ਭਾਰਤ ਵਿੱਚ ਆਮ ਚੋਣਾਂ ਲਈ ਰਸਮੀ ਐਲਾਨ ਹੋ ਗਿਆ ਹੈੈ। 11 ਅਪ੍ਰੈਲ ਤੋਂ ਸ਼ੳਰੂ ਹੋਕੇ ਭਾਰਤ ਭਰ ਵਿੱਚ 23 ਮਈ ਤੱਕ ਆਮ ਚੋਣਾਂ ਹੋਣੀਆਂ ਹਨ। ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ 19 ਮਈ ਨੂੰ ਵੋਟਾਂ ਪੈਣਗੀਆਂ। ਪੰਜਾਬ ਲਈ ਕਿਉਂਕਿ ਹਾਲੇ ਬਹੁਤ ਲੰਬਾ ਸਮਾਂ ਪਿਆ ਹੈ ਪਰ ਫਿਰ ਵੀ ਲਗਣਗ ਸਾਰੀਆਂ ਰਾਜਸੀ ਪਾਰਟੀਆਂ ਨੇ ਆਪੋ-ਆਪਣੀਆਂ ਸਰਗਰਮੀਆਂ ਅਰੰਭ ਕਰ ਦਿੱਤੀਆਂ ਹਨ। ਅਕਾਲੀ ਦਲ ਨੇ ਕੁਝ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈੈ। ਕਾਂਗਰਸ ਨੇ ਭਾਵੇਂ ਕਿਸੇ ਉਮੀਦਵਾਰ ਦਾ ਨਾਅ ਪੰਜਾਬ ਲਈ ਨਹੀ ਐਲਾਨਿਆ ਪਰ ਰਾਹੁਲ ਗਾਂਧੀ ਨੇ ਮੋਗੇ ਵਿੱਚ ਰੈਲੀ ਕਰਕੇ ਕਾਂਗਰਸ ਦੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈੈ। ਇਸਦੇ ਨਾਲ ਹੀ ਪੰਜਾਬ ਵਿੱਚ ਤੀਜੀ ਧਿਰ ਵੱਜੋਂ ਉਭਰ ਰਹੇ ਪੰਜਾਬ ਡੈਮੋਕਰੇਟਿਕ ਫਰੰਟ ਨੇ ਵੀ ਕੁਝ ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈੈ।
ਖਡੂਰ ਸਾਹਿਬ ਸੀਟ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ, ਤੀਜੇ ਮੋਰਚੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈੈ। ਬਠਿੰਡਾ ਤੋਂ ਸੁਖਪਾਲ ਸਿੰਘ ਖਹਿਰਾ ਚੋਣ ਲੜਨਗੇ। ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਦੇ ਨਾਅ ਦਾ ਐਲਾਨ ਹੋਇਆ ਹੈੈ। ਫਤਹਿਗੜ੍ਹ ਸਾਹਿਬ ਤੋਂ, ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਤਾਰਿਆ ਗਿਆ ਹੈ। ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਮੈਦਾਨ ਵਿੱਚ ਹਨ। ਅਕਾਲੀ ਦਲ ਨੇ ਬੀਬੀ ਜਗੀਰ ਕੌਰ (ਖ਼ਡੂਰ ਸਾਹਿਬ), ਪ੍ਰੇਮ ਸਿੰਘ ਚੰਦੂਮਾਜਰਾ (ਆਨੰਦਪੁਰ ਸਾਹਿਬ) ਅਤੇ ਚਰਨਜੀਤ ਸਿੰਘ ਅਟਵਾਲ (ਜਲੰਧਰ) ਦੇ ਨਾਅ ਐਲਾਨ ਦਿੱਤੇ ਹਨ।
ਇਸ ਤਰ੍ਹਾਂ ਦੇਖਿਆ ਜਾਵੇ ਤਾਂ ਤੀਜੇ ਮੋਰਚੇ ਨੇ ਉਮੀਦਵਾਰ ਐਲਾਨਣ ਵਿੱਚ ਬਾਜੀ ਮਾਰ ਲਈ ਹੈੈ। ਉਨ੍ਹਾਂ ਐਲਾਨ ਕਰ ਦਿੱਤਾ ਹੈ ਕਿ ਜੇ ਬਾਦਲ ਪਰਿਵਾਰ ਬਠਿੰਡੇ ਤੋਂ ਮੈਦਾਨ ਵਿੱਚ ਨਹੀ ਉਤਰਦਾ ਤਾਂ ਫਿਰੋਜ਼ਪੁਰ ਤੋਂ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਦੇ ਖਿਲਾਫ ਚੋਣ ਲੜਨਗੇ। ਅਕਾਲੀ ਦਲ ਹਾਲੇ ਆਪਣੇ ਪੱਤੇ ਧਿਆਨ ਨਾਲ ਉਜਾਗਰ ਕਰ ਰਿਹਾ ਹੈੈ। 2015 ਦੀਆਂ ਘਟਨਾਵਾਂ ਦਾ ਪਰਛਾਵਾਂ ਹਾਲੇ ਵੀ ਅਕਾਲੀ ਦਲ ਦੇ ਭਵਿੱਖ ਤੇ ਪੈਂਦਾ ਨਜ਼ਰ ਆ ਰਿਹਾ ਹੈ ਪਰ ਜਿਵੇਂ ਆਮ ਲੋਕਾਂ ਦਾ ਵਹਿਮ ਹੈ ਕਿ ਅਕਾਲੀ ਦਲ ਬਹੁਤ ਪਛੜ ਗਿਆ ਹੈ ਅਸੀਂ ਨਹੀ ਸਮਝਦੇ ਕਿ ਅਕਾਲੀ ਦਲ ਦੀ ਸਥਿਤੀ ਏਨੀ ਮਾੜੀ ਹੈ ਜਿੰਨੀ ਮੀਡੀਆ ਦੇ ਇੱਕ ਹਿੱਸ ਅਤੇ ਖਾਸ ਕਰਕੇ ਸ਼ੋਸ਼ਲ ਮੀਡੀਆ ਉੱਤੇ ਪਰਚਾਰੀ ਜਾ ਰਹੀ ਹੈੈ।
ਬੇਸ਼ੱਕ ਅਕਾਲੀ ਦਲ ਦੇ ਵੋਟ ਬੈਂਕ ਨੂੰ ਖੋਰਾ ਲੱਗਾ ਹੈ ਪਰ ਅੱਜ ਵੀ ਉਹ ਕਾਂਗਰਸ ਨੂੰ ਟੱਕਰ ਦੇਣ ਦੇ ਸਮਰਥ ਹੈੈ। 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੀ ਏਨੀ ਵੱਡੀ ਮੁਹਿੰਮ ਦੇ ਬਾਵਜੂਦ ਉਹ 20 ਸੀਟਾਂ ਤੋਂ ਵੱਧ ਨਾ ਜਿੱਤ ਸਕੇ। ਹੁਣ ਲੋਕ ਸਭਾ ਚੋਣਾਂ ਮੌਕੇ ਤਾਂ ਸਥਿਤੀ ਕਾਫੀ ਬਦਲ ਗਈ ਹੈੈ। ਹਾਂ ਇਹ ਗੱਲ ਜਰੂਰ ਹੈ ਕਿ ਅਕਾਲੀ ਦਲ ਦੀ ਲੀਡਰਸ਼ਿੱਪ ਮੈਦਾਨ ਵਿੱਚ ਜਾਣ ਤੋਂ ਘਬਰਾ ਰਹੀ ਹੈ। ਪਰ ਅਕਾਲੀ ਦਲ ਦਾ ਪੱਕਾ ਕੇਡਰ ਹਾਲੇ ਵੀ ਪਾਰਟੀ ਨਾਲ ਖੜ੍ਹਾ ਹੈੈ। ਉਹ ਗੁਰੂ ਗਰੰਥ ਸਾਹਿਬ ਤੋਂ ਮੂੰਹ ਮੋੜਕੇ ਵੀ ਅਕਾਲੀ ਦਲ ਦੇ ਨਾਲ ਖੜ੍ਹਾ ਹੈੈ।
ਪੰਜਾਬ ਦੀਆਂ ਕੁਝ ਸੀਟਾਂ ਤੇ ਇਸ ਵਾਰ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ, ਖਡੂਰ ਸਾਹਿਬ, ਬਠਿੰਡਾ, ਸੰਗਰੂਰ ਅਤੇ ਆਨੰਦਪੁਰ ਸਾਹਿਬ ਦੀਆਂ ਸੀਟਾਂ ਸਾਰੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਣਨਗੀਆਂ। ਇਸ ਵਾਰ ਬੁੱਢੀ ਲੀਡਰਸ਼ਿੱਪ ਅਤੇ ਨਵੇਂ ਪੋਚ ਦੀ ਲੀਡਰਸ਼ਿੱਪ ਦਰਮਿਆਨ ਮੁਕਾਬਲਾ ਹੋਵੇਗਾ। ਜਦੋਂ 1999 ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਤਰਨਤਾਰਨ ਤੋਂ ਮੈਦਾਨ ਵਿੱਚ ਸਨ ਉਸ ਵੇਲੇ ਸਰਕਾਰੀ ਦਹਿਸ਼ਤ ਦਾ ਪਰਛਾਵਾਂ ਹਾਲੇ ਵੀ ਪੰਜਾਬ ਵਿੱਚ ਸੀ, ਜੋ ਭਾਵੇਂ ਹਾਲੇ ਵੀ ਹੈ ਪਰ ਕੁਝ ਹੱਦ ਤੱਕ ਕਮਜ਼ੋਰ ਪੈ ਚੁੱਕਾ ਹੈੈ। ਉਸ ਵੇਲੇ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਕੋਈ ਨਾਅ ਵੀੁ ਲੈਣਾਂ ਨਹੀ ਸੀ ਚਾਹੁੰਦਾ ਪਰ ਹੁਣ ਨਵੇਂ ਬੱਚੇ ਕਿਸ਼ੇ ਨਾ ਕਿਸੇ ਢੰਗ ਨਾਲ ਉਨ੍ਹਾਂ ਦੇ ਨਾਅ ਨੂੰ ਜਿੰਦਾ ਰੱਖ ਰਹੇ ਹਨ। ਸ਼ਾਇਦ ਇਹ ਗੱਲ ਬੀਬੀ ਜੀ ਦੇ ਹੱਕ ਵਿੱਚ ਜਾਵੇ। ਫਤਹਿਗੜ੍ਹ ਸਾਹਿਬ ਵਾਲਿਆਂ ਨੇ ਪਹਿਲਾਂ ਵੀ ਇੱਕ ਪੰਥਕ ਦਿਖ ਵਾਲੇ ਉਮੀਦਵਾਰ ਨੂੰ ਜਿਤਾਇਆ ਸੀ, ਸ਼ਾਇਦ ਉਹ ਪਰੰਪਰਾ ਇਸ ਸਾਲ ਵੀ ਕਾਇਮ ਰਹੇ। ਸੰਗਰੂਰ ਵਿੱਚ ਹਾਲ ਦੀ ਘੜੀ ਭਗਵੰਤ ਮਾਨ ਸਭ ਤੋਂ ਅੱਗੇ ਹੈ ਪਰ ਜੇ ਤੀਜੇ ਮੋਰਚੇ ਵੱਲੋਂ, ਜੱਸੀ ਜਸਰਾਜ ਨੂੰ ਮੈਦਾਨ ਵਿੱਚ ਲਿਆਂਦਾ ਗਿਆ ਤਾਂ ਉਸ ਲਈ ਹਾਲਤ ਪਤਲੀ ਪੈ ਸਕਦੀ ਹੈੈ। ਕਾਂਗਰਸ ਆਪਣੀ ਸਰਕਾਰ ਦਾ ਫਾਇਦਾ ਹੋਣ ਕਾਰਨ ਬਹੁਤ ਸਾਰੇ ਥਾਵਾਂ ਤੋਂ ਅੱਗੇ ਹੈੈ। ਪਰ ਖਿੰਡੇ ਪੁੰਡੇ ਤੀਜੇ ਮੋਰਚੇ ਦੇ ਨੌਜਵਾਨ ਵਰਕਰ ਜੇ ਮਿਹਨਤ ਕਰਨ ਤਾਂ ਕੁਝ ਨਵੀਂ ਤਬਦੀਲੀ ਦੇ ਆਸਾਰ ਬਣ ਸਕਦੇ ਹਨ।