ਸਿੱਖ ਪੰਥ ਨਾਲ ਸਬੰਧਤ ਜੱਥੇਬੰਦੀਆ ਦਲ ਖਾਲਸਾ ਜੱਥੇਬੰਦੀ ਅਤੇ ਪੀਰ ਮੁਹੰਮਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਆਪਸ ਵਿੱਚ ਇੱਕਠਾ ਹੋਣਾ ਪੰਥ ਲਈ ਇੱਕ ਚੰਗੀ ਪਿਰਤ ਹੈ। ਕਿਉਂਕਿ ਇਸ ਤੋਂ ਪਹਿਲਾਂ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਪੰਥਕ ਜੱਥੇਬੰਦੀ ਦਾ ਵੀ ਆਪਸ ਵਿੱਚ ਜੋੜਮੇਲ ਹੋਇਆ ਸੀ। ਭਾਵੇਂ ਇਹ ਜੱਥੇਬੰਦੀਆਂ ਸਿੱਖ ਪੰਥ ਵਿੱਚ ਬਹੁਤਾ ਅਧਾਰ ਨਹੀਂ ਰੱਖਦੀਆਂ ਪਰ ਫੇਰ ਵੀ ਤਿਨਕਾ ਤਿਨਕਾ ਜੁੜ ਕੇ ਇੱਕ ਮੁੱਢ ਬੱਝਦਾ ਹੈ। ਇਸ ਮੁੱਢ ਦੇ ਅਧਾਰ ਤੇ ਪਹਿਲਾਂ ਵੀ ਪੰਥ ਵੱਲੋਂ ਦੂਜੇ ਥਾਪੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਵੀ ਮੈਂ ਨਿੱਜੀ ਤੌਰ ਤੇ ਸ੍ਰ.ਜਸਪਾਲ ਸਿੰਘ ਮੰਝਪੁਰ ਐਡਵੋਕੇਟ ਦੇ ਰਾਹੀਂ ਬੇਨਤੀ ਕੀਤੀ ਸੀ ਕਿ ਉਹ ਬਾਕੀ ਜੱਥੇਬੰਦੀਆਂ ਨੂੰ ਵੀ ਇੱਕਠੇ ਕਰਨ ਲਈ ਕੋਈ ਪੰਥਕ ਪ੍ਰਣਾਲੀ ਅਪਨਾਉਣ। ਕਿਉਂਕਿ ਕੁਝ ਕੁ ਆਪੇ ਬਣਾਏ ਜੱਥੇਦਾਰਾ ਵੱਲੋਂ ਸਰਬੱਤ ਖਾਲਸਾ ਵਰਗੇ ਇਤਿਹਾਸਕ ਤੇ ਮਹਾਨਤਾ ਰੱਖਣ ਵਾਲੇ ਮੁੱਦੇ ਨੂੰ ਆਪਣੇ ਨਿੱਜੀ ਸ਼ੋਹਰਤਾਂ ਲਈ ਪ੍ਰਚਾਰਿਆ ਜਾ ਰਿਹਾ ਹੈ। ਇਸਨੇ ੧੦ ਨਵੰਬਰ ੨੦੧੬ ਨੂੰ ਮੇਰੀ ਸੋਚ ਅਨੁਸਾਰ ਪੰਥ ਨੂੰ ਹੋਰ ਥੱਲੇ ਲੈ ਜਾਣਾ ਹੈ। ਸਰਬੱਤ ਖਾਲਸੇ ਬਾਰੇ ਭਾਵੇਂ ਜਥੇਦਾਰ ਹਵਾਰਾ ਨੇ ਪੰਜ ਸਿੰਘ ਸਾਹਿਬਾਨਾਂ ਨੂੰ ਜਿੰਮੇਵਾਰੀ ਦਿੱਤੀ ਹੈ ਕਿ ਉਹ ਇਸ ਦਾ ਵਿਧੀ ਵਿਧਾਨ ਬਣਾਉਣ। ਪਰ ਫੇਰ ਵੀ ਸਰਬੱਤ ਖਾਲਸਾ ਸਿੱਖ ਪੰਥ ਦੀ ਬੜੀ ਵੱਡੀ ਮਹਾਨਤਾ ਦਾ ਪ੍ਰਤੀਕ ਹੈ ਜਿਸ ਅਧੀਨ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਝੁਕਣਾ ਪਿਆ ਸੀ। ਇਸ ਲਈ ਆਪਣੇ ਨਿੱਜੀ ਵਖਰੇਵਿਆਂ ਕਾਰਨ ਪੰਥਕ ਜੱਥੇਬੰਦੀਆਂ ਦੇ ਖੇਰੂੰ ਖੇਰੂ ਹੋ ਜਾਣ ਕਾਰਨ ਕਿਧਰੇ ਇਹ ਸਰਬੱਤ ਖਾਲਸਾ ਆਪਣੀ ਮਹਾਨਤਾ ਹੀ ਨਾ ਗਵਾ ਬੈਠੇ। ਪਰ ਫੇਰ ਵੀ ਮੈਂ ਪੀਰ ਮੁਹੰਮਦ ਫੈਡਰੇਸ਼ਨ ਤੇ ਦਲ ਖਾਲਸਾ ਦੇ ਰਲੇਵੇਂ ਦਾ ਸਵਾਗਤ ਕਰਦਾ ਹਾਂ ਤੇ ਚਾਹੁੰਦਾ ਹਾਂ ਕਿ ਬਾਕੀ ਜੱਥੇਬੰਦੀਆਂ ਰਲ ਬੈਠ ਕੇ ਸੋਚਣ ਤਾਂ ਜੋ ਇੱਕ ਨਿਆਰੀ ਪੰਥਕ ਸਿੱਖ ਪਾਰਟੀ ਬਣਾਈ ਜਾ ਸਕੇ ਤੇ ਬਾਹਰਲੇ ਸੂਬਿਆ ਤੋਂ ਆ ਕੇ ਦੂਸਰੇ ਬੰਦੇ ਆਮ ਆਦਮੀ ਪਾਰਟੀ ਦੇ ਨਾਮ ਹੇਠ ਆਪਣਾ ਵਜੂਦ ਬਰਕਰਾਰ ਨਾ ਰੱਖ ਸਕਣ। ਕਿਉਂਕਿ ਇਸ ਆਮ ਆਦਮੀ ਪਾਰਟੀ ਨੇ ਜੋ ਵੀ ਮੈਂਬਰ ਪਾਰਲੀਮੈਂਟ ਖੜੇ ਕੀਤੇ ਹਨ ਤੇ ਚੁਣੇ ਹਨ ਉਹ ਸਿੱਖ ਜਮਾਤ ਨਾਲ ਸਬੰਧਤ ਹਨ। ਇਸ ਕਰਕੇ ਜੋ ਸਿੱਖ ਪੰਥ ਦਾ ਧੁਰਾ ਆਉਣ ਵਾਲੇ ੧੦ ਨਵੰਬਰ ਦਾ ਇੱਕਠ ਦਰਸਾ ਰਿਹਾ ਹੈ ਕਿ ਕੀ ਆਪਾਂ ਜੱਥੇਦਾਰ ਹੀ ਥਾਪਣੇ ਹਨ ਜਾਂ ਇੱਕ ਨਵੀਂ ਸਿੱਖ ਪਾਰਟੀ ਲਿਆਉਂਣੀ ਹੈ ਜੋ ਸਮੁੱਚੀ ਸਿੱਖ ਪਾਰਟੀ ਦੀ ਨੁਮਾਇੰਦਗੀ ਕਰਦੀ ਹੋਵੇ ਤੇ ਆਉਣ ਵਾਲੀਆਂ ੨੦੧੭ ਦੀਆਂ ਸੂਬੇ ਦੀਆਂ ਚੋਣਾਂ ਵਿੱਚ ਇੱਕ ਆਪਣਾ ਵਜੂਦ ਰੱਖ ਸਕੇ ਤੇ ਸਿੱਖ ਪੰਥ ਤੇ ਪੰਜਾਬ ਨੂੰ ਨਵੀਆਂ ਤੇ ਪ੍ਰਪੱਕ ਲੀਹਾਂ ਤੇ ਲਿਆ ਸਕਣ ਵਿੱਚ ਸਹਾਈ ਸਿੱਧ ਹੋਵੇ।