ਪੰਜਾਬ ਦੀ ਸਿਆਸਤ ਵਿੱਚ ਅੱਜਕੱਲ੍ਹ ਸਿੱਖ ਰੈਫਰੈਂਡਮ ਦਾ ਮਸਲਾ ਛਾਇਆ ਹੋਇਆ ਹੈ। ਅਮਰੀਕਾ ਸਥਿਤ ਸਿੱਖ ਜਥੇਬੰਦੀ, ਸਿੱਖਸ ਫਾਰ ਜਸਟਿਸ ਵੱਲੋਂ ਸੰਯੁਕਤ ਰਾਸ਼ਟਰ ਦੇ ਐਲਾਨਨਾਮੇ ਅਧੀਨ ਦੁਨੀਆਂ ਭਰ ਦੇ ਸਿੱਖਾਂ ਦਾ ਇੱਕ ਰੈਫਰੈਂਡਮ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ। ਜਥੇਬੰਦੀ ਦਾ ਕਹਿਣਾਂ ਹੈ ਕਿ ਸਿੱਖਾਂ ਨਾਲ ਕਿਉਂਕਿ ਭਾਰਤ ਵਿੱਚ ਪੈਰ ਪੈਰ ਤੇ ਵਿਤਕਰਾ ਹੋ ਰਿਹਾ ਹੈ ਇਸ ਲਈ ਸਿੱਖਾਂ ਦੀ ਸਮਾਜਕ, ਰਾਜਸੀ ਅਤੇ ਧਾਰਮਕ ਜਿੰਦਗੀ ਨੂੰ ਸਮੁੱਚਤਾ ਵਿੱਚ ਪਰਫੁੱਲਤ ਕਰਨ ਲਈ ਸਿੱਖਾਂ ਨੂੰ ਆਤਮਨਿਰਣੇ ਦੇ ਅਧਿਕਾਰ ਅਧੀਨ ਰਾਇਸ਼ੁਮਾਰੀ ਕਰਨੀ ਚਾਹੀਦੀ ਹੈ। ਸਿੱਖਸ ਫਾਰ ਜਸਟਿਸ ਵੱਲੋਂ ਇਸ ਸਬੰਧੀ ਬਹੁਤ ਲੰਬੇ ਸਮੇਂ ਤੋਂ ਸ਼ੋਸ਼ਲ ਮੀਡੀਆ ਰਾਹੀਂ ਅਤੇ ਹੋਰ ਸਾਧਨਾ ਰਾਹੀਂ ਪਰਚਾਰ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਵੀ ਇਸ ਜਥੇਬੰਦੀ ਦੇ ਹਮਾਇਤੀ ੨੦੨੦ ਵਾਲੀ ਰਾਇਸ਼ੁਮਾਰੀ ਦੀ ਹਮਾਇਤ ਕਰਦੇ ਦੇਖੇ ਜਾ ਸਕਦੇ ਹਨ। ਕਈ ਵਾਰ ਪੰਜਾਬ ਪੁਲਿਸ ਨੇ ਸਿੱਖਸ ਫਾਰ ਜਸਟਿਸ ਦੇ ਕਾਰਕੁੰਨਾ ਨੂੰ ਖਾੜਕੂਵਾਦ ਵਿਰੋਧੀ ਕਨੂੰਨਾਂ ਤਹਿਤ ਗ੍ਰਿਫਤਾਰ ਵੀ ਕੀਤਾ ਹੈ।

ਪਰ ੨੦੨੦ ਦੀ ਰਾਇਸ਼ੁਮਾਰੀ ਬਾਰੇ ਪੰਜਾਬ ਵਿੱਚ ਤਾਜ਼ਾ ਸਾਸੀ ਘਮਸਾਣ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਰਾਇਸ਼ੁਮਾਰੀ ਬਾਰੇ ਦਿੱਤੇ ਬਿਆਨ ਨੂੰ ਲੈਕੇ ਪਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਦਿਨੀ ਆਖਿਆ ਕਿ ਵਿਦੇਸ਼ੀ ਸਿੱਖਾਂ ਨੇ ਜੋ ੨੦੨੦ ਦੇ ਰੈਫਰੈਂਡਮ ਦਾ ਮਸਲਾ ਸਾਹਮਣੇ ਲਿਆਂਦਾ ਹੈ ਉਸਦੀ ਵੱਡੀ ਵਜਾਹ ਭਾਰਤ ਵਿੱਚ ਸਿੱਖਾਂ ਨੂੰ ਇਨਸਾਫ ਨਾ ਮਿਲਣਾਂ ਹੈ। ਜੇ ੧੯੪੭ ਤੋਂ ਬਾਅਦ ਸਿੱਖਾਂ ਨੂੰ ਭਾਰਤ ਵਿੱਚ ਇਨਸਾਫ ਮਿਲਿਆ ਹੁੰਦਾ ਤਾਂ ਅੱਜ ਹਾਲਤ ਇਸ ਥਾਂ ਤੇ ਨਹੀ ਸੀ ਪਹੁੰਚਣੀ।

ਸੁਖਪਾਲ ਸਿੰਘ ਖਹਿਰਾ ਦੇ ਇਸ ਬਿਆਨ ਨੂੰ ਭਾਰਤੀ ਮੀਡੀਆ ਅਤੇ ਉਸਦੇ ਵਿਰੋਧੀ ਸਿਆਸਤਦਾਨਾਂ ਨੇ ਕਾਫੀ ਹਵਾ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਮੁੱਖ ਮੰਤਰੀ ਹੋਣ ਦੇ ਨਾਤੇ ਬਿਆਨ ਦੇਣੇ ਹੀ ਸਨ ਪਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੀ ਵਫਾਦਾਰੀ ਦਰਸਾਉਣ ਲਈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਾਹ ਦੇਣ ਲਈ ਮੁਹਿੰਮ ਵਿੱਢ ਲਈ ਹੈ। ਆਮ ਸਿੱਖਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸੁਖਪਾਲ ਸਿੰਘ ਨੇ ਕੁਝ ਵੀ ਗਲਤ ਨਹੀ ਆਖਿਆ। ਜੋ ਕੁਝ ਅੱਜ ਸੁਖਪਾਲ ਸਿੰਘ ਆਖ ਰਹੇ ਹਨ ਇਸਤੋਂ ਜਿਆਦਾ ਗੰਭੀਰ ਕਾਰਵਾਈਆਂ ਪਰਕਾਸ਼ ਸਿੰਘ ਬਾਦਲ ਕਰਦੇ ਰਹੇ ਹਨ। ਪਰਕਾਸ਼ ਸਿੰਘ ਬਾਦਲ ਨੇ ਧਰਮਯੁੱਧ ਮੋਰਚੇ ਦੌਰਾਨ ਸੰਵਿਧਾਨ ਦੀਆਂ ਕਾਪੀਆਂ ਕਈ ਵਾਰ ਸਾੜੀਆਂ ਅਤੇ ਉਨ੍ਹਾਂ ਸੰਯੁਕਤ ਰਾਸ਼ਟਰ ਦੇ ਮੁਖੀ ਬੁਤਰਸ ਘਾਲੀ ਨੂੰ ਅਜ਼ਾਦ ਸਿੱਖ ਰਾਜ ਦੀ ਕਾਇਮੀ ਵਾਲਾ ਪੱਤਰ ਦੀ ਸੌਂਪਿਆ ਸੀ।

ਮਸਲਾ ਇਸ ਵੇਲੇ ਰੈਫ਼ਰੈਂਡਮ ਦੇ ਠੀਕ ਜਾਂ ਗਲਤ ਹੋਣ ਦਾ ਨਹੀ ਹੈ ਬਲਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਉਠਾਏ ਗਏ ਜਾਇਜ ਸੁਆਲਾਂ ਨੂੰ ਘੋਖਣ ਦਾ ਹੈ ਕਿ ਸਿੱਖਾਂ ਨਾਲ ਲਗਾਤਾਰ ਭਾਰਤ ਵਿੱਚ ਬੇਇਨਸਾਫੀ ਹੋ ਰਹੀ ਹੈ। ਪੈਰ ਪੈਰ ਤੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਸਿੱਖਾਂ ਨੂੰ ਇੱਕ ਕੌਮ ਵੱਜੋਂ ਆਪਣੇ ਨਿਆਰੇ ਇਤਿਹਾਸ ਦੀ ਛਾਂ ਹੇਠ ਪਰਫੁੱਲਤ ਨਹੀ ਹੋਣ ਦਿੱਤਾ ਜਾ ਰਿਹਾ ਬਲਕਿ ਸਿੱਖਾਂ ਦੇ ਨਿਆਰੇਪਣ ਤੇ ਹਿੰਦੂਵਾਦ ਦੀ ਕਾਠੀ ਪਾਈ ਜਾ ਰਹੀ ਹੈ। ਸਿੱਖਾਂ ਦੇ ਇਤਿਹਾਸ, ਧਰਮ ਅਤੇ ਗੁਰਬਾਣੀ ਨੂੰ ਹਿੰਦੂਵਾਦੀ ਤਾਕਤਾਂ ਪਰਿਭਾਸ਼ਤ ਕਰ ਰਹੀਆਂ ਹਨ। ਹਿੰਦੂਵਾਦੀ ਤਾਕਤਾਂ ਵੱਲੋਂ ਸ਼ਿਸ਼ਕਾਰੇ ਛੋਕਰੇ ਹਰ ਨਵੇਂ ਦਿਨ ਸਿੱਖਾਂ ਬਾਰੇ ਘਟੀਆ ਟਿੱਪਣੀਆਂ ਪਾ ਰਹੇ ਹਨ। ਸਿੱਖਾਂ ਨੂੰ ਆਪਣੇ ਇਤਿਹਾਸਕ ਵਿਰਸੇ ਅਤੇ ਆਪਣੇ ਨਿਸ਼ਾਨਾਂ ਤੋਂ ਕਨੂੰਨ ਦਾ ਆਸਰਾ ਲੈ ਕੇ ਵਿਰਵੇ ਕੀਤਾ ਜਾ ਰਿਹਾ ਹੈ।

ਇਸ ਸਥਿਤੀ ਵਿੱਚ ਜਦੋਂ ਸਿੱਖ ਅੱਜ ਵੀ ੧੯੮੨ ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਪਹੁੰਚ ਗਏ ਹਨ ਅਤੇ ਜਦੋਂ ਪੈਰ ਪੈਰ ਤੇ ਸਿੱਖਾਂ ਦੁਆਲੇ ਮੌਤ ਜੱਫਾ ਕਰੜਾ ਕੀਤਾ ਜਾ ਰਿਹਾ ਹੈ । ਇਸ ਬਾਰੇ ਸਮੇਂ ਦੀ ਸਰਕਾਰ ਨੂੰ ਅਤੇ ਭਾਰੀ ਬਹੁਗਿਣਤੀ ਨੂੰ ਸੋਚਣਾਂ ਚਾਹੀਦਾ ਸੀ। ਪਰ ਆਪਣੀਆਂ ਗਲਤੀਆਂ ਮੰਨਣ ਦੀ ਥਾਂ ਭਾਰੂ ਬਹੁਗਿਣਤੀ ਫਿਰ ਸਿੱਖਾਂ ਨੂੰ ਹੀ ਡਰਾ ਰਹੀ ਹੈ। ਹਾਲਾਤ ਇਹ ਹੋ ਗਏ ਹਨ ਕਿ ਸਿੱਖਾਂ ਨੂੰ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਵੀ ਬੋਲਣ ਦੀ ਇਜਾਜਤ ਨਹੀ ਦਿੱਤੀ ਜਾ ਰਹੀ।

ਅਜਿਹੀ ਹਾਲਤ ਵਿੱਚ ਫਸੀ ਕੌਮ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਜਾਂ ਆਤਮਨਿਰਣੇ ਲਈ ਜੇ ਅਵਾਜ਼ ਉਠਾਈ ਜਾਂਦੀ ਹੈ ਉਸਨੂੰ ਜਾਇਜ ਮੰਨਿਆਂ ਜਾਂਦਾ ਹੈ। ਪੰਜਾਬ ਤੇ ਭਾਰਤ ਦੇ ਸਿਆਸਤਦਾਨਾਂ ਨੂੰ ਹੁਣ ਘਟੀਆ ਰਾਜਨੀਤੀ ਛੱਡ ਕੇ ਅਸਲੀਅਤ ਨੂੰ ਪਹਿਚਾਨਣਾਂ ਚਾਹੀਦਾ ਹੈ।