ਪੰਜਾਬ ਦੇ ਸੂਰਬੀਰ ਸਿੱਖਾਂ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਜਦੋਂ ਕਦੇ ਵੀ ਉਨ੍ਹਾਂ ਦੇ ਇਤਿਹਾਸ,ਬੋਲੀ, ਧਰਮ ਜਾਂ ਧਰਮ-ਅਸਥਾਨਾ ਤੇ ਸਰਕਾਰੀ ਹਮਲਾ ਹੋਵੇਗਾ ਉਹ ਆਪਣੇ ਵਿਰਸੇ ਨੂੰ ਬਚਾਉਣ ਲਈ ਸਿਰ ਧੜ ਦੀ ਬਾਜ਼ੀ ਲਾਉਣ ਤੋਂ ਵੀ ਨਹੀ ਝਿਜਕਣਗੇ। ਪੰਜਾਬ ਨੂੰ ਹੌਲੀ-ਹੌਲੀ ਭਾਰਤ ਦੀ ਬਸਤੀ ਬਣਾਉਣ ਦੇ ਯਤਨਾ ਦੇ ਖਿਲਾਫ ਪੰਜਾਬ ਦੇ ਸੂਰਬੀਰ ਸਿੱਖਾਂ ਨੇ ਫਿਰ ਬਾਂਹ ਖੜ੍ਹੀ ਕਰ ਦਿੱਤੀ ਹੈ। ਪੰਜਾਬ ਦੇ ਪਿੰਡਾਂ ਵਿੱਚ ਵਸਣ ਵਾਲੇ ਸਧਾਰਨ ਲੋਕ ਜੋ ਆਪਣੇ ਪ੍ਰਾਣਾਂ ਤੋਂ ਪਿਆਰੀ ਮਾਂ ਬੋਲੀ ਪੰਜਾਬੀ ਨੂੰ ਇਸ ਖਿੱਤੇ ਦੀ ਮਹਾਰਾਣੀ ਬਣਾਉਣ ਦੇ ਸੁਪਨੇ ਦੇਖਦੇ ਹਨ ਨੇ ਸਰਕਾਰੀ ਜਬਰ ਦਾ ਮੁਕਾਬਲਾ ਕਰਦਿਆਂ ਅੱਗੇ ਵੱਲ ਕਦਮ ਵਧਾਉਣੇ ਅਰੰਭ ਕਰ ਦਿੱਤੇ ਹਨ।

ਭਾਰਤ ਸਰਕਾਰ ਨੇ ਪੰਜਾਬ ਨੂੰ ਆਪਣੀ ਬਸਤੀ ਬਣਾਉਣ ਦੇ ਯਤਨ ਤਾਂ ਬਹੁਤ ਦੇਰ ਤੋਂ ਅਰੰਭ ਕੀਤੇ ਹੋਏ ਸਨ ਪਰ ਉਹ ਕਿਸੇ ਵੇਲੇ ਪੈਰ ਪਿਛਾਂਹ ਖਿੱਚ ਲ਼ੈਂਦੀ ਹੈ ਅਤੇ ਕਦੇ ਕਦੇ ਹਮਲਾਵਰ ਰੁਖ ਅਪਣਾਂ ਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਦਿਵਾਉਂਦੀ ਰਹਿੰਦੀ ਹੈ। ਇਸੇ ਸਾਜਿਸ਼ ਤਹਿਤ ਹੀ ਪੰਜਾਬ ਦੀਆਂ ਸੜਕਾਂ ਤੇ ਲੱਗੇ ਬੋਰਡਾਂ ਉਪਰ ਪੰਜਾਬੀ ਨੂੰ ਤੀਜੇ ਥਾਂ ਤੇ ਲਿਖਕੇ ਪੰਜਾਬ ਨੂੰ ਇਹ ਅਹਿਸਾਸ ਦਿਵਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਕਿ ਤੁਸੀਂ ਹਿੰਦੀ ਵਾਲਿਆਂ ਦੇ ਗੁਲਾਮ ਹੋ। ਰਾਸ਼ਟਰੀ ਭਾਸ਼ਾ ਦੇ ਨਾ ਹੇਠ ਹਿੰਦੀ ਨੂੰ, ਪੰਜਾਬੀਆਂ ਉਪਰ ਥੋਪ ਕੇ ਭਾਰਤ ਦੇ ਹਾਕਮ ਸਿੱਖਾਂ ਦੀ ਗੁਲਾਮੀ ਨੂੰ ਪੱਕੇ ਪੈਰੀਂ ਕਰਨਾ ਚਾਹੁੰਦੇ ਹਨ। ਇਸ ਵੇਲੇ ਭਾਰਤੀ ਤੰਤਰ ਦੇ ਨਿਸ਼ਾਨੇ ਤੇ ਤਿੰਨ ਚੀਜਾਂ ਹਨ, ਸਿੱਖ ਧਰਮ, ਸ੍ਰੀ ਗੁਰੂ ਗਰੰਥ ਸਾਹਿਬ ਅਤੇ ਪੰਜਾਬੀ ਬੋਲੀ। ਇਨ੍ਹਾਂ ਤਿੰਨਾ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ, ਜੇ ਇਹ ਕਹਿ ਲਿਆ ਜਾਵੇ ਕਿ ਤਿੰਨੇ ਮਿਲਕੇ ਹੀ ਵੱਖਰੀ ਸਿੱਖ ਕੌਮ ਦੇ ਸੰਕਲਪ ਨੂੰ ਪੂਰਾ ਕਰਦੇ ਹਨ ਤਾਂ ਕੋਈ ਅਤਿ-ਕਥਨੀ ਨਹੀ ਹੋਵੇਗੀ।

ਇਸੇ ਲਈ ਭਾਰਤੀ ਹਾਕਮ ਅਤੇ ਭਾਰਤੀ ਸਟੇਟ ਨਾਲ ਜੁੜਿਆ ਹੋਇਆ ਇੱਕ ਕਥਿਤ ਗਰੁੱਪ ਲਗਾਤਾਰ ਸਿੱਖਾਂ ਨੂੰ ਹਿੰਦੂਵਾਦ ਦੇ ਸਮੁੰਦਰ ਵਿੱਚ ਜਜਬ ਕਰਨ ਦੇ ਯਤਨ ਕਰ ਰਿਹਾ ਹੈ। ਪਰ ਪੰਜਾਬ ਦੇ ਸੂਰਬੀਰ ਸਿੱਖਾਂ ਨੇ ਇੱਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਗੁਰੂ ਦੇ ਸਿੱਖਾਂ ਨੇ ਨਾ ਇਤਿਹਾਸ ਵਿੱਚ ਕਦੇ ਗੁਲਾਮੀ ਕਬੂਲੀ ਹੈ ਅਤੇ ਨਾ ਹੀ ਕਦੇ ਉਹ ਗੁਲਾਮੀ ਕਬੂਲਣਗੇ। ਬਠਿੰਡਾ ਜਿਲ਼੍ਹੇ ਤੋਂ ਹਿੰਦੀ ਦੇ ਬੋਰਡਾਂ ਤੇ ਕਾਲਖ ਮਲਣ ਦੀ ਸ਼ੁਰੂ ਹੋਈ ਮੁਹਿੰਮ ਹੁਣ ਪੰਜਾਬ ਦੇ ਹੋਰਨਾ ਹਿੱਸਿਆਂ ਵਿੱਚ ਵੀ ਫੈਲਣੀ ਅਰੰਭ ਹੋ ਗਈ ਹੈ।

ਕਾਲਖ ਦੀ ਇਸ ਮੁਹਿੰਮ ਨੇ ਮਾਂ ਬੋਲੀ ਪੰਜਾਬੀ ਦੀ ਕਿਸਮਤ ਚਮਕਾਉਣ ਦਾ ਕਾਰਜ ਕਰਨਾ ਅਰੰਭ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਭਵਿੱਖ ਦੀ ਅਜ਼ਾਦੀ ਨਾਲ ਭਰੀ ਹੋਈ ਇਸ ਮੁਹਿੰਮ ਨੂੰ ਹੁਣ ਤੋਂ ਹੀ ਠੰਢਾ ਕਰਨ ਲਈ ਕੇਂਦਰ ਦੀ ਮਦਦ ਨਾਲ ਸਾਰੇ ਬੋਰਡਾਂ ਉਪਰ ਮੁੜ ਤੋਂ ਪੰਜਾਬੀ ਨੂੰ ਸਿਖਰਲੀ ਥਾਂ ਤੇ ਲਿਖਣ ਦਾ ਕਾਰਜ ਕਰਨਾ ਅਰੰਭ ਕਰ ਦਿੱਤਾ ਹੈ। ਦੂਜੇ ਪਾਸੇ ਉਨ੍ਹਾਂ ਬਹਾਦਰਾਂ ਖਿਲਾਫ ਪੁਲਿਸ ਨੇ ਕੇਸ ਵੀ ਦਰਜ ਕਰ ਲਏ ਹਨ ਜਿਨ੍ਹਾਂ ਨੇ ਮਾਂ ਬੋਲੀ ਦੀ ਇੱਜ਼ਤ ਬਚਾਉਣ ਦਾ ਮੋਰਚਾ ਆਪ ਮੁਹਾਰੇ ਹੀ ਅਰੰਭ ਕਰ ਦਿੱਤਾ ਹੈ।

ਇੱਕ ਪਾਸੇ ਉਹ ਲੋਕ ਹਨ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਅ ਤੇ ਸਾਰੀ ਉਮਰ ਵੋਟਾਂ ਮੰਗਕੇ ਆਪਣਾਂ ਦਾਲ ਫੁਲਕਾ ਚਲਾਉਂਦੇ ਰਹੇ ਹਨ ਅਤੇ ਹੁਣ ਭਾਰਤ ਸਰਕਾਰ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਪਰ ਦੂਜੇ ਪਾਸੇ ਸਿੱਖੀ ਦਰਦ ਨਾਲ ਭਰੇ ਹੋਏ ਉਹ ਸਧਾਰਨ ਲੋਕ ਹਨ ਜੋ ਆਪਣੀ ਮਾਂ ਬੋਲੀ ਲਈ ਜਾਨ ਵਾਰਨ ਖਾਤਰ ਵੀ ਤਿਆਰ ਹਨ।

ਪੰਜਾਬੀ ਨੂੰ ਉਸਦਾ ਬਣਦਾ ਮਾਣ ਦਿਵਾਉਣ ਲਈ ਚੱਲ ਰਹੇ ਇਸ ਸੰਘਰਸ਼ ਵਿੱਚ ਨਾ ਤਾਂ ਕੋਈ ਪੰਜਾਬੀ ਸਾਹਿਤਕਾਰ ਹਾਲੇ ਤੱਕ ਸਾਹਮਣੇ ਆਇਆ ਹੈ ਅਤੇ ਨਾ ਹੀ ਪੰਜਾਬੀ ਗੀਤਾਂ ਦੇ ਨਾਅ ਤੇ ਵਪਾਰ ਕਰਨ ਵਾਲੇ ਅਮੀਰ ਕਾਕੇ ਹੀ ਨਜ਼ਰੀਂ ਪਏ ਹਨ। ਸਿਰਫ ਸਧਾਰਨ ਲੋਕ ਹੀ ਇਸ ਜੰਗ ਦੀ ਅਗਵਾਈ ਕਰ ਰਹੇ ਹਨ।

ਕਈ ਥਾਵਾਂ ਤੇ ਤਾਂ ਲੋਕਾਂ ਨੇ ਆਪ ਹੀ ਨਵੇਂ ਬੋਰਡ ਪੰਜਾਬੀ ਵਿੱਚ ਲਿਖਕੇ ਸੜਕਾਂ ਤੇ ਲਾਉਣੇ ਅਰੰਭ ਕਰ ਦਿੱਤੇ ਹਨ।

ਅਸੀਂ ਸਮਝਦੇ ਹਾਂ ਕਿ ਜਿਵੇਂ ਹਿੰਦੀ ਬੋਰਡਾਂ ਉਤੇ ਕਾਲਖ ਮਲਣ ਦੀ ਮੁਹਿੰਮ ਸ਼ਾਨਦਾਰ ਹੈ ਉਥੇ ਜਿਹੜੇ ਵੀਰ ਨਵੇਂ ਪੰਜਾਬੀ ਦੇ ਬੋਰਡ ਬਣਾ ਕੇ ਲਗਾ ਰਹੇ ਹਨ ਉਹ ਵੀ ਵਧਾਈ ਦੇ ਪਾਤਰ ਹਨ। ਪੰਜਾਬੀ ਪਿਆਰਿਆਂ ਦੀ ਇਸ ਮੁਹਿੰਮ ਨੇ ੧੯੯੦-੧੯੯੧ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਦੋਂ ਸਿੱਖ ਲਹਿਰ ਦੀ ਅਗਵਾਈ ਕਰ ਰਹੀ ਪੰਥਕ ਕਮੇਟੀ ਨੇ ਮਾਂ ਬੋਲੀ ਨੂੰ ਮਹਾਂਰਾਣੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਅਤੇ ਸਾਰੇ ਪੰਜਾਬ ਸਮੇਤ ਚੰਡੀਗੜ੍ਹ ਦੀਆਂ ਸਾਰੀਆਂ ਦੁਕਾਨਾਂ ਦੇ ਬੋਰਡ ਵੀ ਕੇਸਰੀ ਰੰਗ ਨਾਲ ਪੰਜਾਬੀ ਵਿੱਚ ਲਿਖ ਦਿੱਤੇ ਗਏ ਸਨ।

ਇਸ ਮੌਕੇ ਸਵਰਗਵਾਸੀ ਅਫਜ਼ਲ ਅਹਿਸਨ ਰੰਧਾਵਾ ਦੇ ਬੋਲ ਯਾਦ ਆ ਰਹੇ ਹਨ-

ਤੂੰ ਉਮਰ ਕਿਤਾਬ ਦਾ ਦੇਖ ਲੈ ਹਰ ਹਰ ਵਰਕਾ ਪੜ੍ਹ
ਜਦੋਂ ਭੀੜ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ।
ਪੜ੍ਹ ਕਿੰਨੀ ਵਾਰੀ ਮਾਂ ਤੋਂ ਉਨ੍ਹਾਂ ਵਾਰੀ ਆਪਣੀ ਜਾਨ,
ਪੜ੍ਹ ਕਿੰਨੀ ਵਾਰੀ ਮਾਂ ਦਾ ਉਨ੍ਹਾਂ ਰੱਖਿਆ ਨਹੀ ਸੀ ਮਾਣ।

ਅਸੀਂ ਸਮਝਦੇ ਹਾਂ ਕਿ ਮਾਂ ਬੋਲੀ ਪੰਜਾਬੀ ਦਾ ਮਾਣ ਰੱਖਣ ਵਾਲੇ ਉਸਦੇ ਪੁੱਤਰ ਹਾਲੇ ਜਿਉਂਦੇ ਹਨ ਅਤੇ ਉਹ ਅੱਜ ਵੀ ਆਪਣੀ ਮਾਂ ਦਾ ਮਾਣ ਰੱਖਣ ਲਈ ਤਤਪਰ ਹਨ।

ਸਿਜਦਾ ਹੈ ਇਨ੍ਹਾਂ ਜਾਗਦੀਆਂ ਰੂਹਾਂ ਨੂੰ।