ਸਾਉਦੀ ਅਰਬ ਦੇ ਸੀਨੀਅਰ ਪੱਤਰਕਾਰ ਜਮਾਲ ਖਸ਼ੋਗੀ ਦਾ ਕਤਲ ਕਰ ਦਿੱਤਾ ਗਿਆ ਹੈ। ਜਮਾਲ ਖਸ਼ੋਗੀ ਸਾਉਦੀ ਅਰਬ ਦੇ ਸੀਨੀਅਰ ਪੱਤਰਕਾਰ ਸਨ ਅਤੇ ਦੁਨੀਆਂ ਭਰ ਦੇ ਵੱਡੇ ਅੰਗਰੇਜ਼ੀ ਅਖਬਾਰਾਂ ਵਿੱਚ ਉਨ੍ਹਾਂ ਦੇ ਲੇਖ ਛਪਦੇ ਸਨ।ਅਮਰੀਕਾ ਦੇ ਅਖਬਾਰ ‘ਵਾਸ਼ਿੰਗਟਨ ਪੋਸਟ’ ਦੇ ਉਹ ਸੀਨੀਅਰ ਕਾਲਮਨਵੀਸ ਸਨ। ਜਮਾਲਖਸ਼ੋਗੀ ਨੂੰ ਸਾਉਦੀ ਅਰਬ ਦੇ ਸ਼ਅਹੀ ਪਰਿਵਾਰ ਅਤੇ ਉਸ ਦੇਸ਼ ਨੂੰ ਚਲਾਉਣ ਵਾਲੇ ਸਿਆਸੀ ਢਾਂਚੇ ਦੇ ਵੱਡੇ ਨੁਕਤਾਚੀਨ ਵੱਜੋਂ ਦੇਖਿਆ ਜਾਂਦਾ ਸੀ। ਜਮਾਲ ਖਸ਼ੋਗੀ ਸਾਉਦੀ ਸ਼ਅਹੀ ਪਰਿਵਾਰ ਵੱਲੋਂ ਮੱਧ-ਪੂਰਬ ਵਿੱਚ ਆਪਣੀ ਸਿਆਸੀ ਚੌਧਰ ਬਰਕਰਾਰ ਰੱਖਣ ਲਈ ਕੀਤੀ ਜਾ ਰਹੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾਂ ਦੀ ਡਟਕੇ ਮੁਖਾਲਫਤ ਕੀਤੀ ਜਾਂਦੀ ਸੀ।ਉਹ ਸਾਉਦੀ ਅਰਬ ਵੱਲੋਂ ਯਮਨ ਵਿੱਚ ਵਿੱਚ ਕੀਤੀ ਜਾ ਰਹੀ ਬੰਬਾਰੀ, ਕਤਰ ਦੇ ਦੁਆਲੇ ਪਾਏ ਜਾ ਰਹੇ ਸਿਆਸੀ ਅਤੇ ਆਰਥਕ ਘੇਰੇ ਅਤੇ ਉਸ ਖਿੱਤੇ ਵਿੱਚ ਕੁਝ ਅਜਿਹੇ ਤੱਤਾਂ ਦੀ ਕੀਤੀ ਜਾ ਰਹੀ ਸਹਾਇਤਾ ਦੀ ਆਲੋਚਨਾ ਕਰਦੇ ਸਨ ਜੋ ਤੱਤ ਮੱਧ-ਪੂਰਬ ਵਿੱਚ ਅੱਤਵਾਦ ਫੈਲਾ ਰਹੇ ਹਨ।

ਸਾਉਦੀ ਅਰਬ ਦਾ ਸ਼ਾਹੀ ਪਰਿਵਾਰ ਇੱਕ ਅਜਿਹੇ ਪਰਿਵਾਰ ਵੱਜੋਂ ਜਾਣਿਆਂ ਜਾਂਦਾ ਹੈ ਜੋ ਆਪਣੀ ਕਿਸੇ ਕਿਸਮ ਦੀ ਵੀ ਆਲੋਚਨਾ ਸੁਣਨ ਦਾ ਆਦੀ ਨਹੀ ਹੈ। ਵੈਸੇ ਹਰ ਤਾਨਾਸ਼ਾਹ ਅਤੇ ਰਾਜ ਸ਼ਾਹਘਰਾਣਾਂ ਅਜਿਹਾ ਹੀ ਹੁੰਦਾ ਹੈ, ਪਰ ਸਾਉਦੀ ਅਰਬ ਦੇ ਸ਼ਾਹੀ ਪਰਿਵਾਰ ਦੀਆਂ ਅਮਰੀਕਾ ਸਮੇਤ ਵੱਡੇ ਮੁਲਕਾਂ ਨਾਲ ਚੰਗੀਆਂ ਸਾਂਝਾਂ ਕਾਰਨ ਇਸ ਸ਼ਾਹੀ ਪਰਿਵਾਰ ਨੇ ਕੌਮਾਂਤਰੀ ਪੱਧਰ ਤੇ ਜੋ ਆਪਣੀ ਭੱਲ ਬਣਾ ਲਈ ਹੈ ਉਸਦੇ ਓਹਲੇ ਵਿੱਚ ਦੇਸ਼ ਦੇ ਆਮ ਲੋਕਾਂ ਤੇ ਕਾਫੀ ਤਸ਼ੱਦਦ ਕੀਤਾ ਜਾ ਰਿਹਾ ਹੈ। ਆਪੋ ਆਪਣੇ ਹਥਿਆਰਾਂ ਦੀ ਮੰਡੀ ਨੂੰ ਚਲਦਾ ਰੱਖਣ ਲਈ ਕੋਈ ਵੀ ਜਮਹੂਰੀ ਅਤੇ ਪੱਛਮੀ ਮੁਲਕ ਸਾਉਦੀ ਅਰਬ ਦੀਆਂ ਇਨ੍ਹਾਂ ਕਾਰਵਾਈਆਂ ਦੇ ਖਿਲਾਫ ਮੂੰਹ ਨਹੀ ਸੀ ਖੋਲ ਦਾ ਪਰ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਨੇ ਸਾਰੇ ਪੱਛਮੀ ਮੁਲਕਾਂ ਨੂੰ ਅਵਾਜ਼ ਬੁਲੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ।

ਦੱਸਿਆ ਜਾਂਦਾ ਹੈ ਕਿ ਜਮਾਲ ਖਸ਼ੋਗੀ ੨ ਅਕਤੂਬਰ ੨੦੧੮ ਵਾਲੇ ਦਿਨ ਤੁਰਕੀ ਸਥਿਤ, ਸਾਉਦੀ ਅਰਬ ਦੇ ਸਫਾਰਤਖਾਨੇ ਵਿੱਚ ਦਾਖਲ ਹੋਏ ਸਨ ਪਰ ਫਿਰ ਬਾਹਰ ਨਹੀ ਆਏ। ਜਦੋਂ ਕਾਫੀ ਦਿਨ ਉਨ੍ਹਾਂ ਬਾਰੇ ਕੁਝ ਪਤਾ ਨਾ ਲ਼ੱਗਾ ਤਾਂ ਆਖਰ ਉਨ੍ਹਾਂ ਦੇ ਪਰਿਵਾਰ ਨੇ ਤੁਰਕੀ ਦੀ ਸਰਕਾਰ ਨੂੰ ਸੰਪਰਕ ਕੀਤਾ। ਤੁਰਕੀ ਦੀ ਪੁਲਿਸ ਨੇ ਜਮਾਲ ਖਸ਼ੋਗੀ ਦੇ ਆਖਰੀ ਪਲਾਂ ਦੀ ਪੈੜ ਨੱਪਦਿਆਂ ਜਦੋਂ ਸਾਉਦੀ ਸਫਾਰਤਖਾਨੇ ਵੱਲ ਮੂੰਹ ਕੀਤਾ ਤਾਂ ਸਾਉਦੀ ਸਰਕਾਰ ਨੇ ਜਮਾਲ ਖਸ਼ੋਗੀ ਬਾਰੇ ਕੁਝ ਵੀ ਪਤਾ ਨਾ ਹੋਣ ਦਾ ਝੂਠ ਬੋਲਦਿੱਤਾ। ਪਰ ਸੀਨੀਅਰ ਪੱਤਰਕਾਰ ਹੋਣ ਕਾਰਨ ਜਦੋਂ ਦੁਨੀਆਂ ਭਰ ਵਿੱਚ ਉਸਦੀ ਗੁੰਮਸ਼ੀਦਗੀ ਬਾਰੇ ਰੌਲਾ ਪਿਆ ਤਾਂ ਆਖਰ ਘੇਰੇ ਵਿੱਚ ਆਈ ਸਾਉਦੀ ਸਰਕਾਰ ਨੇ ਿਹ ਮੰਨਿਆ ਕਿ ਜਮਾਲ ਖਸ਼ੋਗੀ ਸਾਉਦੀ ਸਫਾਰਤਖਾਨੇ ਵਿੱਚ ਆਇਆ ਸੀ ਪਰ ਅੰਦਰ ਹੋਈ ਇੱਕ ਝੜਪ ਵਿੱਚ ਉਸਦੀ ਮੌਤ ਹੋ ਗਈ।

ਫਿਰ ਵੱਡਾ ਦਬਾਅ ਪੈਣ ਕਾਰਨ ਸਾਉਦੀ ਅਰਬ ਦੇ ਵਿਦੇਸ਼ ਮੰਤਰੀ ਨੇ ਇਹ ਬਿਆਨ ਦਿੱਤਾ ਕਿ ਖਸ਼ੋਗੀ ਦਾ ਕਤਲ ਹੋ ਗਿਆ ਹੈ ਅਤੇ ਇਹ ਕਤਲ ਮੰਦਭਾਗਾ ਸੀ। ਉਧਰ ਤੁਰਕੀ ਦੇ ਰਾਸ਼ਟਰਪਤੀ ਨੇ ਵਾਅਦਾ ਕੀਤਾ ਕਿ ਉਹ ਜਮਾਲ ਖਸ਼ੋਗੀ ਦੇ ਕਤਲ ਬਾਰੇ ਸਾਰਾ ਸੱਚ ਬਾਹਰ ਲਿਆਉਣਗੇ। ਉਨ੍ਹਾਂ ਦੇਸ਼ ਦੀ ਸੰਸਦ ਵਿੱਚ ਇਸ ਬਾਰੇ ਵੱਡੇ ਖੁਲਾਸੇ ਕੀਤੇ। ਰਾਇਟਰ ਖਬਰ ਏਜੰਸੀ ਨੇ ਇਹ ਖਬਰ ਦਿਤੀ ਕਿ ਜਮਾਲ ਖਸ਼ੋਗੀ ਨੂੰ, ਸਾਉਦੀ ਅਰਬ ਦੇ ਮਹਾਰਾਜੇ ਦੇ ਪੁੱਤਰ, ਮੁਹੰਮਦ ਬਿਨ ਸਲਮਾਨ ਦੇ ਇੱਕ ਬਹੁਤ ਨਜ਼ਦੀਕੀ ਅਫਸਰ ਦੇ ਕਹਿਣ ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਹੁਣ ਇਹ ਵੀ ਖਬਰਾਂ ਆਈਆਂ ਹਨ ਕਿ ਕਤਲ ਦੀ ਯੋਜਨਾ ਪੂਰੀ ਤਿਆਰੀ ਨਾਲ ਸਿਰੇ ਚਾੜ੍ਹੀ ਗਈ। ਖਸ਼ੋਗੀ ਦੇ ਕਤਲ ਤੋਂ ਪਹਿਲਾਂ ਸਾਉਦੀ ਅਰਬ ਦੇ ਇੰਟੈਲੀਜੈਂਸ ਅਫਸਰਾਂ ਦੀ ਇੱਕ ੮ ਮੈਂਬਰੀ ਟੀਮ ਤੁਰਕੀ ਆਈ ਜਿਸਨੇ ਸਫਾਰਤਖਾਨੇ ਦੇ ਆਲੇ ਦੁਆਲੇ ਲ਼ੱਗੇ ਸਾਰੇ ਕੈਮਰਿਆਂ ਨੂੰ ਨਿੱਸਲ ਕੀਤਾ ਅਤੇ ਫਿਰ ਕਤਲ ਨੂੰ ਅੰਜਾਮ ਦੇ ਕੇ ਉਸਦੀ ਲਾਸ਼ ਦੇ ਟੁਕੜੇ ਟੁਕੜੇ ਕਰ ਦਿੱਤੇ ਗਏ।

ਜਮਾਲ ਖਸ਼ੋਗੀ ਦੇ ਕਤਲ ਪਿੱਛੇ ਮਹਾਰਾਜੇ ਦੇ ਬੇਟੇ ਮੁਹੰਮਦ ਬਿਨ ਸਲਮਾਨ ਤੇ ਉਂਗਲੀ ਉਠ ਰਹੀ ਹੈ, ਕਿਉਂਕਿ ਦੇਸ਼ ਦੀ ਇੰਟੈਲੀਜੈਂਸ ਉਸਦੀ ਕਮਾਨ ਹੇਠ ਹੈ। ਉਹ ਹੀ ਹੁਣ ਮਹਾਰਾਜੇ ਵਾਲੇ ਸਾਰੇ ਕੰਮਕਾਰ ਦੇਖਦਾ ਹੈ ਕਿਉਂਕਿ ਮਅਹਅਰਅਜਅ ਬੁੱਢਾ ਹੋ ਚੁੱਕਾ ਹੈ। ਇਸੇ ਦੌਰਾਨ ਦੇਸ਼ ਦੀ ਰਾਜਧਾਨੀ ਵਿੱਚ ਹੋ ਰਹੀ ਇੱਕ ਵੱਡੀ ਆਰਥਕ ਕਾਨਫਰੰਸ ਨੂੰ ਵੀ ਇਸ ਕਤਲ ਨੇ ਗ੍ਰਹਿਣ ਲਾ ਦਿੱਤਾ ਹੈ ਕਿਉਂਕਿ ਬਹੁਤ ਸਾਰੀਆਂ ਪੱਛਮੀ ਕੰਪਨੀਆਂ ਅਤੇ ਵੱਡੇ ਮੁਲਕਾਂ ਨ ਇਸ ਨਾਲੋਂ ਆਪਣਾਂ ਨਾਤਾ ਤੋੜ ਲਿਆ ਹੈ।

ਨਿਰਸੰਦੇਹ ਜਮਾਲ ਖਸ਼ੋਗੀ ਦੇ ਕਤਲ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਸਰਕਾਰਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਖਿਲਾਫ ਅਵਾਜ਼ ਉਠਾਉਣ ਵਾਲੇ ਪੱਤਰਕਾਰਾਂ ਲਈ ੨੧ਵੀਂ ਸਦੀ ਵਿੱਚ ਵੀ ਹਾਲਾਤ ਸਾਜ਼ਗਾਰ ਨਹੀ ਹਨ। ਹਾਲੇ ਵੀ ਮੌਤ ਉਨ੍ਹਾਂ ਦੇ ਸਿਰ ਤੇ ਮੰਡਰਾ ਰਹੀ ਹੈ। ਦੂਜੇ ਪਾਸੇ ਜਮਹੂਰੀ ਤਾਨਾਸ਼ਾਹ ਅਤੇ ਨਿਰੇ ਤਾਨਾਸ਼ਾਹ ਹਾਲੇ ਵੀ ਪੱਤਰਕਾਰਾਂ ਨੂੰ ਆਪਣੇ ਹਰਮ ਦਾ ਮਾਲ ਹੀ ਸਮਝ ਰਹੇ ਹਨ। ਉਹ ਆਪਣੇ ਖਿਲਾਫ ਕੁਝ ਵੀ ਨਹੀ ਸੁਣਨਾ ਚਾਹੁੰਦੇ।

ਪੱਤਰਕਾਰ ਭਾਈਚਾਰੇ ਲਈ ਇਹ ਸਥਿਤੀ ਕਾਫੀ ਦੁਖਦਾਈ ਹੈ।