ਪੰਜਾਬ ਵਿੱਚ ਅੱਜ ਦੇ ਦਿਨ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਪੱਧਰ ਤੇ ਸਿੱਖ ਜਗਤ ਅੰਦਰ ਫੈਲੀ ਬੇਚੈਨੀ, ਬੇਭਰੋਸਗੀ ਅਤੇ ਵਿਸ਼ਵਾਸ ਨਾ ਹੋਣ ਦੀ ਵੱਡੇ ਪੱਧਰ ਤੇ ਚਰਚਾ ਹੋਣ ਕਰਕੇ ਬਠਿੰਡੇ ਵਿੱਚ ਪਹਿਲੀ ਸਦਭਾਵਨਾ ਰੈਲੀ ਰੱਖੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਹ ਰੈਲੀ ੧੦ ਨਵੰਬਰ ਨੂੰ ਹੋਏ ਵੱਡੇ ਪੰਥਕ ਇੱਕਠ ਜਿਸਨੂੰ ਕਿ ਸਰਬੱਤ ਖਾਲਸਾ ਦਾ ਨਾਮ ਵੀ ਦਿੱਤਾ ਗਿਆ ਹੈ, ਦੇ ਉਲਟ ਆਪਣੀ ਸਿੱਖ ਜਗਤ ਉੱਪਰ ਪਕੜ ਨੂੰ ਦਰਸਾਉਣ ਲਈ ਰੱਖੀ ਹੈ। ਇਸ ਨੂੰ ਕਾਮਯਾਬ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਭਾਗ ਦਾ ਪੂਰਾ ਪ੍ਰਭਾਵ ਵਰਤ ਕੇ ਪੂਰੀ ਤਾਕਤ ਇਸ ਲਈ ਝੋਕ ਦਿੱਤੀ ਹੈ। ੧੦ ਨਵੰਬਰ ਨੂੰ ਚੱਬੇ ਵਿਖੇ ਹੋਏ ਲੱਖਾਂ ਦੀ ਤਾਦਾਦ ਵਿੱਚ ਆਪ-ਮੁਹਾਰੇ ਸਾਂਤਮਈ ਤਰੀਕੇ ਨਾਲ ਸਿੱਖਾਂ ਦੇ ਵੱਲੋਂ ਇੱਕ ਰੋਸਮਈ ਅਤੇ ਆਪਣੇ ਗੁਰੂ ਦੀ ਬੇਅਦਬੀ ਦੇ ਦੁੱਖ ਵਜੋਂ ਇੱਕ ਇਸ ਆਸ ਨਾਲ ਇੱਕਠੇ ਹੋਏ ਸੀ ਕਿ ਪੰਥ ਨੂੰ ਸ਼੍ਰੋਮਣੀ ਅਕਾਲ ਦਲ ਦਾ ਬਦਲ ਜੋ ਕਿ ਸਿੱਖਾਂ ਦੀਆਂ ਭਾਵਨਾਵਾਂ ਤੇ ਉਹਨਾਂ ਦੇ ਮਾਨ ਸਨਮਾਨ ਦਾ ਰਾਖਾ ਬਣ ਕੇ ਨਵੀਂ ਵਿਉਂਤਬੰਦੀ ਲੈ ਕੇ ਸਿੱਖ ਜਗਤ ਨੂੰ ਕਿਸੇ ਲੀਹ ਤੇ ਲਿਆਂਦਾ ਜਾ ਸਕੇਗਾ। ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦੀ ਸਦਭਾਵਨਾ ਰੈਲੀ ਜਿਸ ਕਰਕੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਕੋਈ ਵੀ ਰੋਸਮਈ ਅਵਾਜ ਨੂੰ ਦਬਾਉਣ ਲਈ ਸੌਆਂ ਬੱਧੀ ਸਿੱਖ ਨੌਜਵਾਨ ਪ੍ਰਚਾਰਕਾਂ ਤੇ ਚਿੰਤਕਾਂ ਨੂੰ ਸਰਕਾਰ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ ਤੇ ਸਰਕਾਰ ਆਪਣੀ ਪੂਰੀ ਤਾਕਤ ਝੋਕ ਕੇ ਜਬਰਦਸਤੀ ਇੱਕਠ ਨੂੰ ਲਾਮਬੰਦ ਕਰਨ ਲਈ ਉਪਰਾਲੇ ਕਰ ਰਹੀ ਹੈ। ਇਹੀ ਸ਼੍ਰੋਮਣੀ ਅਕਾਲੀ ਦਲ ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਰਾਸਟਰਪਤੀ ਕੋਲੇ ਪਟੀਸ਼ਨ ਲੈ ਕੇ ਗਿਆ ਸੀ ਕਿ ਦਸ ਨਵੰਬਰ ਨੂੰ ਚੱਬੇ ਵਿਖੇ ਹੋਏ ਸਿੱਖਾਂ ਦੇ ਲੱਖਾਂ ਦੇ ਇੱਕਠ ਨੂੰ ਕਾਂਗਰਸ ਪਾਰਟੀ ਦੀ ਸਰਪ੍ਰਸਤੀ ਹੋਣ ਕਰਕੇ (ਜੋ ਕਿ ਨਿਰਾ ਤੇ ਕੋਰਾ ਝੂਠ ਹੈ) ਉਸ ਪਾਰਟੀ ਦੀ ਰਾਜਨੀਤਿਕ ਪਾਰਟੀ ਵਜੋਂ ਮਾਨਤਾ ਰੱਦ ਕੀਤੀ ਜਾਵੇ। ਸ਼ਹੀਦੀਆਂ ਤੇ ਕੁਰਬਾਨੀਆਂ ਨਾਲ ਸਿਰਜਿਆ ਗਿਆ ਸ਼੍ਰੋਮਣੀ ਅਕਾਲੀ ਦਲ ਅੱਜ ਇੰਨੇ ਨੀਵੇਂ ਪੱਧਰ ਦੀ ਸੋਚ ਲੈ ਬੈਠਾ ਹੈ ਕਿ ਉਸਨੂੰ ਆਪਣੀ ਹੀ ਕੌਮ ਦੀ ਪੀੜ ਤੇ ਰੋਸ ਤੋਂ ਨਾਵਾਕਫੀ ਹੈ। ਇਸੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਪ੍ਰਤੀ ਦਰਦ ਹੁੰਦਾ ਤਾਂ ਭਾਰਤੀ ਰਾਸ਼ਟਰਪਤੀ ਨੂੰ ਦਹਾਕਿਆਂ ਪਹਿਲੇ ਹੋਏ ਸਿੱਖ ਨੌਜਵਾਨਾਂ ਦੇ ਕਤਲ ਤੇ ੧੯੮੪ ਵਿੱਚ ਹੋਏ ਭਾਰਤ ਭਰ ਵਿੱਚ ਸਿੱਖਾਂ ਦੇ ਕਤਲੇਆਮ ਦੀ ਅਰਜੀ ਲੈ ਕੇ ਜਾਂਦੇ ਤੇ ਸਿੱਧੇ ਰੂਪ ਵਿੱਚ ਸਬੂਤਾਂ ਸਮੇਤਾਂ ਕਾਂਗਰਸ ਪਾਰਟੀ ਦੀ ਇਸ ਕਤਲੇਆਮ ਪਿੱਛੇ ਜਿੰਮੇਵਾਰੀ ਸਿੱਧ ਕਰਦੇ ਹੋਏ ਉਸਦੀ ਰਾਜਨੀਤਿਕ ਮਾਨਤਾ ਨੂੰ ਰੱਦ ਕਰਾਉਣ ਲਈ ਫਰਿਆਦ ਕਰਦੇ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੀ ਬਚਨਵੱਧਤਾ ਤੇ ਜਿੰਮੇਵਾਰੀ ਪ੍ਰਤੀ ਆਪਣੀ ਜਿੰਮੇਵਾਰ ਨਿਭਾਉਂਦਾ ਹੋਇਆ ਸਿੱਧ ਹੋਣਾ ਸੀ। ਮੈਂ ਨਿੱਜੀ ਤੌਰ ਤੇ ਮੰਨਦਾ ਹਾਂ ਕਿ ਦਸ ਨਵੰਬਰ ਦਾ ਚੱਬੇ ਵਿੱਖੇ ਹੋਏ ਸਿੱਖ ਕੌਮ ਦੇ ਭਾਰੀ ਇੱਕਠ ਦੀ ਤਰਜ਼ਮਾਨੀ ਸਟੇਜ ਸਾਂਭੀ ਬੈਠੇ ਸਿੱਖਾਂ ਦੇ ਕਾਗਜੀ ਆਗੂਆ ਨੇ ਸਿੱਖ ਸੰਗਤ ਪ੍ਰਤੀ ਆਪਣਾ ਸਵਾਰਥ ਸਿੱਧ ਕਰਦੇ ਹੋਏ ਸੰਗਤ ਦੇ ਹਾਣ ਤੋਂ ਨੀਵੇਂ ਗਿਰ ਗਏ ਤੇ ਸਿੱਖ ਇੱਕ ਵਾਰ ਫੇਰ ਹੋਰ ਬੇਚੈਨ ਤੇ ਆਪਣੇ ਹਿਰਦੇ ਵਿੱਚ ਡੂੰਘੀਆਂ ਪੀੜਾਂ ਸਮਾਈ ਘਰਾਂ ਨੂੰ ਪਰਤ ਆਏ। ਪਿਛਲੇ ਹਫਤੇ ਤੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੋਂ ਇਹ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹਨ ਕਿ ਸਰਕਾਰੀ ਸਕੂਲਾਂ ਵਿੱਚ ਪੜਦੀਆਂ ਨੰਨੀ ਉਮਰ ਦੀਆਂ ਨੰਨੀਆਂ ਛਾਵਾਂ ਨੇ ਸਰਕਾਰੀ ਖੈਰਾਤ ਵਜੋਂ ਅਕਾਲੀ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਦਿੱਤੇ ਜਾ ਰਹੇ ਸਾਈਕਲਾਂ ਨੂੰ ਲੈਣ ਤੋਂ ਕੋਰਾ ਜਵਾਬ ਦੇ ਦਿੱਤਾ ਅਤੇ ਇਹ ਕਹਿ ਦਿੱਤਾ ਕਿ ਜਿਹੜੀ ਸਰਕਾਰ ਸਾਡੇ ਪੂਜਨੀਕ ਗੁਰੂ ਗ੍ਰੰਥ ਸਾਹਿਬ ਦੀ ਰੂੜੀਆਂ ਤੇ ਹੋਈ ਬੇਅਦਬੀ ਨੂੰ ਨਾ ਰੋਕ ਸਕੀ ਹੈ ਤੇ ਨਾ ਹੀ ਅੱਜ ਤੱਕ ਇਸਦਾ ਕੋਈ ਜਵਾਬ ਦੇ ਸਕੀ ਹੈ ਉਸ ਸਰਕਾਰ ਤੋਂ ਅਸੀਂ ਖੈਰਾਤ ਵਜੋਂ ਸਾਈਕਲ ਨਹੀਂ ਲੈਣੇ ਭਾਵੇਂ ਸਾਨੂੰ ਸਕੂਲ ਆਉਣ ਲਈ ਪੈਦਲ ਚੱਲ ਕੇ ਆਉਣਾ ਪਏ। ਇਸੇ ਤਰਾਂ ਛਿੱਦੇ ਕੱਪੜਿਆ ਤੇ ਟਾਕੀਆਂ ਲਾਉਣ ਵਾਂਗ ਪੰਜਾਬ ਸਰਕਾਰ ਵੱਲੋਂ ਹੋਰ ਵੀ ਨੌਕਰੀਆਂ ਤੇ ਹੋਰ ਅਜਿਹੇ ਲਾਰੇ ਪੰਜਾਬ ਦੀ ਜਨਤਾ ਨੂੰ ਭਰਮਾਉਣ ਲਈ ਲੋਕਾਂ ਸਾਹਮਣੇ ਲਿਆਂਦੇ ਹਨ ਪਰ ਇਹ ਛਿੱਦੇ ਕੱਪੜਿਆਂ ਤੇ ਲੱਗੀਆਂ ਟਾਕੀਆਂ ਕੰਮ ਚਲਾਉ ਤਾਂ ਸਿੱਧ ਹੋ ਸਕਦੀਆਂ ਹਨ ਪਰ ਹੰਢਣਸਾਰ ਨਹੀਂ। ਇਸੇ ਕਰਕੇ ਹੀ ਅੱਜ ਪੰਜਾਬ ਅੰਦਰ ਕੋਈ ਵੀ ਅਕਾਲੀ ਵਿਧਾਇਕ, ਜਥੇਦਾਰ ਤੇ ਮੰਤਰੀ ਬਹੁਤ ਹੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਆਮ ਸਿੱਖ ਜਨਤਾ ਵਿੱਚ ਜਾਣ ਤੇ ਗੁਰੇਜ਼ ਤਾਂ ਕਰ ਹੀ ਰਹੇ ਹਨ ਪਰ ਇਹ ਸਮਝਣ ਤੇ ਆਪਣੇ ਸਰਪ੍ਰਸਤ ਪ੍ਰਧਾਨ ਨੂੰ ਦੱਸਣ ਦੀ ਖੇਚਲ ਵੀ ਨਹੀਂ ਕਰ ਰਹੇ ਕਿ ਪੰਜਾਬ ਅੰਦਰ ਸਿੱਖਾਂ ਵਿੱਚ ਭਾਰੀ ਬੇਚੈਨੀ ਤੇ ਗੁਰੂ ਸਾਹਿਬ ਦੀ ਬੇਅਦਬੀ ਦਾ ਭਾਰੀ ਰੋਸ ਤੇ ਡੂੰਘੀ ਪੀੜ ਹੈ ਜਿਸ ਨੂੰ ਸਮਝਣਾ ਅੱਜ ਵਕਤ ਦੀ ਮੁੱਖ ਲੋੜ ਹੈ ਤੇ ਇਸਦਾ ਜਵਾਬ ਅੱਜ ਨਹੀਂ ਤਾਂ ਕੱਲ ਸਿੱਖ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਣਾ ਹੀ ਪੈਣਾ ਹੈ ਤੇ ਸਦਭਾਵਨਾ ਰੈਲੀਆਂ ਛਿੱਦੇ ਕੱਪੜਿਆਂ ਤੇ ਲੱਗੀਆਂ ਟਾਕੀਆਂ ਵਾਂਗ ਸਿੱਧ ਹੋਣੀਆਂ ਪੂਰੀ ਤਰਾਂ ਤਹਿ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਅੱਜ ਵਾਲੀ ਸਦਭਾਵਨਾ ਰੈਲੀ ਦੀ ਇੱਕ ਹੋਰ ਮਿਸਾਲ ਹੈ ਕਿ ਇਸ ਵਿੱਚ ਕਿਸੇ ਵੀ ਵਿਅਕਤੀ ਨੂੰ ਕਾਲੀ ਪੱਗ, ਕਾਲਾ ਦੁੱਪਟਾ ਤੇ ਕਿਸੇ ਤਰਾਂ ਦੇ ਵੀ ਕਾਲੇ ਰੰਗ ਤੋਂ ਪੂਰੀ ਤਰਾਂ ਵਰਜਿਤ ਰੱਖਿਆ ਹੈ। ਕਾਲੇ ਰੰਗ ਤੋਂ ਅਕਾਲੀ ਦਲ ਇੰਨਾ ਭੈ-ਭੀਤ ਹੋ ਗਿਆ। ੧੯੮੪ ਦਾ ਸਿੱਖ ਸੰਘਰਸ਼ ਵੀ ਜਿਸਦਾ ਮੁਢ ਇੰਨਾਂ ਵੱਲੋਂ ਚਲਾਏ ਧਰਮ-ਯੁੱਧ ਮੋਰਚੇ ਨੇ ਅਰੰਭਿਆ ਸੀ ਨੂੰ ਵੀ ਇਹ ਸ਼੍ਰੋਮਣੀ ਅਕਾਲੀ ਦਲ ਕਾਲੇ ਦੌਰ ਤੇ ਕਾਲੇ ਦਿਨਾਂ ਵਜੋਂ ਪ੍ਰਚਾਰ ਰਿਹਾ ਹੈ। ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਬਾਕੀ ਸਾਧ-ਸੰਤ ਤੇ ਹੋਰ ਅਦਾਰੇ ਤਾਂ ਸਰਕਾਰਾਂ ਦਾ ਭੈਅ ਮੰਨ ਕੇ ਨਾ ਚਾਹੁੰਦੇ ਹੋਏ ਵੀ ਸਹਿਯੋਗ ਦੇਣ ਪਰ ਨਿਮਾਣੇ ਵਿਦੇਸ਼ੀ ਸਿੱਖਾਂ ਤੇ ਕਿਸਾਨੀ ਨਾਲ ਸਬੰਧਤ ਕਿਸਾਨ ਪਰਿਵਾਰਾਂ ਵੱਲੋਂ ਸ਼ੁਰੂ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਰੱਖਦੇ ਹੋਏ ਤੇ ਪਿਛਲੀ ਸਦੀ ਦੇ ਸਿੱਖ ਕੌਮ ਦੇ ਪਹਿਲੇ ਮਹਾਨ ਸੰਤ-ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨਾਲ ਸਬੰਧਤ ਅਦਾਰਾ ਕਲਗੀਧਰ ਟਰੱਸਟ ਬੜੂ ਸਾਹਿਬ ਨੇ ਦਾਨ ਕੀਤੀ ਸੇਵਾ ਦਾ ਦੁਰਉਪਯੋਗ ਕਰਦਿਆਂ ਅੱਜ ਦੇ ਇਸ ਟਰੱਸਟ ਦੇ ਪ੍ਰਬੰਧਕਾਂ ਵੱਲੋਂ ਇਸ ਸਦਭਾਵਨਾ ਰੈਲੀ ਨੂੰ ਪੂਰੀ ਤਰਾਂ ਆਪਣੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।