ਇਹ ਇੱਕ ਸਚਾਈ ਹੈ ਕਿ ਅਜ਼ਾਦੀ ਕਦੀ ਦਾਨ ਵਿੱਚ ਨਹੀਂ ਮਿਲਦੀ। ਇਸ ਲਈ ਹਮੇਸ਼ਾਂ ਹੀ ਸੰਘਰਸ਼ ਕਰਨਾ ਪੈਂਦਾ ਹੈ। ਇਸੇ ਲੜੀ ਵਿੱਚ ਸੌ ਸਾਲ ਤੋਂ ਪਹਿਲਾਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਅੰਗਰੇਜ਼ੀ ਸਾਮਰਾਜ ਵਿਰੁੱਧ ਸੰਘਰਸ਼ਮਈ ਅਵਾਜ਼ ਉਠਾਈ। ਜੋ ਕਿ ਸਮੇਂ ਨਾਲ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਕਾਇਲ ਕਰਦੀ ਹੋਈ ਉਨਾਂ ਦੇ ਮਨਾਂ ਅੰਦਰ ਅਹਿਮ ਸਥਾਨ ਬਣਾ ਕੇ ਰੱਖ ਰਹੀ ਹੈ। ਇਹ ਆਉਣ ਵਾਲੇ ਸਮੇਂ ਵਿੱਚ ਅਮਿੱਟ ਹੈ। ਭਾਵੇਂ ਭਗਤ ਸਿੰਘ ਦੀ ਸੰਘਰਸ਼ਮਈ ਜਿੰਦਗੀ ਤੋਂ ਪਹਿਲਾਂ ਸਿੱਖ ਰਾਜ ਦੇ ਸਿਮਟ ਜਾਣ ਤੋਂ ਬਾਅਦ ਅਨੇਕਾਂ ਲਹਿਰਾਂ ਅੰਗਰੇਜ਼ ਸਾਮਰਾਜ ਵਿਰੁੱਦ ਉੱਠੀਆਂ ਭਾਵੇਂ ਉਹ ਗਦਰ ਲਹਿਰ ਸੀ ਤੇ ਭਾਵੇਂ ਉਹ ਸਿੱਖ ਰਾਜ ਦੀ ਮੁੜ ਸਥਾਪਨਾ ਲਈ ਯਤਨ ਸਨ। ਇਸੇ ਤਰਾਂ ਕੂਕਿਆਂ ਦਾ ਅੰਦੋਲਨ, ਗੁਰੂਦੁਆਰਾ ਸੁਧਾਰ ਲਹਿਰ ਜਿਸ ਰਾਹੀਂ ਅਕਾਲੀ ਤਵਾਰੀਖ ਸਿੱਖ ਕੌਮ ਦੇ ਸਾਹਮਣੇ ਆਈ। ਇਸੇ ਤਰਾਂ ਇਸ ਲੜੀ ਵਿੱਚ ਹੋਰ ਵੀ ਅਨੇਕਾਂ ਸ਼ਹਾਦਤਾਂ ਹੋਈਆਂ। ਜੋ ਸਮੇਂ ਨਾਲ ਆਪਣੀ ਮਹੱਤਤਾ ਨੂੰ ਕਾਇਮ ਨਹੀਂ ਰਹਿ ਸਕੀਆਂ।

ਪਰ ਭਗਤ ਸਿੰਘ ਦੀ ਸ਼ਹਾਦਤ ਅਤੇ ਕੁਰਬਾਨੀ ਇੱਕ ਅਜਿਹਾ ਮੋੜ ਸੀ ਜਿਸ ਦੀ ਮਹੱਤਤਾ ਤੇ ਅਸਥਾਨ ਅੱਜ ਵੀ ਲੋਕ ਮਨਾਂ ਅੰਦਰ ਮੌਜੂਦ ਹੈ। ਭਗਤ ਸਿੰਘ ਦਾ ਅਹਿਮ ਅਸਥਾਨ ਇਸ ਪੱਖੋਂ ਵੀ ਹੈ ਕਿ ਉਸਨੇ ਸੰਘਰਸ਼ ਨੂੰ ਅੱਖਰਾਂ ਵਿੱਚ ਪਰੋ ਕੇ ਉਸ ਸਮੇਂ ਦੇ ਇਤਿਹਾਸ ਨਾਲ ਜੋੜ ਕੇ ਸਾਹਿਤਕ ਮਹੱਤਤਾ ਵਾਲੇ ਅਰਥ ਪ੍ਰਦਾਨ ਕੀਤੇ। ਜਿਸਨੂੰ ਭਾਰਤ ਦੇ ਉਸ ਸਮੇਂ ਦੇ ਨਾਮੀਂ ਸੰਘਰਸ਼ਸ਼ੀਲ ਯੋਧਿਆਂ ਨੇ ਆਪਣੇ ਲਈ ਇੱਕ ਨਵੀਨ ਪ੍ਰੇਰਨਾ ਦੱਸਿਆ। ਜਿਸ ਨੂੰ ਨੌਜਵਾਨਾਂ ਤੇ ਉਸ ਸਮੇਂ ਦੇ ਬਜ਼ੁਰਗਾਂ ਨੇ ਵੀ ਆਪਣੇ ਨਾਲ ਸਮੇਟ ਲਿਆ। ਜਿਸਦੀ ਯਾਦ ਅੱਜ ਵੀ ਮੌਜੂਦ ਹੈ।

ਭਗਤ ਸਿੰਘ ਦਾ ਅਹਿਮ ਪੱਖ ਇਹ ਵੀ ਸੀ ਕਿ ਉਸਨੇ ਆਪਣੀ ਕੁਰਬਾਨੀ ਤੇ ਸੰਘਰਸ਼ ਨੂੰ ਧਰਮ ਤੋਂ ਅਲਹਿਦਾ ਰੱਖਿਆ। ਜਿਸਨੂੰ ਉਸਨੇ ਆਪਣੇ ਲਿਖੇ ਲੇਖ ‘ਮੈਂ ਨਾਸਤਕ ਹਾਂ’ ਰਾਹੀਂ ਸਿਰਜਿਆ ! ਉਸਨੇ ਉਸ ਸਮੇਂ ਦੇ ਸੰਘਰਸ਼ ਨੂੰ ਇਤਿਹਾਸ ਦੇ ਪੰਨਿਆ ਰਾਹੀਂ ਸਾਹਿਤਕ ਸਮੀਕਰਨ ਵਿੱਚ ਬਦਲਦਿਆਂ ਲੋਕਾਂ ਨੂੰ ਇਤਿਹਾਸਕ ਵਰਕਿਆਂ ਨਾਲ ਜੋੜਦਿਆਂ ਆਪਣੇ ਵਿਸਵਾਸ਼ ਦੀ ਦ੍ਰਿੜਤਾ ਨੂੰ 23 ਸਾਲ ਦੀ ਉਮਰ ਵਿੱਚ ਸਿਰਜਨ ਦੀ ਕੋਸ਼ਿਸ ਕੀਤੀ। ਜਿਸ ਰਾਹੀਂ ਉਸਨੇ ਆਪਣੀ ਜਿੰਦਗੀ ਦੇ ਸੁਪਨਿਆਂ ਤੇ ਹਕੀਕਤ ਨੂੰ ਸਾਹਮਣੇ ਲਿਆਂਦਾ। ਸੁਪਨਾ ਅਜਿਹਾ ਸੀ ਜਿਸਨੂੰ ਹਰ ਕੋਈ ਲੋਚਦਾ ਸੀ ਤੇ ਹਕੀਕਤ ਅਜਿਹੀ ਸੀ ਜਿਸਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।

ਉਸਨੇ ਦਹਿਸ਼ਤਗਰਦੀ ਵਿਰੁੱਧ ਵੀ ਆਪਣੇ ਵਿਚਾਰ ਰੱਖਦਿਆ ਇਹ ਪ੍ਰੇਰਨਾ ਰੱਖੀ ਕਿ ਮੈਨੂੰ ਦਹਿਸ਼ਤਗਰਦ ਵਜੋਂ ਨਾ ਜਾਣਿਆਂ ਜਾਵੇ। ਕਿਉਂਕਿ ਦਹਿਸ਼ਤਗਰਦੀ ਦਬੇ ਹੋਏ ਲੋਕਾਂ ਵੱਲੋਂ ਆਪਣੇ ਇਨਕਲਾਬ ਨੂੰ ਅਵਾਜ਼ ਪ੍ਰਦਾਨ ਕਰਨ ਵਜੋਂ ਜਾਣਿਆਂ ਜਾਂਦਾ ਹੈ।

ਇਸ ਲੜੀ ਨੂੰ ਜਾਰੀ ਰੱਖਦਿਆਂ ਉਸਦੀ ਸ਼ਹਾਦਤ ਤੋਂ ਪੰਜਾਹ ਸਾਲ ਬਾਅਦ ਉਠੇ ਸਿੱਖ ਸੰਘਰਸ਼ ਦੌਰਾਨ ਪੰਜਾਬੀ ਦੇ ਮਸ਼ਹੂਰ ਕਵੀ ਅਵਤਾਰ ਸਿੰਘ ਪਾਸ਼ ਦੀ ਅਵਾਜ ਉਠੀ ਜਿਸਨੇ ਆਪਣੀ ਕਵਿਤਾ ਰਾਹੀਂ ਭਗਤ ਸਿੰਘ ਦੇ ਵਿਚਾਰਾਂ ਦੀ ਤਰਜ਼ਮਾਨੀ ਕੀਤੀ। ਉਸਨੂੰ ਵੀ ਕੁਝ ਅੱਲੜ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀ। ਜਿਸ ਬਾਰੇ ਅੱਜ ਵੀ ਉਸ ਵੇਲੇ ਦਾ ਸਿੱਖ ਸੰਘਰਸ਼ਮਈ ਇਤਿਹਾਸ ਚੁੱਪ ਹੈ। ਪਾਸ ਵੀ ਭਗਤ ਸਿੰਘ ਵਾਂਗ ਇੱਕ ਇਨਕਲਾਬੀ ਸੋਚ ਦਾ ਮਾਲਕ ਸੀ ਤੇ ਦੇਵੋਂ ਹੀ ਜ਼ਿੰਦਗੀ ਨੂੰ ਭਰਪੂਰ ਜਿਉਂਣਾ ਚਾਹੁੰਦੇ ਸਨ। ਉਹ ਜਾਣਦੇ ਸਨ ਕਿ ਜਿੰਦਗੀ ਦੀਆਂ ਹਸਰਤਾਂ ਰੋਜ ਮਰਾ ਦੇ ਪਲਾਂ ਵਿੱਚ ਸਮਾਈਆਂ ਹੋਈਆਂ ਹਨ ਜਿਨਾਂ ਦੀ ਲੜੀ ਕਿਸੇ ਦੇ ਵਿਸਰ ਜਾਣ ਨਾਲ ਖਤਮ ਨਹੀਂ ਹੁੰਦੀ।

ਸ਼ਹਾਦਤ, ਸ਼ਹੀਦ ਹੋਏ ਬੰਦੇ ਦੀ ਸ਼ਖਸ਼ੀਅਤ ਹੀ ਨਹੀਂ ਉਭਾਰਦੀ ਸਗੋਂ ਉਸ ਨਾਲ ਜੁੜੇ ਵਿਚਾਰਾਂ ਨੂੰ ਵੀ ਗੂੜਾਂ ਰੰਗ ਪ੍ਰਦਾਨ ਕਰਦੀ ਹੈ। ਭਗਤ ਸਿੰਘ ਤੇ ਪਾਸ਼ ਦੀ ਅਵਾਜ਼ ਵੀ ਸਮੇਂ ਨਾਲ ਗੂੜੀ ਹੁੰਦੀ ਰਹੇਗੀ। ਜਿਸਨੂੰ ਸੰਘਰਸ਼ਾਂ ਨਾਲ ਜੁੜੇ ਲੋਕ ਆਪਣੇ ਪ੍ਰੇਰਨਾ ਮੰਨਦੇ ਹੋਏ ਇਸ ਨੂੰ ਆਪਣੀ ਜਿੰਦਗੀ ਵਿੱਚ ਸਮਾਉਣ ਦੀ ਕਾਮਨਾ ਰੱਖਦੇ ਹਨ।