ਦੁਨੀਆਂ ਦੇ ਇੱਕ ਮਸ਼ਹੂਰ ਬੁਧੀਜੀਵੀ ਹੈਲਨ ਕੈਲਰ ਨੇ ਟਿੱਪਣੀ ਕੀਤੀ ਸੀ ਕਿ ਜੇ ਸਮਾਜ ਵਿੱਚ ਅਜਿਹੇ ਨੀਤੀਵਾਨ ਹੋਣ ਤੇ ਦੇਸ਼ ਦੀ ਰਾਜਸੱਤਾ ਤੇ ਕਾਬਜ ਹੋਣ ਉਨਾਂ ਕੋਲ ਦੇਸ਼ ਦੀ ਤਰੱਕੀ ਲਈ ਤੇ ਸਮਾਜ ਦੀ ਬਿਹਤਰੀ ਲਈ ਵੱਖ-ਵੱਖ ਤਰਾਂ ਦੀਆਂ ਬਹੁਤ ਸਾਰੀਆਂ ਵਿਉਂਤ ਬੰਦੀਆਂ ਤੇ ਰਾਹ ਹੋਣ ਪਰ ਬਦਕਿਸਮਤੀ ਨਾਲ ਉਹ ਦ੍ਰਿਸ਼ਟੀ ਤੋਂ ਸੱਖਣੇ ਹੋਣ ਤਾਂ ਅਜਿਹੇ ਦੇਸ਼ ਅਤੇ ਸਮਾਜ ਦਾ ਭਵਿੱਖ ਸਦਾ ਘੁੰਮਣ-ਘੇਰੀਆਂ ਵਿੱਚ ਹੀ ਫਸਿਆ ਰਹੇਗਾ। ਕਿਉਂਕਿ ਕਿਸੇ ਵੀ ਨੀਤੀ ਜਾਂ ਸੇਧ ਲਈ ਨਿਰਪੱਖ ਅਤੇ ਧਰਮ-ਰਹਿਤ ਦ੍ਰਿਸ਼ਟੀ ਹੋਣੀ ਅਤਿ ਜਰੂਰੀ ਹੈ ਤਾਂ ਜੋ ਦੇਸ਼ ਅਤੇ ਸਮਾਜ ਇੱਕ ਲੜੀਵਾਰ ਪ੍ਰਣਾਲੀ ਵਿੱਚ ਰਹਿ ਕੇ ਆਪਣੇ ਭਵਿੱਖ ਅਤੇ ਤਰੱਕੀ ਨੂੰ ਕਲਮਬੰਦ ਕਰ ਸਕੇ। ਇਸੇ ਤਰਾਂ ਇੱਕ ਅੰਗਰੇਜੀ ਬੁੱਧੀਜੀਵੀ George Orwell ਨੇ ਟਿੱਪਣੀ ਕੀਤੀ ਸੀ “In a time of Universal deceit, telling the truth is a revolutionary act“।

ਅੱਜ ਭਾਰਤ ਅੰਦਰ ਵੀ ਇਸ ਤਰਾਂ ਦੀ ਰਾਜਨੀਤਿਕ ਅਤੇ ਸਮਾਜਿਕ ਵਿਵਸਥਾ ਬਣ ਗਈ ਹੈ ਜੋ ਕਿ ਧਰਮ ਤੇ ਇੱਕ ਸੋਚ ਦੇ ਹੇਠਾਂ ਭਾਰਤੀ ਸਮਾਜ ਨੂੰ ਡਰ ਦੇ ਪ੍ਰਭਾਵ ਹੇਠਾਂ ਸਹਿਮ ਪੈਦਾ ਕਰਕੇ ਇਸ ਤਰਾਂ ਦੇ ਹਾਲਾਤ ਸਿਰਜਣਾ ਚਾਹੁੰਦੀ ਹੈ ਜਿਸ ਬਾਰੇ ਇੰਨਾ ਹੀ ਕਹਿਣਾ ਕਾਫੀ ਹੈ ਕਿ ੪੧ ਸਾਲ ਪਹਿਲਾਂ ਜੂਨ ੨੮, ੧੯੭੫ ਵੇਲੇ ਦੀ ਘਟਨਾਂ ਬਾਦ ਆਉਂਦੀ ਹੈ ਜਦੋਂ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਭਾਰਤ ਅੰਦਰ ਹਰ ਇੱਕ ਤਰਾਂ ਦੇ ਸਮਾਜਿਕ ਤੇ ਸੰਵਿਧਾਨਕ ਹੱਕਾਂ ਤੇ ਪੂਰੀ ਤਰਾਂ ਪਾਬੰਦੀ ਲਾ ਦਿੱਤੀ ਗਈ ਸੀ ਤੇ ਉਸਦੇ ਵਿਰੋਧ ਵਿੱਚ ਭਾਰਤ ਦੇ ਮਸਹੂਰ ਅੰਗਰੇਜੀ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਆਪਣਾ ਸੰਪਾਦਕੀ ਪੰਨਾ ਬਿਲਕੁੱਲ ਕੋਰਾ ਹੀ ਛੱਡ ਦਿੱਤਾ ਸੀ। ਇੰਨਾ ਨਾ ਲਿਖੇ ਅੱਖਰਾਂ ਵਿੱਚ ਇਸ ਅਖਬਾਰ ਨੇ ਉਸ ਸਮੇਂ ਦੀ ਭਾਰਤੀ ਮਾਨਸਿਕਤਾ ਦਾ ਖੁੱਲੇਆਮ ਪ੍ਰਗਟਾਵਾ ਕੀਤਾ ਸੀ।

ਅੱਜ ਵੀ ਇਸੇ ਤਰਾਂ ਭਾਰਤ ਅੰਦਰ ਰਾਜਸੱਤਾ ਤੇ ਕਾਬਜ ਰਾਜ ਕਰ ਰਹੀ ਪਾਰਟੀ ਵੱਲੋਂ ਇਸ ਤਰਾਂ ਦਾ ਸਹਿਮ ਭਾਰਤੀ ਮਾਨਸਿਕਤਾ ਉੱਤੇ ਬਣਾਇਆ ਜਾ ਰਿਹਾ ਹੈ ਜਿਸਦੇ ਵਿਰੋਧ ਵਜੋਂ ਠੀਕ ੪੧ ਸਾਲ ਪਹਿਲਾਂ ਵਾਂਗ ੧੯ ਫਰਵਰੀ ਨੂੰ ਭਾਰਤ ਦੇ ਅਹਿਮ ਟੀ.ਵੀ ਚੈਨਲ ਐਨ.ਡੀ.ਟੀ.ਵੀ ਨੇ ਆਪਣੇ ਸਕਰੀਨ ਨੂੰ ਬਿਲਕੁੱਲ ਕੋਰਾ ਸਾਰਾ ਦਿਨ ਛੱਡੀ ਰੱਖਿਆ ਅਤੇ ਇਸ ਕੋਰੇ ਸਕਰੀਨ ਪਿੱਛੇ ਐਨ.ਡੀ.ਟੀ.ਵੀ ਦਾ ਸੰਚਾਲਕ ਰਵੀਸ਼ ਕੁਮਾਰ ਇੱਕ ਦਬੀ ਅਵਾਜ ਵਿੱਚ ਸਹਿਮ ਕੇ ਬੋਲਦਾ ਰਿਹਾ। ਅੱਜ ੪੧ ਸਾਲ ਪਹਿਲਾਂ ਐਲਾਨੀ ਐਮਰਜੈਂਸੀ ਵਾਂਗ ਉਸ ਖਿਲਾਫ ਉਠੀ ਅਵਾਜ ਭਾਵੇਂ ਮੁੱਖ ਰੂਪ ਵਿੱਚ ਸਵਰਗੀ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਵਿੱਚ ਸੀ ਪਰ ਉਸਦੇ ਮਗਰ ਮੁੱਖ ਭੂਮਿਕਾਂ ਤੇ ਮਜਬੂਤੀ ਦਾ ਕਾਰਨ ਕਾਲਜਾਂ ਤੇ ਵਿਸਵਵਿਆਲਿਆਂ ਵਿੱਚ ਪੜਦੇ ਹੋਏ ਵਿਦਿਆਰਥੀਆਂ ਦੀ ਹੀ ਸੀ।

ਅੱਜ ਫਿਰ ੪੧ ਸਾਲਾਂ ਮਗਰੋਂ ਇਸ ਸਹਿਮ ਅਤੇ ਵਖਰੇਵੇ ਵਿਚਾਰ ਤੇ ਦ੍ਰਿਸ਼ਟੀਕੋਨ ਨਾ ਚਾਹੁਣ ਵਾਲੀ ਰਾਜਸੱਤਾ ਖਿਲਾਫ ਮੁੜ ਵਿਦਿਆਰਥੀ ਵਰਗ ਵੱਲੋਂ ਸਮਾਜ ਵਿੱਚ ਭੈ-ਭੀਤ ਮਾਹੌਲ ਨੂੰ ਲਲਕਾਰਨ ਲਈ ਅਵਾਜ ਉਠੀ ਹੈ। ਇਹ ਅਵਾਜ ਭਾਵੇਂ ਪਹਿਲਾਂ ਹੈਦਰਾਬਾਦ ਵਿਸ਼ਵਦਿਆਲੇ ਵਿੱਚੋਂ ਇੱਕ ਦਲਿਤ ਪੀ.ਐਚ.ਡੀ. ਸਕਾਲਰ ਰੋਹਿਤ ਵਰਮੁੱਲਾ ਨੇ ਆਰੰਭੀ ਸੀ ਪਰ ਉਹ ਆਪਣੀ ਆਵਾਜ ਤੇ ਸੋਚ ਤਾਂ ਇੱਕ ਚਿੱਠੀ ਰਾਹੀਂ ਉਠਾ ਗਿਆ ਪਰ ਇਸ ਸਹਿਮ ਦੇ ਮਾਹੌਲ ਨੂੰ ਮਾਨਸਿਕ ਰੂਪ ਵਿੱਚ ਨਾ ਜਰ ਸਕਣ ਕਾਰਨ ਆਤਮ-ਬਲੀ ਦਾ ਸ਼ਿਕਾਰ ਹੋ ਗਿਆ। ਇਸ ਅਵਾਜ ਨੂੰ ਇੱਕ ਵਿਦਿਆਰਥੀ ਦੀ ਅਵਾਜ ਨਾ ਸਮਝਿਆ ਜਾਵੇ ਸਗੋਂ ਭਾਰਤ ਵਿੱਚ ਵੱਧ ਰਿਹਾ ਜਾਤੀਵਾਦ, ਧਰਮ ਨਿਰਪੱਖਤਾ ਦੀ ਘਾਟ ਅਤੇ ਸੋਚ-ਵਿਚਾਰਾਂ ਦੀ ਅਜ਼ਾਦੀ ਦੀ ਦਬ ਰਹੀ ਅਵਾਜ ਦਾ ਇੱਕ ਖੁੱਲੇਆਮ ਪ੍ਰਗਟਾਵੇ ਵਜੋਂ ਲਿਆ ਜਾਵੇ। ਜਿਸਦੀ ਆਵਾਜ ਅੱਜ ਵੀ ਭਾਰਤ ਦੀ ਪਾਰਲੀਮੈਂਟ ਅੰਦਰ ਇੱਕ ਅਹਿਮ ਬਹਿਸ ਦਾ ਮੁੱਦਾ ਬਣੀ ਹੋਈ ਹੈ।

ਇਸੇ ਤਰਾਂ ਇਸ ਲੜੀ ਨੂੰ ਅੱਗੇ ਤੋਰਦਿਆਂ ਭਾਰਤ ਦੀ ਅਹਿਮ ਜਵਾਹਰ ਲਾਲ ਨਹਿਰੂ ਵਿਸ਼ਵਵਿਦਿਆਲਾ ਦਿੱਲੀ ਵਿੱਚ ਵੀ ਵਿਦਿਆਰਥੀ ਵਰਗ ਦੇ ਪ੍ਰਧਾਨ ਘਨਈਆ ਕੁਮਾਰ ਵੱਲੋਂ ਵੀ ਜ਼ੋਰਦਾਰ ਅਵਾਜ਼ ਵਿੱਚ ਰੋਹਿਤ ਵਰਮੁੱਲਾ ਦੇ ਵਿਚਾਰਾਂ ਤੇ ਇਸ ਭਾਰਤੀ ਸਹਿਮ ਤੇ ਘੁਟਨ ਦੇ ਮਾਹੌਲ ਬਾਰੇ ਅਵਾਜ ਖੜੀ ਕੀਤੀ ਹੈ। ਭਾਵੇਂ ਇਸ ਕਾਰਨ ਘਨੱਈਆ ਕੁਮਾਰ ਨੂੰ ਦੇਸ਼ ਧ੍ਰੋਹੀ ਦੀ ਧਾਰਾ ਲਾ ਕੇ ਜੇਲ ਵੀ ਛੱਡ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਸਮਾਜ ਤੇ ਵਿਦਿਆਰਥੀ ਵਰਗ ਸਮੂਹ ਵੱਲੋਂ ਮਿਲੇ ਸਮਰਥਨ ਕਰਕੇ ਭਾਰਤੀ ਸਰਕਾਰ ਨੂੰ ਸ਼ਰਤਾਂ ਅਧੀਨ ਜਮਾਨਤ ਤੇ ਛੱਡਣਾ ਪਿਆ ਤੇ ਉਸਨੇ ਆਪਣੀ ਰਿਹਾਈ ਤੋਂ ਬਾਅਦ ਪਹਿਲੀ ਟਿੱਪਣੀ ਇਹ ਕੀਤੀ ਕਿ ਅਸੀਂ ਦੇਸ਼ ਧ੍ਰੋਹੀ ਨਹੀਂ ਹਾਂ ਸਗੋਂ ਸਮਾਜ ਦਾ ਜਨਤਕ ਹਿੱਸਾ ਹੋਣ ਕਾਰਨ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਦੇਸ਼ ਤੋਂ ਅੱਡ ਹੋਣ ਦੀ ਗੱਲ ਨਹੀਂ ਕਰ ਰਹੇ ਸਗੋਂ ਭਾਰਤੀ ਰਾਜਸੱਤਾ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਭਾਰਤ ਅੰਦਰ ਹੀ ਰਹਿ ਕੇ ਵਿਚਾਰਾਂ, ਸੋਚ ਅਤੇ ਵੱਖਰੇ ਦ੍ਰਿਸ਼ਟੀਕੋਣ ਦੀ ਅਜ਼ਾਦੀ ਚਾਹੁੰਦੇ ਹਾਂ। ਜਿਥੇ ਕਿਸੇ ਡਰ, ਸਹਿਮ ਤੋਂ ਬਿਨਾਂ ਖੁੱਲ ਕੇ ਸਮਾਜ ਅੰਦਰ ਪੜਿਆ, ਲਿਖਿਆ ਤੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਜਾ ਸਕੇ।