2015 ਵਿੱਚ ਪਹਿਲੀ ਜੂਨ ਨੂੰ ਫਰੀਦਕੋਟ ਜਿਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਚੋਰੀ ਕਰਨ ਦੀ ਵਾਰਦਾਤ ਹੋਈ ਸੀ। ਉਸ ਤੋਂ ਕੁਝ ਮਹੀਨੇ ਬਾਅਦ ਸਤੰਬਰ ਵਿੱਚ ਬਰਗਾੜੀ ਪਿੰਡ ਦੀਆਂ ਕੰਧਾਂ ਤੇ ਪੋਸਟਰ ਲਾਉਣ ਦੀ ਘਟਨਾ ਅਤੇ ਉਸਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਪਾੜ ਕੇ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਖਿਲਾਰ ਦੇਣ ਦੀ ਵਾਰਦਾਤ ਹੋਈ। ਜਿਸਨੂੰ ਲੈ ਕੇ ਸਮੁੱਚੀ ਸਿੱਖ ਕੌਮ ਵਿੱਚ ਵਿਆਪਕ ਰੋਸ ਸੀ। ਇਸ ਘਟਨਾ ਕਾਰਨ ਅਕਾਲੀ ਸਰਕਾਰ ਨੇ ਇਸ ਸਾਰੀ ਘਟਨਾ ਕ੍ਰਮ ਦੀ ਤਫਤੀਸ਼ ਕੇਂਦਰੀ ਏਜੰਸੀ ਸੀ.ਬੀ.ਆਈ ਨੂੰ ਸੌਂਪ ਦਿੱਤੀ ਸੀ। ਇਸਦੇ ਨਾਲ ਹੀ ਇੱਕ ਸਪੈਸ਼ਲ ਪੰਜਾਬ ਪੁਲੀਸ ਦੀ ਜਾਂਚ ਏਜੰਸੀ ਬਣਾਈ ਸੀ। ਕੁਝ ਦਿਨ ਪਹਿਲਾਂ ਸੀ.ਬੀ.ਆਈ ਨੇ ਆਪਣੀ ਤਫਤੀਸ਼ ਨੂੰ ਮੁਕੰਮਲ ਸਮਝ ਕੇ ਮੁਹਾਲੀ ਸਥਿਤ ਸੀ.ਬੀ.ਆਈ ਸਪੈਸ਼ਲ ਕੋਰਟ ਵਿੱਚ ਅਰਜੀ ਦਾਇਰ ਕਰਕੇ ਇਹ ਮੰਗ ਕੀਤੀ ਹੈ ਕਿ ਇਸ ਸਾਰੇ ਘਟਨਾ ਕ੍ਰਮ ਨਾਲ ਸਬੰਧਤ ਕੇਸ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਇਸ ਕੇਸ ਨਾਲ ਸਬੰਧਤ ਵਿਅਕਤੀ ਜੋ ਡੇਰਾ ਪ੍ਰੇਮੀ ਹਨ ਉਨਾਂ ਉਪਰ ਵੀ ਕੋਈ ਕੇਸ ਨਾ ਬਣਾਇਆ ਜਾਵੇ। ਸਬੰਧਤ ਜੱਜ ਨੇ ਇਹ ਮਾਮਲਾ ਸੁਣਵਾਈ ਅਧੀਨ ਰੱਖ ਲਿਆ ਹੈ। ਸੀ.ਬੀ.ਆਈ ਜਾਂਚ ਏਜੰਸੀ ਜੋ ਕੇਂਦਰੀ ਸਰਕਾਰ ਦੇ ਅਧੀਨ ਹੈ ਕੋਈ ਵੀ ਅਜਿਹਾ ਫੈਸਲਾ ਕੇਂਦਰ ਸਰਕਾਰ ਦੇ ਫੈਸਲੇ ਤੋਂ ਬਗੈਰ ਨਹੀਂ ਕਰਦੀ ਹੈ। ਇਸ ਕੇਸ ਨੂੰ ਬੰਦ ਕਰਨ ਦੀ ਸੀ.ਬੀ.ਆਈ ਦੀ ਦਰਖਾਸਤ ਤੋਂ ਬਾਅਦ ਪੰਜਾਬ ਦੇ ਰਾਜਨੀਤਿਕ ਮਾਹੌਲ ਵਿੱਚ ਤੇ ਸਿੱਖ ਕੌਮ ਅੰਦਰ ਇਸਦੀ ਕਾਫੀ ਚਰਚਾ ਹੈ। ਜੋ ਪੁਲੀਸ ਦੀ ਜਾਂਚ ਏਜੰਸੀ ਪਿਛਲੀ ਅਕਾਲੀ ਸਰਕਾਰ ਨੇ ਬਣਾਈ ਸੀ, ਉਸਨੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਜਾਂਚ ਏਜੰਸੀ ਦੇ ਮੁਖੀ ਡੀ.ਆਈ.ਜੀ ਖਟੜਾ ਦੀ ਅਗਵਾਈ ਹੇਠ ਜੋ ਜਾਂਚ ਕੀਤੀ ਸੀ, ਉਸ ਮੁਤਾਬਕ ਪੰਜਾਬ ਪੁਲੀਸ ਨੇ 2018 ਵਿੱਚ ਮਹਿੰਦਰਪਾਲ ਸਿੰਘ ਬਿੱਟੂ ਨਾਂ ਦੇ ਵਿਅਕਤੀ ਜੋ ਕੋਟਕਪੂਰਾ ਦਾ ਵਸਨੀਕ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤਰਾਂ ਹੋਰ ਡੇਰਾ ਪ੍ਰੇਮੀ ਵੀ ਗ੍ਰਿਫਤਾਰ ਕੀਤੇ ਸਨ। ਇੰਨਾਂ ਸਾਰਿਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਕੇਸ ਪਾਇਆ ਗਿਆ ਸੀ ਤੇ ਇੰਨਾਂ ਨੂੰ ਮੁਲਜ਼ਮ ਮੰਨਿਆ ਗਿਆ ਸੀ। ਮਹਿੰਦਰਪਾਲ ਸਿੰਘ ਬਿੱਟੂ ਨੂੰ ਇਸ ਕੇਸ ਵਿੱਚ ਮੁੱਖ ਦੋਸ਼ੀ ਮੰਨਿਆ ਸੀ। ਕਿਉਂਕਿ ਉਸ ਨੇ ਪੰਜਾਬ ਪੁਲੀਸ ਦੀ ਤਫਤੀਸ਼ ਦੌਰਾਨ ਮੈਜ਼ਿਸਟਰੇਟ ਸਾਹਮਣੇ ਇਕਬਾਲੀਆ ਬਿਆਨ ਦਰਜ ਕਰਵਾਇਆ ਸੀ ਜਿਸ ਵਿੱਚ ਉਸ ਨੇ ਇਹ ਸਵੀਕਾਰ ਕੀਤਾ ਸੀ ਕਿ ਉਸਨੇ ਹੀ ਦੂਸਰੇ ਡੇਰਾ ਪੇ੍ਮੀਆਂ ਨਾਲ ਰਲ ਕੇ ਇਹ ਸਾਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਮਹਿੰਦਰਪਾਲ ਸਿੰਘ ਬਿੱਟੂ ਦਾ ਕੁਝ ਸਮਾਂ ਪਹਿਲਾਂ ਨਾਭਾ ਜੇਲ ਵਿੱਚ ਨਜ਼ਰਬੰਦੀ ਦੌਰਾਨ ਕਤਲ ਕਰ ਦਿੱਤਾ ਗਿਆ ਹੈ। ਸੀ.ਬੀ.ਆਈ ਨੇ ਆਪਣੀ ਤਫਤੀਸ਼ ਦੌਰਾਨ ਪਿਛਲੇ ਸਾਲ 2018 ਵਿੱਚ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ ਵਿੱਚ ਹੀ ਲਾਈਟ ਡੀਟੈਕਟਰ ਟੈਸਟ ਤੇ ਬ੍ਰੇਨ ਮੈਪਿੰਗ ਕੀਤੀ ਸੀ। ਜਿਸ ਵਿੱਚ ਸੀ.ਬੀ.ਆਈ ਨੇ ਇਹ ਸਿੱਧ ਕੀਤਾ ਕਿ ਮਹਿੰਦਰਪਾਲ ਬਿੱਟੂ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਹੈ। ਜਦਕਿ ਇਹਨਾਂ ਟੈਸਟਾਂ ਲਈ ਪੰਜਾਬ ਪੁਲੀਸ ਦੇ ਇੱਕ ਵੱਡੇ ਅਫਸਰ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਟੈਸਟ ਵਿਸਵਾਸ਼ ਯੋਗ ਨਹੀਂ ਹਨ। ਸੀ.ਬੀ.ਆਈ. ਦੀ ਜਾਂਚ ਤੇ ਪੰਜਾਬ ਪੁਲੀਸ ਦੀ ਜਾਂਚ ਆਪਸ ਵਿੱਚ ਤਾਲਮੇਲ ਨਹੀਂ ਖਾਂਦੀਆਂ। ਇੰਨਾਂ ਟੈਸਟਾਂ ਤੋਂ ਬਾਅਦ ਇੱਕ ਸਾਲ ਤੋਂ ਸੀ.ਬੀ.ਆਈ ਨੇ ਇਸ ਕੇਸ ਦੀ ਤਫਤੀਸ਼ ਬੰਦ ਕਰ ਦਿੱਤੀ ਸੀ ਤੇ ਹੁਣ ਕੁਝ ਦਿਨ ਪਹਿਲਾਂ ਅਦਾਲਤ ਵਿੱਚ ਅਰਜੀ ਦੇ ਕੇ ਇਹ ਮੰਗ ਕੀਤੀ ਹੈ ਕਿ ਇਸ ਸਾਰੇ ਕੇਸ ਨੂੰ ਬੰਦ ਕਰ ਦਿੱਤਾ ਜਾਵੇ। ਉਨਾਂ ਮੁਤਾਬਕ ਮਹਿੰਦਰਪਾਲ ਬਿੱਟੂ ਹੋਰਾਂ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਹੈ। ਵੈਸੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਕੇਸ ਸਬੰਧੀ ਫੜੇ ਬਾਕੀ ਮੁਲਜ਼ਮਾਂ ਦੀ ਜਮਾਨਤ ਮਨਜੂਰ ਕਰ ਲਈ ਹੈ ਤੇ ਉਹ ਰਿਹਾਅ ਹੋ ਗਏ ਹਨ। ਸੀ.ਬੀ.ਆਈ ਦੀ ਅਰਜੀ ਤੋਂ ਬਾਅਦ ਸਿੱਖ ਕੌਮ ਨੂੰ ਸੰਕੇਤ ਦਿੱਤਾ ਗਿਆ ਹੈ ਕਿ ਇਸ ਮਾਮਲੇ ਵਿੱਚ ਵੀ ਸਿੱਖ ਕੌਮ ਨੂੰ ਕਦੇ ਇਨਸਾਫ ਨਹੀਂ ਮਿਲੇਗਾ।