ਪਿਛਲੇ ਦਿਨੀ ਅੱਤ ਸੁਰੱਖਿਅਤ ਜੇਲ੍ਹ ਨਾਭਾ ਵਿਖੇ ਇੱਕ ਘਟਨਾ ਵਾਪਰੀ ਜਿਸ ਵਿੱਚ ਭਾਈ ਹਰਮਿੰਦਰ ਸਿੰਘ ਸਮੇਤ ਕੁਝ ਹਵਾਲਾਤੀ ਜੇਲ੍ਹ ਵਿੱਚੋਂ ਫਰਾਰ ਹੋ ਗਏ। ਖ਼ਬਰਾਂ ਅਨੁਸਾਰ ਉਨ੍ਹਾਂ ਦੇ ਕੁਝ ਸਾਥੀਆਂ ਨੇ ਨਾਭਾ ਜੇਲ੍ਹ ਉਤੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਤੋਂ ਬਾਅਦ ਪੰਜ ਹਵਾਲਾਤੀ ਜੇਲ੍ਹ ਵਿੱਚੋਂ ਫਰਾਰ ਹੋ ਗਏ। ਪੰਜਾਬ ਵਿੱਚ ਇੱਕਦਮ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਚੌਕਸ ਕਰ ਦਿੱਤਾ ਅਤੇ ਬਹੁਤ ਦੇਰ ਤੋਂ ਬੰਦੇ ਮਾਰਨ ਦੀ ਆਪਣੀ ਪਿਆਸ ਨੂੰ ਬੁਝਾਉਣ ਲਈ ਤਿਆਰ ਬੈਠੀ ਪੰਜਾਬ ਦੀ ਪੁਲਿਸ ਨੇ ਪੈਂਦੀ ਸੱਟੇ ਸਮਾਣਾਂ ਲਾਗੇ ਪੁਰਾਣੇ ਸਮਿਆਂ ਵਾਂਗ ਨਾਕਾ ਲਗਾਕੇ ਆਪਣੀ ਬਹਾਦਰੀ ਦਿਖਾਉਣੀ ਅਰੰਭ ਕਰ ਦਿੱਤੀ।
ਸੁਰੱਖਿਆ ਦੇ ਨਾਅ ਤੇ ਰਾਹਗੀਰਾਂ ਦੀ ਤਲਾਸ਼ੀ ਕਰਨ ਦੇ ਬਹਾਨੇ ਉਨ੍ਹਾਂ ਦਾ ਸਮਾਨ ਫੋਲਣਾਂ ਅਰੰਭ ਕਰ ਦਿੱਤਾ। ਨਾਕੇ ਤੇ ਜਦੋਂ ਇੱਕ ਕਾਰ ਨੇ ਰੁਕਣ ਵਿੱਚ ਕੁਝ ਸਮਾਂ ਲੈ ਲਿਆ ਤਾਂ ਬਹਾਦਰ ਪੁਲਿਸ ਨੇ ਇੱਕਦਮ ਫਾਇਰ ਕਰਕੇ ਇੱਕ ਮਾਸੂਮ ਬੱਚੀ ਬੱਚੀ ਨੂੰ ਥਾਏਂ ਕਤਲ ਕਰ ਦਿੱਤਾ। ਉਹ ਬੱਚੀ ਗੈਰ-ਸਿੱਖ ਪਰਿਵਾਰ ਦੀ ਦੱਸੀ ਜਾਂਦੀ ਹੈ। ਵੇਖਣ ਵਾਲੇ ਦੱਸਦੇ ਹਨ ਕਿ ਨਾਕਾ ਲਗਾਕੇ ਖੜ੍ਹੀ ਪੁਲਿਸ ਪਾਰਟੀ ਨੇ ਬਿਨਾ ਕੋਈ ਚਿਤਾਵਨੀ ਦਿੱਤੇ ਅਤੇ ੁuਸ ਕਾਰ ਨੂੰ ਘੇਰ ਕੇ ਰੋਕਣ ਦਾ ਯਤਨ ਕਰਨ ਦੇ ਸਿੱਧੀ ਗੋਲੀ ਚਲਾ ਦਿੱਤੀ।
ਬਹੁਤ ਦੇਰ ਤੋਂ ਪੰਜਾਬ ਪੁਲਿਸ ਅਜਿਹੀ ਦਹਿਸ਼ਤੀ ਅਯਾਸ਼ੀ ਕਰਨ ਤੋਂ ਆਪਣੇ ਆਪ ਨੂੰ ਰੋਕੀ ਬੈਠੀ ਸੀ ਜੋ ਮਾੜੀ ਜਿਹੀ ਘਟਨਾ ਹੋਣ ਦੇ ਨਾਲ ਹੀ ਆਪਣਾਂ ਵਹਿਸ਼ਤੀ ਖਾਸਾ ਦਿਖਾਉਣ ਤੇ ਉਤਰ ਆਈ।
ਇਸ ਘਟਨਾ ਵੇਲੇ ਇਹ ਗੱਲ ਵੀ ਰੌਚਕ ਅਤੇ ਦਿਲਚਸਪ ਵਰਤੀ ਕਿ ਪੁਲਿਸ ਦੇ ਦਹਿਸ਼ਤੀ ਵਰਤਾਰੇ ਦੇ ਖਿਲਾਫ ਆਪਣਾਂ ਗੁੱਸਾ ਬਹੁਤ ਦੇਰ ਤੋਂ ਕਾਬੂ ਰੱਖਕੇ ਬੈਠੇ ਅਣਖੀਲੇ ਸਿੱਖਾਂ ਨੇ ਵੀ ਆਪਣੀ ਹੱਦ ਨੂੰ ਪਾਰ ਕਰਨ ਲੱਗਿਆਂ ਮਿੰਟ ਨਾ ਲਾਇਆ। ਲੋਕਾਂ ਦੀਆਂ ਧੀਆਂ ਭੈਣਾਂ ਦੀ ਹਮੇਸ਼ਾ ਰਾਖੀ ਕਰਦੇ ਆਏ ਸਿੱਖਾਂ ਨੇ ਇੱਕਦਮ ਆਪਣਾਂ ਧਾਰਮਕ ਫਰਜ਼ ਸਮਝਦਿਆਂ ਉਸ ਨਾਕੇ ਤੇ ਖੜ੍ਹੇ ਸਾਰੇ ਪੁਲਿਸ ਮੁਲਾਜਮਾਂ ਨੂੰ ਘੇਰ ਲਿਆ। ਪੁਲਿਸ ਦੇ ਜਬਰ ਦੀ ਮਸ਼ੀਨਰੀ ਉਨ੍ਹਾਂ ਦੇ ਹਥਿਆਰਾਂ ਦੀ ਦਹਿਸ਼ਤ ਵੀ ਅਣਖੀਲੇ ਸਿੱਖਾਂ ਦੇ ਰਾਹ ਨਾ ਰੋਕ ਸਕੀ ਅਤੇ ਉਨ੍ਹਾਂ ਹਥਿਆਰਾਂ ਨਾਲ ਲੈਸ ਅੱਥਰੇ ਹੋਏ ਪੁਲਿਸ ਅਫਸਰਾਂ ਨੂੰ ਹੱਥੋ ਹੱਥੀ ਫੜ ਲਿਆ।
ਜਿਵੇਂ ਇੱਕ ਬਜ਼ੁਰਗ ਪੁਲਿਸ ਵਾਲਿਆਂ ਦੇ ਨਾਕੇ ਵਾਲੇ ਬੈਰੀਅਰ ਨੂੰ ਧੱਕ ਕੇ ਪੁਲਿਸ ਦੀ ਗੱਡੀ ਦੇ ਸਾਹਮਣੇ ਲੈ ਆਇਆ ਅਤੇ ਆਪਣੇ ਗੁਰੂ ਦੇ ਥਾਪੜੇ ਅਧੀਨ ਵਕਤ ਦੇ ਜਾਬਰਾਂ ਨਾਲ ਭਿੜ ਗਿਆ ਉਹ ਸੱਚਮੁੱਚ ਜਾਗਦੇ ਹੋਏ ਪੰਜਾਬ ਦੀ ਨਿਸ਼ਾਨੀ ਹੈ।
ਪਿਛਲੇ ੩੦ ਸਾਲਾਂ ਦੌਰਾਨ ਸਿੱਖਾਂ ਤੇ ਜੁਲਮੋ-ਸਿਤਮ ਦੀ ਹਨੇਰੀ ਰਾਹੀਂ ਆਪਣੀ ਦਹਿਸ਼ਤ ਪਾ ਚੁੱਕੀ ਪੁਲਿਸ ਨੂੰ ਸ਼ਾਇਦ ਇਹ ਭਰਮ ਸੀ ਕਿ ਪੰਜਾਬ ਦੇ ਲੋਕਾਂ ਨੂੰ ਉਸ ਨੇ ਹਮੇਸ਼ਾ ਹਮੇਸ਼ਾ ਲਈ ਦਬਾ ਲਿਆ ਹੈ ਪਰ ਸਮਾਣੇ ਵਾਲੀ ਘਟਨਾ ਨੇ ਸਿੱਧ ਕਰ ਦਿੱਤਾ ਹੈ ਕਿ ਬਹਾਦਰ ਸਿੱਖ ਸਿਰਫ ਵਕਤ ਦੀ ਹੀ ਉਡੀਕ ਕਰ ਰਹੇ ਹਨ। ਜਦੋਂ ਵਾਹਿਗੁਰੂ ਨੇ ਉਹ ਵਕਤ ਬਖਸ਼ ਦਿੱਤਾ ਤਾਂ ਇਹ ਦਹਿਸ਼ਤ ਲੋਕਾਂ ਨੇ ਘੰਟਿਆਂ ਵਿੱਚ ਹੀ ਖਤਮ ਕਰ ਦੇਣੀ ਹੈ।
ਪੁਲਿਸ ਦੀ ਦਹਿਸ਼ਤ ਵੀ ਅਤੇ ਪੰਜਾਬ ਦੀ ਸੱਤਾ ਤੇ ਕਾਬਜ ਲੋਕਾਂ ਦੀ ਦਹਿਸ਼ਤ ਵੀ।
ਇਸਦੇ ਨਾਲ ਹੀ ਇੱਕ ਛੋਟੇ ਜਿਹੇ ਬੱਚੇ ਦੀ ਵੀਡੀਓ ਵੀ ਬਹੁਤ ਵੱਡੀ ਪੱਧਰ ਤੇ ਡਾਊਨਲੋਡ ਹੋਈ ਹੈ ਜਿਸ ਵਿੱਚ ਉਹ ਹਾਕਮਾਂ ਦੀ ਸਾਸੀ ਦਹਿਸ਼ਤ ਨੂੰ ਸਪਸ਼ਟ ਚੁਣੌਤੀ ਦੇ ਰਿਹਾ ਹੈ। ਪੰਜਾਬ ਦੀ ਧਰਤੀ ਤੇ ਜੰਮੇ ਉਸ ਬਹਾਦਰ ਬੱਚੇ ਨੇ ਜਿਸ ਸਿਦਕਦਿਲੀ ਨਾਲ ਹਾਕਮਾਂ ਦੀ ਦਹਿਸ਼ਤ ਨੂੰ ਤੋੜਨ ਦਾ ਯਤਨ ਕੀਤਾ ਹੈ ਅਸੀਂ ਸਮਝਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਨਰੋਆ ਅਤੇ ਸਾਰਥਕ ਕਦਮ ਹੈ।
ਪੰਜਾਬ ਇਸ ਵੇਲੇ ਇਸ ਦੁਵੱਲੀ ਦਹਿਸ਼ਤ ਦੀ ਮਾਰ ਝੱਲ ਰਿਹਾ ਹੈ।
ਹਾਕਮਾਂ ਦੀ ਦਹਿਸ਼ਤ ਦੀ ਅਤੇ ਪੁਲਿਸ ਦੀ ਦਹਿਸ਼ਤ ਦੀ। ਸਮਾਣੇ ਦੇ ਬਹਾਦਰ ਸਿੱਖਾਂ ਨੇ ਪੁਲਿਸ ਦੀ ਦਹਿਸ਼ਤ ਨੂੰ ਤੋੜਨ ਦਾ ਪਹਿਲਾ ਯਤਨ ਕਰ ਲਿਆ ਹੈ। ਅਸੀਂ ਆਸ ਕਰਦੇ ਹਾਂ ਕਿ ਅਗਲੇ ਦਿਨਾਂ ਅਤੇ ਮਹੀਨਿਆਂ ਦੌਰਾਨ ਵੀ ਪੁਲਿਸ ਦੀ ਦਹਿਸ਼ਤ ਨੂੰ ਪੰਜਾਬ ਦੇ ਅਣਖੀ ਸਿੱਖ ਵਾਰ ਵਾਰ ਵੰਗਾਰਨਗੇ। ਜਿਸ ਦਿਨ ਪੰਜਾਬ ਵਿੱਚ ਲੋਕ ਪੁਲਿਸ ਨੂੰ ਇਸ ਤਰ੍ਹਾਂ ਹੱਥੋ ਹੱਥੀ ਪੈਣ ਲੱਗ ਪਏ ਉਸੇ ਦਿਨ ਦੀ ਪੰਜਾਬ ਵਿੱਚੋਂ ਗੈਰ-ਜਮਹੂਰੀ ਰਾਜਨੀਤੀ ਦਾ ਵੀ ਖਾਤਮਾ ਹੋ ਜਾਵੇਗਾ।
ਉਸ ਵੇਲੇ ਫਿਰ ਪੰਥ ਲਈ ਜਾਨਾ ਵਾਰਨ ਵਾਲੇ ਸੱਚੇ ਸੁੱਚੇ ਬਜ਼ੁਰਗਾਂ ਅਤੇ ਨੌਜਵਾਨਾਂ ਦਾ ਅਕਾਲੀ ਦਲ ਪੈਦਾ ਹੋਵੇਗਾ ਜੋ ਆਪਣੀ ਸ਼ਕਤੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜਾਂ ਤਖਤਾਂ ਤੋਂ ਲੈ ਕੇ ਦਿੱਲੀ ਦੇ ਤਾਜਦਾਰਾਂ ਨੂੰ ਇਸੇ ਤਰ੍ਹਾਂ ਵੰਗਾਰੇਗਾ ਜਿਸ ਤਰ੍ਹਾਂ ਸਮਾਣੇ ਦੇ ਬਹਾਦਰ ਸਿੱਖਾਂ ਨੇ ਪੁਲਿਸ ਨੂੰ ਵੰਗਾਰਿਆ ਹੈ। ਅਕਾਲੀ ਦਲ ਸਾਡੇ ਵਰਗੇ ਕਿਰਤੀ ਅਤੇ ਪੰਜਾਬ ਦਾ ਭਲਾ ਚਾਹੁੰਣ ਵਾਲੇ ਸਿਰਲੱਥ ਸੂਰਮਿਆਂ ਦੀ ਪਾਰਟੀ ਸੀ ਜਿਸ ਨੂੰ ਗਲਤ ਲੋਕਾਂ ਨੇ ਅਗਵਾ ਕਰ ਲਿਆ ਹੈ ਪੁਲਿਸ ਦੀ ਦਹਿਸ਼ਤ ਨਾਲ। ਹੁਣ ਜਿਵੇਂ ਪੰਜਾਬ ਵਿੱਚੋਂ ਪੁਲਿਸ ਅਤੇ ਸਿਆਸੀ ਲੰਬੜਦਾਰਾਂ ਨੂੰ ਛੋਟੇ-ਛੋਟੇ ਬੱਚਿਆਂ ਵੱਲੋਂ ਵੰਗਾਰਿਆ ਜਾਣ ਲੱਗਾ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਅਕਾਲੀ ਦਲ ਵੀ ਵਾਗਡੋਰ ਉਨ੍ਹਾਂ ਵੀਰਾਂ ਦੇ ਹੱਥ ਹੋਵੇਗੀ ਜਿਨ੍ਹਾਂ ਨੇ ਜੂਨ ੧੯੮੪ ਦੇ ਘੱਲੂਘਾਰੇ ਤੋਂ ਬਾਅਦ ਆਪਣੇ ਜੀਵਨ, ਆਪਣੇ ਘਰਾਂ ਅਤੇ ਆਪਣੇ ਸਮਾਜਕ ਕੈਰੀਅਰ ਦਾ ਤਿਆਗ ਕਰਕੇ ਰਣਤੱਤੇ ਵਿੱਚ ਕੁੱਦਣ ਨੂੰ ਪਹਿਲ ਦਿੱਤੀ ਸੀ।
ਉਸ ਲਹਿਰ ਦੇ ਜਿਹੜੇ ਸੁਹਿਰਦ ਵੀਰ ਹਾਲੇ ਗੁੰਮਨਾਮੀ ਵਿੱਚ ਜੀਅ ਰਹੇ ਹਨ, ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਅਕਾਲੀ ਦਲ ਦੀ ਡੋਰ ਉਨ੍ਹਾਂ ਦੇ ਹੱਥ ਵਿੱਚ ਹੋਵੇਗੀ।