ਜੂਨ 1984 ਦੇ ਦਰਬਾਰ ਸਾਹਿਬ ਸਾਕੇ ਨੂੰ ਬੀਤਿਆਂ 35 ਵਰੇ ਹੋ ਗਏ ਹਨ। ਇਸ ਫੌਜੀ ਹਮਲੇ ਰਾਹੀਂ ਭਾਰਤੀ ਫੌਜ ਨੇ ਇਹ ਜ਼ਾਹਰ ਕੀਤਾ ਜਿਵੇਂ ਦੂਸਰੇ ਮੁਲਕ ਦੀ ਫੌਜ ਤੇ ਹਮਲਾ ਕੀਤਾ ਗਿਆ ਹੋਵੇ। ਇਸਦੇ ਨਾਲ ਹੀ ਪੰਜਾਬ ਅੰਦਰ ਹੋਰ 37 ਗੁਰਦੁਆਰਿਆਂ ਉਪਰ ਉਨਾਂ ਦਿਨਾਂ ਵਿੱਚ ਹੀ ਫੌਜੀ ਹਮਲਾ ਕੀਤਾ ਗਿਆ। ਭਾਰਤੀ ਹੁਕਮਰਾਨਾਂ ਨੇ ਦਿਨ ਵੀ ਉਹ ਚੁਣਿਆਂ ਜਦੋਂ ਸਿੱਖ ਸੰਗਤ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੀ ਸੀ। ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਦੀ ਸਿਰਜਣਾ ਕੀਤੀ ਸੀ। ਇੰਨਾਂ ਤਪਦੇ ਗਰਮੀ ਦੇ ਦਿਨਾਂ ਵਿੱਚ ਜਿਸ ਤਰਾਂ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਰਹਿਨੁਮਾਈ ਹੇਠ ਤੇ ਸ਼ਹੀਦ ਜਨਰਲ ਸੁਬੇਗ ਸਿੰਘ ਦੀ ਕਮਾਂਡ ਹੇਠਾਂ ਸਿੱਖ ਨੌਜਵਾਨਾਂ ਨੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸ ਫੌਜੀ ਹਮਲੇ ਵਿੱਚ ਸ਼ਹੀਦ ਸੰਤ ਜਰਨਲ ਸਿੰਘ ਭਿੰਡਰਾਵਾਲਾ ਨਾਲ ਕਿੰਨੇ ਸਿੰਘਾਂ ਨੇ ਸ਼ਹਾਦਾਤ ਪਾਈ ਉਨਾਂ ਦਾ ਅੱਜ ਤੱਕ ਸਿੱਖ ਕੌਮ ਕੋਲ ਵੇਰਵਾ ਮੌਜੂਦ ਨਹੀਂ ਹੈ। ਇਸੇ ਤਰਾਂ ਕਿੰਨੇ ਸਿੱਖ ਸ਼ਰਧਾਲੂ ਜੋ ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਉਹ ਵੀ ਸ਼ਹੀਦ ਹੋ ਗਏ ਉਨਾਂ ਦਾ ਵੀ ਕੋਈ ਵੇਰਵਾ ਅਜੇ ਤੱਕ ਨਹੀਂ ਹੈ। ਜਦਕਿ ਇਸ ਘੱਲੂਘਾਰੇ ਤੋਂ ਪਹਿਲਾਂ ਦੇ ਹੋਏ ਘੱਲੂਘਾਰਿਆਂ ਵਿੱਚ ਕਿੰਨੇ ਸਿੰਘਾਂ ਨੇ ਸ਼ਹਾਦਤਾਂ ਪਾਈਆਂ ਉਨਾਂ ਦਾ ਵੇਰਵਾ ਕੌਮ ਪਾਸ ਮੌਜੂਦ ਹੈ। ਇਸੇ ਤਰਾਂ ਸਿੱਖ ਇਤਿਹਾਸ ਤੇ ਦੁਰਲੱਭ ਵਸਤੂਆਂ ਭਾਰਤੀ ਫੌਜ ਉਸ ਹਮਲੇ ਦੌਰਾਨ ਸਿੱਖ ਲਾਇਬਰੇਰੀ ਨੂੰ ਅੱਗ ਲਗਾ ਕੇ ਚੁੱਕ ਕੇ ਲੈ ਗਈ ਉਸ ਦਾ ਵੀ ਪੂਰਾ ਵੇਰਵਾ ਸਿੱਖ ਕੌਮ ਕੋਲ ਨਹੀਂ ਹੈ। ਹੁਣ ਭਾਰਤੀ ਫੌਜ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਇਹ ਸਾਰਾ ਖਜਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕਰ ਦਿੱਤਾ ਸੀ। ਜਦਕਿ ਸ਼੍ਰੋਮਣੀ ਕਮੇਟੀ ਇਹ ਮੰਨਣ ਤੋਂ ਇਨਕਾਰੀ ਹੈ। ਇੰਨਾਂ 35 ਵਰਿਆਂ ਬਾਅਦ ਜੇ ਇਸ ਦਰਬਾਰ ਸਾਹਿਬ ਸਾਕੇ ਦਾ ਲੇਖਾ ਜੋਖਾ ਕਰੀਏ ਤਾਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਸਿੱਖ ਕੌਮ ਨੇ ਇਸ ਸਾਕੇ ਤੋਂ ਬਾਅਦ ਗਵਾਇਆ ਹੀ ਹੈ ਹਾਸਿਲ ਕੁਝ ਵੀ ਨਹੀਂ ਕੀਤਾ। ਇਹ ਜਰੂਰ ਹੈ ਕਿ ਜਿਸ ਲੀਡਰਸ਼ਿਪ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸੀ, ਉਸ ਫੌਜੀ ਹਮਲੇ ਦੌਰਾਨ ਫੌਜ ਅੱਗੇ ਗੋਡੇ ਟੇਕ ਦਿੱਤੇ ਸਨ, ਨੇ ਆਪਣੀ ਸਿਆਸਤ ਲਈ ਇਸ ਦਰਬਾਰ ਸਾਹਿਬ ਸਾਕੇ ਦੀ ਦੁਹਾਈ ਦੇ ਕੇ ਰਾਜ ਭਾਗ ਜਰੂਰ ਸੰਭਾਲਿਆ ਹੈ। ਇਹ ਸਿਲਸਿਲਾ 35 ਵਰਿਆ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਹੈ। ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਆਦੇਸ਼ਾਂ ਕਾਰਨ ਦਰਬਾਰ ਸਾਹਿਬ ਸਾਕੇ ਤੋਂ ਬਾਅਦ ਕਿੰਨੇ ਧਰਮੀ ਫੌਜੀਆਂ ਨੇ ਭਾਰਤੀ ਫੌਜ ਖਿਲਾਫ ਬਗਾਵਤ ਕੀਤੀ ਤੇ ਸ਼ਹਾਦਤਾਂ ਪਾਈਆਂ ਉਨਾਂ ਦਾ ਕੋਈ ਵੀ ਵੇਰਵਾ ਸਿੱਖ ਕੌਮ ਕੋਲ ਮੌਜੂਦ ਨਹੀਂ ਹੈ ਤੇ ਨਾ ਹੀ ਸਿੱਖ ਕੌਮ ਉਨਾਂ ਦਾ ਕੋਈ ਮੁੜ ਵਸੇਬਾ ਕਰ ਸਕੀ ਹੈ। ਇੰਨਾ 35 ਵਰਿਆਂ ਦੌਰਾਨ ਸਿੱਖ ਕੌਮ ਹਰ ਸਾਲ ਅਕਾਲ ਤਖਤ ਸਾਹਿਬ ਵਿਖੇ ਇਕੱਤਰ ਤਾਂ ਹੁੁੰਦੀ ਹੈ ਭਾਵੇਂ ਇਹ ਗਿਣਤੀ ਬਹੁਤ ਘੱਟ ਹੁੰਦੀ ਹੈ ਪਰ ਉਸ ਇੱਕਤਰਤਾ ਵਿੱਚ ਵੀ ਹਮੇਸ਼ਾ ਸਿੱਖ ਕੌਮ ਦੇ ਆਪਸੀ ਤਕਰਾਰ ਦੀ ਭੇਂਟ ਹੀ ਇਹ ਸ਼ਰਧਾਂਜਲੀ ਸਮਾਗਮ ਚੜ ਜਾਂਦਾ ਹੈ। ਇਸ 35ਵੀਂ ਵਰੇਗੰਢ ਦੌਰਾਨ ਵੀ ਸਿੱਖ ਸੰਗਤ ਦੀ ਇਕੱਤਰਤਾ ਤਕਰਾਰ ਵਿੱਚ ਹੀ ਸਮਾਪਤ ਹੋਈ। ਜੇ ਦੁਨੀਆਂ ਦੇ ਇਤਿਹਾਸ ਦਾ ਜ਼ਿਕਰ ਕਰ ਲਈਏ ਤਾਂ 1989 ਵਿੱਵ ਚੀਨੀ ਹਕੂਮਤ ਵੱਲੋਂ ਜ਼ਮਹੂਰੀਅਤ ਪਸੰਦ ਹੋਈ ਇਕੱਤਰਤਾ ਨੂੰ ਟੈਂਕਾਂ ਨਾਲ ਖਦੇੜਿਆ ਸੀ ਤੇ ਸੈਂਕੜੇ ਹੀ ਚੀਨੀ ਮਾਰ ਦਿੱਤੇ ਸਨ, ਉਨਾਂ ਦੀ ਯਾਦ ਵਿੱਚ ਅੱਜ ਵੀ ਚੀਨ ਤੋਂ ਬਾਹਰ ਹਾਂਗਕਾਂਗ ਵਿੱਚ ਉਸ ਦਿਨ ਲੱਖਾਂ ਦੀ ਤਾਦਾਦ ਵਿੱਚ ਚੀਨੀ ਇੱਕਠੇ ਹੋ ਕੇ ਸ਼ਰਧਾਂਜਲੀ ਦਿੰਦੇ ਹਨ। ਇਸ ਸਾਲ ਵੀ 30ਵੀਂ ਵਰੇਗੰਡ ਕਰਕੇ ਦੋ ਲੱਖ ਚੀਨੀ ਬੰਦਾ ਹਾਂਗਕਾਂਗ ਵਿੱਚ ਇੱਕਠਾ ਹੋਇਆ। ਇਸੇ ਤਰਾਂ ਯਹੂਦੀ ਕੌਮ ਦੀ ਗੱਲ ਕਈਏ ਜਿਸ ਨੂੰ ਕਦੇ ਦੁਨੀਆਂ ਦੇ ਹੁਕਮਰਾਨਾਂ ਨੇ ਮਿਟਾਉਣਾ ਚਾਹਿਆ ਉਹ ਅੱਜ ਆਪਣਾ ਮੁਲਕ ਵੀ ਸਿਰਜੀ ਬੈਠੇ ਹਨ ਤੇ ਦੁਨੀਆਂ ਦੀ ਨਾਮਵਰ ਤਾਕਤ ਹਨ। ਉਹ ਅੱਜ ਵੀ ਸਭ ਤੋਂ ਘੱਟ ਗਿਣਤੀ ਕੌਮ ਹੈ। ਇੰਨਾ ਪਰਸਥਿਤੀਆਂ ਵਿੱਚ ਅੱਜ ਵੀ ਸਿੱਖ ਕੌਮ ਨੂੰ 35 ਵਰਿਆਂ ਬਾਅਦ ਦਰਬਾਰ ਸਾਹਿਬ ਦੇ ਸਾਕੇ ਦਾ ਲੇਖਾ ਜੋਖਾ ਕਰਨ ਦਾ ਲੋੜ ਮਹਿਸੂਸ ਹੁੁੰਦੀ ਹੈ।