ਇਸ ਸਾਲ ਨਵੰਬਰ ਮਹੀਨੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਇਸ ਵਾਰ ਲੋੜ ਨਾਲੋਂ ਵੱਧ ਵਿਵਾਦਤ ਤੇ ਮੁੱਖ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਚੋਣ ਲਈ ਮੁੱਖ ਤੌਰ ਤੇ ਅਮਰੀਕਾ ਦੀਆਂ ਦੋ ਪ੍ਰਮੁੱਖ ਪਾਰਟੀਆਂ ਡੈਮੋਕਰੈਟਿਕ ਤੇ ਰੀਪਬਲਿਕਨ ਵੱਲੋਂ ਜੋ ਪ੍ਰਮੁੱਖ ਨੁੰਮਾਇਦੇ ਇਸ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ, ਦੇ ਨਾਮ ਹਿਲੇਰੀ ਕਲਿੰਟਨ, ਤੇ ਡੋਨਲ ਟਰੰਪ ਹਨ। ਹਿਲੇਰੀ ਜੋ ਪਹਿਲਾਂ ਅਮਰੀਕਾ ਦੀ ਸੈਨੇਟਰ ਵੀ ਰਹਿ ਚੁੱਕੀ ਹੈ ਤੇ ਉਸ ਤੋਂ ਬਾਅਦ ਅਮਰੀਕਾ ਸਰਕਾਰ ਦੀ ਪ੍ਰਮੁੱਖ ਅਹੁਦੇਦਾਰ ਸੈਕਟਰੀ ਆਫ ਸਟੇਟ, ਓਬਾਮਾ ਦੀ ਸਰਕਾਰ ਵਿੱਚ ਰਹਿ ਚੁੱਕੀ ਹੈ। ਇਸ ਤੋਂ ਪਹਿਲਾਂ ਉਹ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਪਤਨੀ ਵਜੋਂ ਜਾਣੀ ਜਾਂਦੀ ਸੀ। ਇਸ ਤਰਾਂ ਉਹ ਪੂਰੀ ਤਰ੍ਹਾਂ ਅਮਰੀਕਨ ਰਾਜਨੀਤੀ ਵਿੱਚ ਪ੍ਰਣਾਈ ਹੋਈ ਹੈ। ਹੁਣ ਵੀ ਉਸਨੇ ਡੈਮੋਕਰੈਟਿਕ ਪਾਰਟੀ ਦੀ ਨੁਮਾਇੰਦਗੀ ਦੀ ਦੌੜ ਵਿੱਚ ਸਭ ਤੋਂ ਵਧੇਰੇ ਮਿਲੀਅਨਜ਼ ਵੋਟਾਂ ਹਾਸਲ ਕੀਤੀਆ। ਹਿਲੇਰੀ ਕਲਿੰਟਨ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਔਰਤ ਹੈ ਜੋ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੈ। ਇਸ ਦਾ ਮੁਕਾਬਲਾ ਦੂਸਰਾ ਪ੍ਰਮੁੱਖ ਰਾਸ਼ਟਰਪਤੀ ਦੇ ਅਹੁਦੇ ਦਾ ਦਾਅਵੇਦਾਰ ਰੀਪਲੀਕਨ ਪਾਰਟੀ ਵੱਲੋਂ ਮਸ਼ਹੂਰ ਸਰਮਾਏਦਾਰ ਜੋ ਕਿ ਅਰਬਾਂਪਤੀ ਹੈ ਜਿਸਦਾ ਨਾਮ ਡੌਨਲ ਟਰੰਪ ਹੈ। ਇਸਨੇ ਨਾ ਕਦੇ ਮੁਢਲੀ ਚੋਣ ਤੋਂ ਲੈ ਕੇ ਉਪਰਲੀ ਚੋਣ ਵਿੱਚ ਹਿੱਸਾ ਲਿਆ ਹੈ ਤੇ ਨਾ ਹੀ ਪ੍ਰਤੀਨਿਧਤਾ ਕੀਤੀ ਹੈ। ਜਦੋਂ ਰੀਪਬਲੀਕਨ ਪਾਰਟੀ ਦੀ ਰਾਸ਼ਟਰਪਤੀ ਦੇ ਨੁਮਾਇੰਦੇ ਦੀ ਚੋਣ ਦੀ ਪ੍ਰਕਿਰਿਆ ਸੁਰੂ ਹੋਈ ਸੀ ਤਾਂ ਇਸ ਪਦ ਲਈ ਸਤਾਰਾਂ ਨੁਮਾਇੰਦੇ ਸਨ ਜੋ ਕਿ ਸਾਰੇ ਹੀ ਰਾਜਨੀਤਿਕ ਅਹੁਦਿਆਂ ਤੇ ਰਹਿ ਚੁੱਕੇ ਸਨ। ਇਸ ਵਕਤ ਜੋ ਸਿਆਸੀ ਸੂਝ-ਬੂਝ ਵਾਲੇ ਇਨਸਾਨ ਖਾਸ ਕਰਕੇ ਮੀਢੀਆ ਵਾਲੇ ਪ੍ਰਮੁੱਖ ਰੂਪ ਵਿੱਚ ਇਹ ਕਹਿ ਰਹੇ ਸਨ ਕਿ ਟਰੰਪ ਕਦੇ ਵੀ ਨੁਮਾਇੰਦਗੀ ਦੀ ਪ੍ਰਕਿਰਿਆ ਵਿੱਚ ਸਫਲ ਨਹੀਂ ਹੋ ਸਕੇਗਾ। ਇਸਦਾ ਮੁੱਖ ਕਾਰਨ ਇਹ ਹੈ ਕਿ ਟਰੰਪ ਨੇ ਆਪਣੀਆਂ ਤਕਰੀਰਾਂ ਤੇ ਹੋਰ ਵਖਰੇਵਿਆਂ ਰਾਹੀਂ ਅਮਰੀਕੀ ਰਾਜਨੀਤੀ ਨੂੰ ਬੁਰੀ ਤਰਾਂ ਨਸਲਵਾਦ ਤੇ ਧਾਰਮਿਕ ਵਖਰੇਵਿਆਂ ਨਾਲ ਰੰਗ ਦਿੱਤਾ ਹੈ। ਅਮਰੀਕਾ ਦੇਸ਼ ਅੱਜ ਵੀ ਨਸਲਵਾਦ ਤੋਂ ਬਹੁਤ ਬੁਰੀ ਤਰਾਂ ਪ੍ਰਭਾਵਤ ਹੈ ਜਿਸਦੀ ਮਿਸਾਲ ਪਿਛਲੇ ਸਾਲ ਤੋਂ ਕਾਲਾ ਅਮਰੀਕਨ ਰਾਸ਼ਟਰਪਤੀ ਹੋਣ ਦੇ ਬਾਵਜੂਦ ਨੌਜਵਾਨ ਕਾਲਿਆਂ ਨੂੰ ਬੇਵਜਾ ਥੋੜੀ ਜਿਹੀ ਉਲੰਘਣਾ ਕਾਰਨ ਹੀ ਪੁਲੀਸ ਜੋ ਕਿ ਬਹੁਗਿਣਤੀ ਗੋਰੀ ਨਸਲ ਦੀ ਹੈ, ਨੇ ਨਸਲਵਾਦ ਦੇ ਅਧਾਰ ਤੇ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਹੈ। ਜਿਸ ਕਰਕੇ ਅੱਜ ਵੀ ਕਾਲੇ ਰੰਗ ਦੇ ਅਮਰੀਕਨ ਲੋਕਾਂ ਵਿੱਚ ਸਰਕਾਰ ਤੇ ਖਾਸ ਕਰਕੇ ਪੁਲੀਸ ਪ੍ਰਤੀ ਬੇਗਾਨਗੀ ਹੈ। ਅਨੇਕਾਂ ਹੀ ਅਮਰੀਕਾ ਦੇ ਸ਼ਹਿਰਾਂ ਵਿੱਚ ਕਾਲਿਆਂ ਨੇ ਬਚਾਉਣ ਦਾ ਨਾਅਰਾ ਲੈ ਕੇ ਜਨਤਕ ਵਿਦਰੋਹ ਚੱਲ ਰਿਹਾ ਹੈ। ਇਸ ਸਥਿਤੀ ਵਿੱਚ ਮੌਜੂਦਾ ਰਾਸ਼ਟਰਪਤੀ ਦੀ ਪ੍ਰਕਿਰਿਆ ਵਿੱਚ ਟਰੰਪ ਤੇ ਹਿਲੇਰੀ ਕਲਿੰਟਨ ਦੀਆਂ ਤਕਰੀਰਾਂ ਵਿੱਚ ਜਿਸ ਤਰਾਂ ਦੀ ਸ਼ਬਦਾਵਲੀ ਤੇ ਰਾਜਨੀਤਿਕ ਸੋਚ ਦਾ ਪ੍ਰਯੋਗ ਹੋ ਰਿਹਾ ਹੈ ਉਹ ਅਮਰੀਕਾ ਦੇ ਸੂਝਵਾਨ ਚਿੰਤਕਾਂ ਲਈ ਤਾਂ ਇੱਕ ਸੋਚਣ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸੇ ਕਰਕੇ ਅਨੇਕਾਂ ਹੀ ਨਾਮਵਾਰ ਲੋਕਾਂ ਅੱਗੇ ਸਵਾਲ ਹੈ ਕਿ ਕੀ ਦੋਵੇਂ ਹੀ ਪਾਰਟੀਆਂ ਦੇ ਇਹ ਨੁਮਾਇੰਦੇ ਰਾਸ਼ਟਰਪਤੀ ਦੇ ਪਦ ਲਈ ਯੋਗ ਵੀ ਹਨ ਕਿ ਨਹੀਂ। ਕਿਉਂਕਿ ਅਮਰੀਕਾ ਦਾ ਰਾਸ਼ਟਰਪਤੀ ਹੋਣਾ ਅੱਜ ਦੇ ਯੁੱਗ ਵਿੱਚ ਸਿਰਫ ਉਸ ਦੇਸ਼ ਦਾ ਹੀ ਰਾਸ਼ਟਰਪਤੀ ਨਹੀਂ ਸਗੋਂ ਆਪਣੀ ਫੌਜੀ ਸ਼ਕਤੀ ਤੇ ਆਰਥਿਕ ਵਿੱਤੀ ਤਾਕਤ ਸਦਕਾ ਦੁਨੀਆਂ ਦੇ ਵੀ ਮੁੱਖ ਨਾਇਕ ਵਜੋਂ ਜਾਣਿਆਂ ਜਾਂਦਾ ਹੈ। ਇਹਨਾਂ ਦੋਨਾਂ ਪ੍ਰਮੁੱਖ ਉਮੀਦਵਾਰਾਂ ਵਿੱਚ ਵਧੇਰੇ ਚਿੰਤਾ ਦਾ ਵਿਸ਼ਾ ਅਮਰੀਕਨ ਲੋਕਾਂ ਤੇ ਦੁਨੀਆਂ ਲਈ ਟਰੰਪ ਦਾ ਆਪਣੀਆਂ ਤਕਰੀਰਾਂ ਰਾਹੀਂ ਨਸਲਵਾਦ ਨੂੰ ਖੁਦੇੜਨਾ ਤੇ ਧਰਮ ਦੇ ਅਧਾਰ ਤੇ ਇਹ ਸੋਚ ਅਪਨਾਉਣੀ ਕਿ ਉਸ ਧਰਮ ਨਾਲ ਸਬੰਧਤ ਲੋਕਾਂ ਨੂੰ ਅਮਰੀਕਾ ਵਿੱਚ ਪ੍ਰਵੇਸ਼ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਤੋਂ ਵੀ ਵਧੇਰੇ ਖਤਰੇ ਵਾਲੀ ਗੱਲ ਇਹ ਹੈ ਕਿ ਜੋ ਨੀਤੀ ਮਨੁੱਖੀ ਅਧਿਕਾਰਾਂ ਬਾਰੇ ਟਰੰਪ ਵੱਲੋਂ ਦੱਸੀ ਜਾ ਰਹੀਂ ਉਸ ਬਾਰੇ ਅਮਰੀਕਾ ਤੋਂ ਇਲਾਵਾ ਦੁਨੀਆਂ ਵੀ ਭੈ-ਭੀਤ ਹੈ। ਇਸ ਕਰਕੇ ਅੱਜ ਰੀਪਬਲਿਕਨ ਪਾਰਟੀ ਦਾ ਪ੍ਰਮੁੱਖ ਹਿੱਸਾ ਟਰੰਪ ਨੂੰ ਮੱਦਦ ਕਰਨ ਵਿੱਚ ਤਿਆਰ ਨਹੀਂ ਹੈ। ਅਮਰੀਕਾ ਅੱਜ ਪਹਿਲੀ ਵਾਰ ਉਸ ਚੁਰਾਹੇ ਤੇ ਖੜਾ ਹੈ ਜਿਥੇ ਉਸਨੂੰ ਡਰ ਹੈ ਕਿ ਕਿਧਰੇ ਟਰੰਪ ਵਰਗਾ ਉਮੀਦਰਵਾਰ ਨਸਲਵਾਦ ਤੇ ਸਰਮਾਏ ਦੇ ਸਿਰ ਤੇ ਅਮਰੀਕਾ ਵਰਗੇ ਦੇਸ਼ ਦਾ ਰਾਸ਼ਟਰਪਤੀ ਹੀ ਨਾ ਬਣ ਬੈਠੇ। ਇਸੇ ਤਰਾਂ ਅਮਰੀਕਾ ਦਾ ਬਹੁਤ ਵੱਡਾ ਹਿੱਸਾ ਦੂਸਰੀ ਮੁੱਖ ਰਾਸਟਰਪਤੀ ਪਦ ਲਈ ਉਮੀਦਵਾਰ ਹਿਲੇਰੀ ਕਲਿੰਟਨ ਭਾਵੇਂ ਇਤਿਹਾਸਕ ਪੱਖੋਂ ਭਾਵੇਂ ਇਤਿਹਾਸ ਰਚ ਰਹੀ ਹੈ ਪਰ ਉਸ ਉਤੇ ਵੀ ਅਮਰੀਕਨ ਲੋਕੀ ਉਸ ਪ੍ਰਤੀ ਵਿਸਵਾਸ ਨਹੀਨ ਰੱਖਦੇ। ਇਸ ਲਈ ਇਹ ਚੋਣਾਂ ਅਮਰੀਕਾ ਲਈ ਤਾਂ ਵੱਡੀ ਦੁਬਿਦਾ ਦਾ ਕਾਰਨ ਹਨ ਪਰ ਵਿਸ਼ਵ-ਭਰ ਦੇ ਲੋਕ ਵੀ ਇਹਨਾਂ ਚੋਣਾਂ ਤੇ ਧਿਆਨ ਲਗਾਈ ਬੈਠੇ ਹਨ।