ਕਿਸੇ ਸਮੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਆਗੂ ਸਫਾਂ ਵਿੱਚ ਰਹੇ ਹਰਿੰਦਰ ਸਿੰਘ ਕਾਹਲੋਂ ਦਾ ਇੱਕ ਬਿਆਨ ਅੱਜਕੱਲ੍ਹ ਕਾਫੀ ਚਰਚਿਤ ਹੋ ਰਿਹਾ ਹੈੈੈ। ਭਾਜਪਾ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਹਰਿੰਦਰ ਸਿੰਘ ਕਾਹਲੋਂ ਨੇ ਆਖਿਆ ਕਿ ਜੇ ਮੇਰੇ ਕੋਲ ਕਮਾਂਡ ਹੁੰਦੀ ਤਾਂ ਮੈਂ ਕਿਸਾਨਾਂ ਨੂੰ ਡੰਡੇ ਮਾਰ ਮਾਰ ਕੇ ਭਜਾ ਦੇਂਦਾ। ਇਹ ਇਤਫਾਕ ਵਸ ਹੀ ਹੈ ਕਿ ਹਰਿੰਦਰ ਸਿੰਘ ਕਾਹਲੋਂ ਦਾ ਬਿਆਨ ਉਸ ਵੇਲੇ ਆਇਆ ਹੈ ਜਦੋਂ ਉਨ੍ਹਾਂ ਦੇ ਹੀ ਕੁਝ ਸਾਥੀ ਹਰਮਿੰਦਰ ਸਿੰਘ ਸੰਧੂ ਦੇ ਕਤਲ ਬਾਰੇ ਕੁਝ ਜੁਝਾਰੂ ਸਿੰਘਾਂ ਨੂੰ ਬੁਰਾ ਭਲਾ ਬੋਲ ਕੇ ਆਪਣੀ ਵਿਹੁ ਲਾਹ ਰਹੇ ਹਨ।

ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖ ਕੌਮ ਦਾ ਹਰਿਆਵਲ ਦਸਤਾ ਰਹੀ ਹੈੈ। ਉਸ ਵੇਲੇ ਜਦੋਂ ਸਿੱਖ ਜਵਾਨੀ ਬੇਗਾਨੇ ਫਲਸਫਿਆਂ ਤੇ ਮੋਹਿਤ ਹੋਕੇ ਆਪਣੇ ਗੁਰੂਆਂ ਅਤੇ ਸ਼ਹੀਦਾਂ ਦੇ ਸਿਧਾਂਤ ਤੋਂ ਮੁੱਖ ਮੋੜ ਰਹੀ ਸੀ ਉਸ ਵੇਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ, ਕੌਮੀ ਜਾਗਰਤੀ ਲਿਆਉਣ ਵਿੱਚ ਮੋਹਰੀ ਰੋਲ ਅਦਾ ਕੀਤਾ। ਇਹ ਮਹਿਜ਼ ਕੋਈ ਸਿਆਸੀ ਪਾਰਟੀ ਨਹੀ ਸੀ ਬਲਕਿ ਇੱਕ ਸਿਧਾਂਤਕ ਲਹਿਰ ਸੀ ਜਿਸਨੇ ਕੌਮੀ ਜਜਬੇ ਦਾ ਕਾਇਆ ਕਲਪ ਕੀਤਾ ਅਤੇ ਫਿਰ ਵਕਤ ਆਉਣ ਤੇ ਰਣ ਤੱਤੇ ਵਿੱਚ ਜੂਝਣ ਵਾਲੇ ਹਜਾਰਾਂ ਸੂਰਬੀਰਾਂ ਨੂੰ ਜਨਮ ਦਿੱਤਾ। ਇਹ ਇੱਕ ਸਿਧਾਂਤਕ ਸਮੂਹ ਸੀ। ਇੱਥੇ ਸੱਤਾ ਦੀਆਂ ਕੁਰਸੀਆਂ ਹਥਿਆਉਣ ਦੀਆਂ ਸਕੀਮਾਂ ਨਹੀ ਸੀ ਬਣਦੀਆਂ ਬਲਕਿ ਕੌਮ ਲਈ ਆਪਾ ਵਾਰਨ ਵਾਲੇ ਸੂਰਬੀਰ ਪੈਦਾ ਕੀਤੇ ਜਾਂਦੇ ਸਨ। ਸਿੱਖ ਸਟੂਡੈਂਟਸ ਫੈਡਰੇਸ਼ਨ ਸਿਆਸਤਦਾਨਾਂ ਦੀ ਪਾਰਟੀ ਨਹੀ ਸੀ ਬਲਕਿ ਕੌਮ ਦਾ ਰਾਹ ਰੁਸ਼ਨਾਉਣ ਲਈ ਪਲ ਪਲ ਸ਼ਹੀਦ ਹੋਣ ਵਾਲੇ ਜਾਂਬਾਜਾਂ ਦਾ ਹਰਿਆਵਲ ਦਸਤਾ ਸੀ। ਇਸਦੀ ਕਰਮ ਭੂਮੀ ਸਿਆਸੀ ਹੋਣ ਦੇ ਬਾਵਜੂਦ ਵੀ ਇਸਦਾ ਉਸ ਘਟੀਆ ਸਿਆਸਤ ਨਾਲ ਕੋਈ ਸਬੰਧ ਨਹੀ ਸੀ ਜਿਸਨੇ ਪੰਜਾਬ ਅਤੇ ਪੰਥ ਦੀ ਪਿੱਠ ਵਿੱਚ ਵਾਰ ਵਾਰ ਛੁਰੇ ਮਾਰੇ ਸਨ। ਸਿੱਖ ਸਟੂਡੈਟਸ ਫੈਡਰੇਸ਼ਨ ਉਸ ਜਾਂਬਾਜ ਸੂਰਮੇ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ ਜਿਸ ਨੇ ਵੀਹਵੀਂ ਸਦੀ ਵਿੱਚ ਸਿੱਖ ਕੌਮ ਦੀਆਂ ਸੁੱਤੀਆਂ ਕਲਾਂ ਜਗਾਈਆਂ ਸਨ। ਜਿਸਦੀ ਇੱਕ ਅਵਾਜ਼ ਤੇ ਹਜਾਰਾਂ ਕੌਮੀ ਯੋਧੇ ਆਪਣੀ ਸਾਰੀ ਜਿੰਦਗੀ ਕੁਰਬਾਨ ਕਰ ਗਏ। ਜਿਹੜੇ ਸ਼ਹਾਦਤ ਦੀ ਦਾਤ ਤੋਂ ਵਾਂਝੇ ਵੀ ਰਹਿ ਗਏ ਉਨ੍ਹਾਂ ਪਲ ਪਲ ਸ਼ਹੀਦ ਹੋਕੇ ਆਪਣੀ ਸਿਧਾਂਤਕ ਸਿਰਲੱਥਤਾ ਦਾ ਲੋਹਾ ਮਨਵਾਇਆ ਅਤੇ ਅੱਜ ਵੀ ਮਨਵਾ ਰਹੇ ਹਨ।

ਸਿੱਖ ਕੌਮ ਦੇ ਸਿਆਸੀ ਅਤੇ ਸਿਧਾਂਤਕ ਰਾਹ ਰੁਸ਼ਨਾਉਣ ਵਾਲੇ ਇਸ ਸਮੂਹ ਦੀ ਜਦੋਂ ਪੰਜਾਬ ਵਿੱਚ ਧਾਂਕ ਪੈਂਦੀ ਸੀ ਉਸ ਵੇਲੇ ਹੜ੍ਹ ਦੇ ਵਹਾ ਵਿੱਚ ਕੁਝ ਅਜਿਹੇ ਲੋਕ ਵੀ ਇਸ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਨਿਸ਼ਾਨਾ ਕੌਮ ਦੇ ਰਾਹਾਂ ਨੂੰ ਰੁਸ਼ਨਾਉਣ ਦਾ ਨਹੀ ਸੀ ਬਲਕਿ ਸ਼ਹੀਦਾਂ ਦੀਆਂ ਲਾਸ਼ਾਂ ਤੇ ਆਪਣੀ ਘਟੀਆ ਸਿਆਸਤ ਦੀਆਂ ਰੋਟੀਆਂ ਸੇਕਣ ਦਾ ਸੀ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇਤਿਹਾਸ ਵਿੱਚ ਅਜਿਹੇ ਬਹੁਤ ਸਾਰੇ ਨਾਅ ਹਨ ਜਿਹੜੇ ਫੈਡਰੇਸ਼ਨ ਨੂੰ ਸਿਰਫ ਸੱਤਾ ਦੀ ਪੌੜੀ ਚੜ੍ਹਨ ਲਈ ਵਰਤਣ ਲਈ ਹੀ ਇੱਥੇ ਆਏ ਸਨ। ਉਹ ਨਾ ਫੈਡਰੇਸ਼ਨ ਦੀ ਗੰਭੀਰ ਪਹੁੰਚ ਨੂੰ ਸਮਝਦੇ ਸਨ ਅਤੇ ਨਾ ਹੀ ਉਨ੍ਹਾਂ ਵਿੱਚ ਆਪਾ ਵਾਰਨ ਵਾਲੇ ਕੋਈ ਗੁਣ ਸਨ। ਸ਼ਾਇਦ ਉਨ੍ਹਾਂ ਦੀ ਇਸ ਕਮਜੋਰੀ ਨੂੰ ਭਾਂਪ ਕੇ ਸੰਤ ਜਰਨੈਲ ਸਿੰਘ ਜੀ ਨੇ 1984 ਦੇ ਘੱਲੂਘਾਰੇ ਵੇਲੇ ਉਨ੍ਹਾਂ ਨੂੰ ਟੈਂਕੀ ਵਾਲੇ ਬਾਹਰਲੇ ਮੋਰਚੇ ਤੇ ਬਿਠਾ ਦਿੱਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਵਾਲੇ ਸਭ ਤੋਂ ਕੇਂਦਰੀ ਮੋਰਚੇ ਤੇ ਸੰਤਾਂ ਨੇ ਆਪਣੇ ਸਿਰਲੱਥ ਅਤੇ ਵਫਾਦਾਰ ਸਾਥੀਆਂ ਨੂੰ ਹੀ ਥਾਂ ਦਿੱਤੀ।

ਹੌਲੀ ਹੌਲੀ ਫੈਡਰੇਸ਼ਨ ਦੇ ਇਨ੍ਹਾਂ ਲੀਡਰਾਂ ਦਾ ਪਾਜ ਉਘੜਨਾ ਸ਼ੁਰੂ ਹੋ ਗਿਆ ਅਤੇ ਫਿਰ ਕੁਝ ਸੱਜਣ ਲਹਿਰ ਵਾਲੀ ਧਿਰ ਦੇ ਗੁੱਸੇ ਦਾ ਵੀ ਸ਼ਿਕਾਰ ਹੋਏ, ਜਿਸ ਬਾਰੇ ਅੱਜਕੱਲ੍ਹ ਕਾਫੀ ਰੌਲਾ ਪਾਇਆ ਜਾ ਰਿਹਾ ਹੈੈ।

ਹੁਣ ਉਨ੍ਹਾਂ ਹੀ ਫੈਡਰੇਸ਼ਨ ਵਾਲਿਆਂ ਵਿੱਚੋਂ ਇੱਕ ਹਰਿੰਦਰ ਸਿੰਘ ਕਾਹਲੋਂ ਨੇ ਆਪਣੀਆਂ ਜੜ੍ਹਾਂ ਤੇ ਵਾਰ ਕਰਦਿਆਂ ਦੇਸ਼ ਦੇ ਹਾਕਮਾਂ ਦਾ ਗੁਣਗਾਨ ਕਰਨ ਵਿੱਚ ਜਿਸ ਨਿਵਾਣ ਨੂੰ ਛੋਹਿਆ ਹੈ ਅਸੀਂ ਸਮਝਦੇ ਹਾਂ ਕਿ ਉਸਨੇ, ਇਨ੍ਹਾਂ ਨਕਲੀ ਫੈਡਰੇਸ਼ਨ ਵਾਲਿਆਂ ਦਾ ਸਾਰਾ ਕਿਰਦਾਰ ਬੇਪਰਦ ਕਰਕੇ ਰੱਖ ਦਿੱਤਾ ਹੈੈ। ਇਹ ਵਾਕਿਆ ਹੀ ਉਹ ਲੋਕ ਸਨ ਜੋ ਸਿੱਖਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹੁਣ ਆਏ ਸਨ। ਅਤੇ ਸੱਤਾ ਦੇ ਲਾਲਚ ਵਿੱਚ ਇਹ ਕਿਤੇ ਤੱਕ ਵੀ ਨੀਵੇਂ ਡਿੱਗ ਸਕਦੇ ਸਨ। ਅਸੀਂ ਆਪਣੇ ਆਲੇ ਦੁਆਲੇ ਦੇਖ ਰਹੇ ਹਾਂ ਕਿ ਆਪਣੇ ਆਪ ਨੂੰ ਰੌਸ਼ਨ ਦਿਮਾਗ ਸਮਝਣ ਵਾਲੇ ਸੱਜਣ ਕਿਵੇਂ ਟਕੇ ਟਕੇ ਦੀਆਂ ਕੁਰਸੀਆਂ ਪਿੱਛੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਹਨ। ਇਨ੍ਹਾਂ ਵਿੱਚੋਂ ਭਾਈ ਅਮਰੀਕ ਸਿੰਘ, ਭਾਈ ਬਰਜਿੰਦਰ ਸਿੰਘ ਪੰਜਵੜ, ਭਾਈ ਸਤਪਾਲ ਸਿੰਘ ਢਿੱਲੋਂ ਜਾਂ ਹੋਰ ਜਾਂਬਾਜਾਂ ਦੇ ਅਕਸ ਨਹੀ ਲੱਭਦੇ ਬਲਕਿ ਮਨਿੰਦਰਜੀਤ ਸਿੰਘ ਬਿੱਟੇ ਦੇ ਅਕਸ ਲੱਭਦੇ ਹਨ।

ਇਹ ਸਮੁੱਚੀ ਟੀਮ ਫੈਡਰੇਸ਼ਨ ਦੇ ਬਿੱਿਟਆਂ ਦੀ ਟੀਮ ਸੀ ਜੋ ਅੱਜ ਆਪਣਾਂ ਅਸਲੀ ਚਿਹਰਾ ਨਸ਼ਰ ਕਰ ਰਹੀ ਹੈੈ। ਜਿਹੜੇ ਲੋਕ ਸਰਕਾਰੀ ਜੁਲਮ ਦੇ ਖਿਲਾਫ ਲੜਨ ਦੇ ਨਾਅ ਹੇਠ ਆਏ ਸਨ ਜੇ ਅੱਜ ਉਹ ਸੰਘਰਸ਼ ਕਰ ਰਹੇ ਕਿਸਾਨਾਂ ਤੇ ਜੁਲਮ ਕਰਨ ਦੇ ਹੋਕਰੇ ਮਾਰ ਰਹੇ ਹਨ ਤਾਂ ਸਮਝਿਆ ਜਾ ਸਕਦਾ ਹੈ ਕਿ ਸੰਤ ਜਰਨੈਲ ਸਿੰਘ ਜੀ ਨੇ 1984 ਵੇਲੇ ਅਤੇ ਫਿਰ ਜੁਝਾਰੂ ਲੀਡਰਸ਼ਿੱਪ ਨੇ ਇਨ੍ਹਾਂ ਨੂੰ ਪਹਿਚਾਨਣ ਵਿੱਚ ਕੋਈ ਗਲਤੀ ਨਹੀ ਕੀਤੀ।