ਦੁਨੀਆਂ ਵਿੱਚ ਵਸਦੇ ਹਰ ਸਿੱਖ਼ ਨੂੰ ਆਪਣੇ ਸਿੱਖ ਹੋਣ ਤੇ ਮਾਣ ਰਹਿੰਦਾ ਹੈ। ਗੁਰੂ ਦਾ ਸਿੱਖ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਸਦਾ ਹੋਵੇ ਉਹ ਆਪਣੇ ਗੁਣਾਂ ਦੀ ਖੁਸ਼ਬੋ ਇਸ ਢੰਗ ਨਾਲ ਖਿਲਾਰਦਾ ਹੈ ਕਿ ਬਾਕੀ ਲੋਕ ਵੀ ਉਸਦੇ ਚਰਿੱਤਰ ਤੇ ਮਾਣ ਕਰਨ ਲੱਗ ਜਾਂਦੇ ਹਨ। ਸੇਵਾ ਅਤੇ ਸਿਮਰਨ ਨੂੰ ਪ੍ਰਣਾਈ ਹੋਈ ਸਿੱਖ ਕੌਮ ਆਪਣੇ ਨੈਤਿਕ ਚਰਿੱਤਰ ਅਤੇ ਰੁਹਾਨੀ ਆਤਮਕ ਬਲ ਨਾਲ ਆਪਣੇ ਮਾਣ ਵਿੱਚ ਵਾਧਾ ਕਰ ਲ਼ੈਂਦੀ ਹੈ। ਲੋਕਾਈ ਦੀ ਸੇਵਾ ਕਰਨ ਦਾ ਜੋ ਮਾਣ ਸਿੱਖਾਂ ਨੂੰ ਮਿਲਿਆ ਹੈ ਉਹ ਸ਼ਾਇਦ ਕਿਸੇ ਹੋਰ ਕੌਮ ਦੇ ਹਿੱਸੇ ਨਾ ਆਇਆ ਹੋਵੇ। ਭਾਵੇਂ ਹੋਰ ਕੌਮਾਂ ਵੀ ਆਪਣੇ ਅਕੀਦੇ ਅਨੁਸਾਰ ਸੇਵਾ ਕਰਦੀਆਂ ਹਨ ਪਰ ਭਾਈ ਘਨੱਈਆ ਹੋਣ ਦਾ ਮਾਣ ਕੇਵਲ ਗੁਰੂ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦਾ ਹੈ।

ਇਸੇ ਕਰਕੇ ਸਿੱਖ ਹੋਣ ਦਾ ਮਾਣ ਆਪਣੇ ਰੰਗ ਬਾਕੀ ਭਾਈਚਾਰਿਆਂ ਵਿੱਚ ਵੀ ਬਿਖੇਰਦ ਦੇਂਦਾ ਹੈ।

ਪਿਛਲੇ ਦਿਨੀ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਤਾਮਿਲਨਾਡੂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਦੇ ਮਨਸ਼ੇ ਨਾਲ ਆਏ ਸਨ। ਉਹ ਕਾਫੀ ਦਿਨ ਦਿੱਲੀ ਵਿੱਚ ਰਹੇ ਅਤੇ ਆਪਣਾਂ ਸ਼ਾਂਤਮਈ ਸੰਘਰਸ਼ ਕਰਦੇ ਰਹੇ। ਬੇਸ਼ੱਕ ਉਹ ਆਪਣੇ ਰਹਿਣ ਸਹਿਣ ਲਈ ਕੱਪੜਾ ਲੱਤਾ ਨਾਲ ਲੈਕੇ ਆਏ ਸਨ ਪਰ ਏਨੇ ਦਿਨਾਂ ਲਈ ਭੋਜਨ ਦਾ ਉਨ੍ਹਾਂ ਕੋਲ ਕੋਈ ਪਰਬੰਧ ਨਹੀ ਸੀ। ਸਾਰੇ ਕਿਸਾਨ ਭੁੱਖ ਦੀ ਤ੍ਰਿਪਤੀ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੀ ਲੰਗਰ ਛਕਣ ਆਉਂਦੇ ਰਹੇ ਅਤੇ ਗੁਰੂ ਸਾਹਿਬ ਦੀ ਇਸ ਮਹਾਨ ਪਰੰਪਰਾ ਦੀ ਸ਼ਲਾਘਾ ਕਰਦੇ ਰਹੇ।

ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਬਿਹਾਰ ਤੋਂ ਰੇਲਵੇ ਕਰਮਚਾਰੀ ਆਪਣੀਆਂ ਮੰਗਾਂ ਦੇ ਹੱਕ ਵਿੱਚ ਧਰਨਾ ਦੇਣ ਲਈ ਨਵੀਂ ਦਿੱਲੀ ਆਏ ਅਤੇ ਉਹ ਵੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੀ ਲੰਗਰ ਛਕਦੇ ਰਹੇ। ਇਨ੍ਹਾਂ ਸੰਘਰਸ਼ਸ਼ੀਲ ਲੋਕਾਂ ਦੀਆਂ ਮੰਗਾਂ ਦੀ ਖਬਰ ਦੇਣ ਲਈ ਭਾਰਤ ਦੇ ਹਿੰਦੀ ਟੀ.ਵੀ. ਚੈਨਲ ਐਨ.ਡੀ.ਟੀ.ਵੀ. ਦੇ ਨਿਡਰ ਪੱਤਰਕਾਰ ਰਵੀਸ਼ ਕੁਮਾਰ ਪਹੁੰਚੇ। ਉਨ੍ਹਾਂ ਨੇ ਸੰਘਰਸ਼ਸ਼ੀਲ ਲੋਕਾਂ ਨੂੰ ਉਨ੍ਹਾਂ ਦੀਆਂ ਮੰਗਾਂ ਬਾਰੇ ਪੁੱਛਣ ਤੋਂ ਬਾਅਦ ਸੁਭਾਵਿਕ ਹੀ ਪੁੱਛ ਲਿਆ ਕਿ ਉਹ ਪਰਸ਼ਾਦਾ ਪਾਣੀ ਕਿੱਥੋਂ ਛਕਦੇ ਹਨ ਤਾਂ ਸਭ ਨੇ ਇੱਕ ਅਵਾਜ਼ ਵਿੱਚ ਆਖਿਆ ਕਿ, ਗੁਰਦੁਆਰਾ ਬੰਗਲਾ ਸਾਹਿਬ ਤੋਂ। ਉਨ੍ਹਾਂ ਸੰਘਰਸ਼ਸ਼ੀਲ ਲੋਕਾਂ ਨੇ ਆਖਿਆ ਕਿ ਜੇ ਗੁਰੂ ਸਾਹਿਬ ਦਾ ਇਹ ਦੁਆਰ ਨਾ ਹੁੰਦਾ ਤਾਂ ਅਸੀਂ ਆਪਣੇ ਸੰਘਰਸ਼ ਨੂੰ ਅੱਗੇ ਨਹੀ ਸੀ ਵਧਾ ਸਕਦਾ ਕਿਉਂਕਿ ਸਾਨੂੰ ਲੰਗਰ ਦੇਣ ਵਾਲਾ ਹੋਰ ਕੋਈ ਨਹੀ ਸੀ।

ਇਸ ਗੱਲ ਤੋਂ ਬਾਅਦ ਰਵੀਸ਼ ਕੁਮਾਰ ਭਾਵੁਕ ਹੋ ਗਏ ਅਤੇ ਇੱਕ ਅਜਿਹਾ ਸੱਚ ਬਿਆਨ ਕਰ ਗਏ ਜੋ ਬਹੁਤੇ ਅਧੀਨ ਲੋਕਾਂ ਦੇ ਮਨ ਵਿੱਚ ਲਗਾਤਾਰ ਪਨਪ ਰਿਹਾ ਹੈ। ਰਵੀਸ਼ ਕੁਮਾਰ ਨੇ ਆਖਿਆ ਕਿ ਸਿੱਖਾਂ ਨੇ ਅਤੇ ਸਿੱਖ ਗੁਰਧਾਮਾਂ ਨੇ ਹਮੇਸ਼ਾ ਅਧੀਨ ਅਤੇ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜੀ ਹੈ। ਅੱਜ ਵੀ ਗੁਰਦੁਆਰਾ ਬੰਗਲਾ ਸਾਹਿਬ ਉਨ੍ਹਾਂ ਲੋਕਾਂ ਦੀ ਬਾਂਹ ਫੜ ਰਿਹਾ ਹੈ ਜਿਨ੍ਹਾਂ ਦੀ ਕੋਈ ਅਵਾਜ਼ ਨਹੀ ਹੈ। ਰਵੀਸ਼ ਨੇ ਹੋਰ ਆਖਿਆ ਕਿ ਭਾਰਤ ਵਿੱਚ ਜਦ ਵੀ ਅਧੀਨ ਕੌਮਾਂ ਆਪਣੀ ਮੁਕਤੀ ਲਈ ਸੰਘਰਸ਼ ਦੇ ਮੈਦਾਨ ਵਿੱਚ ਆਉਣਗੀਆਂ ਉਸ ਵੇਲੇ ਉਹ ਸਿੱਖਾਂ ਦੀ ਅਗਵਾਈ ਹੀ ਭਾਲਣਗੀਆਂ, ਕਿਉਂਕਿ ਉਸ ਵੇਲੇ ਸਿੱਖ ਹੀ ਉਨ੍ਹਾਂ ਦੇ ਰਾਹ ਦਰਸਾਵੇ ਬਣਨਗੇ ਹੋਰ ਕੋਈ ਨਹੀ। ਭਾਰਤ ਵਿੱਚ ਜਦ ਵੀ ਇਨਕਲਾਬ ਦਾ ਅਰੰਭ ਹੋਵੇਗਾ ਉਸ ਵੇਲੇ ਸਿੱਖ ਹੀ ਉਸ ਦੀ ਅਗਵਾਈ ਕਰਨਗੇ।

ਰਵੀਸ਼ ਕੁਮਾਰ ਦੀ ਇਹ ਗੱਲ ਕੋਈ ਸਹਿਜ ਸੁਭਾ ਆਖੀ ਹੋਈ ਗੱਲ ਨਹੀ ਹੈ ਬਲਕਿ ਭਾਰਤ ਦੀ ਹਰ ਅਧੀਨ ਕੌਮ ਦੇ ਮਨ ਵਿੱਚ ਇਹ ਗੱਲ ਪਈ ਹੈ ਕਿ ਉਨ੍ਹਾਂ ਨੂੰ ਬਿਪਰ ਸੰਸਕਾਰ ਦੀ ਅਧੀਨਗੀ ਤੋਂ ਜੇ ਕੋਈ ਅਜ਼ਾਦੀ ਦਿਵਾ ਸਕਦਾ ਹੈ ਤਾਂ ਉਹ ਸਿੱਖ ਹੀ ਹਨ।

ਲਗਭਗ ੨੦ ਸਾਲ ਪਹਿਲਾਂ ਜਦੋਂ ਭਾਰਤ ਵਿੱਚ ਸੰਘ ਪਰਿਵਾਰ ਅਤੇ ਭਾਜਪਾ ਦੀ ਸਿਆਸੀ ਕਾਂਗ ਚੜ੍ਹਨੀ ਅਰੰਭ ਹੋਈ ਸੀ ਉਸ ਵੇਲੇ ਕਿਸੇ ਨਿਰਪੱਖ ਤੀਜੇ ਮੋਰਚੇ ਦੀ ਉਸਾਰੀ ਬਾਰੇ ਵੀ ਸਰਗਰਮੀਆਂ ਚੱਲ ਰਹੀਆਂ ਸਨ। ਉਨ੍ਹਾਂ ਸਰਗਰਮੀਆਂ ਦੇ ਦੌਰਾਨ ਹੀ ਇੱਕ ਦਿਨ ਲਾਲੂ ਪਰਸਾਦ ਯਾਦਵ ਅਤੇ ਮੁਲਾਇਮ ਸਿੰਘ ਯਾਦਵ ਨੇ ਸਰਗਰਮ ਸਿੱਖ ਲੀਡਰਸ਼ਿੱਪ ਨੂੰ ਤਾਅਨਾ ਮਾਰਿਆ ਕਿ, ਸਿੱਖੋ ਤੁਸੀਂ ਜੇ ਕਿਤੇ ਪੈਰ ਅੜਾ ਲਵੋ ਤਾਂ ਅਸੀਂ ਤੁਹਾਡੀ ਸਰਦਾਰੀ ਅਤੇ ਲੀਡਰਸ਼ਿੱਪ ਕਬੂਲਣ ਲਈ ਤਿਆਰ ਹਾਂ। ਇਹ ਜੰਗ ਸਿੱਖਾਂ ਦੇ ਅੱਗੇ ਲੱਗਣ ਤੋਂ ਬਿਨਾ ਨਹੀ ਜਿੱਤੀ ਜਾਣੀ। ਉਨ੍ਹਾਂ ਆਖਿਆ ਕਿ ਅਸੀਂ ਤਾਂ ਤੁਹਾਡੀ ਅਗਵਾਈ ਦੀ ਉਡੀਕ ਕਰ ਰਹੇ ਹਾਂ।

ਪਰ ਬਦਕਿਸਮਤੀ ਸੀ ਕਿ ਉਸ ਵੇਲੇ ਤੱਕ ਭਾਰਤੀ ਸਟੇਟ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਸਿਆਸੀ ਜਕੜ ਵਿੱਚ ਲੈ ਲਿਆ ਸੀ ਅਤੇ ਉਹ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਸਿਆਸੀ ਲੀਹ ਛੱਡ ਕੇ ਅਖੰਡ ਭਾਰਤ ਅਧੀਨ ਆਪਣੇ ਨਿੱਜੀ ਵਪਾਰ ਨੂੰ ਵਧਾਉਣ ਵਾਲੀ ਪਟੜੀ ਤੇ ਚੜ੍ਹ ਚੁੱਕਾ ਹੋਇਆ ਸੀ।

ਪਰ ੨੦ ਸਾਲਾਂ ਬਾਅਦ ਪੱਤਰਕਾਰ ਰਵੀਸ਼ ਕੁਮਾਰ ਨੇ ਸਿੱਖਾਂ ਬਾਰੇ ਜੋ ਟਿੱਪਣੀ ਕੀਤੀ ਹੈ ਅਤੇ ਜਿਸ ਤਰ੍ਹਾਂ ਉਸ ਨੇ ਸਿੱਖਾਂ ਨੂੰ ਅਗਵਾਈ ਲਈ ਅੱਗੇ ਆਉਣ ਦੀ ਬੇਨਤੀ ਕੀਤੀ ਹੈ ਉਸ ਤੋਂ ਮਹਿਸੂਸ ਹੁੰਦਾ ਹੈ ਕਿ ਭਾਰਤ ਦੀਆਂ ਅਧੀਨ ਕੌਮਾਂ ਅੱਜ ਵੀ ਕਿੰਨੀ ਬੇਸਬਰੀ ਨਾਲ ਸਿੱਖਾਂ ਵੱਲ ਦੇਖ ਰਹੀਆਂ ਹਨ।

ਕਾਸ਼ ਸਿੱਖਾਂ ਦੀ ਲੀਡਰਸ਼ਿੱਪ ਆਪਣੇ ਟੁੱਕੜਾਂ ਲਈ ਵਿਕਾਊ ਨਾ ਹੋ ਗਈ ਹੁੰਦੀ ਨਹੀ ਤਾਂ ਉਹ ਸਿੱਖ ਮਾਣ ਵਿੱਚ ਹੋਰ ਵੀ ਵਾਧਾ ਕਰ ਦੇਂਦੀ।

ਪਰ ਇਸ ਸਭ ਕੁਝ ਦੇ ਬਾਵਜੂਦ ਸਿੱਖਾਂ ਤੋਂ ਜੋ ਉਮੀਦ ਰੱਖੀ ਜਾ ਰਹੀ ਹੈ ਅਤੇ ਜਿਸ ਕਿਸਮ ਦੀ ਠੰਢੀ ਹਵਾ ਦੇ ਬੁਲਿਆਂ ਲਈ ਦੇਸ਼ ਦੀਆਂ ਅਧੀਨ ਕੌਮਾਂ ਸਾਨੂੰ ਦੇਖ ਰਹੀਆਂ ਹਨ ਉਸ ਨਾਲ ਸਿੱਖ ਹੋਣ ਦਾ ਮਾਣ ਹੋਰ ਵਧ ਜਾਂਦਾ ਹੈ।