5 ਜਨਵਰੀ ਨੂੰ ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਫਿਰੋਜ਼ਪੁਰ ਜਿਲ੍ਹੇ ਵਿੱਚ ਇੱਕ ਰਾਜਸੀ ਰੈਲੀ ਕਰਨੀ ਸੀ ਜਿਸ ਵਿੱਚ ਉਨ੍ਹਾਂ ਨੇ ਸਿੱਖਾਂ ਨਾਲ ਅਤੇ ਪੰਜਾਬ ਨਾਲ ਇੱਕ ਚੰਗਾ ਰਿਸ਼ਤਾ ਗੰਢਣ ਦਾ ਯਤਨ ਕਰਨਾ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਕਾਸ਼ ਪੁਰਬ ਉੱਤੇ ਤਿੰਨ ਖੇਤੀ ਕਨੂੰਨ ਵਾਪਸ ਲੈ ਲੈਣ ਤੋਂ ਬਾਅਦ, ਨਰਿੰਦਰ ਮੋਦੀ ਨੇ ਵੱਖ ਵੱਖ ਸਿੱਖ ਵਿਦਵਾਨਾਂ ਅਤੇ ਪਰਮੁੱਖ ਸਿੱਖ ਸਿਆਸਤਦਾਨਾਂ ਨਾਲ ਸੰਪਰਕ ਸਾਧਿਆ ਹੋਇਆ ਸੀ ਤਾਂ ਕਿ ਸਿੱਖ ਕੌਮ ਦੇ ਜਜਬਾਤਾਂ ਨੂੰ ਸਮਝ ਕੇ ਉਨ੍ਹਾਂ ਦਾ ਕੁਝ ਹੱਲ ਕੀਤਾ ਜਾ ਸਕੇ ਅਤੇ ਬਹੁਤ ਲੰਬੇ ਸਮੇਂ ਤੋਂ ਜੋ ਸੰਵਾਦ ਦਾ ਪਾੜਾ ਪਿਆ ਹੋਇਆ ਹੈ ਉਸ ਨੂੰ ਕਿਸੇ ਢੰਗ ਨਾਲ ਪੂਰਨ ਦਾ ਯਤਨ ਸ਼ੁਰੂ ਕੀਤਾ ਜਾ ਸਕੇ। ਖੇਤੀ ਕਨੂੰਨ ਵਾਪਸ ਲੈਣ ਤੋਂ ਬਾਅਦ ਨਰਿੰਦਰ ਮੋਦੀ ਲਗਾਤਾਰ ਸਿੱਖ ਨੇਤਾਵਾਂ ਅਤੇ ਵਿਦਵਾਨਾਂ ਨਾਲ ਸੰਪਰਕ ਵਿੱਚ ਸਨ। ਉਨ੍ਹਾਂ ਦੀ ਮਦਦ ਨਾਲ 5 ਜਨਵਰੀ ਨੂੰ ਕੀਤੇ ਜਾਣ ਵਾਲੇ ਐਲਾਨ ਵੀ ਸਪਸ਼ਟ ਕਰ ਲਏ ਗਏ ਸਨ।

ਬੇਸ਼ੱਕ ਹਰ ਰਾਜਸੀ ਨੇਤਾ ਦੀ ਇੱਛਾ ਚੋਣਾਂ ਜਿੱਤਣ ਦੀ ਹੁੰਦੀ ਹੈ ਪਰ ਇਸ ਚੋਣ ਘੜਮੱਸ ਵਿੱਚ ਜੇ ਕੋਈ ਕੌਮ ਆਪਣੇ ਲੰਬੇ ਸਮੇਂ ਤੋਂ ਲਟਕਦੇ ਮਸਲੇ ਹੱਲ ਕਰਵਾ ਲੈਂਦੀ ਹੈ ਤਾਂ ਇਸ ਵਿੱਚ ਕੁਝ ਵੀ ਮਾੜਾ ਨਹੀ ਹੈ।

5 ਜਨਵਰੀ ਵਾਲੇ ਦਿਨ ਪਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੋਂ ਬਠਿੰਡਾ ਪਹੁੰਚ ਜਾਂਦੇ ਹਨ। ਪੰਜਾਬ ਦੇ ਖਜਾਨਾ ਮੰਤਰੀ ਮਨਪਰੀਤ ਸਿੰਘ ਬਾਦਲ ਉਨ੍ਹਾਂ ਦਾ ਹਵਾਈ ਅੱਡੇ ਉੱਤੇ ਸਵਾਗਤ ਕਰਦੇ ਹਨ। ਉੱਥੋਂ ਨਰਿੰਦਰ ਮੋਦੀ ਨੇ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਪਹੁੰਚਣਾਂ ਸੀ ਅਤੇ ਫਿਰ ਰੈਲੀ ਵਾਲੀ ਥਾਂ। ਮੌਸਮ ਦੀ ਖਰਾਬੀ ਕਾਰਨ ਆਖਰੀ ਮੌਕੇ ਤੇ ਹੈਲੀਕਾਪਟਰ ਰਾਹੀਂ ਜਾਣ ਦਾ ਵਿਚਾਰ ਤਿਆਗ ਦਿੱਤਾ ਗਿਆ ਅਤੇ ਸੜਕ ਰਾਹੀਂ ਲਗਭਗ 135 ਕਿਲੋਮੀਟਰ ਦਾ ਸਫਰ ਤੈਅ ਕਰਨ ਦਾ ਫੈਸਲਾ ਲਿਆ ਗਿਆ। ਸੜਕ ਰਾਹੀਂ ਉਨ੍ਹਾਂ ਲਗਭਗ 110 ਕਿਲੋਮੀਟਰ ਦਾ ਸਫਰ ਕਰ ਲਿਆ ਸੀ ਜਦੋਂ ਉਨ੍ਹਾਂ ਦਾ ਕਾਫਲਾ ਰੋਕ ਲਿਆ ਗਿਆ ਅਤੇ ਦੱਸਿਆ ਗਿਆ ਕਿ ਅੱਗੇ ਪਰਦਰਸ਼ਨਕਾਰੀਆਂ ਨੇ ਸੜਕ ਰੋਕੀ ਹੋਈ ਹੈ। ਆਖਰ ਪਰਧਾਨ ਮੰਤਰੀ ਨੂੰ ਰੈਲੀ ਸੰਬੋਧਨ ਕਰਨ ਤੋਂ ਬਿਨਾ ਹੀ ਵਾਪਸ ਜਾਣਾਂ ਪਿਆ। ਭਾਰਤ ਦੇ ਮੀਡੀਆ ਨੇ ਇਸ ਲਈ ਪੰਜਾਬੀਆਂ ਅਤੇ ਖਾਸ ਕਰ ਸਿੱਖਾਂ ਵਿਰੁੱਧ ਆਪਣੀ ਜਹਿਰੀਲੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਰ ਟੈਲੀਵਿਜ਼ਨ ਚੈਨਲ ਤੇ ਹੀ ਸਿੱਖਾਂ ਖਿਲਾਫ ਉਹੋ ਹੀ ਮੁਹਿੰਮ ਚਲਾਈ ਜਾ ਰਹੀ ਹੈ ਜੋ ਕਿਸਾਨ ਮੋਰਚੇ ਵੇਲੇ ਚਲਾਈ ਗਈ ਸੀ।

5 ਜਨਵਰੀ ਨੂੰ ਜੋ ਕੁਝ ਹੋਇਆ ਅਸੀਂ ਸਮਝਦੇ ਹਾਂ ਕਿ ਠੀਕ ਨਹੀ ਹੋਇਆ। ਇਹ ਬਿਲਕੁਲ ਮਾੜਾ ਹੋਇਆ। ਬਹੁਤ ਦੇਰ ਤੋਂ ਬਾਅਦ ਭਾਰਤ ਦੇ ਕਿਸੇ ਪਰਧਾਨ ਮੰਤਰੀ ਨੇ ਸਿੱਖਾਂ ਨਾਲ ਨਿੱਘਾ ਸਬੰਧ ਬਣਾਉਣ ਲਈ ਹੱਥ ਅੱਗੇ ਵਧਾਇਆ ਸੀ। ਅਸੀਂ ਇਨ੍ਹਾਂ ਕਾਲਮਾਂ ਵਿੱਚ ਪਹਿਲਾਂ ਵੀ ਲਿਖਦੇ ਆਏ ਹਾਂ ਕਿ ਸਾਨੂੰ ਦੇਸ਼ ਦੇ ਹਾਕਮਾਂ ਦੀ ਇਸ ਬਦਲੀ ਹੋਈ ਨੀਤੀ ਲਈ ਹੁੰਗਾਰਾ ਭਰਨਾ ਚਾਹੀਦਾ ਹੈ। ਗੁਰਬਾਣੀ ਅਤੇ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਅਸੀਂ ਆਪਣੇ ਵਿਰੋਧੀ ਨਾਲ ਵੀ ਸੰਵਾਦ ਰਚਾਉਣ ਤੋਂ ਕਦੇ ਪਾਸਾ ਨਹੀ ਵੱਟਣਾਂ। ਗੁਰੂ ਸਾਹਿਬ ਸਪਸ਼ਟ ਫੁਰਮਾਨ ਕਰਦੇ ਹਨ ਕਿ ਜਦੋਂ ਤੱਕ ਦੁਨੀਆਂ ਵਸਦੀ ਹੈ ਸਾਨੂੰ ਦੂਸਰੇ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਆਪਣੀ ਕਹਿਣੀ ਚਾਹੀਦੀ ਹੈ। ਛੇਵੇਂ ਪਾਤਸ਼ਾਹ ਦੀਆਂ ਜੰਗੀ ਮੁਹਿੰਮਾਂ ਤੋਂ ਬਾਅਦ ਸੱਤਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਰਾਇ ਸਾਹਿਬ ਕੋਲ 2500 ਘੋੜ ਸਵਾਰਾਂ ਦਾ ਦਸਤਾ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ ਸੀ ਪਰ ਗੁਰੂ ਸਾਹਿਬ ਨੇ ਕੋਈ ਜੰਗੀ ਮੁਹਿੰਮ ਨਹੀ ਛੇੜੀ। ਸਿੱਖ ਨੇ ਸਮੁੱਚੀ ਜਿੰਦਗੀ ਹੀ ਜੰਗ ਦੇ ਦਹਾਨੇ ਤੇ ਨਹੀ ਰਹਿਣਾਂ। ਇਤਿਹਾਸ ਵਿੱਚ ਅਜਿਹੇ ਸਮੇਂ ਵੀ ਆਉਂਦੇ ਹਨ ਜਦੋਂ ਹਥਿਆਰ ਹੁੰਦੇ ਹੋਏ ਵੀ ਕੌਮਾਂ ਸੰਵਾਦ ਨਾਲ ਅੱਗੇ ਵਧਦੀਆਂ ਹਨ।

ਨਰਿੰਦਰ ਮੋਦੀ ਦੇ ਕਾਫਲੇ ਅੱਗੇ ਜੋ ਲੋਕ ਆਏ ਕੀ ਉਹ ਅਚਾਨਕ ਆਏ ਜਾਂ ਪੰਜਾਬ ਦੋਖੀ ਤਾਕਤਾਂ ਨੇ ਜਾਣ ਬੁੱਝ ਕੇ ਲਿਆਂਦੇ ਇਹ ਹਾਲੇ ਅਗਲੇ ਦਿਨਾਂ ਵਿੱਚ ਸਪਸ਼ਟ ਹੋਵੇਗਾ ਪਰ ਇੱਕ ਗੱਲ ਪੱਕ ਨਾਲ ਕਹੀ ਜਾ ਸਕਦੀ ਹੈ ਕਿ 5 ਜਨਵਰੀ ਨੂੰ ਰੱਦ ਹੋਈ ਰੈਲੀ ਕਾਰਨ ਪੰਜਾਬ ਨੇ ਵੀ ਬਹੁਤ ਕੁਝ ਗਵਾਇਆ ਹੈ ਅਤੇ ਸਿੱਖਾਂ ਨੇ ਵੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਵੇ ਜਾਂ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੋਵੇ ਜਿਸ ਕਿਸਮ ਦੇ ਸੰਕੇਤ ਨਰਿੰਦਰ ਮੋਦੀ ਅਤੇ ਯੋਗੀ ਅਦਿੱਤਿਆਨਾਥ ਨੇ ਦਿੱਤੇ ਸਨ ਉਹ ਦਰਸਾਉਂਦੇ ਸਨ ਕਿ ਭਾਜਪਾ ਲੀਡਰਸ਼ਿੱਪ ਸਿੱਖਾਂ ਨਾਲ ਇੰਦਰਾ ਗਾਂਧੀ ਵਾਲਾ ਵਿਹਾਰ ਕਰਨ ਦੇ ਰੌਂਅ ਵਿੱਚ ਨਹੀ ਹੈ। ਉ੍ਹਹ ਸਿੱਖਾਂ ਵੱਲ ਹੱਥ ਵਧਾ ਰਹੇ ਸਨ ਜਿਸ ਨੂੰ ਸਮਝਣਾਂ ਚਾਹੀਦਾ ਸੀ। ਭਾਜਪਾ ਆਪਣੀਆਂ ਸਰਕਾਰਾਂ ਜਮ ਜਮ ਬਣਾਵੇ, ਜੇ ਸਿੱਖਾਂ ਦੇ ਮਸਲੇ ਹੱਲ ਕਰਦੀ ਹੈ ਤਾਂ।

ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੂੰ ਜਾਣ ਕੇ ਅਸੀਂ ਆਖ ਸਕਦੇ ਹਾਂ ਕਿ ਪੰਜਾਬ ਨੇ ਬਹੁਤ ਕੁਝ ਗਵਾ ਲਿਆ ਹੈ।

ਕੀ ਸੀ ਨਰਿੰਦਰ ਮੋਦੀ ਦੇ ਪਟਾਰੇ ਵਿੱਚ-

ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾਂ ਅਤੇ ਸ਼ਹਿਰ ਦੇ ਵਿਕਾਸ ਲਈ ਵੱਡੀ ਰਾਸ਼ੀ ਜਾਰੀ ਕਰਨੀ।

ਤਿੰਨ ਪਰਮੁੱਖ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਕੀਆਂ ਦੀ ਰਿਹਾਈ ਲਈ ਵਾਅਦਾ।

ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਭਾਰਤ ਸਰਕਾਰ ਵੱਲੋਂ ਸਾਲਾਨਾ ਬਹਾਦਰੀ ਇਨਾਮ ਸ਼ੁਰੂ ਕਰਨਾ।

ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੁਨੀਆਂ ਦੇ ਪਰਮੁਖ ਦੇਸ਼ਾਂ ਤੋਂ ਸਿੱਧੀਆਂ ਉਡਾਣਾਂ।

ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਬੰਗਲੌਰ ਅਤੇ ਪੂਨੇ ਦੀ ਤਰਜ਼ ਤੇ ਤਕਨੀਕੀ ਕੇਂਦਰ ਉਸਾਰਨਾ।

ਪੰਜਾਬ ਦੇ ਕਰਜੇ ਦਾ 25 ਹਜਾਰ ਕਰੋੜ ਮੁਆਫ ਕਰਨਾ।

ਸ਼ਰਹੱਦੀ ਜਿਲ੍ਹਿਆਂ ਨੂੰ ਸਨਅਤੀ ਵਿਕਾਸ ਲਈ ਵੱਡਾ ਆਰਥਕ ਪੈਕੇਜ ਦੇਣਾਂ।

ਪੰਜਾਬ ਦੀ ਕਿਸਾਨੀ ਨੂੰ ਰਵਾਇਤੀ ਫਸਲੀ ਚੱਕਰ ਵਿੱਚੋਂ ਕੱਢਣ ਲਈ 6 ਹਜਾਰ ਕਰੋੜ ਦੀ ਸਹਾਇਤਾ।

ਤਾਰ ਤੋਂ ਪਾਰ ਵਾਲੇ ਕਿਸਾਨਾਂ ਨੂੰ ਮਾਲਕਾਨਾਂ ਹੱਕ ਦੇਣੇ।

ਮੰਡੀ ਗੋਬਿੰਦਗੜ੍ਹ ਨੂੰ ਸਟੀਲ ਸਿਟੀ ਦਾ ਦਰਜਾ ਦੇਣਾਂ।

ਇਹ ਕੁਝ ਪਰਮੁੱਖ ਐਲਾਨ ਸਨ ਜੋ 5 ਜਨਵਰੀ ਨੂੰ ਹੋਣੋ ਰੋਕ ਲਏ ਗਏ। ਇਸ ਲਈ ਜਿੰਮੇਵਾਰ ਕੌਣ ਹੈ-ਪੰਜਾਬ ਵਿਰੋਧੀ ਅਫਸਰਸ਼ਾਹੀ,ਕੁਝ ਚਤੁਰ ਸਿਆਸਤਦਾਨ ਜਾਂ ਕੋਈ ਹੋਰ। ਇਹ ਗੱਲਾਂ ਗੁਪਤ ਹੀ ਰਹਿਣਗੀਆਂ। ਪਰ ਜੋ ਵੀ ਹੋਇਆ ਮਾੜਾ ਹੋਇਆ। ਇਹ ਪੰਜਾਬ ਦੀ ਰਵਾਇਤ ਨਹੀ ਹੈੈ।