੮ ਨਵੰਬਰ, ੨੦੧੬ ਨੂੰ ਰਾਤ ਦੇ ਅੱਠ ਵਜੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਦੇ ਨਾਮ ਸੰਦੇਸ਼ ਰਾਹੀਂ ਭਾਰਤੀ ਅਰਥ ਵਿਵਸਥਾ ਵਿੱਚ ਵੱਡੀ ਤਬਦੀਲੀ ਲਿਆਉਣ ਲਈ ਆਪਣੇ ਯਤਨ ਭਾਰਤੀ ਲੋਕਾਂ ਨਾਲ ਸਾਂਝੇ ਕੀਤੇ ਜਿਸ ਰਾਹੀਂ ਭਾਰਤ ਦੀ ਅਰਥ ਵਿਵਸਥਾ ਨੂੰ ਠੀਕ ਕਰਨ ਲਈ ਤੇ ਨਵੀਂ ਵਿਉਂਤਬੰਦੀ ਲਿਆਉਣ ਲਈ ਅੱਠ ਨਵੰਬਰ ਦੀ ਰਾਤ ਤੋਂ ਭਾਰਤ ਦੀ ਆਰਥਿਕਤਾਂ ਵਿੱਚੋਂ ੫੦੦ ਰੁਪਏ ਤੇ ੧੦੦੦ ਰੁਪਏ ਦੇ ਨੋਟ ਨੂੰ ਪੂਰੀ ਤਰਾਂ ਨਾਲ ਗੈਰ ਕਨੂੰਨੀ ਦੱਸ ਦੇ ਲੋਕਾਂ ਦੀ ਰੋਜ਼ਮਰਾ ਦੀ ਜਿੰਦਗੀ ਵਿਚੋਂ ਪੂਰੀ ਤਰ੍ਹਾਂ ਖਤਮ ਕਰ ਦੇਣ ਦਾ ਐਲਾਨ ਕਰ ਦਿੱਤਾ। ਇਸੇ ਸੰਦੇਸ਼ ਰਾਹੀਂ ਭਾਰਤੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਹੁਣ ਤੋਂ ੫੦੦ ਰੁਪਏ ਤੇ ੧੦੦੦ ਰੁਪਏ ਦੇ ਨੋਟ ਇੱਕ ਤਰਾਂ ਨਾਲ ਗੈਰ ਕਨੂੰਨੀ ਹਨ ਤੇ ਭਾਰਤੀ ਅਰਥਿਕਤਾ ਵਿਚੋਂ ਪੂਰੀ ਤਰਾਂ ਖਤਮ ਕਰ ਦਿੱਤੇ ਗਏ। ੩੧ ਦਸੰਬਰ ਤੱਕ ਭਾਰਤੀ ਲੋਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਘਰਾਂ ਜਾਂ ਹੋਰ ਵਸੀਲੇ ਦੇ ਸਾਧਨਾਂ ਵਿੱਚ ਇਹ ਨੋਟ ਸਰਕਾਰੀ ਤੇ ਗੈਰ ਸਰਕਾਰੀ ਬੈਂਕਾਂ ਵਿੱਚ ਜਮਾਂ ਕਰਾ ਦੇਣ। ੩੧ ਦਸੰਬਰ ਤੋਂ ਬਾਅਦ ਇਹ ਲੈਣ ਦੇਣ ਪੂਰੀ ਤਰਾਂ ਬੰਦ ਹੋ ਜਾਵੇਗਾ। ਇਸ ਦੇ ਬਦਲ ਵਜੋਂ ਭਾਰਤੀ ਆਰਥਿਕਤਾ ਵਿੱਚ ਦੋ ਹਜ਼ਾਰ ਰੁਪਏ ਦਾ ਤੇ ੫੦੦ ਰੁਪਏ ਦਾ ਨਵਾਂ ਨੋਟ ਬੈਂਕਾਂ ਰਾਹੀਂ ਅਤੇ ਏ.ਟੀ.ਐਮ. ਮਸ਼ੀਨਾਂ ਰਾਹੀਂ ਭਾਰਤੀ ਲੋਕਾਂ ਨੂੰ ਉਪਲਬਧ ਕੀਤਾ ਜਾਵੇਗਾ। ਇਸੇ ਐਲਾਨ ਅਨੁਸਾਰ ਇਹ ਵੀ ਕਿਹਾ ਗਿਆ ਹੈ ਕਿ ਹਰ ਇੱਕ ਭਾਰਤੀ ਆਪਣੇ ਕੋਲ ਰੱਖੀ ੨.੫੦ ਲੱਖ ਤੱਕ ਦੀ ਰਕਮ ਬਗੈਰ ਕਿਸੇ ਕਿੰਤੂ ਪ੍ਰੰਤੂ ਦੇ ਆਪਣੇ ਖਾਤੇ ਵਿੱਚ ਬੈਂਕ ਵਿੱਚ ਜਮਾਂ ਕਰਵਾ ਸਕਦਾ ਹੈ। ਇਸ ਤੋਂ ਵੱਡੀ ਰਕਮ ਤੇ ਆਮਦਨ ਵਿਭਾਗ ਵੱਲੋਂ ੫੦% ਤੋਂ ਉਪਰ ਕਰ ਲੱਗੇਗਾ ਤੇ ਇਸ ਦਾ ਵਸੀਲਾ ਵੀ ਆਮਦਨ ਵਿਭਾਗ ਨਾਲ ਸਾਂਝਾ ਕਰਨਾ ਪਵੇਗਾ।

ਇਸ ਵੱਡੇ ਐਲਾਨ ਦੇ ਮਕਸਦ ਬਾਰੇ ਪ੍ਰਧਾਨ ਮੰਤਰੀ ਨੇ ਮੁੱਖ ਅਦੇਸ਼ ਇਹ ਦਿੱਤਾ ਹੈ ਕਿ ਇਸ ਤਬਦੀਲੀ ਨਾਲ ਭਾਰਤੀ ਲੋਕਾਂ ਕੋਲ ਪਿਆ ਅਣਦੱਸੇ ਰੁਪਏ ਬਾਰੇ ਪਤਾ ਲੱਗ ਸਕੇਗਾ ਤੇ ਉਸਤੇ ਰੋਕ ਵੀ ਲੱਗੇਗੀ। ਇਸਦਾ ਦੂਸਰਾ ਮੁੱਖ ਅਦੇਸ਼ ਇਹ ਦੱਸਿਆ ਗਿਆ ਕਿ ਇਸ ਵਿਉਂਤਬੰਦੀ ਨਾਲ ਭਾਰਤੀ ਆਰਥਿਕਤਾ ਵਿਚੋਂ ਅੱਤਵਾਦ ਦੀਆਂ ਸਰਗਰਮੀਆਂ ਲਈ ਵਰਤਿਆ ਜਾਂਦਾ ਜੋ ਧਨ ਹੈ ਉਸਤੇ ਵੀ ਰੋਕ ਲੱਗੇਗੀ। ਹਵਾਲਾ ਕਾਰੋਬਾਰ ਵੀ ਇਸ ਦੀ ਲਪੇਟ ਵਿੱਚ ਆ ਜਾਵੇਗਾ। ਇਸ ਵੱਡੇ ਕਦਮ ਨੂੰ ਭਾਰਤੀ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਚੁਕਿਆ ਹੋਇਆ ਸਭ ਤੋਂ ਅਹਿਮ ਫੈਸਲਾ ਕਰਾਰ ਦਿੱਤਾ ਤੇ ਕਿਹਾ ਕਿ ਮੈਂ ਕਾਲੇ ਧਨ ਤੇ ਅੱਤਵਾਦ ਨਾਲ ਜੁੜੇ ਰੁਪਏ ਨੂੰ ਇੱਕ ਕਦਮ ਵਿੱਚ ਹੀ ਸਾਫ ਕਰ ਦਿੱਤਾ। ਇਸ ਤਰਾਂ ਦੇ ਆਰਥਿਕ ਕਦਮ ਭਾਰਤ ਅੰਦਰ ਤਿੰਨ ਵਾਰ ਪਹਿਲਾਂ ਵੀ ਅਸਫਲ ਰਹਿ ਚੁੱਕੇ ਹਨ ਤੇ ਸਰਕਾਰਾਂ ਨੂੰ ਆਪਣੇ ਫੈਸਲੇ ਵਾਪਸ ਲੈਣੇ ਪਏ ਸਨ। ਇਸ ਅਹਿਮ ਆਰਥਿਕ ਕਦਮ ਕਾਰਨ ਭਾਰਤੀ ਰਾਜਨੀਤੀ ਵਿੱਚ ਬਹੁਤ ਵੱਡਾ ਆਰਥਿਕ ਵਿਵਾਦ ਖੜਾ ਹੋ ਗਿਆ ਹੈ ਤੇ ਇੱਕ ਤਰਾਂ ਨਾਲ ਭਾਰਤੀ ਰਾਜਨੀਤੀ ਪੂਰੀ ਤਰਾਂ ਨਾਲ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ ਤੇ ਅੱਜ ੧੯ ਦਿਨਾਂ ਬਾਅਦ ਵੀ ਸਰਕਾਰ ਇਸ ਆਰਥਿਕ ਕਦਮ ਨੂੰ ਕਿਸੇ ਤਰਾਂ ਵੀ ਸਾਰਥਿਕ ਕਦਮ ਅਧੀਨ ਨਹੀਂ ਲਿਆ ਸਕੀ ਹੈ।

ਇਸ ਫੈਸਲੇ ਬਾਰੇ ਭਾਰਤ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਜੋ ਕਿ ਸੰਸਾਰ ਪੱਧਰ ਤੇ ਪੇਸ਼ੇ ਵਜੋਂ ਉੱਘੇ ਅਰਥ ਸ਼ਾਸਤਰੀ ਵੀ ਮੰਨੇ ਜਾਂਦੇ ਨੇ ਸਵਾਲ ਉਠਾਉਂਦਿਆਂ ਹੋਇਆ ਇਸ ਕਦਮ ਨੂੰ ਸਰਕਾਰ ਵੱਲੋਂ ਕੀਤੀ ਗਈ ਵਿਉਂਤਬੰਦੀ ਤੇ ਯੋਜਨਾਮਈ ਤਰੀਕੇ ਨਾਲ ਆਮ ਜਨਤਾ ਦੀ ਆਰਥਿਕ ਲੁੱਟ ਕਰਾਰ ਦਿੱਤਾ ਹੈ। ਇਸ ਫੈਸਲੇ ਨੂੰ ਭਾਰਤੀ ਸਰਕਾਰ ਦਾ ਇੱਕ ਬਹੁਤ ਵੱਡਾ ਘੁਟਾਲਾ ਦਸਿਆ ਹੈ ਜਿਸ ਕਾਰਨ ਭਾਰਤੀ ਅਰਥ ਵਿਵਸਥਾ ਪੂਰੀ ਤਰਾਂ ਲੀਹ ਤੋਂ ਲਹਿ ਕੇ ਲੜਖੜਾ ਗਈ ਹੈ। ਆਮ ਆਦਮੀ ਨੂੰ ਆਪਣੀ ਰੋਜੀ ਰੋਟੀ ਦੇ ਫਾਕੇ ਪੈ ਗਏ ਹਨ। ਲੱਖਾਂ ਹੀ ਲੋਕਾਂ ਇੰਨਾਂ ਦਿਨਾਂ ਵਿੱੱਚ ਆਪਣੇ ਰੋਜਗਾਰ ਤੋਂ ਸੱਖਣੇ ਹੋ ਕਿ ਭਾਰਤੀ ਲੰਮੀ ਬੇਰੁਜ਼ਗਾਰੀ ਦੀ ਕਤਾਰ ਵਿੱਚ ਜਾ ਖੜੇ ਹੋਏ ਹਨ। ਭਾਰਤ ਹੀ ਅੱਜ ਦੁਨੀਆਂ ਦਾ ਇਕੋ ਇੱਕ ਮੁਲਕ ਹੈ ਜਿਸ ਵਿੱਚ ਲੋਕ ਆਪਣੀ ਹੱਕ ਦੀ ਕਮਾਈ ਨੂੰ ਵੀ ਬੈਂਕਾਂ ਤੇ ਬੈਂਕਾ ਦੀਆਂ ਮਸ਼ੀਨਾਂ ਵਿਚੋਂ ਲੋੜ ਅਨੁਸਾਰ ਕਢਵਾ ਵੀ ਨਹੀਂ ਸਕਦੇ ਤੇ ਇਸ ਕਦਮ ਨਾਲ ਲੋਕਾਂ ਵੱਲੋਂ ਰੱਖੇ ਵਿਆਹ ਸ਼ਾਦੀਆਂ ਤੋਂ ਹੋਰ ਪ੍ਰੋਗਰਾਮ ਪੂਰੀ ਤਰਾਂ ਖਿੱਲਰ ਗਏ ਹਨ। ਇਸ ਕਦਮ ਨਾਲ ਕਾਲੇ ਧਨ ਨੂੰ ਉਘੇ ਅਰਥ ਸ਼ਾਸਤਰੀਆਂ ਅਨੁਸਾਰ ਦੋ ਜਾਂ ਤਿੰਨ ਪ੍ਰਤੀਸ਼ਤ ਠੱਲ ਪੈਣ ਦਾ ਅਨੁਮਾਨ ਹੈ। ਇਸ ਕਦਮ ਨਾਲ ਇੰਨਾ ਵੱਲੋਂ ਜੋ ਅੱਤਵਾਦ ਦਾ ਆਰਥਿਕ ਰਾਹ ਰੋਕਣ ਦਾ ਗੱਲ ਕਹੀ ਗਈ ਹੈ ਉਸਦੀ ਤਾਜਾ ਮਿਸਾਲ ਕੱਲ ਕਸ਼ਮੀਰ ਅੰਦਰ ਸੱਤ ਨੌਜਵਾਨ ਭਾਰਤੀ ਸੈਨਿਕਾਂ ਦੀ ਸ਼ਹੀਦੀ ਇਸ ਕਦਮ ਦਾ ਖੁਲਾਸਾ ਕਰਦੀ ਹੈ ਤੇ ਇੰਨਾ ਹੀ ਅੱਤਵਾਦੀਆਂ ਕੋਲੋਂ ਨਵੇਂ ਦੋ ਹਜ਼ਾਰ ਰੁਪਏ ਦੇ ਨੋਟ ਵੀ ਬਰਾਮਦ ਕੀਤੇ ਗਏ ਦਰਸਾਏ ਹਨ। ਇੰਨਾ ਹਮਲਾਵਰਾਂ ਨੂੰ ਸਰਕਾਰ ਵੱਲੋਂ ਸਰਹੱਦੋਂ ਪਾਰ ਤੋਂ ਆਏ ਦਸਿਆ ਗਿਆ ਹੈ। ਇਸ ਆਰਥਿਕ ਕਦਮ ਨੇ ਜੋ ਭਾਰਤ ਦੀ ਤਰੱਕੀ ਦੀ ਯੋਗਤਾ ਸੀ ਉਸਨੂੰ ਵੀ ਪੂਰੀ ਤਰਾਂ ਨਾਲ ਲੀਹ ਤੋਂ ਉਤਾਰ ਦਿੱਤਾ ਹੈ। ਛੋਟੇ ਤੇ ਦਰਮਿਆਏ ਕਾਰੋਬਾਰ ਇਸ ਨਾਲ ਬੁਰੀ ਤਰਾਂ ਪ੍ਰਭਾਵਤ ਹੋਏ ਹਨ ਤੇ ਇੱਕ ਤਰਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਇਹ ਕਾਰੋਬਾਰ ਬੰਦ ਹੋਣ ਦੇ ਆਸਰ ਵੀ ਸਾਫ ਦਿਖਾਈ ਦੇ ਰਹੇ ਹਨ। ਇਸ ਗੈਰ ਵਿਉਂਤਬੰਦੀ ਤੇ ਯੋਜਨਾਹੀਣ ਕਦਮ ਸਦਕਾ ਭਾਰਤ ਦੀ ੬੭% ਵਸੋਂ ਜੋ ਕਿ ਪਿੰਡਾ ਨਾਲ ਸਬੰਧਿਤ ਹੈ ਪੂਰੀ ਤਰਾਂ ਨਾਲ ਹਿੱਲ ਗਈ ਹੈ। ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦੀ ਆਪਣੀ ਫਸਲ ਦਾ ਵੀ ਕੋਈ ਭੁਗਤਾਨ ਹੋਣ ਦਾ ਨੇੜੇ ਭਵਿੱਖ ਵਿੱਚ ਰਸਤਾ ਦਿਖਾਈ ਨਹੀਂ ਦੇ ਰਿਹਾ। ਇਸੇ ਤਰਾਂ ਜੋ ਬੈਂਕਾਂ ਦੀਆਂ ਕੁੱਲ ਪੈਸੇ ਕੱਢਣ ਵਾਲੀਆਂ ੨.੫ ਲੱਖ ਦੇ ਕਰੀਬ ਮਸ਼ੀਨਾਂ ਹਨ ਉਹ ਵੀ ਦੁਬਾਰਾ ਤੋਂ ਨਵੇਂ ਨੋਟ ਕੱਢਣ ਦੇ ਯੋਗ ਬਣਾਉਣ ਲਈ ਮਹੀਨਿਆਂ ਬੱਧੀ ਸਮਾਂ ਲੱਗਣ ਦਾ ਅਨੁਸਾਨ ਹੈ ਤੇ ਇੰਨਾਂ ਤੰਗੀਆਂ ਕਾਰਨ ਪ੍ਰਧਾਨ ਮੰਤਰੀ ਦੇ ਅਹਿਮ ਕਦਮ ਸਦਕਾ ਭਾਰਤ ਵਿੱਚ ਹੁਣ ਤੱਕ ੮੦ ਤੋਂ ਉਪਰ ਕਤਾਰਾਂ ਵਿੱਚ ਖੜੇ ਵਿਅਕਤੀ ਦਮ ਤੋੜ ਚੁੱਕੇ ਹਨ ਜਿਸਦੀ ਸਿੱਧੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿਉਂਕਿ ਬਿਨਾਂ ਕਿਸੇ ਤਿਆਰੀ ਅਤੇ ਖੁੱਲੀ ਸਲਾਹ ਤੋਂ ਵਿਹੂਣੇ ਇਸ ਕਦਮ ਸਦਕਾ ਭਾਰਤ ਦੀ ਅਰਥ ਵਿਵਸਥਾ ਨੂੰ ਸਾਲਾਂ-ਬੱਧੀ ਤਰਤੀਬ ਵਿੱਚ ਆਉਣ ਦੇ ਸਮਰੱਥ ਹੋਣ ਦੇ ਅਨੁਮਾਨ ਹਨ ਤੇ ਫੇਰ ਭਾਰਤੀ ਲੋਕਾਂ ਦੀ ਰੋਜ਼ਮਰ ਦੀ ਰੋਟੀ ਪਾਣੀ ਤੇ ਚੁੱਲਾ ਚੱਲ ਸਕੇਗਾ। ਇਸ ਵੱਡੇ ਦਾਅਵੇ ਵਾਲੇ ਕਦਮ ਸਦਕਾ ਭਾਰਤ ਵਿੱਚੋਂ ਮਨਾਂ ਦੀ ਤਬਦੀਲੀ ਤੋਂ ਬਗੈਰ ਅਣ-ਐਲਾਨੇ ਧਨ ਨੂੰ ਜੋ ਕਿ ਇਹ ਜਾਂਦਾ ਹੈ ਕਿ ਵੱਡੇ ਕਾਰੋਬਾਰੀਆਂ ਦੇ ਕੋਲ ਹੈ, ਉਪਰ ਕੋਈ ਲਗਾਮ ਪਾਈ ਜਾ ਸਕਣੀ ਅਸੰਭਵ ਹੈ। ਕਿਉਂਕਿ ਇਸ ਧਨ ਬਾਰੇ ਅਮਰੀਕਾ ਦੀ ਅਹਿਮ ਸੰਸਥਾ ਨੇ ਆਪਣੀ ਸਲਾਨਾ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਭਾਰਤ ਦੁਨੀਆਂ ਦਾ ਚੌਥਾ ਦੇਸ਼ ਹੈ ਜਿਥੋਂ ਹਰ ਸਾਲ ੫੧ ਅਰਬ ਡਾਲਰ ਬਾਹਰਲੇ ਬੈਂਕਾਂ ਵਿੱਚ ਜਮਾਂ ਕਰਵਾਇਆ ਜਾਂਦਾ ਹੈ ਜਿਸਤੇ ਇਸ ਐਲਾਨੇ ਗਏ ਪ੍ਰਧਾਨ ਮੰਤਰੀ ਦੇ ਅਹਿਮ ਕਦਮ ਦਾ ਕੋਈ ਅਸਰ ਪੈਣਾ ਅਸੰਭਵ ਹੈ। ਇਹ ਧਨ ਭਾਰਤੀ ਅਰਥ ਵਿਵਸਥਾ ਦੀ ਪਕੜ ਤੋਂ ਬਾਹਰ ਹੈ। ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਪ੍ਰਧਾਨ ਮੰਤਰੀ ਦੇ ਇਹ ਕਦਮ ਭਾਰਤ ਨੂੰ ਖੁਸ਼ਹਾਲੀ ਜਾਂ ਕੰਗਾਲੀ ਵੱਲ ਲੈ ਕੇ ਜਾਂਦੇ ਹਨ।