ਦੁਨੀਆਂ ਵਿੱਚ ਮਈ ਤਿੰਨ ਨੂੰ ਪ੍ਰੈਸ ਦੀ ਅਜਾਦੀ ਦਾ ਦਿਨ ਮੁਕੱਰਰ ਕੀਤਾ ਹੋਇਆ ਹੈ। ਜਿਸ ਨੂੰ ਸੰਯੁਕਤ ਰਾਸਟਰ ਦੀ ਪੂਰੀ ਸਭਾ ਵੱਲੋਂ ਅਲੈਾਨ ਕੀਤਾ ਗਿਆ ਹੈ। ਸੰਯੁਕਤ ਰਾਸਟਰ – 1945 ਵਿੱਚ ਜਦੋਂ ਦੂਜੀ ਵੱਡੀ ਸੰਸਾਰਕ ਜੰਗ ਤੋਂ ਬਾਅਦ ਹੋਂਦ ਆਇਆ ਸੀ ਤਾਂ ਉਸ ਨੇ 1948 ਵਿੱਚ ਆਪਣੀ ਸਭਾ ਵਿੱਚ ਦੁਨੀਆਂ ਲਈ ਮੁਢਲੇ ਮਨੁੱਖੀ ਹੱਕਾਂ ਦੇ ਸਿਧਾਂਤ ਰੱਖੇ ਸਨ। ਜਿਸ ਵਿੱਚ ਪੱਤਰਕਾਰੀ ਦੀ ਪੂਰਨ ਅਜਾਦੀ ਨੂੰ ਇੱਕ ਪ੍ਰਮੁੱਖ ਸਿਧਾਂਤ ਮੰਨਿਆ ਗਿਆ ਸੀ। ਹਰ ਸਾਲ ਪੱਤਰਕਾਰੀ ਦੀ ਅਜਾਦੀ ਬਾਰੇ ਦੁਨੀਆਂ ਦੀ ਵੱਡੀ ਸੰਸਥਾ ‘ਰਿਪੋਰਟਰ ਵਿਦਾਊਟ ਬਾਰਡਰਜ’ ਇੱਕ ਸਲਾਨਾ ਰਿਪੋਰਟ ਦੁਨੀਆਂ ਦੀ ਪੱਤਰਕਾਰੀ ਬਾਰੇ ਨਸ਼ਰ ਕਰਦੀ ਹੈ। ਇਸੇ ਤਰਾਂ ਦੀ ਕਮੇਟੀ ਵੀ ਬਣੀ ਹੋਈ ਹੈ ਜੋ ਦੁਨੀਆਂ ਵਿੱਚ ਪੱਤਰਕਾਰੀ ਦੀ ਸਥਿਤੀ ਬਾਰੇ ਦੁਨੀਆਂ ਵਿੱਚ ਅੰਕੜੇ ਨਸ਼ਰ ਕਰਦੀ ਹੈ। ਅੱਜ ਵੀ ਦੁਨੀਆਂ ਵਿੱਚ 255 ਪੱਤਰਕਾਰ ਦੁਨੀਆਂ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਹਨ। ਬਹੁਤਿਆਂ ਤੇ ਉਹਨਾਂ ਦੀ ਪੱਤਰਕਾਰੀ ਕਰਕੇ ਦੇਸ਼ ਧ੍ਰੋਹ ਦੇ ਇਲਜ਼ਾਮ ਲੱਗੇ ਹੋਏ ਹਨ। ਜਿਵੇਂ ਕਿ ਹੁਣੇ ਹੁਣੇ ਕਸ਼ਮੀਰ ਵਿੱਚ ਤਿੰਨ ਨਾਮੀ ਪੱਤਰਕਾਰਾਂ ਤੇ, (ਜਿੰਨਾਂ ਵਿੱਚ ਇੱਕ ਇਸਤਰੀ ਪੱਤਰਕਾਰ ਵੀ ਹੈ) ਦੇਸ਼ ਧ੍ਰੋਹੀ ਦੇ ਇਲਜ਼ਾਮ ਭਾਰਤ ਸਰਕਾਰ ਵੱਲੋਂ ਲਾਏ ਗਏ ਹਨ। ਦੁਨੀਆਂ ਦੀ ਪ੍ਰੈਸ ਸਬੰਧਤ ਅਜਾਦੀ, ਸੂਚਕ ਅੰਕ ਮੁਤਾਬਕ ਭਾਰਤ ਦੋ ਅੰਕ ਹੇਠਾਂ ਆ ਕੇ 142 ਨੰਬਰ ਤੇ ਪਹੁੰਚ ਗਿਆ ਹੈ। ਇਹ ਸੂਚਕ ਅੰਕ ਕਿਸੇ ਵੀ ਮੁਲਕ ਅੰਦਰ ਪਿਛਲੇ ਇੱਕ ਸਾਲ ਦੇ ਦੌਰਾਨ ਪੱਤਰਕਾਰਾਂ ਦੀ ਕੀ ਸਥਿਤੀ ਹੈ, ਬਾਰੇ ਜ਼ਾਇਜਾ ਲੈ ਕੇ ਆਪਣੀ ਰਿਪੋਰਟ ਪੇਸ਼ ਕਰਦਾ ਹੈ। ਇਸ ਵਾਰੀ ਦੀ ਰਿਪੋਰਟ ਮੁਤਾਬਕ ਭਾਰਤ ਬਾਰੇ ਜੋ ਵੱਡੀ ਟਿੱਪਣੀ ਹੋਈ ਹੈ ਉਹ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਪ੍ਰੈਸ ਤੇ ਆਪਣੀ ਜਕੜ ਮਜਬੂਤ ਕਰ ਲਈ ਹੈ। ਭਾਵੇਂ ਪਿਛਲੇ ਸਾਲ ਦੌਰਾਨ ਕਿਸੇ ਵੀ ਪੱਤਰਕਾਰ ਦਾ ਕਤਲ ਨਹੀਂ ਹੋਇਆ ਹੈ। ਜਿਵੇਂ ਕਿ 2018 ਵਿੱਚ ਛੇ ਪੱਤਰਕਾਰਾਂ ਦਾ ਕਤਲ ਹੋਇਆ ਸੀ। ਇਹ ਅੰਕੜੇ ਦੇਖ ਕੇ ਉਪਰੀ ਤਹਿ ਤੇ ਇਹ ਲੱਗਦਾ ਹੈ ਕਿ ਭਾਰਤ ਅੰਦਰ ਪ੍ਰੈਸ ਦੀ ਸਥਿਤੀ ਸੁਧਰ ਗਈ ਹੈ। ਪਰ ਜਮੀਨੀ ਹਕੀਕਤ ਇਹ ਹੈ ਕਿ ਲਗਾਤਾਰ ਪ੍ਰੈਸ ਅਤੇ ਪੱਤਰਕਾਰਾਂ ਤੇ ਜਿਆਦਤੀਆਂ, ਅਜਾਦੀ ਤੇ ਰੋਕਾਂ, ਸੁਰੱਖਿਆ ਏਜੰਸੀਆਂ ਵੱਲੋਂ ਧੱਕਾ ਅਤੇ ਜਿਹੜੇ ਗਰੁੱਪ ਭਾਰਤ ਦੀ ਸਰਕਾਰ ਖਿਲਾਫ਼ ਸਰਗਰਮ ਹਨ, ਉਹਨਾਂ ਵੱਲੋਂ ਪੱਤਰਕਾਰਾਂ ਤੇ ਹਮਲੇ ਕੀਤੇ ਜਾਂਦੇ ਹਨ। ਜਦੋਂ 2019 ਦੀਆਂ ਰਾਸਟਰੀ ਚੋਣਾਂ ਜਿੱਤ ਕੇ ਮੋਦੀ ਸਰਕਾਰ ਦੁਬਾਰਾ ਸੱਤਾ ਵਿੱਚ ਆਈ ਹੈ ਤੇ ਪੂਰਨ ਬਹੁਮੱਤ ਨਾਲ ਸੱਤਾ ਸੰਭਾਲੀ ਹੈ, ਤਾਂ ਉਸ ਸਮੇਂ ਤੋਂ ਹੀ ਹਿੰਦੂਤਵ ਵਿਚਾਰਧਾਰਾ ਦਾ ਦਬਾਅ ਬਣਾਇਆ ਜਾ ਰਿਹਾ ਹੈ ਤੇ ਖੁੱਲੇਆਮ ਇਹ ਪ੍ਰਚਾਰਿਆਂ ਜਾ ਰਿਹਾ ਹੈ ਕਿ ਭਾਰਤ ਦੀ ਵਿਚਾਰਧਾਰਾ ਹਿੰਦੂਤਵ ਹੈ ਤੇ ਇਸ ਮੁਤਾਬਕ ਹੀ ਪ੍ਰੈਸ ਤੇ ਪੱਤਰਕਾਰ ਆਪਣੀ ਵਿਚਾਰਧਾਰਾ ਤੇ ਲਿਖਤਾਂ ਨੂੰ ਢਾਲ ਲੈਣ। ਤਕਰੀਬਨ ਬਹੁਤੀ ਪ੍ਰੈਸ ਤੇ ਪੱਤਰਕਾਰੀ ਨੇ ਇਸ ਵਿਚਾਰਧਾਰਾ ਮੁਤਾਬਕ ਆਪਣਾ ਰੁਖ਼ ਢਾਲ ਲਿਆ ਹੈ। ਜਿਹੜੇ ਕੁਝ ਪੱਤਰਕਾਰ ਤੇ ਪ੍ਰੈਸ ਇਸ ਵਿਚਾਰਧਾਰਾ ਤੋਂ ਅਜਾਦ ਹਨ ਉਹਨਾਂ ਨੂੰ ਦਿਨ-ਰਾਤ ਦੂਜੀ ਪ੍ਰੈਸ ਤੇ ਪੱਤਰਕਾਰੀ ਵੱਲੋਂ ਦੇਸ਼ ਧ੍ਰੋਹੀ ਆਖ ਕੇ ਪ੍ਰਚਾਰਿਆ ਜਾ ਰਿਹਾ ਹੈ। ਇਸ ਲਈ ਸਰਕਾਰ ਵੱਲੋਂ ਕਨੂੰਨ ਤੰਤਰ ਨੂੰ ਵਰਤ ਕੇ ਅਜਾਦ ਸੋਚ ਰੱਖਣ ਵਾਲੇ ਪੱਤਰਕਾਰਾਂ ਅਤੇ ਪ੍ਰੈਸ ਤੇ ਦੇਸ਼ ਧ੍ਰੋਹ ਵਰਗੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਜਿਸ ਵਿੱਚ ਉਮਰ ਕੈਦ ਤੱਕ ਦੀ ਸਜਾ ਹੈ। ਇਸ ਵਾਰ ਦੁਨੀਆਂ ਦੀ ਪ੍ਰੈਸ ਸੂਚਕ ਰਿਪੋਰਟ ਅਨੁਸਾਰ ਭਾਰਤ ਅੰਦਰ ਕਸ਼ਮੀਰ ਵਿੱਚ ਸਭ ਤੋਂ ਗੰਭੀਰ ਸਥਿਤੀ ਪੱਤਰਕਾਰੀ ਤੇ ਪ੍ਰੈਸ ਦੀ ਹੈ। ਕਸ਼ਮੀਰ ਵਾਦੀ ਨੂੰ, ਇਸ ਰਿਪੋਰਟ ਮੁਤਾਬਕ ਇੱਕ ਖੁੱਲੀ ਜੇਲ੍ਹ ਵਿੱਚ ਤਬਦੀਲ ਕੀਤਾ ਹੋਇਆ ਹੈ। ਜਿੱਥੇ ਮਹੀਨਿਆਂ ਬੱਧੀ ਕਿਸੇ ਤਰਾਂ ਦੀ ਵੀ ਕੋਈ ਇੰਟਰਨੈਟ ਸੁਵਿਧਾ ਨਹੀਂ ਦਿੱਤੀ ਜਾਂਦੀ। ਇੰਨਾ ਹਾਲਾਤਾਂ ਵਿੱਚ ਪੱਤਰਕਾਰੀ ਨੂੰ ਅਜਾਦੀ ਨਾਲ ਕਿਸੇ ਤਰਾਂ ਦੀ ਵੀ ਕੋਈ ਰਿਪੋਰਟ ਬਣਾਉਣ ਲਈ ਔਖਿਆਈ ਹੈ। ਸੁਰੱਖਿਆ ਏਜੰਸੀਆਂ ਦਾ ਖਤਰਾ ਵੱਖ ਹੈ। ਭਾਰਤ ਅੰਦਰ ਪ੍ਰੈਸ ਤੇ ਪੱਤਰਕਾਰੀ ਦੇ ਕੁਝ ਅੰਸ਼ ਅੱਜ ਵੀ ਇਸ ਤਰਾਂ ਦੇ ਹਾਲਾਤਾਂ ਵਿੱਚ ਆਪਣੀ ਅਜਾਦ ਹਸਤੀ ਨੂੰ ਕਾਇਮ ਰੱਖਣ ਲਈ ਬਜਿੱਦ ਹਨ।