ਭਾਰਤ ਵਿੱਚ ਚੋਣਾਂ ਦੇ ਅਗਾਜ਼ ਨਾਲ ਸਿਆਸੀ ਪਾਰਟੀਆਂ ਨੇ ਵੀ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਵਿੱਚ ਇੰਨਾ ਚੋਣਾਂ ਦੇ ਆਗਾਜ਼ ਦੇ ਸ਼ੁਰੂ ਹੋਣ ਨਾਲ ਮੁੱਖ ਭੂਮਿਕਾ ਵਜੋਂ ਸੱਤਾਧਾਰੀ ਕਾਂਗਰਸ ਪਾਰਟੀ ਆਪਣੇ ਦੋ ਸਾਲ ਦੇ ਕਾਰਜਕਾਲ ਦੇ ਬਲ ਤੇ ਚੋਣਾਂ ਵਿੱਚ ਉਮੜੀ ਹੈ। ਇਸ ਨੂੰ ਮੁਕਾਬਲਾ ਦੇਣ ਲਈ ਮੁੱਖ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਸਰਕਾਰ ਦੇ ਦੋ ਸਾਲ ਦੀ ਕਾਰਜ ਪ੍ਰਣਾਲੀ ਦੀਆਂ ਨਾਕਾਮੀਆਂ ਨੂੰ ਮੁੱਖ ਰੱਖ ਕੇ ਚੋਣਾਂ ਵਿੱਚ ਉਤਾਰਿਆ ਹੈ। ਇਸ ਤੋਂ ਇਲਾਵਾ ਪਿਛਲੇ ਥੋੜੇ ਸਮੇਂ ਵਿੱਚ ਹੋਂਦ ਵਿੱਚ ਆਈ ਆਪ ਪਾਰਟੀ ਜੋ ਕਿ ਹੁਣ ਪੰਜਾਬ ਵਿੱਚ ਕਾਫੀ ਹੱਦ ਤੱਕ ਆਪਣੀਆਂ ਜੜ੍ਹਾਂ ਅਤੇ ਮਜ਼ਬੂਤੀ ਤੋਂ ਹਿੱਲ ਚੁੱਕੀ ਹੈ, ਵੀ ਜ਼ੋਰ ਅਜ਼ਮਾਈ ਲਈ ਮੌਜੂਦ ਹੈ ਅਤੇ ਇਸੇ ਤਰਾਂ ਇਸ ਦੇ ਨਾਲ ਛੋਟੀਆਂ ਛੋਟੀਆਂ ਕਈ ਹੋਰ ਰਾਜਸੀ ਪਾਰਟੀਆਂ ਜਿਵੇਂ ਕਿ ਪੰਜਾਬ ਏਕਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਯੂਨਾਈਟਡ (ਜੋ ਕਿ ਬਰਗਾੜੀ ਮੋਰਚੇ ਦੀ ਧਿਰ ਹੈ), ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਕਈ ਪਾਰਟੀਆਂ ਦਾ ਬਣਿਆ ਹੋਇਆ ਜਮਹੂਰੀ ਗੱਠਜੋੜ ਹੈ। ਇੰਨਾ ਸਾਰੀਆਂ ਪਾਰਟੀਆਂ ਨੇ ਆਪਸ ਵਿੱਚ ਰਲ ਕੇ ਇੱਕ ਸਾਂਝਾ ਫਰੰਟ ਬਣਾਉਣ ਦੀ ਕੋਸ਼ਿਸ ਕੀਤੀ ਸੀ ਪਰ ਕੁਝ ਮੱਤ ਭੇਦਾਂ ਕਰਕੇ ਇੰਨਾਂ ਨੂੰ ਸਫਲਤਾ ਨਹੀਂ ਮਿਲੀ। ਸੱਤਾਧਾਰੀ ਕਾਂਗਰਸ ਪਾਰਟੀ ਕੋਲ ਮੁੱਖ ਰੂਪ ਵਿੱਚ ਜੋ ਪਹਿਲੂ ਹੈ ਉਹ ਇਹ ਹੈ ਕਿ ਇਸਨੇ ਪੰਜਾਬ ਅਤੇ ਸਿੱਖ ਮਨਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਬਰਗਾੜੀ ਅਤੇ ਬਹਿਬਲ ਕਲਾਂ ਦੀ ਜਾਂਚ ਨੂੰ ਕੁਝ ਹੱਦ ਤੱਕ ਇਨਸਾਫ ਮਿਲਣ ਵੱਲ ਤੋਰਿਆ ਹੈ। ਇੰਨਾ ਚੋਣਾਂ ਦੇ ਅਗਾਜ਼ ਨਾਲ ਸਿਆਸੀ ਗੱਠ ਜੋੜਾਂ ਅਤੇ ਦਾਅ ਪੇਚਾਂ ਵਿੱਚ ਸਿਆਸੀ ਪਾਰਟੀਆਂ ਨੇ ਮੁੜ ਤੋਂ ਵੋਟਾਂ ਹਾਸਲ ਕਰਨ ਲਈ ਪੰਜਾਬ ਵਿੱਚ ਅੱਡ ਅੱਡ ਡੇਰਿਆ ਵਿੱਚ ਪਹੁੰਚ ਕੇ ਯਤਨ ਅਰੰਭੇ ਹਨ ਕਿਉਂਕਿ ਪੰਜਾਬ ਅੰਦਰ ਡੇਰਿਆਂ ਦੀ ਤਾਕਤ ਕਾਫੀ ਹੱਦ ਤੱਕ ਜ਼ਮਹੂਰੀਅਤ ਦੀਆਂ ਜੜਾਂ ਵਿੱਚ ਬੈਠ ਚੁੱਕੀ ਹੈ।

ਪੰਜਾਬ ਵਿੱਚ ਡੇਰਿਆਂ ਦਾ ਇਤਿਹਾਸ ਬਹੁਤ ਪੁਰਾਤਨ ਹੈ ਅਤੇ ਡੇਰੇ ਨਾਥਾਂ ਯੋਗੀਆਂ ਦੇ ਸਮਿਆਂ ਤੋਂ ਵੀ ਪਹਿਲਾਂ ਹੋਂਦ ਵਿੱਚ ਆ ਚੁੱਕੇ ਸਨ। ਇਸੇ ਤਰਾਂ ਇਥੇ ਇਸਲਾਮ ਦੇ ਆਉਣ ਨਾਲ ਸੂਫੀਆਂ ਨਾਲ ਜੁੜੀਆਂ ਹੋਈਆਂ ਖਾਨਗਾਹਾਂ ਤੇ ਦਰਗਾਹਾਂ ਵੀ ਇੱਕ ਤਰਾਂ ਡੇਰਿਆਂ ਦਾ ਰੂਪ ਲੈ ਚੁੱਕੀਆਂ ਹੈ। ਇਸ ਤੋਂ ਬਾਅਦ, ਨਿਰਮਲੇ, ਸੁਥਰੇ, ਸੇਵਪੰਥੀਆਂ ਤੇ ਭਗਤੀ ਲਹਿਰ ਨਾਲ ਸਬੰਧਤ ਸੰਤਾਂ ਗੁਲਾਬਦਾਸੀਆਂ ਦੇ ਡੇਰੇ ਬਣੇ ਹੋਏ ਹਨ। ਜਿੰਨਾਂ ਨੇ ਪੰਜਾਬ ਵਿੱਚ ਧਰਮ ਤੇ ਵਿਦਿਆਂ ਦੇ ਪ੍ਰਚਾਰ ਵਿੱਚ ਯੋਗਦਾਨ ਪਾਇਆ। ਇਸ ਵੇਲੇ ਪੰਜਾਬ ਅੰਦਰ ਤਕਰੀਬਨ ਨੌ ਹਜ਼ਾਰ ਡੇਰੇ ਹਨ। ਹਿੰਦੂ ਧਰਮ ਦੇ ਪ੍ਰਭਾਵ ਕਾਰਨ ਜਾਤਾਂ-ਜਾਤੀਆਂ ਦੇ ਵਖਰੇਵੇਂ ਕਾਰਨ ਇਸਦਾ ਪ੍ਰਭਾਵ ਧਾਰਮਿਕ ਅਸਥਾਨਾਂ ਤੇ ਵੀ ਪਿਆ ਹੈ ਜਿਸ ਕਾਰਨ ਪੰਜਾਬ ਅੰਦਰ ਧਾਰਮਿਕ ਅਸਥਾਨ ਵੀ ਜਾਤਾਂ ਦੇ ਅਧਾਰ ਤੇ ਵੰਡੇ ਗਏ ਹਨ। ਇਸ ਕਰਕੇ ਨਖੇੜੇ ਗਏ ਲੋਕਾਂ ਨੂੰ ਡੇਰੇ ਵਾਲਿਆਂ ਨੇ ਅਪਣਾਇਆ ਅਤੇ ਉਨਾਂ ਨੂੰ ਬਣਦਾ ਸਨਮਾਨ ਦਿੱਤਾ ਜਿਸਕਾਰਨ ਅੱਜ ਪੰਜਾਬ ਵਿੱਚ ਡੇਰਾਵਾਦ ਪੂਰੀ ਤਰਾਂ ਸਥਾਪਤ ਹੋ ਚੁੱਕਿਆ ਹੈ ਅਤੇ ਸਮਾਜ ਵਿੱਚ ਆਪਣੀ ਇੱਕ ਤਾਕਤਵਰ ਤੇ ਪ੍ਰਭਾਵਤ ਹੋਂਦ ਰੱਖਦਾ ਹੈ। ਇਸ ਤਾਕਤ ਤੇ ਪ੍ਰਭਾਵ ਨੂੰ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਵੋਟਾਂ ਖਾਤਰ ਇਸ ਪ੍ਰਭਾਵ ਨੂੰ ਵੋਟਾਂ ਵਿੱਚ ਤਬਦੀਲ ਕਰਨ ਲਈ ਪਹੁੰਚ ਅਪਣਾਈ ਹੈ ਅਤੇ ਇਸਦਾ ਪ੍ਰਭਾਵ ਜਨਤਕ ਰੂਪ ਵਿੱਚ ਚੋਣਾਂ ਅੰਦਰ ਵੀ ਪਿਆ ਹੈ। ਹੁਣ ਵੀ ਇਸ ਚੋਣਾਂ ਦੇ ਅਗਾਜ਼ ਨਾਲ ਸਮੂਹ ਰਾਜਸੀ ਪਾਰਟੀਆਂ ਨੇ ਆਪਣੀ ਤਾਕਤ ਨੂੰ ਅਜ਼ਮਾਉਣ ਲਈ ਅੱਡ-ਅੱਡ ਰੂਪ ਵਿੱਚ ਡੇਰਿਆਂ ਦਾ ਪ੍ਰਭਾਵ ਵਰਤਣ ਲਈ ਉਪਰਾਏ ਅਰੰਭੇ ਹਨ। ਇਹ ਪ੍ਰਭਾਵ ਭਾਵੇਂ ਜ਼ਮਹੂਰੀਅਤ ਲਈ ਇੱਕ ਖਤਰਾ ਹੈ ਪਰ ਇਸਦੀ ਹੋਂਦ ਨੂੰ ਨਕਾਰਿਆ ਨਹੀ ਜਾ ਸਕਦਾ।