ਸਾਰੀ ਦੁਨੀਆਂ ਵਿਚ ਲੋਕਾਂ ਦਾ ਝੁਕਾਅ ਤੱਥਾਂ ਜਾਂ ਤੱਥਾਂ ਪਿੱਛੇ ਨਿਹਤ ਕਾਰਨਾਂ ਨੂੰ ਸਮਝਣ ਦੀ ਬਜਾਇ ਸੌਖੇ ਅਤੇ ਸਰਲ ਬਿਰਾਤਾਂਤਾਂ ਵੱਲ ਜਿਆਦਾ ਹੁੰਦਾ ਹੈ।ਵੀਹਵੀਂ ਸਦੀ ਵਿਚ ਪ੍ਰਮੁੱਖ ਰਹੀਆਂ ਤਿੰਨ ਮੁੱਖ ਵਿਚਾਰਧਾਰਵਾਂ ਦੀ ਗੰਭੀਰਤਾ ਸਮਝਣ ਦੀ ਬਜਾਇ ਉਨ੍ਹਾਂ ਦਾ ਸਰਲ ਕਹਾਣੀਆਂ ਦੇ ਤੌਰ ਤੇ ਹੀ ਵਰਣਨ ਕੀਤਾ ਗਿਆ। ਹਾਲਾਂਕਿ ਇਹਨਾਂ ਤਿੰਨ ਵਿਚਾਰਧਾਰਾਵਾਂ ਨੇ ਸੰਸਾਰ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕੀਤਾ।ਪਹਿਲਾ, ਫਾਸੀਵਾਦੀ ਵਿਚਾਰਧਾਰਾ ਨੇ ਸੰਸਾਰ ਨੂੰ ਦੇਸ਼ਾਂ ਵਿਚਕਾਰ ਸੰਘਰਸ਼ ਦੇ ਰੂਪ ਵਿਚ ਪੇਸ਼ ਕੀਤਾ ਜਿਸ ਵਿਚ ਹੋਰ ਸਾਰੀਆਂ ਅਵਾਜ਼ਾਂ ਨੂੰ ਦਬਾਅ ਕੇ ਇਕ ਹੀ ਅਵਾਜ਼ ਦੀ ਪ੍ਰਮੁੱਖਤਾ ਸੀ।ਦੂਜਾ, ਸਮਾਜਵਾਦ ਇਤਿਹਾਸ ਨੂੰ ਦੋ ਜਮਾਤਾਂ ਦੇ ਸੰਘਰਸ਼ ਦੇ ਰੂਪ ਵਿਚ ਚਿੰਨਿ੍ਹਤ ਕਰਦਾ ਸੀ ਅਤੇ ਅਜਿਹੀ ਸਮਾਜਿਕ ਵਿਵਸਥਾ ਕੇਂਦਰ ਵਿਚ ਲਿਆਉਣਾ ਚਾਹੁੰਦਾ ਸੀ ਜੋ ਸਾਰਿਆਂ ਦੀ ਬਰਾਬਰੀ ਨੂੰ ਯਕੀਨੀ ਬਣਾਵੇ। ਤੀਜੀ ਕਹਾਣੀ ਹੈ ਉਦਾਰਵਾਦ ਦੀ ਜੋ ਕਿ ਅਜੇ ਵੀ ਪ੍ਰਚਲਿਤ ਹੈ।ਇਹ ਸਿਧਾਂਤ ਨਿਰੰਕੁਸ਼ਤਾ ਅਤੇ ਅਜ਼ਾਦੀ ਦੇ ਆਪਸੀ ਸੰਘਰਸ਼ ਨੂੰ ਦਿਖਾਉਂਦਾ ਹੈ ਅਤੇ ਇਸ ਨੇ ਅਜਿਹੇ ਸਮਾਜ ਦੀ ਪਰਿਕਲਪਨਾ ਕੀਤੀ ਜਿਸ ਵਿਚ ਸਾਰੇ ਮਨੁੱਖ ਸ਼ਾਂਤੀਪੂਰਨ ਜਿੰਦਗੀ ਜਿਉਣਗੇ ਅਤੇ ਕੇਂਦਰੀ ਦਖ਼ਲ ਬਹੁਤ ਘੱਟ ਹੋਵੇਗਾ।ਸਮੇਂ ਦੇ ਨਾਲ ਪਹਿਲੀਆਂ ਦੋ ਵਿਚਾਰਧਾਰਾਵਾਂ ਵਿਚ ਗਿਰਾਵਟ ਆ ਗਈ ਅਤੇ ਉਦਾਰਵਾਦੀ ਵਿਚਾਰਧਾਰਾ ਨੇ ਸਮੇਂ ਦੀ ਪ੍ਰੀਖਿਆ ਨੂੰ ਪਾਸ ਕੀਤਾ ਅਤੇ ਅਜ਼ਾਦ ਸੰਸਾਰ ਵਿਚ ਇਹ ਸੱਤਾ ਦਾ ਚਿੰਨ੍ਹ ਬਣ ਗਈ।ਉਦਾਰਵਾਦੀ ਵਿਚਾਰਧਾਰਾ ਦੇਸ਼ਾਂ ਵਿਚਕਾਰ ਸ਼ਾਂਤੀਪੂਰਣ ਸੰਬੰਧਾਂ ਦੇ ਰੂਪ ਵਿਚ ਵੀ ਪ੍ਰਚਲਿਤ ਹੋਈ।ਇਹ ਲੋਕਾਂ ਲਈ ਅਜ਼ਾਦੀ ਅਤੇ ਮੁਕਤੀ ਦੇ ਸਿਧਾਂਤ ਦੀਆਂ ਕਦਰਾਂ-ਕੀਮਤਾਂ ਉੱਪਰ ਚੱਲਦੀ ਹੈ ਕਿਉਂਕਿ ਮਨੁੱਖੀ ਅਬਾਦੀ ਬਹੁਤ ਲੰਮੇ ਸਮੇਂ ਤੱਕ ਨਿਰੰਕੁਸ਼ ਅਤੇ ਅੱਤਿਆਚਾਰੀ ਵਿਵਸਥਾ ਕਰਕੇ ਦੁੱਖ ਭੋਗਦੀ ਰਹੀ ਹੈ।ਇਸ ਵਿਚ ਵਿਅਕਤੀਗਤ ਅਧਿਕਾਰ, ਰਾਜਨੀਤਿਕ ਅਧਿਕਾਰ ਅਤੇ ਵਿਅਕਤੀਆਂ ਦੀਆਂ ਅਜ਼ਾਦ ਗਤੀਵਿਧੀਆਂ ਅਤੇ ਮੁਕਤ ਵਪਾਰ ਲਈ ਕੋਈ ਥਾਂ ਨਹੀਂ ਸੀ। ਉਦਾਰਵਾਦੀ ਵਿਵਸਥਾ ਦੇ ਰਾਹੀ ਲੋਕਤੰਤਰੀ ਸਰਕਾਰਾਂ ਨੇ ਤਾਨਾਸ਼ਾਹੀ ਉੱੋਪਰ ਰਾਜਨੀਤਿਕ ਸ਼ਕਤੀ ਪ੍ਰਾਪਤ ਕੀਤੀ ਅਤੇ ਲੋਕਾਂ ਨੇ ਧਰਮ, ਪਾਦਰੀਆਂ ਅਤੇ ਸੌੜੀਆਂ ਰਵਾਇਤਾਂ ਦੇ ਅੰਨ੍ਹੇ ਪਰਦੇ ਨੂੰ ਛੱਡ ਕੇ ਆਪਣੇ ਆਪ ਉੱਪਰ ਯਕੀਨ ਕਰਨਾ ਸ਼ੁਰੂ ਕੀਤਾ। ਸਮੇਂ ਦੇ ਨਾਲ ਉਦਾਰਵਾਦ ਨੇ ਇਹ ਮੰਨਿਆ ਕਿ ਸੰਸਾਰ ਨੂੰ ਜਮਹੂਰੀ ਪ੍ਰਬੰਧ ਅਤੇ ਸ਼ਾਂਤੀਪੂਰਨ ਅਸਤਿਤਵ ਦੇਣ ਲਈ ਇਸ ਦੇ ਰਾਹ ਵਿਚ ਆਉਂਦੀਆਂ ਔਕੜਾਂ ਨੂੰ ਪਾਰ ਕਰਨਾ ਬਹੁਤ ਜਰੂਰੀ ਹੈ।

ਇਹ ਗੱਲ ਨੋਟ ਕਰਨ ਵਾਲੀ ਹੈ ਕਿ ਉਦਾਰਵਾਦੀ ਲੋਕਤੰਤਰ ਵਿਚ ਵੀ ਰਾਜਨੀਤਿਕ ਸੱਤਾ ਤਾਨਾਸ਼ਾਹੀ, ਨਿਰੰਕੁਸ਼ਤਾ ਅਤੇ ਹਿੰਸਾ ਦਾ ਰੂਪ ਲੈ ਰਹੀ ਹੈ ।ਰਾਜਨੀਤਿਕ ਵਿਵਸਥਾ ਉਦਾਰਵਾਦੀ ਜਮਹੂਰੀਅਤ ਪ੍ਰਤੀ ਆਲੋਚਨਤਮਕ ਵਿਚਾਰਾਂ ਦੀ ਵਿਰੋਧੀ ਹੈ ਅਤੇ ਇਸ ਉੱਪਰ ਤਾਨਾਸ਼ਾਹੀ ਦਾ ਖਤਰਾ ਮੰਡਰਾ ਰਿਹਾ ਹੈ।ਅੱਜ ਦੀ ਅਲੋਕਤੰਤਰੀ ਪ੍ਰਕਿਰਿਆ ਦਾ ਮਕਸਦ ਉਦਾਰਵਾਦੀ ਲੋਕਤੰਤਰ ਨੂੰ ਖਤਮ ਕਰਨਾ ਹੈ। ਮੌਜੂਦਾ ਰਾਜਨੀਤਿਕ ਸੱਤਾ ਦੇ ਵਿਰੋਧ ਵਿਚ ਉੱਠਦੀ ਕੋਈ ਵੀ ਅਵਾਜ਼ ਪ੍ਰਤੀ ਇਸ ਦਾ ਮਨੁੱਖਤਾ ਜਾਂ ਸਹਿਣਸ਼ੀਲਤਾ ਵਾਲਾ ਰਵੱਈਆ ਨਹੀਂ ਹੈ।ਹੌਲੀ-ਹੌਲੀ ਮਾਨਵਤਾਵਾਦ ਦੀ ਥਾਂ ਤੇ ਤਾਨਾਸ਼ਾਹੀ ਰਾਜਨੀਤਿਕ ਸੱਤਾ ਭਾਰੂ ਹੋ ਰਹੀ ਹੈ ਅਤੇ ਅਜ਼ਾਦ ਵਿਚਾਰਾਂ ਵਾਲੇ ਦਾਰਸ਼ਨਿਕ ਵਿਚਾਰ ਆਪਣੀ ਜ਼ਮੀਨ ਗੁਆ ਰਹੇ ਹਨ।

ਭਾਰਤ ਵਰਗੇ ਲੋਕਤੰਤਰੀ ਦੇਸ਼ ਵਿਚ ਵੀ ਉਦਾਰਵਾਦੀ ਲੋਕਤੰਤਰ ਪਿਛਲ਼ੇ ਕੁਝ ਵਰਿ੍ਹਆਂ ਤੋਂ ਕੱਟੜ ਰਾਸ਼ਟਰਵਾਦ ਦੀ ਭਾਵਨਾ ਉੱਪਰ ਅਧਾਰਿਤ ਤਾਨਾਸ਼ਾਹੀ ਰਵੱਈਏ ਕਰਕੇ ਦਮ ਘੋਟ ਰਿਹਾ ਹੈ।ਧਰਮ-ਨਿਰਪੱਖ ਅਤੇ ਸਮਾਜਵਾਦੀ ਤੱਤਾਂ ਉੱਪਰ ਲਗਾਤਾਰ ਹਮਲਾ ਹੋ ਰਿਹਾ ਹੈ।ਅੱਜ ਦੇ ਉਦਾਰਵਾਦੀ ਲੋਕਤੰਤਰੀ ਪ੍ਰਬੰਧ ਵਿਚ ਧਰਮ-ਨਿਰਪੱਖਤਾ ਵੀ ਧਾਰਮਿਕ ਅਤੇ ਰਾਜਨੀਤਿਕ ਹਲਕਿਆਂ ਵਿਚ ਸਪੱਸ਼ਟ ਨਿਖੇੜਾ ਨਹੀਂ ਕਰ ਪਾਈ ਹੈ, ਸਗੋਂ ਸਮੇਂ ਦੇ ਨਾਲ ਇਹਨਾਂ ਦੀ ਮਿਲਾਵਟ ਹੋਰ ਜਿਆਦਾ ਜਟਿਲ ਹੋ ਗਈ ਹੈ।ਨਵਾਂ ਰੂਪ ਅਖ਼ਤਿਆਰ ਕਰ ਰਹੀ ਇਸ ਰਾਜਨੀਤੀ ਵਿਚ ਧਰਮ ਬਹੁਤ ਮਹੱਤਵਪੂਰਨ ਹੋ ਗਿਆ ਹੈ।ਇਸ ਤਰਾਂ ਦੇ ਬਦਲਾਅ ਨਾਲ ਧਰਮਨਿਰਪੱਖਤਾ ਨੇ ਵੀ ਧਰਮ/ਪਵਿੱਤਰਤਾ ਦੀ ਰਾਜਨੀਤੀ ਦਾ ਹੀ ਰੂਪ ਲੈ ਲਿਆ ਹੈ ਜਿਸ ਵਿਚ ਨਿਰੰਕੁਸ਼ ਸੱਤਾ ਦੀਆਂ ਵਿਸ਼ੇਸ਼ਤਾਵਾਂ ਹਨ।ਇਸ ਤਰਾਂ ਕਹਿਣ ਨੂੰ ਤਾਂ ਰਾਜਨੀਤਿਕ ਸੱਤਾ ਧਰਮ-ਨਿਰਪੱਖ ਕਹਾਉਂਦੀ ਹੈ, ਪਰ ਅਸਲ ਵਿਚ ਇਸ ਦੇ ਮਾਇਨੇ ਬਦਲ ਗਏ ਹਨ।ਕੱਟੜ ਰਾਸ਼ਟਰਵਾਦ, ਨਾਜ਼ੀਵਾਦ ਅਤੇ ਫਾਸੀਵਾਦ ਜਿਹੀਆਂ ਵਿਚਾਰਧਾਰਾਵਾਂ ਨੇ ਰਾਜਨੀਤੀ ਦੇ ਪਵਿੱਤਰੀਕਰਨ ਨੂੰ ਹੀ ਬੜਾਵਾ ਦਿੱਤਾ ਹੈ ਜਿਸ ਵਿਚ ਉਪਾਸਨਾ ਦੀ ਪ੍ਰਵਿਰਤੀ ਭਾਰੂ ਰਹੀ ਹੈ। ਇਸ ਨੇ ਉਦਾਰਵਾਦੀ ਖਾਸੇ ਅਤੇ ਲੋਕਾਂ ਦੇ ਰਾਜਨੀਤਿਕ ਵਿਚਾਰਾਂ ਦਾ ਘਾਣ ਕੀਤਾ ਹੈ।

੧੯੨੦ਵਿਆਂ ਦਾ ਫਾਸੀਵਾਦੀ ਰਹੱਸਵਾਦ ਪੁਰਜ਼ੋਰ ਢੰਗ ਅਤੇ ਲੋਕਤੰਤਰੀ ਖਾਸੇ ਦੀ ਸ਼ਕਲ ਅਖ਼ਤਿਆਰ ਕਰ ਕੇ ਮੁੜ ਤੋਂ ਪੈਦਾ ਹੋ ਰਿਹਾ ਹੈ।ਫਾਸੀਵਾਦੀ ਰਹੱਸਵਾਦ ਨੂੰ ਧਾਰਮਿਕ ਅਤੇ ਰਾਜਨੀਤਿਕ ਵਿਚਾਰਾਂ ਦਾ ਪ੍ਰਵਾਹ ਮੰਨਿਆ ਜਾਂਦਾ ਹੈ। ਇਸ ਸੰਕਲਪ ਦਾ ਉਦੈ ਮੁਸੋਲਿਨੀ ਦੀ ਫਾਸੀਵਾਦੀ ਹਕੂਮਤ ਦੌਰਾਨ ਇਟਲੀ ਵਿਚ ਇਸ ਧਾਰਮਿਕ ਨਿਸ਼ਠਾ ਦੇ ਅਧਾਰ ਤੇ ਹੋਇਆ ਕਿ ਨਿਸ਼ਠਾ ਤਰਕ ਤੋਂ ਬਿਨਾਂ ਹੁੰਦੀ ਹੈ।ਇਸ ਫਾਸੀਵਾਦ ਦਾ ਅਧਾਰ ਵੀ ਪੁਰਾਣਿਕ ਅਤੇ ਅਧਿਆਤਮਕ ਰਹੱਸਵਾਦ ਹੀ ਸੀ।ਇਸ ਤਰਾਂ ਦੇ ਵਿਚਾਰ ਨੇ ਮੌਜੂਦਾ ਭਾਰਤ ਵਿਚ ਸੱਤਾਧਾਰੀ ਪਾਰਟੀ ਦੀ ਸੰਸਥਾਪਕ ਸੰਸਥਾ ਦਾ ਧਿਆਨ ਆਪਣੇ ਵੱਲ ਖਿੱਚਿਆ।ਹਿੰਦੂ ਮਹਾਂਸਭਾ ਦੇ ਨੇਤਾ ਮੁੰਜੇ ਨੇ ਰਾਸ਼ਟਰੀ ਸਵੈ ਸੇਵਕ ਸੰਘ (ਆਰ ਐਸ ਐਸ) ਨੂੰ ਗਠਿਤ ਕੀਤਾ।ਉਹ ਮੁਸੋਲਿਨੀ ਨੂੰ ਵੀ ਮਿਲਿਆ ਸੀ ਅਤੇ ਉਸ ਦੇ ਫਾਸੀਵਾਦੀ ਰਹੱਸਵਾਦ ਦੀ ਪ੍ਰਸ਼ੰਸ਼ਾ ਵੀ ਕੀਤੀ।ਭਾਰਤ ਵਿਚ ਹਿੰਦੂਵਾਦ ਦੇ ਮਿਥਿਹਾਸ ਰਾਹੀ ਕੱਟੜ ਰਾਸ਼ਟਰਵਾਦ ਦੀਆਂ ਜੜ੍ਹਾਂ ਨੂੰ ਮਜਬੂਤ ਕਰਨ ਲਈ ੳੇੁਸ ਨੇ ਫਾਸੀਵਾਦੀ ਰਹੱਸਵਾਦ ਦਾ ਸੰਕਲਪ ਅਪਣਾਇਆ।ਗਾਂਧੀ ਦੀ ਰਾਜਨੀਤਿਕ ਹਲਕਿਆਂ ਵਿਚ ਮਜਬੂਤ ਸਥਿਤੀ ਹੋਣ ਕਰਕੇ ਇਹ ਸੰਕਲਪ ਜਿਆਦਾ ਜ਼ਮੀਨ ਨਹੀਂ ਬਣਾ ਪਾਇਆ।

ਹਾਲਾਂਕਿ, ਬਾਬਰੀ ਮਸਜਿਦ ਦੀ ਤੋੜ-ਫੋੜ ਅਤੇ ਹਿੰਦੂ ਧਾਰਮਿਕਤਾ ਰਾਹੀ ਆਪਣਾ ਰਾਹ ਬਣਾਉਂਦਾ ਹੋਇਆ ਫਾਸੀਵਾਦੀ ਰਹੱਸਵਾਦ ਅੱਜ ਦੇ ਸਮੇਂ ਵਿਚ ਪੱਕੇਂ ਪੈਰੀਂ ਹੋ ਚੁੱਕਿਆ ਹੈ।ਜਿਸ ਤਰਾਂ ਮੁਸੋਲਿਨੀ ਦੀ ਸ਼ਖਸੀਅਤ ਬਾਰੇ ਮਤ ਅਤੇ ਮਿੱਥਕ ਸਿਰਜੇ ਗਏ ਸਨ, ਭਾਰਤ ਵਿਚ ਵੀ ਲੇਖਕਾਂ ਅਤੇ ਤਰਫ਼ਦਾਰਾਂ ਦੁਆਰਾ ਉਹੀ ਪ੍ਰੀਕਿਰਿਆ ਦੁਹਰਾਈ ਜਾ ਰਹੀ ਹੈ ਜੋ ਕਿ ੀਲ ਡਿਊਚ ਵਾਂਗ (ਫਾਸੀਵਾਦੀ ਮੁਸੋਲਿਨੀ ਨੂੰ ੀਲ ਡਿਊਚ ਕਹਿ ਕੇ ਬੁਲਾਉਂਦੇ ਸਨ ਜੋ ਕਿ ਉਸ ਦੀ ਤਾਨਾਸ਼ਾਹੀ ਸੱਤਾ ਦਾ ਪ੍ਰਤੀਕ ਸੀ) ਆਪਣੇ ਨੇਤਾ ਦੀ ਰਹੱਸਮਈ ਸ਼ਖਸੀਅਤ ਨੂੰ ਪੇਸ਼ ਕਰਨ ਲਈ ਕਾਹਲੇ ਹਨ।ਅਜਿਹੀ ਦੈਵੀ ਅਤੇ ਵਿਸ਼ਾਲ ਨਿਸ਼ਠਾ ਵਾਲੀ ੀਲ ਡਿਊਚ ਵਰਗੀ ਸ਼ਖ਼ਸੀਅਤ ਜੋ ਕਦੇ ਕੋਈ ਗਲਤ ਫੈਸਲਾ ਨਹੀਂ ਲੈ ਸਕਦੀ ਅਤੇ ਜਿੱਥੇ ਦੂਜੇ ਨੇਤਾ ਡੋਲ ਜਾਂਦੇ ਹਨ, ਉਸ ਵਿਚ ਜੋਖਿਮ ਲੈਣ ਦਾ ਸਾਹਸ ਹੁੰਦਾ ਹੈ।ਇਸ ਤਰਾਂ ਦੀ ਵਿਚਾਰਧਾਰਾ ਵਿਚ ਤਾਨਾਸ਼ਾਹੀ ਸੱਤਾ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਨ੍ਹਾਂ ਦਾ ਸਮਰਥਨ ਲੈਣ ਦਾ ਸੁਮੇਲ ਹੈ ਅਤੇ ਇਸ ਦੇ ਨਾਲ ਹੀ ਪ੍ਰਾਚੀਨ ਕਾਨੂੰੰਨਾਂ ਪ੍ਰਤੀ ਆਸਥਾ ਅਤੇ ਨਾਲ ਹੀ ਆਧੁਨਿਕ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਪ੍ਰਵਿਰਤੀ ਵੀ ਸ਼ਾਮਿਲ ਹੈ।ਮੁਸੋਲਿਨੀ ਵਾਂਗ ਹੀ ਭਾਰਤੀ ਨੇਤਾ ਵੀ ਸੰਵਿਧਾਨ ਦੀ ਪ੍ਰਸ਼ੰਸ਼ਾ ’ਚ ਤਾਂ ਬੋਲਦਾ ਹੈ ਪਰ ਨਾਲ ਹੀ ਸ਼ਰੇਆਮ ਸੰਵਿਧਾਨ ਵਿਚ ਸ਼ਾਮਿਲ ਵਿਚਾਰਾਂ ਦੀ ਉਲੰਘਣਾ ਕੀਤੀ ਜਾਂਦੀ ਹੈ।ਆਧੁਨਿਕ ਵਿਚਾਰਾਂ ਦੀ ਬਜਾਇ ਪ੍ਰਾਚੀਨ ਗਿਆਨ, ਵਿਗਿਆਨ ਅਤੇ ਵਿਗਿਆਨਕ ਸੋਚ ਨੂੰ ਖਾਰਿਜ ਕਰਨਾ ਅਤੇ ਪ੍ਰਾਚੀਨ ਸੱਭਿਆਚਾਰ ਦਾ ਗੁਣਗਾਣ ਖੁੱਲੇਆਮ ਬੌਧਿਕ ਅਤੇ ਕਲਾਤਮਕ ਕਦਰਾਂ-ਕੀਮਤਾਂ ਪ੍ਰਤੀ ਘਿ੍ਰਣਾ ਦਾ ਪ੍ਰਗਟਾਵਾ ਹੈ।

ਮੁਸੋਲਿਨੀ ਦੇ ਸਮੇਂ ਵਿਚ ਅਜ਼ਾਦ ਵਿਚਾਰਾਂ ਵਾਲੇ ਜਿੰਨਾਂ ਵਿਚਾਰਵਾਨਾਂ ਨੇ ੀਲ ਡਿਊਚ ਦੀ ਉਪਾਸਨਾ ਨਹੀਂ ਕੀਤੀ, ਉਨ੍ਹਾਂ ਨੂੰ ਨਕਾਰ ਦਿੱਤਾ ਗਿਆ।ਪ੍ਰੈਸ ਦੀ ਅਜ਼ਾਦੀ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਅਤੇ ਪੱਤਰਕਾਰਾਂ ਨੂੰ ਅਸਤੀਫੇ ਦੇਣ ਲਈ ਮਜਬੂਰ ਕੀਤਾ ਗਿਆ। ਫਾਸੀਵਾਦੀ ਰਹੱਸਵਾਦ ਨੂੰ ਮਜਬੂਤ ਕਰਨ ਲਈ ਵਿਰੋਧ ਦੀ ਹਰ ਅਵਾਜ਼ ਨੂੰ ਸਖਤੀ ਨਾਲ ਦਬਾਇਆ ਗਿਆ।ਮੀਡੀਆ ਅਤੇ ਸਿੱਖਿਆ ਵਿਵਸਥਾ ਨੂੰ ਫਾਸੀਵਾਦੀ ਰਹੱਸਵਾਦ ਦੇ ਮਤ ਦਾ ਪ੍ਰਚਾਰ ਕਰਨ ਲਈ ਲਗਾਇਆ ਗਿਆ ਤਾਂ ਕਿ ਅਧੀਨਗੀ ਵਾਲਾ ਸਮਾਜ ਬਣਾਇਆ ਜਾ ਸਕੇ।ਉਦਾਰਵਾਦੀ ਇਟਲੀ ਨੂੰ ਤਬਾਹ ਕਰ ਦਿੱਤਾ ਗਿਆ, ਸੰਸਦ ਨੂੰ ਨਕਾਰਾ ਕਰ ਦਿੱਤਾ ਗਿਆ ਅਤੇ ਵਿਰੋਧੀ ਧਿਰ ਪੂਰੀ ਤਰਾਂ ਨਾਲ ਦੱਬੂ ਬਣ ਕੇ ਰਹਿ ਗਈ।ਆਲੋਚਨਾਤਮਕ ਵਿਚਾਰਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ ਗਿਆ।ਮੌਜੂਦਾ ਭਾਰਤ ਵਿਚ ਵੀ ਵਿਰੋਧ ਦੀ ਹਰ ਇਕ ਅਵਾਜ਼ ਨੂੰ ਹਾਸ਼ੀਆਗ੍ਰਸਤ ਕੀਤਾ ਜਾ ਰਿਹਾ ਹੈ। ਉਦਾਰਵਾਦ ਇਕ ਪਹੇਲੀ ਬਣ ਗਿਆ ਹੈ ਅਤੇ ਸੰਸਦ ਵਿਚ ਵਿਰੋਧੀ ਧਿਰ ਮਹਿਜ਼ ਸੁਪਰੀਮ ਨੇਤਾ ਦੀ ਪ੍ਰਸ਼ੰਸ਼ਕ ਬਣ ਕੇ ਰਹਿ ਗਈ ਹੈ।ਲੋਕਾਂ ਉੱਪਰ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸਥਾਪਤੀ ਵਿਰੁੱਧ ਜ਼ਰਾ ਜਿੰਨੀ ਵੀ ਅਵਾਜ਼ ਉਠਾਉਜ਼ ਵਾਲਿਆਂ ਨੂੰ ਜੇਲਾਂ ਵਿਚ ਡੱਕਿਆ ਜਾ ਰਿਹਾ ਹੈ।ਹਾਲਾਂਕਿ ਇਸ ਘੁਟਨ ਭਰੇ ਮਾਹੌਲ ਵਿਚ ਅਜੇ ਵੀ ਜਿੰਦਗੀ ਧੜਕ ਰਹੀ ਹੈ।ਉਮੀਦ ਅਤੇ ਡਰ ਇਕੋ ਹੀ ਕਿਸ਼ਤੀ ਵਿਚ ਸਵਾਰ ਹਨ ਜਿੱਥੇ ਡਰ ਮਜਬੂਤੀ ਹਾਸਿਲ ਕਰ ਰਿਹਾ ਹੈ, ਪਰ ਉਮੀਦ ਵੀ ਨਾਲ-ਨਾਲ ਹੀ ਤੈਰ ਰਹੀ ਹੈ।

ਮੌਜੂਦਾ ਸਥਾਪਤੀ ਦਾ ਸੱਭਿਆਚਾਰ ਕਿਸੇ ਸੁਨਿਹਰੀ ਯੁੱਗ ਦੀ ਵਾਪਸੀ ਲੈ ਕੇ ਆਉਣ ਦੇ ਸੁਪਨੇ ਨਾਲ ਤਰੱਕੀ ਕਰ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਰਾਮ ਮੰਦਿਰ ਨਾਲ ਹੋਈ ਹੈ।ਫਾਸੀਵਾਦੀ ਰਹੱਸਵਾਦ ਦਾ ਮਤ ਭਾਰਤ ਵਿਚ ਅਜੇ ਸੰਘਰਸ਼ ਕਰ ਰਿਹਾ ਹੈ ਕਿਉਂਕਿ ਇਹ ਆਪਣੇ ਵਾਅਦੇ ਮੁਤਾਬਕ ਆਮ ਜਨਤਾ ਅਤੇ ਸਮਾਜ ਦੀ ਤਰੱਕੀ ਨਹੀਂ ਲਿਆ ਸਕਿਆ।ਲੋਕ ਅਨੇਕਾਂ ਪੱਧਰਾਂ ਤੇ ਜਿਉਂਣ ਲਈ ਸੰਘਰਸ਼ ਕਰ ਰਹੇ ਹਨ ਪਰ ਫਾਸੀਵਾਦੀ ਰਹੱਸਵਾਦ ਦੀ ‘ਫੋਕੀ’ ਚਮਕ-ਦਮਕ ਉਨ੍ਹਾਂ ਨੂੰ ਬਿਨਾਂ ਕਿਸੇ ਡਰ ਤੋਂ ਆਪਣੇ ਵਿਚਾਰਾਂ ਦਾ ਇਜ਼ਹਾਰ ਕਰਨ ਤੋਂ ਰੋਕ ਰਹੀ ਹੈ।ਇਸੇ ਫਾਸੀਵਾਦੀ ਰਹੱਸਵਾਦ ਦੀ ਵਿਚਾਰਧਾਰਾ ਤਹਿਤ ਹੀ ਉਦਾਰਵਾਦ, ਬੋਲਣ ਦੀ ਅਜ਼ਾਦੀ, ਅਜ਼ਾਦ ਸੋਚ ਅਤੇ ਸੁਤੰਤਰ ਕਲਾਵਾਂ ਨੂੰ ਦਬਾਇਆ ਜਾ ਰਿਹਾ ਹੈ।੧੯੪੦ ਵਿਚ ਹੀ ਪ੍ਰਸਿੱਧ ਆਲੋਚਕ ਅਤੇ ਪੱਛਮੀ ਦੁਨੀਆਂ ਵਿਚ ਜਾਣੇ ਜਾਂਦੇ ਖੱਬੇਪੱਖੀ ਚਿੰਤਕ ਵਾਲਟਰ ਬੈਂਜਾਮਿਨ ਨੂੰ ਨਾਜ਼ੀਆਂ ਕਰਕੇ ਹੀ ਮੌਤ ਨੂੰ ਗਲੇ ਲਗਾਉਣਾ ਪਿਆ, ਉਸੇ ਤਰਾਂ ਮੌਜੂਦਾ ਸਮੇਂ ਵਿਚ ਉਦਾਰਵਾਦੀ ਅਤੇ ਸਥਾਪਤੀ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼-ਧ੍ਰੋਹ ਦਾ ਦੋਸ਼ ਲਗਾ ਕੇ ਜੇਲਾਂ ਵਿਚ ਡੱਕਿਆ ਜਾ ਰਿਹਾ ਹੈ। ਇਸ ਵਿਚ ਨਾਜ਼ੀ ਜਰਮਨੀ ਵਾਂਗ ਹੀ ਆਰੀਅਨ ਨਸਲ ਦੀ ਤਰਜ਼ ’ਤੇ ਹੀ ਹਿੰਦੂ ਰਾਸ਼ਟਰਵਾਦ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਜੋਰਾਂ ਤੇ ਚੱਲ ਰਹੀ ਹੈ।ਹਿਟਲਰ ਜੋ ਕਿ ਸ੍ਰੇਸ਼ਟ ਆਰੀਅਨ ਨਸਲ ਦਾ ਤਰਫ਼ਦਾਰ ਅਤੇ ਭਾਰਤ ਵਿਚ ਬਸਤੀਵਾਦੀ ਅਧੀਨਤਾ ਦਾ ਪ੍ਰਮੱੁਖ ਸਮਰਥਕ ਸੀ, ਉਸ ਦੀ ਆਰ.ਐਸ.ਐਸ. ਦੇ ਪ੍ਰਮੁੱਖ ਵਿਚਾਰਕ ਐਮ. ਐਸ. ਗੋਲਵਾਲਕਰ ਨੇ ਬਹੁਤ ਪ੍ਰਸ਼ੰਸ਼ਾ ਕੀਤੀ।ਉਸੇ ਦੀ ਹੀ ਵਿਚਾਰਧਾਰਾ ਨੂੰ ਮੌਜੂਦਾ ਸਥਾਪਤੀ ਦੁਆਰਾ ਅੱਗੇ ਵਧਾਇਆ ਜਾ ਰਿਹਾ ਹੈ ਤਾਂਕਿ ਨਸਲ ਦੀ ਸ਼ੁੱਧਤਾ, ਅਣਲੋਕਤੰਤਰੀ ਬਿਰਤੀਆਂ ਅਤੇ ਫਾਸੀਵਾਦੀ ਰਹੱਸਵਾਦ ਨੂੰ ਜਿਉਂਦਾ ਰੱਖਿਆ ਜਾ ਸਕੇ।ਗੋਲਵਾਲਕਰ ਨੇ ਹਿੰਦੂ ਸੱਭਿਆਚਾਰ ਨੂੰ ਸ਼ੱੁਧ ਅਤੇ ਸ੍ਰੇਸ਼ਠ ਰੱਖਣ ਉੱਪਰ ਜੋਰ ਦਿੱਤਾ ਅਤੇ ਕਿਹਾ ਕਿ ਹੋਰ ਦੂਜੀਆਂ ਕੌਮਾਂ ਅਤੇ ਨਸਲਾਂ ਨੂੰ ਹਿੰਦੂ ਧਰਮ ਵਿਚ ਹੀ ਮਿਲ ਜਾਣਾ ਚਾਹੀਦਾ ਹੈ।ਇਹ ਹੀ ਮੌਜੂਦਾ ਸਥਾਪਤੀ ਦਾ ਵੀ ਮਕਸਦ ਹੈ ਜੋ ਕਿ ਇਨ੍ਹਾਂ ਹੀ ਲੀਹਾਂ ਉੱਪਰ ਚੱਲਦੇ ਹੋਏ ਫਾਸੀਵਾਦੀ ਰਹੱਸਵਾਦ ਨੂੰ ਮਜਬੂਤੀ ਪ੍ਰਦਾਨ ਕਰ ਰਹੀ ਹੈ ਜਿਸ ਵਿਚ ਰਾਜਨੀਤੀ ਦਾ ਧਰਮੀਕਰਨ ਹੋ ਰਿਹਾ ਹੈ।ਇਸ ਤਰਾਂ ਦਾ ਸੰਕਲਪ ਅਜਿਹੇ ਮਾਹੌਲ਼ ਨੂੰ ਬੜਾਵਾ ਦਿੰਦਾ ਹੈ ਜਿਸ ਵਿਚ ਆਮ ਲੋਕ ਧਾਰਮਿਕ ਅਤੇ ਨਸਲੀ ਝਗੜਿਆਂ ਵਿਚ ਹੀ ਫਸ ਕੇ ਰਹਿ ਜਾਂਦੇ ਹਨ ਜਦੋਂਕਿ ਸੰਗਠਿਤ ਘਰਾਣੇ ਬਹੁਤ ਅਸਾਨੀ ਨਾਲ ਦੇਸ਼ ਦੇ ਸੰਸਾਧਨਾਂ ਦੀ ਲੁੱਟ ਕਰਦੇ ਹਨ।ਉਹ ਬੁਨਿਆਦੀ ਢਾਂਚੇ ਅਤੇ ਵਿਕਾਸ ਦੇ ਨਾਂ ਤੇ ਮੂਲ ਨਿਵਾਸੀਆਂ ਨੂੰ ਉਜਾੜ ਦਿੰਦੇ ਹਨ ਅਤੇ ਉਨ੍ਹਾਂ ਸਾਰੀਆਂ ਅਵਾਜ਼ਾਂ ਨੂੰ ਦਬਾ ਦਿੰਦੇ ਹਨ ਜੋ ਫਾਸੀਵਾਦੀ ਰਹੱਸਵਾਦ ਦੀਆਂ ਲੀਹਾਂ ’ਤੇ ਨਹੀਂ ਚੱਲਦੀਆਂ।ਆਪਣੀ ਮੂਲ ਸੰਸਥਾ ਆਰ.ਐਸ.ਐਸ. ਵਾਂਗ ਹੀ ਅੱਜ ਦੀ ਰਾਜਨੀਤਿਕ ਸੱਤਾ ਹਿਟਲਰ ਦੀ ਆਰੀਅਨ ਨਸਲ ਦੀ ਤਰਜ਼ ਤੇ ਹੀ ਹਿੰਦੂ ਕੌਮ ਦਾ ਵਿਚਾਰ ਪੇਸ਼ ਕਰਦੀ ਹੈ, ਪਰ ਆਰੀਅਨ ਨਸਲ ਵਾਂਗ ਹੀ ਹਿੰਦੂ ਕੌਮ ਦਾ ਕੋਈ ਵਿਗਿਆਨਿਕ ਅਧਾਰ ਨਹੀਂ ਹੈ।ਫਾਸੀਵਾਦੀ ਰਹੱਸਵਾਦ ਦੀ ਤਾਨਾਸ਼ਾਹੀ ਅਤੇ ਨਿਰੰਕੁਸ਼ਤਾ ਦੇ ਵਧਦੇ ਕਦਮਾਂ ਦੁਆਰਾ ਭਾਰਤ ਵਿਚ ਜਮਹੂਰੀਅਤ ਦੇ ਕੀਤੇ ਨੁਕਸਾਨ ਦੀ ਭਰਪਾਈ ਕਰਨ ਵਿਚ ਦਹਾਕਿਆਂ ਤੋਂ ਵੀ ਵਧ ਦਾ ਸਮਾਂ ਲੱਗ ਸਕਦਾ ਹੈ।ਇਹ ਵੀ ਇਸ ਤੇ ਹੀ ਨਿਰਭਰ ਕਰਦਾ ਹੈ ਕਿ ਇਹ ਤਾਨਾਸ਼ਾਹੀ ਕਦਮ ਕਦੋਂ ਪਿੱਛੇ ਹਟਦੇ ਹਨ।ਇਸ ਨੂੰ ਇਨ੍ਹਾਂ ਸ਼ਬਦਾਂ ਵਿਚ ਵੀ ਕਿਹਾ ਜਾ ਸਕਦਾ ਹੈ:

ਯਹਾਂ ਤੋਂ ਗੂੰਗੇ ਬਹਿਰੇ ਅੰਧੇ ਲੋਗ ਬਸਤੇ ਹੈਂ
ਖ਼ੁਦਾ ਜਾਨੇ ਯਹਾਂ ਅਬ ਇੰਤਖ਼ਾਬ ਕਯਾ ਹੋਗਾ