ਪੰਜਾਬ ਅੰਦਰ ਨਵੀਂ ਸਰਕਾਰ ਆਉਣ ਤੋਂ ਬਾਅਦ ਵੀ ਕਿਸਾਨ ਅਤੇ ਕਿਸਾਨ ਮਜਦੂਰਾਂ ਦੀਆਂ ਹੋ ਰਹੀਆਂ। ਨਿੱਤ ਦਿਨ ਦੀਆਂ ਖੁਦਕਸ਼ੀਆਂ ਰੁਕਮ ਦਾ ਨਾਮ ਹੀ ਨਹੀਂ ਲੈ ਰਹੀਆਂ। ਪਿਛਲੇ ਦੋ ਮਹੀਨਿਆਂ ਦੇ ਵਿੱਚ ੪੫ ਤੋਂ ਉਪਰ ਖੁਦਕਸ਼ੀਆਂ ਹੋ ਚੁੱਕੀਆਂ ਹਨ। ਕਿਸਾਨੀ ਭਾਈਚਾਰੇ ਵਿੱਚ ਮਾਯੂਸੀ ਦਿਨ-ਪ੍ਰਤੀ ਦਿਨ ਵਧ ਰਹੀ ਹੈ। ਮੌਜੂਦਾ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਵਿੱਚ ਪ੍ਰਮੱਖ ਚੋਣ ਵਾਅਦਾ ਕਿਸਾਨੀ ਅਤੇ ਖੇਤ ਮਜ਼ਦੂਰੀ ਨੂੰ ਕਰਜ਼ੇ ਤੋਂ ਮੁਕਤ ਕਰਨ ਦਾ ਦਿੱਤਾ ਸੀ। ਮਈ ਮਹੀਨੇ ਦੇ ਸ਼ੁਰੂ ਵਿੱਚ ਮਾਨਸਾ ਜਿਲੇ ਦੇ ਇੱਕ ਪਿੰਡ ਰੰਘੜਿਆਲ ਵਿੱਚ ਲਗਤਾਰ ਦੋ ਦਿਨ ਅੱਗੇ ਪਿਛੇ ਕਿਸਾਨੀ ਖੁਦਕਸੀ ਕਾਰਨ ਸਿਵੇ ਜਲੇ ਹਨ, ਭੋਗ ਪਾਏ ਗਏ ਹਨ, ਇਹ ਕਿਸਾਨ ਤੇ ਖੇਤ ਮਜਦੂਰ ਆਪਣੇ ਪਿੱਛੇ ਲੜਖੜਉਂਦੇ ਪਰਿਵਾਰਾਂ ਨੂੰ ਨਾ-ਉਮੀਦੀ ਵਿੱਚ ਛੱਡ ਗਏ ਹਨ।

ਖੇਤੀ ਮਾਹਰਾਂ ਅਤੇ ਹੋਰ ਖੋਜ ਸੰਸਥਾਵਾਂ ਜੋ ਕਿਸਾਨੀ ਨਾਲ ਜੁੜੀਆਂ ਹੋਈਆਂ ਹਨ ਦੇ ਸਰਵੇਖਣ ਅਨੁਸਾਰ ਪੰਜਾਬ ਦੀ ਕਿਸਾਨੀ ਉਪਰ ਪਿਛਲੇ ਦੋ ਦਹਾਕਿਆਂ ਤੋਂ ਕਰਜ਼ੇ ਦੀ ਪੰਡ ਵਿੱਚ ਵੀਹ ਗੁਣਾਂ ਵਾਧਾ ਹੋਇਆ ਹੈ। ਨੀਤੀ ਦੀ ਘਾਟ ਕਾਰਨ ਸਰਕਾਰਾਂ ਵੱਲੋਂ ਫਸਲਾਂ ਦੀ ਬੀਮਾਂ ਨੀਤੀ ਵੀ ਕਿਸੇ ਤਣ-ਪੱਤਣ ਨਹੀਂ ਲੱਗ ਸਕੀ ਹੈ। ਇਸੇ ਤਰਾਂ ਕਿਸਾਨੀ ਤੋਂ ਵਧ ਫੁੱਲ ਰਹੀ ਸ਼ਾਹੂਕਾਰੀ ਅਤੇ ਆੜਤ ਆਪਣੇ ਪੈਰ ਦਿਨ ਪ੍ਰਤੀ ਦਿਨ ਕਿਸਾਨੀ ਦੀ ਦੁਰਦਸ਼ਾ ਉਪਰ ਪੱਕਿਆਂ ਕਰਦੀ ਜਾ ਰਹੀ ਹੈ। ਜਿਹੜੇ ਖੇਤ ਮਜ਼ਦੂਰ ਹਨ ਉਹਨਾਂ ਦੇ ਕਰਜ਼ੇ ਦਾ ਤਾਂ ਅੱਜ ਤੱਕ ਕੋਈ ਸੰਸਥਾ ਪਤਾ ਹੀ ਨਹੀਂ ਲਾ ਸਕੀ ਹੈ। ਕਿਉਂਕਿ ਉਹਨਾਂ ਸਿਰ ਸਾਰਾ ਕਰਜ਼ਾ ਬੈਂਕਾਂ ਤੋਂ ਬਿਨਾ ਹੈ ਜੋ ਕਿ ਪੂਰੀ ਤਰਾਂ ਗੈਰ ਸਰਕਾਰੀ ਪ੍ਰਣਾਲੀ ਵਿੱਚ ਹੈ। ਭਾਵੇਂ ਉਸਦੀ ਰਕਮ ਛੋਟੀ ਹੈ ਪਰ ਉਸਦਾ ਬੋਝ ਖੇਤ ਮਜ਼ਦੂਰਾਂ ਲਈ ਚੁੱਕਣਾ ਨਾ ਮੁਮਕਿਨ ਹੈ। ਮਸ਼ੀਨਰੀ ਕਰਨ ਦੇ ਵਧਣ ਨਾਲ ਅਤੇ ਪਾਣੀ ਦਾ ਧਰਾਤਲ ਨੀਵਾਂ ਹੋਣ ਕਾਰਨ ਡੂੰਘੇ ਬੋਰਾਂ ਦੀਆਂ ਲੋੜਾਂ ਨੇ ਵੀ ਇਸ ਕਰਜੇ ਦੇ ਬੋਝ ਵਿੱਚ ਕਈ ਗੁਣਾਂ ਵਾਧਾ ਕੀਤਾ ਹੈ। ਖੇਤ ਮਜ਼ਦੂਰੀ ਨੂੰ ਹੁਣ ਸਿਰਫ ਸਾਲ ਵਿੱਚ ਝੋਨੇ ਦੀ ਲਵਾਈ ਤੇ ਨਰਮੇਂ ਦੀ ਚੁਕਾਈ ਵੇਲੇ ਕੋਈ ਮਾੜਾ ਮੋਟਾ ਕੰਮ ਮਿਲਦਾ ਹੈ ਜਿਸ ਉਤੇ ਵੀ ਕਾਫੀ ਹੱਦ ਤੱਕ ਪ੍ਰਵਾਸੀ ਮਜ਼ਦੂਰਾਂ ਦਾ ਸਾਇਆ ਭਾਰੀ ਹੈ।

ਖੇਤ ਮਜ਼ਦੂਰੀ, ਜਿਸਦੀ ਬਾਲੀ ਵਾਰਿਸ ਨਾ ਸਰਕਾਰਾਂ ਤੇ ਕਿਸਾਨ ਜੱਥੇਬੰਦੀਆਂ ਹਨ, ਖੇਤੀ ਦੇ ਕੰਮ ਤੋਂ ਪਰੇ ਧੱਕੀ ਜਾ ਰਹੀ ਹੈ। ਇਹ ਖੁਦਕਸ਼ੀਆਂ ਵੱਲ ਨੂੰ ਵੱਧਦੀ ਜਾ ਰਹੀ ਹੈ। ਖੁਰਾਕ ਤੇ ਖੇਤੀ ਮਾਮਲਿਆਂ ਦੇ ਮਾਹਿਰ, ਖੇਤੀ ਆਮਦਨ ਬਾਰੇ ਆਪਣੀ ਸਰਵੇਖਣ ਵਿੱਚ ਭਾਰਤ ਦੇ ਸਤਾਰਾਂ ਰਾਜਾਂ ਦੇ ਕਿਸਾਨ ਪਰਿਵਾਰਾਂ ਦੀ ਸਲਾਨਾਂ ਔਸਤ ਆਮਦਨ ਵੀਹ ਹਜ਼ਾਰ ਰੁਪਿਆ ਦੱਸ ਰਹੇ ਹਨ ਜੋ ਕਿ ਇੱਕ ਪਰਿਵਾਰ ਲਈ ਸਿਮਟ ਕੇ ੧੬੬੬ ਰੁਪਏ ਪ੍ਰਤੀ ਮਹੀਨਾ ਬਣਦੀ ਹੈ। ਜਦਕਿ ਸਰਕਾਰ ਦੇ ਸਭ ਤੋਂ ਹੇਠਲੇ ਦਰਜੇ ਦੇ ਕਰਮਚਾਰੀ ਦੀ ਪ੍ਰਤੀ ਮਹੀਨਾ ਘੱਟੋ-ਘੱਟ ਬੁਨਿਆਦੀ ਆਮਦਨ ਇਸ ਤੋਂ ਕਈ ਗੁਣਾਂ ਜ਼ਿਆਦਾ ਹੈ। ਇੰਨਾ ਕਾਰਨਾਂ ਕਰਕੇ ਛੋਟੀ ਕਿਸਾਨੀ ਤੇ ਖੇਤ ਮਜ਼ਦੂਰ ਪਿਛਲੇ ਦੋ ਦਹਾਕਿਆਂ ਦੌਰਾਨ ਕਿਸਾਨੀ ਵਿਚੋਂ ਨਿਕਲ ਚੁੱਕੇ ਹਨ ਤੇ ਹੋਰ ਦਿਹਾੜੀ ਨੁਮਾ ਧੰਦਿਆਂ ਵਿੱਚ ਪੈ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ।

ਮੌਜੂਦਾ ਪੰਜਾਬ ਸਰਕਾਰ ਜਿਸਦਾ ਕਿਸਾਨਾਂ ਨੂੰ ਮੁੱਖ ਵਾਅਦਾ ਕਰਜੇ ਤੋਂ ਮੁਕਤੀ ਦਿਵਾਉਣ ਦਾ ਸੀ ਉਸ ਕੋਲ ਅਜੇ ਤੱਕ ਇਸ ਰਾਹ ਲਈ ਕੋਈ ਵਿਉਂਤਬੰਦੀ ਬਣ ਨਹੀਂ ਰਹੀ ਹੈ ਜਿਸ ਕਾਰਨ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਕਾਫੀ ਵੱਡੇ ਭੰਬਲਭੂਸੇ ਵਿੱਚ ਹਨ। ਇਸੇ ਤਰਾਂ ਜੇ ਆਪਾਂ ਨਜ਼ਰ ਮਾਰੀਏ ਤੋਂ ਬਹੁਤੇ ਕਿਸਾਨ ਪੰਜਾਬ ਅੰਦਰ ਸਿੱਖ ਧਰਮ ਨਾਲ ਸਬੰਧਤ ਹਨ ਤੇ ਪਿਛਲੇ ਦਹਾਕੇ ਤੋਂ ਹੁਣ ਤੱਕ ਦਸ ਹਜਾਰ ਤੋਂ ਉੱਪਰ ਖੁਦਕਸ਼ੀਆਂ ਹੋ ਚੁੱਕੀਆਂ ਹਨ। ਉਨਾਂ ਵਿੱਚ ਵੀ ਵਧੇਰੇ ਸਿੱਖ ਧਰਮ ਨਾਲ ਸਬੰਧਤ ਹਨ। ਇਸ ਕਰਕੇ ਸਰਕਾਰੀ ਵਸੀਲਿਆਂ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਉਸਦਾ ਸਾਲਾਨਾਂ ਬਜ਼ਟ ੧੧ ਅਰਬ ਕਰੋੜ ਰੁਪਿਆ ਹੈ, ਇਹ ਸਾਰੀ ਆਮਦਨ ਗੋਲਕਾਂ ਤੇ ਦਾਨ ਕੀਤੀ ਗਈ ਹੈ। ਇਸ ਵਿਚੋਂ ਬਣਦਾ ਹਿੱਸਾ ਹਰ ਸਾਲ ਕੋਈ ਪੱਕੀ ਫਾਉਂਡੇਸ਼ਨ ਬਣਾ ਕੇ ਕਿਸਾਨੀ ਨੂੰ ਕਰਜੇ ਤੋਂ ਮੁਕਤੀ ਦਿਵਾਉਂਣ ਬਾਰੇ ਸੋਚ ਕੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਤੇ ਕਰਜ਼ਦਾਰ ਸਿੱਖ ਕਿਸਾਨੀ ਨੂੰ ਇਸਤੋਂ ਮੁਕਤੀ ਦਿਵਾਉਣੀ ਚਾਹੀਦੀ ਹੈ ਤਾਂ ਜੋ ਨਾ-ਉਮੀਦ ਹੋਈ ਕਿਸਾਨੀ ਨੂੰ ਕੋਈ ਉਮੀਦ ਦੀ ਕਿਰਨ ਦਿਖਾਈ ਦੇ ਸਕੇ।