ਪਾਣੀ ਅਤੇ ਪੰਜਾਬ ਦੋ ਸ਼ਬਦ ਤਾਂ ਹੋ ਸਕਦੇ ਹਨ ਪਰ ਦੋ ਅਰਥ ਨਹੀ। ਪੰਜਾਬ ਅਤੇ ਪਾਣੀ ਵਿੱਚ ਕੋਈ ਫਰਕ ਨਹੀ ਹੈ। ਪੰਜਾਬ ਹੀ ਪਾਣੀ ਹੈ ਅਤੇ ਪਾਣੀ ਹੀ ਪੰਜਾਬ ਹੈ। ਪੰਜਾਬ ਦੀ ਹੋਂਦ ਅਤੇ ਪਹਿਚਾਣ ਪਾਣੀ ਨਾਲ ਜੁੜੀ ਹੋਈ ਹੈ। ਪਾਣੀ ਤੋਂ ਬਿਨਾ ਪੰਜਾਬ ਨੂੰ ਚਿਤਵਿਆ ਹੀ ਨਹੀ ਜਾ ਸਕਦਾ। ਪਾਣੀ ਸਾਡੇ ਲਈ ਪਿਤਾ ਹੈ। ਪੰਜ ਆਬ ਦਾ ਮਤਲਬ ਹੀ ਪਾਣੀਆਂ ਦੀ ਧਰਤੀ ਹੈ। ਪੰਜਾਬ ਪਾਣੀਆਂ ਦੀ ਧਰਤੀ ਸੀ, ਹੈ ਅਤੇ ਸਦੀਵੀ ਤੌਰ ਤੇ ਰਹੇਗੀ। ਪੰਜਾਬ ਦੇ ਜਾਇਆਂ ਨੇ ਪਾਣੀਆਂ ਦੀ ਰਾਖੀ ਲਈ ਜਾਂ ਕਹਿ ਲਵੋ ਕਿ ਆਪਣੇ ਪਿਤਾ ਦੀ ਰਾਖੀ ਲਈ ਹਰ ਦੌਰ ਵਿੱਚ ਜਾਨਾਂ ਵਾਰੀਆਂ ਹਨ। ਵਕਤ ਬਦਲਣ ਨਾਲ ਬੇਸ਼ੱਕ ਸਾਡੀ ਪੀੜ੍ਹੀ ਨੇ ਧਰਤੀ ਨੂੰ ਸਿੰਜਣ ਲਈ ਪਾਣੀਆਂ ਦੀ ਜਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਪਾਣੀ ਫਿਰ ਵੀ ਸਾਡੀ ਹੋਂਦ ਨਾਲੋਂ ਨਿੱਖੜ ਨਹੀ ਗਏ।

ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਲਈ ਅੱਜਕੱਲ੍ਹ ਕੁਝ ਨਵੇਂ ਲੁਟੇਰੇ ਹੋਕਾ ਦੇਂਦੇ ਫਿਰਦੇ ਹਨ। ਜਿਹੜੇ ਉਦੋਂ ਜਨਮੇ ਸਨ ਜਦੋਂ ਪੰਜਾਬ ਦੇ ਪੁੱਤ ਆਪਣੇ ਪਿਤਾ ਸਮਾਨ ਪਾਣੀ ਦੀ ਇੱਜ਼ਤ ਲਈ ਸਿਰਾਂ ਤੇ ਕੱਫਣ ਬੰਨ੍ਹਕੇ ਫਿਰ ਰਹੇ ਸਨ ਉਹ ਅੱਜ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੇ ਹੋਕੇ ਦੇ ਰਹੇ ਹਨ। ਪੰਜਾਬ ਦੇ ਇਤਿਹਾਸ ਤੋਂ ਅਣਜਾਣ ਇਹ ਲੋਕ ਸਿਆਸਤ ਦੇ ਮਦਾਰੀ ਹਨ। ਬਹੁਤ ਹਲਕੀ ਸੋਚ ਦੇ ਮਾਲਕ ਹਨ। ਇਨ੍ਹਾਂ ਨੂੰ ਲੱਗਦਾ ਹੈ ਕਿ ਸੱਤਾ ਦੀ ਇੱਕ ਲੰਗੜੀ ਜਿਹੀ ਕੁਰਸੀ ਦੇ ਹੰਕਾਰ ਵਿੱਚ ਉਹ ਪੰਜਾਬ ਨੂੰ ਉਸਦੀ ਹੋਂਦ ਤੋਂ ਵਿਰਵਾ ਕਰ ਦੇਣਗੇ। ਪਰ ਉਹ ਭੁੱਲ ਕਰ ਰਹੇ ਹਨ।

ਪੰਜਾਬ ਦੇ ਪਾਣੀਆਂ ਤੇ ਅੱਖ ਰੱਖਣ ਵਾਲੇ ਕੋਈ ਬਹਾਦਰ ਸੂਰਮੇ ਨਹੀ ਹਨ। ਲਾਚਾਰ ਜੀਵ ਹਨ। ਸਿਰਫ ਵਪਾਰੀ ਹਨ, ਸਿਆਸਤ ਦੇ ਵਪਾਰੀ। ਉਨ੍ਹਾਂ ਨੂੰ ਇਹ ਨਹੀ ਪਤਾ ਕਿ ਪੰਜਾਬ ਦਾ ਪਾਣੀ ਕੋਈ ਸ਼ੈਅ ਨਹੀ ਹੈ। ਬਜ਼ਾਰ ਵਿੱਚ ਵਿਕਣ ਵਾਲੀ ਕੋਈ ਚੀਜ ਨਹੀ ਹੈ। ਪੰਜਾਬ ਦੀ ਸਾਹ ਰਗ ਹੈ ਇਹ ਪਾਣੀ। ਇੰਦਰਾ ਗਾਂਧੀ ਨੇ ਵੀ ਪੰਜਾਬ ਖਿਲਾਫ ਆਪਣੀ ਜੰਗ ਪਾਣੀਆਂ ਤੋਂ ਹੀ ਸ਼ੁਰੂ ਕੀਤੀ ਸੀ। ਇੰਦਰਾ ਨੂੰ ਵੀ ਇਹ ਭਰਮ ਸੀ ਕਿ ਸੱਤਾ ਦੇ ਹੰਕਾਰ ਵਿੱਚ ਉਹ ਪੰਜਾਬ ਦਾ ਸਭ ਕੁਝ ਨੇਸਤੋ ਨਬੂਦ ਕਰ ਸਕਦੀ ਹੈ। ਪਰ ਪੰਜਾਬ ਆਪਣੇ ਪਾਣੀਆਂ ਲਈ ਹਿੱਕ ਡਾਹ ਕੇ ਡਟਿਆ। ਸਿਰਫ ਪਾਣੀਆਂ ਲਈ ਹੀ ਨਹੀ ਬਲਕਿ ਆਪਣੀ ਹੋਂਦ ਲਈ। ਇਹ ਕੋਈ ਸਦੀਆਂ ਪੁਰਾਣੀ ਗੱਲ ਨਹੀ ਹੈ ਬਲਕਿ ਸਾਡੇ ਸਾਹਮਣੇ ਵਾਪਰਿਆ ਇਤਿਹਾਸ ਹੈ ਇਹ।

ਪੰਜਾਬ ਦੇ ਸਪੂਤ ਅਤੇ ਮੁਟਿਆਰਾਂ ਨੇ ਗੁਰੂ ਦੇ ਆਸ਼ੇ ਤੋਂ ਸੇਧ ਲੈਕੇ ਆਪਣੀ ਹੋਂਦ ਅਤੇ ਆਪਣੇ ਪਾਣੀ ਲਈ ਸਿਰ ਧੜ ਦੀ ਬਾਜ਼ੀ ਲਾਈ ਸੀ। ਕੋਈ ਜੁਲਮ ਕੋਈ ਸਿਤਮ ਪੰਜਾਬ ਦੇ ਜਾਇਆਂ ਨੂੰ ਆਪਣੀ ਹੋਂਦ ਦੀ ਲੜਾਈ ਤੋਂ ਪਿਛਾਂਹ ਨਹੀ ਮੋੜ ਸਕਿਆ ਸੀ। ਭਾਰਤੀ ਸਲਤਨਤ ਦੀਆਂ ਤੋਪਾਂ, ਟੈਂਕ ,ਬਕਤਰਬੰਦ ਗੱਡੀਆਂ ਅਤੇ ਹਜਾਰਾਂ ਦੀ ਗਿਣਤੀ ਵਿੱਚ ਫੌਜ। ਪੰਜਾਬ ਉਸ ਸਭ ਕੁਝ ਦੇ ਸਾਹਮਣੇ ਡਟਿਆ। ਇਹ ਸਾਰੀ ਦੁਨੀਆਂ ਨੇ ਦੇਖਿਆ। ਵਕਤ ਦੇ ਅਬਦਾਲੀਆਂ ਦੇ ਪੰਜਾਬ ਨੇ 20ਵੀ ਸਦੀ ਵਿੱਚ ਫਿਰ ਮੂੰਹ ਮੋੜੇ। ਇਹ ਵੀ ਸਭ ਨੇ ਦੇਖੇ।

ਪੰਜਾਬ ਦੇ ਪਾਣੀਆਂ ਬਾਰੇ ਗੱਲ ਕਰਨ ਵੇਲੇ ਕਿਸੇ ਨੂੰ ਵੀ ਬਹੁਤ ਸੋਚ ਸਮਝ ਕੇ ਬੋਲਣਾਂ ਚਾਹੀਦਾ ਹੈ। ਪੰਜਾਬ ਦਾ ਸ਼ਾਨਾਮੱਤਾ ਇਤਿਹਾਸ ਇਸ ਪਾਣੀ ਦੀ ਪਵਿੱਤਰਤਾ ਦੀ ਰਾਖੀ ਲਈ ਸਾਡੀ ਪਿੱਠ ਤੇ ਖੜ੍ਹਾ ਹੈ। ਜਿਹੜੇ ਨਵੇਂ ਨਵੇਂ ਰਾਜ ਸਭਾ ਦੇ ਮੈਂਬਰ ਬਣੇ ਹਨ ਅਤੇ ਜਿਨ੍ਹਾਂ ਨੂੰ ਸਿਆਸਤ ਕਰਨ ਦਾ ਨਵਾਂ ਨਵਾਂ ਚਾਅ ਚੜ੍ਹਿਆ ਹੈ ਉਹ ਪੰਜਾਬ ਦੇ ਪਾਣੀਆਂ ਬਾਰੇ ਬੋਲਣ ਤੋਂ ਪਹਿਲਾਂ ਉਸ ਇਤਿਹਾਸ ਦਾ ਅਧਿਐਨ ਕਰ ਲੈਣ ਜੋ ਪੰਜ-ਆਬਾਂ ਦੀ ਧਰਤੀ ਨਾਲ ਜੁੜਿਆ ਹੋਇਆ ਹੈ।

ਜੰਮ ਜੰਮ ਸਿਆਸਤ ਕਰੋ। ਭਾਰਤੀ ਸਿਆਸਤ ਨੇ ਮਾਇਆ ਦੇ ਅੰਬਾਰ ਲਗਾਏ ਹੋਏ ਹਨ ਸਿਆਸਤਦਾਨਾਂ ਲਈ। ਜੀਅ ਭਰਕੇ ਹੰਢਾਓ।ਜੀਅ ਭਰਕੇ ਆਪਣਾਂ ਮਨ ਪਰਚਾਓ। ਪਰ ਪੰਜਾਬ ਬਾਰੇ ਗੱਲ ਕਰਨ ਵੇਲੇ ਸੋਚ ਸਮਝ ਕੇ ਬੋਲੋ। ਉਸ ਇਤਿਹਾਸ ਨੂੰ ਹਮੇਸ਼ਾ ਯਾਦ ਰੱਖੋ ਜੋ ਇਸਦੇ ਜਾਇਆਂ ਨੇ ਤਲਵਾਰਾਂ ਦੀ ਛਾਂ ਹੇਠ ਸਿਰਜਿਆ ਹੈ। ਉਹ ਪਾਣੀਆਂ ਦੀ ਰਾਖੀ ਲਈ ਵੀ ਸੀ, ਆਪਣੀ ਹੋਂਦ ਦੀ ਰਾਖੀ ਲਈ ਵੀ ਸੀ ਅਤੇ ਆਪਣੇ ਧਰਮ-ਇਤਿਹਾਸ ਦੀ ਰਾਖੀ ਲਈ ਵੀ ਸੀ।

ਜਾਂਬਾਜ ਕੌਮਾਂ ਦੀ ਜਿੰਦਗੀ ਵਿੱਚ ਅਜਿਹੀਆਂ ਘਟਨਾਵਾਂ ਆਉਂਦੀਆਂ ਰਹਿੰਦੀਆਂ ਹਨ। ਜਦੋਂ ਕੋਈ ਕੌਮ ਬਹੁਤ ਲੰਬੇ ਸਮੇਂ ਤੱਕ ਇੱਕ ਅਜਿਹੇ ਦੁਸ਼ਮਣ ਨਾਲ ਰਹਿਣ ਲਈ ਮਜਬੂਰ ਹੋਵੇ ਜਿਸਦਾ ਉਸ ਨਾਲ ਕੁਝ ਵੀ ਸਾਂਝਾ ਨਹੀ ਹੁੰਦਾ ਤਾਂ ਅਜਿਹੇ ਮੌਕੇ ਵਿਸ਼ਵਾਸ਼ ਦੇ ਸੰਕਟ ਆਉਂਦੇ ਰਹਿੰਦੇ ਹਨ। ਵਿਸ਼ਵਾਸ਼ ਦੇ ਅਜਿਹੇ ਸੰਕਟ ਮੌਕੇ ਕੌਮ ਦੇ ਧਾਰਮਕ ਗਰੰਥ, ਕੌਮ ਦੇ ਧਾਰਮਕ ਰਹਿਬਰ ਅਤੇ ਕੌਮ ਦਾ ਇਤਿਹਾਸ ਉਸਦੀ ਸੁੱਚੀ ਅਗਵਾਈ ਅਤੇ ਰਹਿਨੁਮਾਈ ਕਰਦਾ ਹੈ।

ਸੁਣ ਰਾਹੀਆ ਕਰਮਾ ਵਾਲਿਆ

ਮੈਂ ਬੇ ਵਤਨੀ ਦੀ ਬਾਤ

ਮੇਰਾ ਡੁੱਬਿਆ ਸੂਰਜ ਚੜ੍ਹੇਗਾ

ਓੜਕ ਮੁੱਕੇਗੀ ਇਹ ਰਾਤ।