ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਦੀ ਦਾਤ ਦੇਣ ਵਾਲੇ ਪੰਜ ਪਿਆਰੇ ਅੱਜਕੱਲ਼੍ਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਖਾਸ ਨਿਸ਼ਾਨੇ ਤੇ ਹਨ। ਰਾਮ ਰਹੀਮ ਨਾਅ ਦੇ ਬੰਦੇ ਨੂੰ ਸਾਰੀਆਂ ਸਿੱਖ ਰਵਾਇਤਾਂ ਛਿੱਕੇ ਤੇ ਟੰਗਕੇ ਪੰਜ ਜਥੇਦਾਰਾਂ ਵੱਲ਼ੋਂ ਮੁਆਫੀ ਦੇ ਦੇਣ ਦੇ ਫੈਸਲੇ ਤੋਂ ਬਾਅਦ ਸਿੱਖ ਕੌਮ ਵਿੱਚ ਪਈ ਆਪਾਧਾਪੀ ਦੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨ ਵਾਲੇ ਪੰਜ ਪਿਆਰਿਆਂ ਨੇ ਸੰਗਤ ਦੀ ਹਾਜਰੀ ਵਿੱਚ ਗੁਰਮਤਾ ਕਰਕੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿ ਮੌਜੂਦਾ ਸਿੰਘ ਸਾਹਿਬਾਨ ਕਿਉਂਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਿੱਚ ਅਸਫਲ ਸਿੱਧ ਹੋਏ ਹਨ ਇਸ ਲਈ ਇਨ੍ਹਾਂ ਨੂੰ ਅਹੁਦੇ ਤੋਂ ਫਾਰਗ ਕਰਕੇ ਤਖਤਾਂ ਦੇ ਨਵੇਂ ਸੇਵਾਦਾਰ ਥਾਪੇ ਜਾਣ।
ਇਹ ਫੈਸਲਾ ਆਉਣ ਦੀ ਦੇਰ ਸੀ ਕਿ ਪੰਜਾਬ ਸਰਕਾਰ ਚਲਾ ਰਹੇ ਭਾਈਆਂ ਦੇ ਪੈਰਾਂ ਥੱਲਿਓਂ ਜਮੀਨ ਨਿਕਲ ਗਈ। ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਇਸ ਕਿਸਮ ਦੇ ਫੈਸਲੇ ਦੀ ਉਮੀਦ ਨਹੀ ਸੀ। ਪੰਜਾਬ ਸਰਕਾਰ ਚਲਾ ਰਹੇ ਸੱਜਣ ਆਮ ਤੌਰ ਤੇ ਇਹ ਬੜ੍ਹਕ ਮਾਰਦੇ ਸੁਣੇ ਜਾਂਦੇ ਹਨ ਕਿ ਪੰਜਾਬ ਵਿੱਚ ਅਤੇ ਸ਼੍ਰੋਮਣੀ ਕਮੇਟੀ ਵਿੱਚ ਉਨ੍ਹਾਂ ਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀ ਹਿਲਦਾ। ਕਿ ਇਸ ਵੇਲੇ ਤਾਂ ਪੰਜਾਬ ਵਿੱਚ ਹਵਾ ਵੀ ਉਨ੍ਹਾਂ ਨੂੰ ਪੁੱਛੇ ਤੋਂ ਬਿਨਾ ਨਹੀ ਚਲਦੀ।
ਪਰ ਪੰਜ ਪਿਆਰਿਆਂ ਦੇ ਉਸ ਰੁਹਾਨੀ ਅਤੇ ਮਾਸੂਮ ਆਦੇਸ਼ ਨੇ ਸੱਤਾ ਦੇ ਨਸ਼ੇ ਵਿੱਚ ਮਸਤ ਲੋਕਾਂ ਲਈ ਖਤਰੇ ਦੀਆਂ ਘੰਟੀਆਂ ਖੜਕਾ ਦਿੱਤੀਆਂ।ਪੰਜ ਪਿਆਰਿਆਂ ਦੇ ਉਕਤ ਫੈਸਲੇ ਨਾਲ ਸਰਕਾਰੀ ਧਿਰ ਨੂੰ ਲੱਗਾ ਕਿ ਫੰਦਾ ਕਿਸੇ ਵੇਲੇ ਵੀ ਉਨ੍ਹਾਂ ਤੱਕ ਪਹੁੰਚ ਸਕਦਾ ਹੈ। ਉਹ ਗੁੰਮ ਹੋਏ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਨੂੰ ਭਾਲਣ ਜਾਂ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾ ਦੇਣ ਨਾਲ਼ੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉ%ਠੀ ਬਗਾਵਤ ਨੂੰ ਕੁਚਲਣ ਲਈ ਜਿਆਦਾ ਤਤਪਰ ਹੋ ਗਏ।
ਅਖਬਾਰਾਂ ਵਿੱਚ ਅਕਾਲ ਤਖਤ ਮਹਾਨ ਹੈ ਦੇ ਇਸ਼ਤਿਹਾਰ ਛਪਾਉਣ ਵਾਲੇ ਸੱਜਣ ਇੱਕ ਦਮ ਆਪਣਾਂ ਪਾਲਾ ਬਦਲਣ ਲੱਗੇ ਅਤੇ ਪੰਜ ਸਿੰਘਾਂ ਦੇ ਹੁਕਮ ਨੂੰ ਮੰਨਣ ਤੋਂ ਆਕੀ ਹੋ ਗਏ। ਜਦੋਂ ਇੱਕ ਟੀਵੀ ਚੈਨਲ ਦੀ ਰਿਪੋਰਟਰ ਨੇ ਅਵਤਾਰ ਸਿੰਘ ਮੱਕੜ ਨੂੰ ਪੁੱਛਿਆ ਕਿ ਪੰਜ ਸਿੰਘਾਂ ਦਾ ਹੁਕਮ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਨਹੀ ਸੀ ਮੋੜਿਆ ਫਿਰ ਤੁਸੀਂ ਗੁਰੂ ਸਾਹਿਬ ਤੋਂ ਵੀ ਵੱਡੇ ਹੋ ਗਏ? ਉਸ ਵੇਲੇ ਸੱਤਾ ਦੇ ਨਸ਼ੇ ਵਿੱਚ ਚੂਰ ਮੱਕੜ ਸਾਹਿਬ ਨੇ ਇਹ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਤਾਂ ਸਾਡੇ ਮੁਲਾਜਮ ਹਨ। ਭਾਵ ਉਹ ਸਾਡੇ ਥੱਲੇ ਹੀ ਹਨ। ਉਨ੍ਹਾਂ ਦਾ ਕੰਮ ਸਿਰਫ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਹੀ ਹੈ, ਕੌਮ ਬਾਰੇ ਫੈਸਲਾ ਲੈਣ ਦਾ ਉਨ੍ਹਾਂ ਨੂੰ ਕੋਈ ਹੱਕ ਨਹੀ ਹੈ।
ਇਸ ਆਦੇਸ਼ ਤੋਂ ਇਕਦਮ ਬਾਅਦ ਸ਼੍ਰੋਮਣੀ ਕਮੇਟੀ ਨੇ ਆਪਣੇ ਮਾਲਕੀ ਵਾਲੇ ਲੱਛਣ ਦਰਸਾਉਂਦਿਆਂ ਪੰਜ ਪਿਆਰਿਆਂ ਨੂੰ ਭਾਰਤ ਵਿੱਚ ਦੂਰ ਦੁਰਾਡੇ ਭੇਜ ਕੇ ਆਪਣੇ ਗਲ਼ੋਂ ਬਲਾ ਲਾਹੁਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਕਿਤੇ ਬਾਦਲ ਸਰਕਾਰ ਲਈ ਕੋਈ ਵੱਡੀ ਸਿਰਦਰੀ ਪੈਦਾ ਨਾ ਕਰ ਦੇਣ। ਪਰ ਸਰਬੱਤ ਖਾਲਸਾ ਵਾਲੇ ਸਮਾਗਮ ਤੋਂ ਪਹਿਲਾਂ ਉਹ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ। ਦਿਵਾਲੀ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਮੌਜੂਦਾ ਜਥੇਦਾਰਾਂ ਦਾ ਜੋ ਵਿਰੋਧ ਸੰਗਤ ਵੱਲ਼ੋਂ ਹੋਇਆ ਉਸਦਾ ਭਾਂਡਾ ਬੇਸ਼ੱਕ ਸੱਤਾਧਾਰੀ ਧਿਰ ਨੇ ਸੰਗਤਾਂ ਤੇ ਭੰਨਣ ਦਾ ਯਤਨ ਕੀਤਾ ਪਰ ਧਰਮ ਪਰਚਾਰ ਦੇ ਦੌਰੇ ਤੇ ਗਏ ਪੰਜ ਪਿਆਰਿਆਂ ਨੇ ਫਿਰ ਇਹ ਬਿਆਨ ਦਿੱਤਾ ਕਿ ਜੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੇ ਆਦੇਸ਼ ਮੰਨ ਕੇ ਜਥੇਦਾਰਾਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੁੰਦਾ ਤਾਂ ਦਿਵਾਲੀ ਵਾਲੇ ਦਿਨ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਹੋਇਆ ਉਹ ਨਾ ਵਾਪਰਦਾ।
ਇਸ ਵੇਲੇ ਸਥਿਤੀ ਇਹ ਹੈ ਕਿ ਕੌਮ ਸਾਹਮਣੇ ਦੋ ਰਸਤੇ ਪੈਦਾ ਹੋ ਰਹੇ ਹਨ। ਇੱਕ ਪਾਸੇ ਤਾਂ ਸਿੱਖੀ ਦੀਆਂ ਰਵਾਇਤਾਂ ਹਨ ਦੂਜੇ ਪਾਸੇ ਸਰਕਾਰੀ ਕਨੂੰਨ ਹਨ। ਸ਼੍ਰੋਮਣੀ ਕਮੇਟੀ ਦੇ ਮੁਲਾਜਮ ਹੋਣ ਕਾਰਨ ਪੈਦਾ ਹੋਣ ਵਾਲੇ ਅੜਿੱਕੇ ਹਨ। ਸਾਡੇ ਗੁਰੂ ਸਾਹਿਬ ਨੇ ਆਪਣੇ ਸਿਧਾਂਤਾਂ ਅਤੇ ਰਵਾਇਤਾਂ ਲਈ ਸਿੱਖਾਂ ਨੂੰ ਆਪਣੀ ਜਾਨ ਵੀ ਵਾਰ ਦੇਣ ਦੀ ਸਿੱਖਿਆ ਦਿੱਤੀ ਹੈ। ਪੰਜਵੇਂ ਪਾਤਸ਼ਾਹ ਅਤੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸਿਧਾਂਤਾਂ ਅਤੇ ਰਵਾਇਤਾਂ ਦੀ ਬੁਲੰਦੀ ਲਈ ਹੀ ਹੋਈ ਸੀ। ਸਿੱਖਾਂ ਲਈ ਸਰਕਾਰੀ ਕਨੂੰਨ ਤੋਂ ਵਧਕੇ ਆਪਣੀਆਂ ਰਵਾਇਤਾਂ ਜਿਆਦਾ ਪਵਿੱਤਰ ਹਨ। ਪਰ ਸ਼੍ਰੋਮਣੀ ਕਮੇਟੀ ਜੋ ਅਕਾਲ ਤਖਤ ਮਹਾਨ ਦੇ ਇਸ਼ਤਿਹਾਰ ਛਪਵਾ ਕੇ ਸੰਗਤਾਂ ਨੂੰ ਗੁਮਰਾਹ ਕਰਦੀ ਆ ਰਹੀ ਸਦੀ ਹੁਣ ਆਪ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘਾਂ ਵੱਲ਼ੋਂ ਕੀਤੇ ਫੈਸਲੇ ਮੰਨਣ ਤੋਂ ਆਕੀ ਹੋ ਰਹੀ ਹੈ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦਾ ਵਿਹਾਰ ਇਹ ਦਰਸਾਉਂਦਾ ਹੈ ਕਿ ਉਹ ਧਾਰਮਕ ਸ਼ਖਸ਼ੀਅਤਾਂ ਨੂੰ ਆਪਣੇ ਗੁਲਾਮਾਂ ਵੱਜੋਂ ਹੀ ਦੇਖਦੇ ਹਨ। ਨੌਕਰੀ ਅਤੇ ਚਾਰ ਛਿੱਲੜਾਂ ਦਾ ਲਾਲਚ ਦੇ ਕੇ ਉਹ ਧਾਰਮਕ ਸ਼ਖਸ਼ੀਅਤਾਂ ਤੋਂ ਆਪਣੀ ਨੀਵੀਂ ਸਿਆਸਤ ਦੇ ਅਨੁਸਾਰ ਫੈਸਲੇ ਕਰਵਾਉਂਦੇ ਰਹੇ ਹਨ।
ਇਸੇ ਲਈ ਪੰਜ ਪਿਆਰਿਆਂ ਦੇ ਫੈਸਲੇ ਕਾਰਨ ਸਿੱਖਾਂ ਸਾਹਮਣੇ ਆਪਣੀਆਂ ਰਵਾਇਤਾਂ ਜਾਂ ਦੇਸ਼ ਦੇ ਕਨੂੰਨ ਨੂੰ ਬਚਾਉਣ ਦੇ ਮਾਮਲੇ ਵਿੱਚ ਅੜਿੱਕਾ ਆ ਗਿਆ ਹੈ। ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਕਨੂੰਨ ਦਾ ਡਰਾਵਾ ਦੇ ਕੇ ਸਿੱਖਾਂ ਨੂੰ ਆਪਣੀਆਂ ਰਵਾਇਤਾਂ ਤੋ ਦੂਰ ਕਰਨਾ ਚਾਹੁੰਦੀਆਂ ਹਨ।
ਇਸੇ ਲਈ ਪੰਜ ਪਿਆਰਿਆਂ ਦੀ ਬਦਲੀ ਨਨਕਾਣਾਂ ਸਾਹਿਬ ਵਿੱਚ ਕਰਕੇ ਉਨ੍ਹਾਂ ਨੂੰ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਆਖਰ ਤੁਸੀਂ ਸਾਡੇ ਨੌਕਰ ਹੀ ਹੋ, ਕਿਤੇ ਆਪਣੇ ਆਪ ਨੂੰ ਮਾਲਕ ਸਮਝਣ ਦੀ ਗੁਸਤਾਖੀ ਨਾ ਕਰਿਓ।
ਅਸੀਂ ਪਹਿਲਾਂ ਵੀ ਲਿਖਿਆ ਸੀ ਕਿ ਕੋਈ ਵੀ ਕੌਮ ਹਥਿਆਰਾਂ ਦੇ ਜੋਰ ਨਾਲ ਨਹੀ ਮਰਦੀ ਉਹ ਉਦੋਂ ਹੀ ਮਰਦੀ ਹੈ ਜਦੋਂ ਉਸਦੀਆਂ ਰਵਾਇਤਾਂ ਮਰ ਜਾਣ।
ਹੁਣ ਫੈਸਲਾ ਕੌਮ ਨੇ ਕਰਨਾ ਹੈ ਕਿ ਉਸਨੇ ਆਪਣੀਆਂ ਰਵਾਇਤਾਂ ਬਚਾਉਣੀਆਂ ਹਨ ਜਾਂ ਸਰਕਾਰਾਂ।