ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੁਤਬਾ ਸਿੱਖ ਪੰਥ ਵਿੱਚ ਬਹੁਤ ਹੀ ਸਤਿਕਾਰਯੋਗ ਰੁਤਬਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਅੱਜ ਵੀ ਸਿੱਖ ਆਪਣੇ ਗੁਰੂ ਤੋਂ ਬਾਅਦ ਜੇ ਕਿਸੇ ਦਾ ਸਤਿਕਾਰ ਕਰਦੇ ਹਨ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਹੀ ਹਨ ਤਾਂ ਕੋਈ ਅਤਿਕਥਨੀ ਨਹੀ ਹੈ। ਸਿੱਖ ਪੰਥ ਵਿੱਚ ਜਥੇਦਾਰ ਸਾਹਿਬਾਨ ਦਾ ਰੁਤਬਾ ਅਤੇ ਸਤਿਕਾਰ ਇਸ ਲਈ ਬਣਿਆ ਹੋਇਆ ਹੈ ਕਿਂਉਂਕਿ ਪੁਰਾਤਨ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਰਹੇ ਮੁਖੀ ਸੱਜਣ ਹਰ ਫੈਸਲਾ ਸਿੱਖ ਕੌਮ ਦੇ ਭਲੇ ਦੇ ਮੱਦੇਨਜ਼ਰ ਕਰਦੇ ਸਨ। ਦੁਨਿਆਵੀ ਬਾਦਸ਼ਾਹੀਆਂ, ਸਰਕਾਰਾਂ ਜਾਂ ਫੌਜਾਂ ਦਾ ਰੋਅਬ ਤੇ ਰੁਤਬਾ ਉਨ੍ਹਾਂ ਧਾਰਮਿਕ ਸ਼ਖਸ਼ੀਅਤਾਂ ਲਈ ਕੋਈ ਮਾਅਨੇ ਨਹੀ ਸੀ ਰੱਖਦਾ। ਉਹ ਅਕਾਲ ਪੁਰਖ ਦੇ ਭਾਣੇ ਵਿੱਚ ਰਹਿੰਦੇ ਹੋਏ ਪੰਥ ਖਾਲਸੇ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਤਤਪਰ ਰਹਿੰਦੇ ਸਨ। ਪੰਥ ਖਾਲਸਾ ਉਨ੍ਹਾਂ ਦੇ ਹੁਕਮਾਂ ਨੂੰ ਗੁਰੂ ਦਾ ਇਲਾਹੀ ਹੁਕਮ ਮੰਨਕੇ ਉਸ ਤੇ ਫੁੱਲ ਚੜ੍ਹਾਉਂਦਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹਰ ਹੁਕਮ ਕੌਮ ਲਈ ਇਲਾਹੀ ਹੁਕਮ ਵਰਗਾ ਹੁੰਦਾ ਸੀ ਜਿਸ ਤੋਂ ਮੂੰਹ ਵੱਟਣਾਂ ਸੂਰਬੀਰਾਂ ਦੀ ਕੌਮ ਲਈ ਗਵਾਰਾ ਨਹੀ ਸੀ। ਜਾਂਬਾਜ ਸੂਰਮੇ ਆਪਣੀ ਜਾਨ ਤੇ ਖੇਡ ਕੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘਾਂ ਵੱਲ਼ੋਂ ਜਾਰੀ ਕੀਤੇ ਹੁਕਮ ਨੂੰ ਪਰਵਾਨ ਚੜ੍ਹਾਉਣ ਦਾ ਯਤਨ ਕਰਦੇ ਸਨ। ਕੋਈ ਸਰਕਾਰ ਜਾਂ ਫੌਜੀ ਦਬਦਬਾ ਰੁਹਾਨੀ ਰੰਗ ਵਿੱਚ ਰੰਗੀਆਂ ਹੋਈਆਂ ਇਨ੍ਹਾਂ ਉਚ ਸ਼ਖਸ਼ੀਅਤਾਂ ਨੂੰ ਆਪਣੇ ਅਜ਼ਾਦ ਫੈਸਲੇ ਲੈਣ ਤੋਂ ਰੋਕ ਨਹੀ ਸੀ ਸਕਦਾ। ਇਸੇ ਕਰਕੇ ਇਨ੍ਹਾਂ ਪੰਜ ਸਿੰਘਾਂ ਦਾ ਅਸਲ ਮਕਸਦ ਕਿਸੇ ਸਰਕਾਰ ਨੰ ਚਲਦਾ ਰੱਖਣਾਂ ਨਹੀ ਸੀ ਹੁੰਦਾ ਬਲਕਿ ਪੰਥ ਖਾਲਸੇ ਦੀ ਸਦੀਵੀ ਚੜ੍ਹਦੀ ਕਲਾ ਨੂੰ ਬੁਲੰਦ ਰੱਖਣਾਂ ਹੁੰਦਾ ਸੀ।

ਸਮੇਂ ਦੇ ਗੇੜ ਨਾਲ ਜਿਵੇਂ ਜਿਵੇਂ ਹਾਕਮਾਂ ਦੀ ਜਿੰਦਗੀ ਵਿੱਚ ਹਵਸ, ਮਾਰਖੋਰੀ ਬਿਰਤੀ, ਕਾਤਲੀ ਰੁਝਾਨ ਅਤੇ ਲੁਟੇਰੀ ਪਰਵਿਰਤੀ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਚਲੀਆਂ ਗਈਆਂ ਤਾਂ ਉਨ੍ਹਾਂ ਵਿੱਚ ਜਮਹੂਰੀ ਨਿਜ਼ਾਮ ਦੇ ਉਨ੍ਹਾਂ ਸਾਰੇ ਸੰਦਾਂ ਨੂੰ ਆਪਣੇ ਕਬਜੇ ਹੇਠ ਕਰਨ ਦੀ ਕੁਪਰਵਿਰਤੀ ਪੈਦਾ ਹੋਣ ਲ਼ੱਗ ਪਈ ਜੋ ਉਨ੍ਹਾਂ ਦੀ ਅਸ਼ਲੀਲ ਜਿੰਦਗੀ ਤੇ ਕਿੰਤੂ ਕਰ ਸਕਦੇ ਹੋਣ। ਸਿਆਸੀ ਸੱਤਾ ਵਿੱਚ ਰਹਿੰਦਿਆਂ ਹਾਕਮਾਂ ਨੇ ਅਜਿਹੀ ਕਲਾਕਾਰੀ ਅਤੇ ਡਿਪਲੋਮੇਸੀ ਬਹੁਤ ਚੰਗੀ ਤਰ੍ਹਾਂ ਸਿੱਖ ਲਈ ਜਿਸ ਨਾਲ ਪੁਲਿਸ, ਜਾਂਚ ਏਜੰਸੀਆਂ ਅਤੇ ਅਦਾਲਤਾਂ ਨੂੰ ਆਪਣੇ ਅਧੀਨ ਕੀਤਾ ਜਾ ਸਕਦਾ ਸੀ। ਪੰਜਾਬ ਵਿੱਚ ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਅਜਿਹੀ ਰੁਹਾਨੀ ਅਤੇ ਇਖਲਾਕੀ ਉਚਤਾ ਵਾਲੀ ਸੰਸਥਾ ਸੀ ਜਿਸ ਤੋਂ ਸਮੇਂ ਦੇ ਹਾਕਮਾਂ ਖਿਲਾਫ ਅਵਾਜ਼ ਉਠ ਸਕਦੀ ਸੀ। ਇਸ ਸੰਸਥਾ ਨੂੰ ਕਮਜ਼ੋਰ ਕਰਨ ਅਤੇ ਇਸ ਨੂੰ ਆਪਣੇ ਅਧੀਨ ਕਰਨ ਦੀ ਕਵਾਇਦ ਜੋ ਹਾਕਮਾਂ ਨੇ ੫੦ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਸ ਵੇਲੇ ਸੰਪੂਰਨ ਹੋ ਚੁੱਕੀ ਹੈ। ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਅਵਾਜ਼ ਅਤੇ ਉਹ ਹੁਕਮਨਾਮਾਂ ਹੀ ਜਾਰੀ ਕੀਤਾ ਜਾਂਦਾ ਹੈ ਜੋ ਹਾਕਮਾਂ ਦੀ ਅਸ਼ਲੀਲ ਰਾਜਨੀਤੀ ਲਈ ਠੀਕ ਹੁੰਦਾ ਹੈ। ਹਾਕਮ ਵੀ ਉਨਾ ਚਿਰ ਹੀ ‘ਅਕਾਲ ਤਖਤ ਮਹਾਨ ਹੈ’ ਦੇ ਨਾਅਰੇ ਲਾਉਂਦੇ ਹਨ ਜਿੰਨਾ ਚਿਰ ਅਕਾਲ ਤਖਤ ਸਾਹਿਬ ਤੇ ਬੈਠੇ ਮੁਖੀ ਸੱਜਣ ਹਾਕਮਾਂ ਦੀ ਝੂਠ ਦੀ ਦੁਕਾਨ ਚਲਾਉਣ ਦੀ ਹਾਮੀ ਭਰਦੇ ਹਨ।

ਗੱਲ ਕੀ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਪੰਜਾਬ ਦੀ ਹਾਕਮ ਧਿਰ ਦਾ ਬੁਲਾਰਾ ਨਹੀ ਬਲਕਿ ਉਨ੍ਹਾਂ ਦੀ ਅਧੀਨਗੀ ਹੇਠ ਚੱਲ ਰਹੀ ਇੱਕ ਸੰਸਥਾ ਵੱਜੋਂ ਕੰਮ ਕਰ ਰਿਹਾ ਹੈ। ਸਿਰਸੇ ਵਾਲੇ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀਨਾਮਾ ਜਾਰੀ ਕਰਨ ਦੀ ਕਸਰਤ ਨੇ ਇਸ ਨਾਪਾਕ ਗੱਠਜੋੜ ਨੂੰ ਬੇਸ਼ਰਮੀ ਨਾਲ ਬੇਪਰਦ ਕਰ ਦਿੱਤਾ ਹੈ। ਕਿਉਂਕਿ ਹਾਕਮਾਂ ਨੂੰ ਇਹ ਲ਼ੱਗਦਾ ਸੀ ਕਿ ਉਨ੍ਹਾਂ ਦੇ ਹੁਕਮ ਤੋਂ ਬਿਨਾ ਪੰਜਾਬ ਵਿੱਚ ਪੱਤਾ ਨਹੀ ਹਿੱਲਦਾ, ਇਸੇ ਲਈ ਉਹ ਸਿਰਸੇ ਵਾਲੇ ਕੋਲ ਇੱਕ ‘ਮੁਆਫੀਨਾਮਾ’ ਲਿਖਵਾਉਣ ਲਈ ਆਪ ਗਏ ਸਨ। ਸਿਰਸੇ ਵਾਲੇ ਨੇ ਇੱਕ ਟੀ.ਵੀ. ਇੰਟਰਵਿਊ ਵਿੱਚ ਆਪ ਮੰਨਿਆ ਹੈ ਕਿ ਪੰਜਾਬ ਦੇ ਬਹੁਤ ਵੱਡੇ ਸਿਆਸਤਦਾਨ ਉਸ ਕੋਲ ਆਏ ਸਨ। ਉਸਦਾ ਇਸ਼ਾਰਾ ‘ਕਾਕਾ ਜੀ’ ਵੱਲ ਸੀ। ਇਸਦਾ ਮਤਲਬ ‘ਕਾਕਾ ਜੀ’ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਤੋਂ ਵੀ ਉਪਰ ਸਮਝਦੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਅ ਤੇ ਆਪ ਹੀ ਫੈਸਲੇ ਕਰੀ ਜਾ ਰਹੇ ਹਨ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਉਨ੍ਹਾਂ ਦੇ ਸਾਥੀਆਂ ਵੱਲ਼ੋਂ ਸਤੰਬਰ ਮਹੀਨੇ ਜੋ ਫੈਸਲਾ ਕੀਤਾ ਅਤੇ ਉਸਦਾ ਪੰਥ ਨੇ ਜਿਸ ਕਿਸਮ ਦਾ ਵਿਰੋਧ ਕੀਤਾ ਉਸ ਕਾਰਨ ਬੇਸ਼ੱਕ ਉਹ ਫੈਸਲਾ ਵਾਪਸ ਲੈਣਾਂ ਪੈ ਗਿਆ ਪਰ ਉਸ ਦਿਨ ਤੋਂ ਬਾਅਦ ਸਿੱਖਾਂ ਦੇ ਜਥੇਦਾਰ ਪੂਰੀ ਤਰ੍ਹਾਂ ਜੰਜੀਰਾਂ ਵਿੱਚ ਜਕੜੇ ਗਏ। ਪਹਿਲਾਂ ਵੀ ਉਹ ਸਰਕਾਰੀ ਫੌਜਾਂ ਦੇ ਲਸ਼ਕਰ ਤੋਂ ਬਿਨਾ ਬਾਹਰ ਨਹੀ ਸੀ ਨਿਕਲਦੇ ਪਰ ਹੁਣ ਤਾਂ ਉਹ ਸਿਰਫ ਸਰਕਾਰੀ ਸਮਾਗਮਾਂ ਵਿੱਚ ਹੀ ਸ਼ਾਮਲ ਹੁੰਦੇ ਹਨ।

੧੮ ਜਨਵਰੀ ਦੀਆਂ ਅਖਬਾਰਾਂ ਵਿੱਚ ਇਹ ਖਬਰ ਛਪੀ ਹੈ ਕਿ ਸਰਕਾਰ ਹੁਣ ਆਪਣਾਂ ਆਪ ਬਚਾਉਣ ਲਈ ਤਖਤਾਂ ਦੇ ਜਥੇਦਾਰਾਂ ਨੂੰ ਬਦਲਣ ਦਾ ਮਨ ਬਣਾ ਰਹੀ ਹੈ, ਪਰ ਔਖ ਇਹ ਹੈ ਕਿ ਸਰਕਾਰ ਨੂੰ ਉਸ ਕਿਸਮ ਦੇ ਲੋਕ ਨਹੀ ਮਿਲ ਰਹੇ ਜੋ ‘ਪਾਰਟੀ ਲਈ ਵੀ ਵਫਾਦਾਰ’ ਹੋਣ। ਮਤਲਬ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੌਮ ਲਈ ਜਾਂ ਪੰਥ ਲਈ ਵਫਾਦਾਰ ਹੋਣਾਂ ਜਰੂਰੀ ਨਹੀ ਹੈ ਬਲਕਿ ਪਾਰਟੀ ਲਈ ਵਫਾਦਾਰ ਹੋਣਾਂ ਜਰੂਰੀ ਹੈ। ਪਾਰਟੀ ਜਥੇਦਾਰਾਂ ਨੂੰ ਢਾਲ ਬਣਾਕੇ ਸਿਆਸੀ ਅਤੇ ਧਾਰਮਿਕ ਖੇਤਰ ਵਿੱਚ ਜੋ ਮਰਜੀ ਖੁੱਲ੍ਹ ਖੇਡੀ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਪਾਰਟੀ ਪ੍ਰਧਾਨ ਜਾਂ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਜੁਅਰਤ ਰੱਖਣ ਵਾਲਾ ਨਹੀ ਹੋਣਾਂ ਚਾਹੀਦਾ।

ਨਿਰਸੰਦੇਹ ਪਾਰਟੀ ਕੌਮ ਦੇ ਇਸ ਵੱਡੇ ਅਤੇ ਸਤਿਕਾਰਤ ਅਹੁਦੇ ਨੂੰ ਹਾਲੇ ਵੀ ਜੰਜੀਰਾਂ ਵਿੱਚ ਜਕੜਨ ਦੀ ਜਿੱਦ ਤੋਂ ਬਾਜ ਨਹੀ ਆ ਰਹੀ।