ਨਾਵਲਕਾਰ ਬਲਦੇਵ ਸਿੰਘ (ਸੜਕਨਾਮਾ) ਵੱਲੋਂ ਲਿਖੇ ਆਪਣੇ ਨਵੇਂ ਨਾਵਲ ‘ਸੂਰਜ ਦੀ ਅੱਖ’ ਜੋ ਕਿ ਮਹਾਰਾਜ ਰਣਜੀਤ ਸਿੰਘ ਦੇ ਜੀਵਨਕਾਲ ਤੇ ਅਧਾਰਤ ਹੈ, ਬਾਰੇ ਪਿਛਲੇ ਕੁਝ ਸਮੇਂ ਤੋਂ ਸ਼ੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ ਆਦਿ ਤੇ ਬੜੀ ਤਿੱਖੀ ਅਤੇ ਬੇਲੋੜੀ ਬਹਿਸ ਤੇ ਵਿਵਾਦ ਚੱਲ ਰਿਹਾ ਹੈ। ਬਲਦੇਵ ਸਿੰਘ ਨਾਵਲਕਾਰ ਦੇ ਕਹਿਣ ਅਨੁਸਾਰ ਕਿ ਉਸਨੇ ਇਹ ਨਾਵਲ ਮਹਾਰਾਜਾ ਰਣਜੀਤ ਸਿੰਘ ਤੇ ਅਧਾਰਤ ਤੱਥਾਂ ਨਾਲ ਭਰਪੂਰ ਪੁਸਤਕਾਂ ਦੇ ਅਧਿਐਨ ਕਰਨ ਤੋਂ ਬਾਅਦ ਇਸ ਨਾਵਲ ਦੀ ਰਚਨਾ ਕੀਤੀ ਹੈ। ਜਿੰਨਾ ਸ੍ਰੋਤਾਂ ਤੋਂ ਇਹ ਜਾਣਕਾਰੀ ਹਾਸਲ ਕੀਤੀ ਗਈ ਹੈ ਉਸਦੀ ਲਿਸਟ ਵੀ ਇਸ ਨਾਵਲ ਵਿੱਚ ਛਾਪੀ ਗਈ ਹੈ। ਨਾਵਲਕਾਰ ਬਲਦੇਵ ਸਿੰਘ ਪਿਛਲੇ ੪੦ ਵਰਿਆਂ ਤੋਂ ਪੰਜਾਬੀ ਸਾਹਿਤ ਨਾਲ ਜੁੜਿਆ ਹੋਇਆ ਨਾਵਲਕਾਰ ਹੈ ਅਤੇ ਇੰਨਾਂ ਵੱਲੋਂ ਮਸ਼ਹੂਰ ਨਾਵਲ ਸੜਕਨਾਮਾ, ਅੰਨਦਾਤਾ, ਪੰਜਵਾਂ ਸਾਹਿਬਜਾਦਾ ਆਦਿ ਨਾਵਲਾਂ ਦੀ ਰਚਨਾਂ ਕੀਤੀ ਗਈ ਹੈ। ਇੰਨਾ ਵਿਚੋਂ ਕਈ ਨਾਵਲਾਂ ਤੇ ਅਧਾਰਤ ‘ਪੰਜਾਬ ਰੰਗਮੰਚ’ ਵੱਲੋਂ ਬੜੇ ਰੁਮਾਂਚਕ ਨਾਟਕ ਵੀ ਪੇਸ਼ ਕੀਤੇ ਗਏ ਹਨ। ਇਸ ਨਾਵਲ ‘ਸੂਰਜ ਦੀ ਅੱਖ’ ਦੇ ਪ੍ਰਕਾਸ਼ਤ ਹੋਣ ਤੋਂ ਬਾਅਦ ਛਿੜੀ ਚਰਚਾ ਵਿੱਚ ਸਦਾ ਵਾਂਗ ਸ਼ੋਸਲ ਮੀਡੀਆ ਤੇ ਸਵਾਲ ਉਠੇ। ਕਿਉਂਕਿ ਇਸ ਨਾਵਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਕਈ ਅਜਿਹੇ ਪੱਖ ਵੀ ਪੇਸ਼ ਕੀਤੇ ਗਏ ਹਨ ਜਿੰਨਾ ਨੂੰ ਆਮ ਤੌਰ ਤੇ ਸਿੱਖ ਹਲਕਿਆਂ ਵਿੱਚ ਵਿਚਾਰਿਆ ਨਹੀਂ ਜਾਂਦਾ। ਇਸ ਕਾਰਨ ਬਲਦੇਵ ਸਿੰਘ ਨਾਵਲਕਾਰ ਤੇ ਸਿੱਖ ਵਿਰੋਧੀ ਹੋਣ ਦਾ ਵੀ ਦੋਸ਼ ਲਾਇਆ ਗਿਆ ਹੈ। ਇਸ ਤੋਂ ਵੀ ਵੱਧ ਸ਼ੋਸਲ ਮੀਡੀਆਂ ਰਾਹੀਂ ਬਲਦੇਵ ਸਿੰਘ ਹੋਰਾਂ ਨੂੰ ਅਪਸ਼ਬਦ, ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਵਿਵਾਦ ਵਿੱਚ ਵਧੇਰੇ ਕਰਕੇ ਬੇਲੋੜੇ ਪੱਖ ਉਜਾਗਰ ਕੀਤੇ ਗਏ ਹਨ ਜੋ ਕਿਸੇ ਸਾਹਿਤਕ ਵਿਚਾਰ-ਵਟਾਂਦਰੇ ਦੇ ਮਿਆਰ ਤੇ ਖਰੇ ਨਹੀਂ ਉਤਰਦੇ। ਇਸਦੇ ਜਵਾਬ ਵਿੱਚ ਨਾਵਲਕਾਰ ਬਲਦੇਵ ਸਿੰਘ ਨੇ ਇਹ ਜਰੂਰ ਦੱਸਣਾਂ ਚਾਹਿਆ ਹੈ ਕਿ ਉਹਨਾਂ ਦੀ ਲਿਖਤ ਵਿੱਚ ਕਮੀਆਂ, ਖਾਮੀਆਂ ਹੋ ਸਕਦੀਆਂ ਹਨ ਪਰ ਇਤਿਹਾਸਕ ਪੱਖੋਂ ਇਹ ਪੂਰੀ ਤਰਾਂ ਤੱਥਾਂ ਤੇ ਅਧਾਰਤ ਹੈ ਅਤੇ ਜਿਨਾਂ ਸ੍ਰੋਤਾਂ ਤੋਂ ਇਹ ਜਾਣਕਾਰੀ ਲਈ ਗਈ ਹੈ ਉਨਾਂ ਦਾ ਵੇਰਵਾ ਵੀ ਇਸ ਨਾਵਲ ਵਿੱਚ ਮੌਜੂਦ ਹੈ। ਬਲਦੇਵ ਸਿੰਘ ਨੇ ਇਹ ਵੀ ਕਿਹਾ ਹੈ ਕਿ ਮੈਂ ਸਿੱਖ ਵਿਰੋਧੀ ਨਹੀਂ ਹਾਂ ਤੇ ਮੇਰਾ ਗੁਰਸਿੱਖੀ ਜੀਵਨ ਤੇ ਪੂਰਾ ਵਿਸ਼ਵਾਸ ਹੈ ਤੇ ਸਿੱਖ ਧਰਮ ਮੇਰਾ ਮਾਰਗ ਦਰਸ਼ਕ ਹੈ।

ਮਹਾਰਾਜਾ ਰਣਜੀਤ ਸਿੰਘ ਇੱਕ ਅਜਿਹੀ ਸ਼ਾਨਮੱਤੀ, ਮਾਣਮੱਤੀ ਤੇ ਪੰਜਾਬੀ ਤੇ ਸਿੱਖ ਮਨਾਂ ਅੰਦਰ ਇੱਕ ਵਿਸ਼ੇਸ਼ ਸਥਾਨ ਰੱਖਦੀ ਸ਼ਖਸ਼ੀਅਤ ਹੈ ਜਿਸ ਕਰਕੇ ਉਹਨਾਂ ਦੇ ਜੀਵਨ ਦੇ ਕੋਈ ਵੀ ਖਾਮੀਆਂ ਵਾਲੇ ਪੱਖ ਨੂੰ ਜਾਣਨ ਤੋਂ ਪੰਜਾਬੀ ਲੋਕਾਂ ਤੇ ਸਿੱਖ ਮਨ ਤਿਆਰ ਨਹੀਂ ਹਨ। ਪਰ ਜਿਸ ਤਰਾਂ ਕਿ ਗੁਰੂ ਸਾਹਿਬ ਨੇ ਫੁਰਮਾਇਆ ਹੈ।

“ਮਾਟੀ ਕਾ ਕਿਆ ਧੋਪੈ ਸੁਆਮੀ
ਮਾਨਸ ਕੀ ਗਤਿ ਏਹੀ”

ਹਰ ਇੱਕ ਮਨੁੱਖ ਵਿੱਚ ਉਣਤਾਈਆਂ ਹੋਣੀਆਂ ਸੁਭਾਵਕ ਗੱਲ ਹੈ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਵਰਗੀ ਇਤਿਹਾਸ਼ਕ ਸ਼ਖਸ਼ੀਅਤ ਬਾਰੇ ਨਾਵਲ ਰੂਪੀ ਕਿਤਾਬ ਜਾਂ ਫਿਲਮਾਂਕਣ ਰਚਨਾ ਕਰਦੇ ਹਾਂ ਤਾਂ ਲੇਖਕ ਨੂੰ ਇਹ ਗੱਲ ਮੱਦੇਨਜ਼ਰ ਰੱਖਣੀ ਚਾਹੀਦੀ ਹੈ ਕਿ ਕਿਧਰੇ ਇਹ ਕਮਜ਼ੋਰ ਪੱਖ ਉਸ ਨਾਇਕ ਦੀ ਕੌਮੀ ਮਹੱਤਤਾ ਤੇ ਪ੍ਰਛਾਵਾਂ ਤਾਂ ਨਹੀਂ ਪਾ ਰਹੇ। ਹੁਣੇ ਹੁਣੇ ਰਿਲੀਜ਼ ਹੋਈ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਬਾਰੇ ਫਿਲਮ ਵਿੱਚ ਵੀ ਇਹ ਦੱਸਣ ਦੀ ਕੋਸਿਸ਼ ਕੀਤੀ ਹੈ ਤੇ ਇਸ ਫਿਲਮ ਰਾਹੀਂ ਉਸਦੀ ਉਸਾਰੂ ਤੇ ਦਲੇਰ ਪੱਖਾਂ ਨੂੰ ਹੀ ਪੇਸ਼ ਕੀਤਾ ਗਿਆ ਹੈ। ਇਹੀ ਦ੍ਰਿਸ਼ਟੀ ਬਲਦੇਵ ਸਿੰਘ ਨੂੰ ਨਾਵਲ ‘ਸੂਰਜ ਦੀ ਅੱਖ’ ਦੀ ਰਚਨਾ ਸਮੇਂ ਅਪਨਾਉਂਣੀ ਚਾਹੀਦੀ ਸੀ।

ਕਿਸੇ ਦੇ ਐਬ ਤੇ ਖੋਟ ਉਜਾਗਰ ਕਰਨ ਵੇਲੇ ਮਸ਼ਹੂਰ ਉਰਦੂ ਦੇ ਸ਼ਾਇਰ ਸ਼ਕੇਬ ਜਲਾਲੀ ਦਾ ਇੱਕ ਸ਼ੇਅਰ ਚੇਤੇ ਰੱਖਣਾ ਚਾਹੀਦਾ ਹੈ ਕਿ “ਤੂੰ ਜੋ ਇਸ ਰਾਹ ਸੇ ਗੁਜਰਾ ਹੋਤਾ ਤੇਰਾ ਮਲਬੂਸ ਭੀ ਕਾਲਾ ਹੋਤਾ”।