ਵਾਹਿਗੁਰੂ ਕਿਸੇ ਕੌਮ ਜਾਂ ਭਾਈਚਾਰੇ ਨੂੰ ਕਈ ਵਾਰ ਕਿਰਦਾਰ ਦੀ ਅਜਿਹੀ ਬੁਲੰਦੀ ਬਖਸ਼ਦਾ ਹੈ ਕਿ ਉਸਦੇ ਦੁਸ਼ਮਣ ਵੀ ਉਸਦੀ ਸਿਫਤ ਕੀਤੇ ਤੋਂ ਬਿਨਾ ਨਹੀ ਰਹਿ ਸਕਦੇ। ਇਤਿਹਾਸ ਵਿੱਚ ਅਜਿਹਾ ਕਈ ਵਾਰ ਹੋਇਆ ਹੈ ਜਦੋਂ ਸਿੱਖਾਂ ਨਾਲ ਖੂਨੀ ਜੰਗ ਲੜ ਰਹੇ ਮੁਗਲ ਹਾਕਮਾਂ ਨੇ ਸਿੱਖਾਂ ਦੀ ਜੰਗਜੂ ਸ਼ਕਤੀ ਅਤੇ ਉੱਚੇ ਕਿਰਦਾਰ ਦਾ ਲੋਹਾ ਮੰਨਿਆਂ। ਇਸ ਬਾਰੇ ਬਹੁਤ ਸਾਰੀਆਂ ਇਤਿਹਾਸਕ ਸਾਖੀਆਂ ਪਰਚੱਲਤ ਹਨ। ਸਾਡੇ ਇਤਿਹਾਸਕ ਦਿਹਾੜਿਆਂ ਉੱਤੇ ਢਾਡੀ ਸਿੰਘ ਇਹ ਗੱਲ ਮਾਣ ਨਾਲ ਦੱਸਦੇ ਹਨ ਕਿ ਉਸ ਵੇਲੇ ਦਾ ਇੱਕ ਹਾਕਮ, ਬੇਸ਼ੱਕ ਸਿੱਖਾਂ ਨੂੰ ਸੱਗ ਕਹਿਕੇ ਸੰਬੋਧਨ ਕਰ ਰਿਹਾ ਹੈ ਪਰ ਉਹ ਸਿੱਖਾਂ ਦੀ ਬਹਾਦਰੀ ਤੋਂ ਏਨਾ ਪਰਭਾਵਤ ਹੋਇਆ ਕਿ ਇਹ ਆਖ ਗਿਆ, ਇਨ੍ਹਾਂ ਨੂੰ ਸੱਗ ਨਾ ਆਖੋ ਇਹ ਤਾਂ ਸ਼ੇਰ ਹਨ, ਬਹਾਦਰ ਸੂਰਮੇ।

ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸੂਰਮਗਤੀ ਅਤੇ ਕਿਰਦਾਰ ਬਾਰੇ, ਹਰੀ ਸਿੰਘ ਨਲੂਆ ਦੇ ਕਿਰਦਾਰ ਬਾਰੇ ਅਤੇ ਸਿੱਖ ਇਤਿਹਾਸ ਦੇ ਵੱਡੇ ਨਾਇਕਾਂ ਤੋਂ ਲੈਕੇ ਆਮ ਗੁਰਸਿੱਖਾਂ ਦੇ ਬੁਲੰਦ ਕਿਰਦਾਰ ਅਤੇ ਲਾਮਿਸਾਲ ਸੂਰਮਗਤੀ ਬਾਰੇ ਇਤਿਹਾਸ ਵਿੱਚ ਵੱਡੇ ਚਰਚੇ ਮਿਲਦੇ ਹਨ।

ਅਸੀਂ ਕਈ ਵਾਰ ਇਹ ਭੁਲੇਖਾ ਖਾ ਜਾਂਦੇ ਹਾਂ ਕਿ ਸਿੱਖ ਕੌਮ ਦਾ ਕਿਰਦਾਰ ਵਰਤਮਾਨ ਸਮੇਂ ਉਹ ਨਹੀ ਰਿਹਾ ਜੋ ਪੁਰਾਤਨ ਸਿੰਘਾਂ ਦਾ ਸੀ। ਇਸ ਵਿੱਚ ਕੁਝ ਸਚਾਈ ਵੀ ਹੋ ਸਕਦੀ ਹੈ ਅਤੇ ਕੁਝ ਖੋਟ ਵੀ। ਜਦੋਂ ਅਸੀਂ ਸਿੱਖ ਹੋਣ ਦੇ ਨਾਤੇ ਕੌਮ ਦੇ ਕਿਰਦਾਰ ਵਿੱਚ ਪਏ ਖੋਰੇ ਦਾ ਝੋਰਾ ਕਰਦੇ ਹਾਂ ਉਸ ਵੇਲੇ ਅਸੀਂ ਬਹੁਤ ਉੱਚੇ ਸੁੱਚੇ ਕਿਰਦਾਰ ਦੀ ਮੰਗ ਕਰ ਰਹੇ ਹੁੰਦੇ ਹਾਂ। ਜੋ ਪੁਰਾਤਨ ਸਿੰਘਾਂ ਦਾ ਸੀ। ਪੁਰਾਤਨ ਸਿੰਘਾਂ ਦੀ ਉੱਚੀ ਰੁਹਾਨੀ ਸੁਰਤ ਦਾ ਸਾਨੂੰ ਹੀ ਅਹਿਸਾਸ ਹੋ ਸਕਦਾ ਹੈ, ਕਿਉਂਕਿ ਅਸੀਂ ਉਸ ਧਰਮ ਦਾ ਹਿੱਸਾ ਹਾਂ, ਉਸ ਇਤਿਹਾਸ ਦਾ ਹਿੱਸਾ ਹਾਂ ਅਤੇ ਉਸ ਲਹਿਰ ਦਾ ਹਿੱਸਾ ਹਾਂ ਜਿਸਨੇ ਦੁਨੀਆਂ ਦੇ ਨਕਸ਼ੇ ਤੇ ਆਪਣੇ ਬੁਲੰਦ ਕਦਮਾਂ ਦੀ ਪੈੜ ਪਾਈ ਹੈ। ਇਸ ਲਈ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਾਡਾ ਕਿਰਦਾਰ ਹੋਰ ਉੱਚਾ ਹੋਣਾਂ ਚਾਹੀਦਾ ਹੈ। ਪੁਰਾਤਨ ਸਿੰਘਾਂ ਵਾਲਾ, ਜੋ ਹੋਣਾਂ ਵੀ ਚਾਹੀਦਾ ਹੈੈ।

ਪਰ ਜਿਹੜੇ ਸਿੱਖਾਂ ਦੇ ਘੇਰੇ ਤੋਂ ਬਾਹਰ ਰਹਿ ਰਹੇ ਹਨ। ਜੋ ਸਾਡੇ ਨਾਲੋਂ ਕੁਝ ਦੂਰੀ ਤੇ ਖੜ੍ਹੇ ਹਨ, ਉਹ ਸਿੱਖਾਂ ਬਾਰੇ ਅੱਜ ਵੀ ਕੀ ਸੋਚਦੇ ਹਨ, ਇਹ ਸਾਡੇ ਲਈ 21ਵੀਂ ਸਦੀ ਵਿੱਚ ਵੀ ਮਾਣ ਕਰਨ ਵਾਲੀ ਗੱਲ ਹੈੈ।

ਦਿੱਲੀ ਦੀਆਂ ਹੱਦਾਂ ਉੱਤੇ ਚੱਲ ਰਹੇ ਕਿਸਾਨ ਮੋਰਚੇ ਦੇ ਇੱਕ ਬਹੁਤ ਹੀ ਦਿਆਨਤਦਾਰ ਆਗੂ, ਡਾਕਟਰ ਦਰਸ਼ਨਪਾਲ ਨੇ ਪਿਛਲੇ ਦਿਨੀ ਇੱਕ ਗੱਲਬਾਤ ਦੌਰਾਨ ਆਖਿਆ ਕਿ ਸਾਨੂੰ ਭਾਰਤ ਦੇ ਵੱਖ ਵੱਖ ਰਾਜਾਂ ਵਿੱਚੋਂ ਇਹ ਸੁਨੇਹੇ ਆ ਰਹੇ ਹਨ ਕਿ ਸਾਡੇ ਰਾਜਾਂ ਵਿੱਚ ਕਿਸਾਨ ਆਗੂਆਂ ਨੂੰ ਭੇਜੋ ਤਾਂ ਕਿ ਅਸੀਂ ਵੀ ਵੱਡੀਆਂ ਕਿਸਾਨ ਮਹਾਂਪੰਚਾਇਤਾਂ ਕਰਵਾ ਸਕੀਏ। ਉਨ੍ਹਾਂ ਆਖਿਆ ਕਿ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਕਿਸਾਨ ਮੋਰਚੇ ਲਈ ਬਹੁਤ ਸਤਕਾਰ ਹੈੈ। ਡਾਕਟਰ ਦਰਸ਼ਨਪਾਲ ਨੇ ਇਹ ਵੀ ਆਖਿਆ ਕਿ ਵੱਖ ਵੱਖ ਰਾਜਾਂ ਵਿਚੋਂ ਜੋ ਸੁਨੇਹੇ ਆ ਰਹੇ ਹਨ ਉਨ੍ਹਾਂ ਵਿੱਚ ਨਾਲ ਹੀ ਇਹ ਬੇਨਤੀ ਕੀਤੀ ਗਈ ਹੁੰਦੀ ਹੈ ਕਿ ਪੰਜਾਬ ਦੇ ਜਿਹੜੇ ਵੀ ਕਿਸਾਨ ਆਗੂ ਸਾਡੇ ਰਾਜਾਂ ਵਿੱਚ ਆਉਣ ਉਹ ਪੂਰੀ ਤਰ੍ਹਾਂ ਸਿੱਖੀ ਸਰੂਪ ਵਿੱਚ ਹੋਣ। ਭਾਵ ਉਨ੍ਹਾਂ ਦੇ ਕੇਸ ਦਾਹੜੀ ਸਾਬਤ ਸੂਰਤ ਹੋਣ ਅਤੇ ਉਹ ਦਸਤਾਰਧਾਰੀ ਵੀ ਹੋਣ।

ਇਹ ਹੈ 21ਵੀਂ ਸਦੀ ਵਿੱਚ ਖਾਲਸਾ ਜੀ ਦੇ ਬੁਲੰਦ ਕਿਰਦਾਰ ਦੀ ਇੱਕ ਝਲਕ। ਦੇਸ਼ ਦੇ ਹੋਰ ਲੋਕ ਸਿੱਖਾਂ ਨੂੰ ਕਿਵੇਂ ਦੇਖਦੇ ਹਨ ਅਤੇ ਉਨ੍ਹਾਂ ਨੂੰ ਸਿੱਖਾਂ ਤੋਂ ਕਿਸ ਕਿਸਮ ਦੀਆਂ ਉਮੀਦਾਂ ਹਨ, ਇਸ ਗੱਲ ਦਾ ਖੁਲਾਸਾ ਉਨ੍ਹਾਂ ਦੀ ਇਸ ਇੱਛਾ ਵਿੱਚੋਂ ਹੀ ਹੋ ਜਾਂਦਾ ਹੈ ਕਿ ਜਿਹੜੇ ਵੀ ਆਗੂ ਆਉਣ ਉਹ ਸਾਬਤ ਸੂਰਤ ਹੋਣ।

ਦੇਸ਼ ਦੇ ਅਣਖ ਵਾਲੇ ਲੋਕਾਂ ਨੂੰ ਸਿੱਖਾਂ ਤੋਂ ਇਹ ਉਮੀਦ ਹੈ ਕਿ ਜੇ ਦੇਸ਼ ਦੀ ਮੌਜੂਦਾ ਤਾਨਾਸ਼ਾਹੀ ਦੇ ਚਕਰਵਿਉੂ ਨੂੰ ਕੋਈ ਤੋੜ ਸਕਦਾ ਹੈ, ਜੇ ਦੇਸ਼ ਦੇ ਕਰੋੜਾਂ ਗਰੀਬਾਂ ਨੂੰ ਕੋਈ ਸਤਿਕਾਰਯੋਗ ਜਿੰਦਗੀ ਪਰਦਾਨ ਕਰ ਸਕਦਾ ਹੈ ਤਾਂ ਉਹ ਕੇਵਲ ਸਿੱਖ ਹੀ ਹਨ।

ਸਿੱਖਾਂ ਨੇ ਕਿਸਾਨ ਮੋਰਚੇ ਦੀ ਅਗਵਾਈ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਦਹਿਸ਼ਤ ਭਰਪੂਰ ਰਾਜਨੀਤੀ ਨੂੰ ਜੇ ਕੋਈ ਟੱਕਰ ਦੇ ਸਕਦਾ ਹੈ ਤਾਂ ਉਹ ਸਿੱਖ ਹੀ ਹਨ। ਇਸੇ ਲਈ ਸਿੱਖਾਂ ਦੇ ਕਿਰਦਾਰ ਦੀ ਬੁਲੰਦੀ ਅੱਜ ਵੀ ਭਾਰਤ ਦੇ ਕਰੋੜਾਂ ਲੋਕਾਂ ਲਈ ਆਸ ਦੀ ਇੱਕੋ ਇੱਕ ਕਿਰਨ ਬਣਕੇ ਚਮਕ ਰਹੀ ਹੈੈ।

ਵਾਹਿਗੁਰੂ ਬਖਸ਼ਿਸ਼ ਕਰਨ ਕਿ ਗੁਰੂ ਦਾ ਖਾਲਸਾ ਸਰਬਤ ਦੇ ਭਲੇ ਦੇ ਮਾਰਗ ਉੱਤੇ ਚਲਦਾ ਹੋਇਆ ਭਾਰਤ ਦੇ 85 ਫੀਸਦੀ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਦਾ ਜਾਮਨ ਬਣੇ।

ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ।