ਉਲੰਪਿਕ ਖੇਡਾਂ ਨੂੰ ਦੁਨੀਆਂ ਭਰ ਵਿੱਚ ਖੇਡਾਂ ਦਾ ਕੁੰਭ ਮੇਲਾ ਆਖਿਆ ਜਾਂਦਾ ਹੈ ਜਿੱਥੇ ਹਰ ੪ ਸਾਲ ਬਾਅਦ ਦੁਨੀਆਂ ਭਰ ਦੇ ਜੋਰਾਵਰ ਖਿਡਾਰੀ ਆਕੇ ਆਪਣੀ ਸ਼ਕਤੀ ਅਤੇ ਖੇਡ ਕਲਾ ਦੇ ਜੌਹਰ ਦਿਖਾਉਂਦੇ ਹਨ। ਦੁਨੀਆਂ ਭਰ ਦੇ ਖਿਡਾਰੀਆਂ ਅਤੇ ਵੱਖ ਵੱਖ ਦੇਸ਼ਾਂ ਦਰਮਿਆਨ ਇਹ ਖੇਡ ਮੇਲਾ ਭਾਈਚਾਰਕ ਸਾਂਝ ਦਾ ਸੰਦੇਸ਼ ਵੀ ਦੇਂਦਾ ਹੈ। ਉਲੰਪਿਕਸ ਦੇ ਇਸ ਪਿੜ ਵਿੱਚ ਬਹੁਤ ਸਾਰੀਆਂ ਯਾਦਾਂ ਬਣਾਏ ਗਏ ਰਿਕਾਰਡਾਂ ਦੇ ਰੂਪ ਵਿੱਚ ਜਿੰਦਗੀ ਭਰ ਲਈ ਸਾਂਭੀਆਂ ਜਾਂਦੀਆਂ ਹਨ। ਇਹ ਸਿਰਫ ਖੇਡਾਂ ਦਾ ਹੀ ਉਤਸਵ ਨਹੀ ਹੈ ਬਲਕਿ ਇਹ ਹਰ ਮੁਲਕ ਦੇ ਦੁਨੀਆਂ ਭਰ ਵਿੱਚ ਸਤਿਕਾਰ ਅਤੇ ਵਕਾਰ ਦਾ ਮਾਪਦੰਡ ਵੀ ਹੈ। ਉਲੰਪਿਕਸ ਵਿੱਚ ਮਾਰੀਆਂ ਮੱਲਾਂ ਹੀ ਇਹ ਦਰਸਾਉਂਦੀਆਂ ਹਨ ਕਿ ਕਿਹੜਾ ਮੁਲਕ ਦੁਨੀਆਂ ਭਰ ਦੀ ਕਤਾਰਬੰਦੀ ਵਿੱਚ ਕਿੱਥੇ ਖੜ੍ਹਾ ਹੈ। ਕਿਉਂਕਿ ਖੇਡਾਂ ਕਿਸੇ ਵੀ ਮੁਲਕ ਦੇ ਅਕਸ ਨੂੰ ਦੁਨੀਆਂ ਭਰ ਵਿੱਚ ਚਮਕਾਉਂਦੀਆਂ ਹਨ। ਉਲੰਪਿਕਸ ਵਿੱਚ ਮਾਰੀਆਂ ਮੱਲਾਂ ਤੋਂ ਹੀ ਪਤਾ ਲਗਦਾ ਹੈ ਕਿ ਕੋਈ ਸਰਕਾਰ ਆਪਣੀਆਂ ਰਾਜਨੀਤਿਕ ਜਿੰਮੇਵਾਰੀਆਂ ਤੋਂ ਬਾਅਦ ਮਨੁੱਖੀ ਵਸੀਲਿਆਂ ਨੂੰ ਵਧਾਉਣ ਲਈ ਕਿੰਨਾ ਕੁ ਯੋਗਦਾਨ ਪਾ ਰਹੀ ਹੈ। ਹਰ ਸਾਲ ਯੂ.ਐਨ.ਓ. ਦੀ ਮਨੁੱਖੀ ਵਸੀਲਿਆਂ ਬਾਰੇ ਜੋ ਰਿਪੋਰਟ (Index of Human Resources and Development) ਜਾਰੀ ਕੀਤੀ ਜਾਂਦੀ ਹੈ ਉਸ ਵਿੱਚ ਪੜ੍ਹਾਈ,ਸਿਹਤ ਸਹੂਲਤਾਂ ਅਤੇ ਹੋਰ ਮੁੱਢਲੀਆਂ ਸਹੂਲਤਾਂ ਦੇ ਨਾਲ ਨਾਲ ਖੇਡਾਂ ਵੱਲ ਦਿੱਤਾ ਜਾਣ ਵਾਲ ਧਿਆਨ ਵੀ ਮਾਪਿਆ ਜਾਂਦਾ ਹੈ।
ਇਸ ਵੇਲੇ ਜੋ ਉਲੰਪਿਕ ਖੇਡਾਂ ਚੱਲ ਰਹੀਆਂ ਹਨ ਉਨ੍ਹਾਂ ਵਿੱਚ ਜਿਸ ਵੇਲੇ ਇਹ ਸਤਰਾਂ ਲਿਖੀਆਂ ਜਾ ਰਹੀਆਂ ਹਨ, ਉਸ ਵੇਲੇ ਅਮਰੀਕਾ ਪਹਿਲੇ ਨੰਬਰ ਤੇ ਹੈ, ਚੀਨ ਦੂਜੇ ਨੰਬਰ ਤੇ ਅਤੇ ਬਰਤਾਨੀਆ ਤੀਜੇ। ਇਸ ਤੋਂ ਬਿਨਾ ਫਿਜੀ, ਕਿਉੂਬਾ, ਲਿਥਵਾਨੀਆ, ਜਾਰਜੀਆ ਅਤੇ ਕਿਊਬਾ ਵਰਗੇ ਬਹੁਤ ਹੀ ਛੋਟੇ ਅਤੇ ਗਰੀਬ ਸਮਝੇ ਜਾਂਦੇ ਮੁਲਕ ਵੀ ਕੋਈ ਨਾ ਕੋਈ ਤਗਮਾ ਜਿੱਤਕੇ ਆਪਣੀ ਹਾਜਰੀ ਲਵਾ ਚੁੱਕੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਤੱਕ ਭਾਰਤ ਵਰਗੇ ਆਪਣੇ ਆਪ ਨੂੰ ਦੁਨੀਆਂ ਦੀ ਤਾਕਤ ਸਮਝਣ ਵਾਲੇ ਮੁਲਕ ਨੇ ਕੋਈ ਤਗਮਾ ਨਹੀ ਜਿੱਤਿਆ। ਭਾਰਤੀ ਮੀਡੀਆ ਅਤੇ ਖਾਸ ਕਰ ਟੈਲੀਵੀਜ਼ਨ ਤੇ ਇਸ ਸਬੰਧੀ ਬੜਾ ਰੌਲਾ ਪਾਇਆ ਜਾ ਰਿਹਾ ਹੈ ਕਿ ਭਾਰਤ ਹਾਲੇ ਤੱਕ ਕੋਈ ਤਗਮਾ ਕਿਉਂ ਨਹੀ ਜਿੱਤ ਸਕਿਆ? ਕੋਈ ਇਸ ਸਬੰਧੀ ਮਾੜੇ ਖੇਡ ਪ੍ਰਬੰਧ ਨੂੰ ਦੋਸ਼ ਦੇ ਰਿਹਾ ਹੈ, ਕੋਈ ਸਿਖਿਆ ਪ੍ਰਬੰਧ ਨੂੰ ਅਤੇ ਕੋਈ ਰਾਜਸੀ ਪ੍ਰਬੰਧ ਨੂੰ। ਟੈਲੀਵਿਜ਼ਨ ਤੇ ਬੋਲਣ ਵਾਲੇ ‘ਵਿਸ਼ੇਸ਼ ਮਾਹਰ’ ਭਾਰਤ ਦੀ ਅਸਫਲਤਾ ਨੂੰ ਆਪਣੇ ਆਪਣੇ ਢੰਗ ਨਾਲ ਬਿਆਨ ਰਹੇ ਹਨ।
ਅਸੀਂ ਸਮਝਦੇ ਹਾਂ ਕਿ ਭਾਰਤ ਦੀ ਇਹ ਹਾਲਤ ਮੁਲਕ ਦੀ ਜਨਤਾ ਅਤੇ ਲੀਡਰਸ਼ਿੱਪ ਵਿੱਚੋਂ ਦੇਸ਼ ਭਗਤੀ ਦੀ ਭਾਵਨਾ ਖਤਮ ਹੋ ਜਾਣ ਕਾਰਨ ਪੈਦਾ ਹੋ ਰਹੀ ਹੈ। ਜਦੋਂ ਸਾਡੇ ਆਲੇ ਦੁਆਲੇ ਇਹੋ ਜਿਹਾ ਸੰਸਾਰ ਸਿਰਜਿਆ ਜਾ ਰਿਹਾ ਹੈ ਜਿਸ ਵਿੱਚ ਪੈਰ ਪੈਰ ਤੇ ਦੇਸ਼ ਨਾਲ ਗਦਾਰੀ ਕਰਨ ਦੇ ਕਿੱਸੇ ਸੁਣੇ ਜਾ ਸਕਦੇ ਹਨ। ਜਿੱਥੇ ਦੇਸ਼ ਭਗਤੀ ਸਿਰਫ ਨਾਅਰੇ ਮਾਰ ਕੇ ਗਰੀਬ ਲੋਕਾਂ ਨੂੰ ਵਰਗਲਾਉਣ ਤੱਕ ਸੀਮਤ ਰਹਿ ਗਈ ਹੈ। ਜਦੋਂ ਹਰ ਕੋਈ ਦੇਸ਼ ਦੀ ਕੀਮਤ ਤੇ ਆਪਣੀ ਜੇਬ ਭਰਨ ਲਈ ਉਤਾਵਲਾ ਹੈ ਉਸ ਵੇਲੇ ਦੇਸ਼ ਲਈ ਮਰ ਮਿਟਣ ਦੀ ਭਾਵਨਾ ਕਿੱਥੋਂ ਪੈਦਾ ਹੋਵੇਗੀ? ਭਾਰਤ ਦੇ ਕਿਸੇ ਇੱਕ ਵੀ ਲੀਡਰ ਜਾਂ ਅਫਸਰ ਦਾ ਬੇਟਾ ਜਾਂ ਬੇਟੀ ਆਪਣੇ ਦੇਸ਼ ਲਈ ਕੁਰਬਾਨੀ ਕਰਨ ਲਈ ਤਿਆਰ ਨਹੀ ਹੈ। ਕੋਈ ਵੀ ਆਪਣੇ ਦੇਸ਼ ਲਈ ਹਸ ਹਸਕੇ ਫਾਂਸੀ ਤੇ ਚੜ੍ਹਨ ਲਈ ਤਿਆਰ ਨਹੀ ਹੈ। ਸਭ ਵਗਦੀ ਗੰਗਾ ਵਿੱਚ ਹੱਥ ਧੋ ਕੇ ਮਾਲ ਕਮਾਉਣ ਲਈ ਕਾਹਲੇ ਹਨ। ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁੰਡਿਆਂ ਵਰਗੇ ਰਾਜਨੇਤਾ ਗਰੀਬ ਲੋਕਾਂ ਤੇ ਦਹਿਸ਼ਤ ਪਾਉਂਦੇ ਰਹਿੰਦੇ ਹਨ। ਕਿਸੇ ਨੂੰ ਗੱਲ ਕਰਨ ਦਾ ਸਲੀਕਾ ਨਹੀ, ਕਿਸੇ ਕੋਲ ਦੇਸ਼ ਦਾ ਪਿਆਰ ਨਹੀ। ਅਜਿਹੇ ਮਹੌਲ ਵਿੱਚ ਜਦੋਂ ਕੋਈ ਨੌਜਵਾਨ ਇਹ ਦੇਖ ਰਿਹਾ ਹੈ ਕਿ ਕੋਈ ੧੦ ਪੜ੍ਹਿਆ ਬੰਦਾ ਰਾਜਨੀਤੀ ਵਿੱਚ ਆਕੇ ਪੰਜ ਸਾਲਾਂ ਵਿੱਚ ਹੀ ਕਰੋੜਪਤੀ ਬਣ ਜਾਂਦਾ ਹੈ ਫਿਰ ਉਸ ਨੂੰ ਏਨੀ ਮਿਹਨਤ ਕਰਨ ਦੀ ਕੀ ਲੋੜ ਹੈ? ਜਦੋਂ ਉਸ ਦੇ ਸਾਹਮਣੇ ਇੱਕ ਬਹੁਤ ਹੀ ਸੌਖਾ ਰਾਹ ਪਿਆ ਹੈ ਸਫਲ ਹੋਣ ਲਈ ਅਤੇ ਮਾਲ ਬਣਾਉਣ ਲਈ। ਜਦੋਂ ਉਹ ਦੇਖਦਾ ਹੈ ਕਿ ਲੀਡਰਾਂ ਦੀ ਉਜੱਡ ਔਲਾਦ ਦੇਸ਼ ਨੂੰ ਚਲਾ ਰਹੀ ਹੈ ਫਿਰ ਕਿਸਦਾ ਜੀਅ ਕਰਦਾ ਹੈ ਅਜਿਹੇ ਲੋਕਾਂ ਤੋਂ ਮੈਡਲਾਂ ਦੀ ਭੀਖ ਲੈਣ ਲਈ।
ਉਲੰਪਿਕਸ ਵਿੱਚ ਉਹ ਦੇਸ਼ ਹੀ ਮੱਲਾਂ ਮਾਰਦੇ ਹਨ ਜਿਨ੍ਹਾਂ ਦੇ ਲੋਕਾਂ ਦੇ ਮਨਾ ਵਿੱਚ ਆਪਣੇ ਦੇਸ਼ ਲਈ ਮਰ ਮਿਟਣ ਦੀ ਭਾਵਨਾ ਹੈ। ਜਿਨ੍ਹਾਂ ਨੂੰ ਆਪਣੀ ਧਰਤੀ ਮਾਂ ਨਾਲ ਅਸਲ ਪਿਆਰ ਹੈ। ਜਿਹੜੀ ਅਬਾਦੀ ਦੇ ਮਨ ਵਿੱਚ ਆਪਣੇ ਦੇਸ਼ ਲਈ ਮਰ ਮਿਟਣ ਦੀ ਭਾਵਨਾ ਨਹੀ ਹੈ। ਉਹ ਪੈਸੇ ਦੇ ਜੋਰ ਨਾਲ ਹਥਿਆਰ ਖਰੀਦ ਕੇ ਤੀਜੀ ਤਾਕਤ ਬਣਨ ਦਾ ਭਰਮ ਤਾਂ ਪਾਲ ਸਕਦੀ ਹੈ ਪਰ ਜਿੰਦਗੀ ਦੀ ਬਾਜੀ ਵਿੱਚ ਕੁਝ ਪ੍ਰਾਪਤ ਨਹੀ ਕਰ ਸਕਦੀ। ਉਸ ਲਈ ਤਾਂ ਤਪੱਸਿਆ ਕਰਨੀ ਪੈਂਦੀ ਹੈ ਜੋ ਭਾਰਤ ਵਾਸੀ ਕਰਨੀ ਨਹੀ ਚਾਹੁੰਦੇ।