤੇ ਚੋਣ ਮੈਦਾਨ ਵਿੱਚ ਕੁੱਦੇ ਅਤੇ ਆਮ ਆਦਮੀ ਪਾਰਟੀ ਨਾਲ ਨਾ ਰਲੇ । ਇਸ ਨਾਲ ਧਾਰਮਕ ਵੋਟ ਪੰਥਕ ਧਿਰ ਨੂੰ ਪੈ ਜਾਵੇਗੀ ਅਤੇ ਆਮ ਆਦਮੀ ਪਾਰਟੀ ਦੀ ਵੋਟ ਟੁੱਟੇਗੀ। ਜਿਸਦਾ ਫਾਇਦਾ ਅਕਾਲੀ ਦਲ ਨੂੰ ਹੋਵੇਗਾ। ਅਕਾਲੀ ਦਲ ਪੰਥਕ ਧਿਰ ਦੀ ਸਿਆਸੀ ਸਰਗਰਮੀ ਲਈ ਖਰਚਾ ਦੇਣ ਨੂੰ ਵੀ ਤਿਆਰ ਦੱਸਿਆ ਜਾਂਦਾ ਹੈ। ਹੁਣ ਜਿਹੜਾ ਜਿਹੜਾ ਸੱਜਣ ਅਕਾਲੀ ਸਲ ਦੀ ਸਲਾਹ ਵਿੱਚ ਰਾਜੀ ਹੋਈ ਜਾਂਦਾ ਹੈ ਉਹ ਜੇਲ਼੍ਹਾਂ ਵਿੱਚੋਂ ਬਾਹਰ ਆ ਰਿਹਾ ਹੈ ਅਤੇ ਭਾਈ ਮੋਹਕਮ ਸਿੰਘ ਵਾਂਗ ਜੇ ਅੜੇਗਾ ਉਹ ਜੇਲ਼੍ਹ ਵਿੱਚ ਮੁੜ ਜਾਣ ਲਈ ਤਿਆਰ ਰਹੇ।