ਸਿੱਖ ਪੰਥ ਵਿੱਚ ਪਿਛਲੇ ਲੰਮੇ ਸਮੇਂ ਤੋਂ ਇਹ ਸਵਾਲ ਉੱਠਦਾ ਆ ਰਿਹਾ ਹੈ ਕਿ ਸਿੱਖ ਇਸਤਰੀਆਂ ਨਾਲ ਬਰਾਬਰਤਾ ਦੇ ਅਧਾਰ ਤੇ ਕਾਫੀ ਗੰਭੀਰ ਮੱਤਭੇਦ ਹਨ। ਹੁਣੇ ਕੁਝ ਦਿਨ ਪਹਿਲਾਂ ਅਮਰੀਕਾ ਦੀ ਸਿੱਖ ਸੰਗਤ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੋਲ ਇਸ ਬਾਰੇ ਪ੍ਰਸ਼ਨ ਉਠਾਇਆ ਗਿਆ ਹੈ। ਭਾਵੇਂ ਬਾਕੀ ਧਰਮਾਂ ਵਿੱਚ ਇਸਤਰੀ ਨਾਲ ਕਈ ਤਰਾਂ ਦੇ ਵਿਤ ਕਰੇ ਹਨ ਪਰ ਸਿੱਖ ਪੰਥ ਨੂੰ ਗੁਰੁ ਸਾਹਿਬਾਨਾਂ ਵੱਲੋਂ ਇਸਤਰੀ ਨੂੰ ਪੂਰਨ ਤੌਰ ਹਰ ਪੱਖੋਂ ਬਰਾਬਰਤਾ ਦਾ ਮਾਣ ਸਤਿਕਾਰ ਤੇ ਰੁਤਬਾ ਦਿੱਤਾ ਗਿਆ ਸੀ ਤੇ ਇਹ ਰੀਤ ਦਸ ਗੁਰੁ ਸਾਹਿਬਾਨਾਂ ਦੇ ਸਮੇਂ ਪੂਰੀ ਤਰਾਂ ਲਾਗੂ ਸੀ ਤੇ ਚਲਦੀ ਰਹੀ ਹੈ।

ਭਾਵੇਂ ਕਿ ਸਿੱਖ ਇਸਤਰੀਆਂ ਵਿੱਚ ਬਹੁਤ ਸਾਰੇ ਸ਼ਬਦ ਗਾਇਕ ਦੇ ਪ੍ਰਸਿੱਧ ਰਾਗੀ ਜੱਥੇ ਹਨ ਅਤੇ ਬਾਣੀ ਪੱਖੋਂ ਵੀ ਸਿੱਖ ਇਸਤਰੀਆਂ ਪੂਰਨ ਤੌਰ ਤੇ ਸਿੱਖੀ ਵਿੱਚ ਪ੍ਰਪੱਕ ਜਿੰਦਗੀ ਬਸ਼ਰ ਕਰ ਰਹੀਆਂ ਹਨ। ਪਰ ਜੇ ਸਿੱਖੀ ਦੇ ਮੁੱਖ ਕੇਂਦਰ ਅਤੇ ਮਾਨਵਤਾ ਦੀ ਆਸਥਾ ਦੇ ਪ੍ਰਤੀਕ ਦਰਬਾਰ ਸਾਹਿਬ ਵਿੱਚ ਦੇਖਿਆ ਜਾਵੇ ਤਾਂ ਉਥੇ ਕਦੇ ਵੀ ਸਿੱਖ ਇਸਤਰੀਆਂ ਵੱਲੋਂ ਸ਼ਬਦ ਗਾਇਨ ਦੀ ਅਵਾਜ ਸੁਣਨ ਨੂੰ ਨਹੀਂ ਮਿਲੀ ਹੈ। ਜਦਕਿ ਨਾ ਤਾਂ ਦਸ ਗੁਰੁ ਸਾਹਿਬਾਨ ਤੇ ਨਾ ਹੀ ਸਿੱਖ ਮਰਿਯਾਦਾ ਵਿੱਚ ਕਿਤੇ ਵੀ ਇਸ ਤਰਾਂ ਦੇ ਵਿਤਕਰੇ ਦਾ ਜਿਕਰ ਹੈ।

ਸਿੱਖ ਧਰਮ ਜੋ ਕਿ ਸਭ ਧਰਮਾਂ ਤੋਂ ਵੱਖਰਾ ਤੇ ਆਧੁਨਿਕ ਲੀਹਾਂ ਤੇ ਉਸਾਰਿਆ ਗਿਆ ਧਰਮ ਹੈ। ਇਸ ਦੇ ਇਤਿਹਾਸ ਵਿੱਚ ਬੀਬੀ ਭਾਨੀ ਤੇ ਮਾਤਾ ਗੁਜਰੀ ਜੀ ਵਰਗੀਆਂ ਸੇਵਾ ਤੇ ਕੁਰਬਾਨੀਆਂ ਦੀਆਂ ਪੰਜ ਤਾਂ ਹਨ ਹੀ ਤੇ ਨਾਲ ਹੀ ਮਾਤਾ ਸਾਹਿਬ ਕੌਰ ਵਰਗੀਆਂ ਸ਼ਖਸ਼ੀਅਤਾਂ ਵੀ ਸ਼ਾਮਿਲ ਹਨ। ਹੋਰ ਵੀ ਅਨੇਕਾਂ ਸਿੰਘਣੀਆਂ ਜਿੰਨਾਂ ਨੂੰ ਸਿੱਖ ਆਪਣੀ ਅਰਦਾਸ ਵਿੱਚ ਯਾਦ ਕਰਦੇ ਹਨ ਜਿੰਨਾਂ ਨੂੰ ਸਿੱਖ ਆਪਣੀ ਅਰਦਾਸ ਵਿੱਚ ਯਾਦ ਕਰਦੇ ਹਨ ਜਿੰਨਾਂ ਨੇ ਸਿੱਖੀ ਦੀ ਖਾਤਰ ਅਨੰਤ ਕੁਰਬਾਨੀਆਂ ਕੀਤੀਆਂ ਪਰ ਸਿੱਖੀ ਤੋਂ ਡੋਲੀਆਂ ਨਹੀਂ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇੰਨੇ ਮਹਾਨ ਇਤਿਹਾਸਕ ਵਿਰਸੇ ਦੀਆਂ ਮਾਲਕ ਬੀਬੀਆਂ ਕਿਉਂ ਇਸ ਕਾਬਲ ਨਹੀਂ ਹਨ ਕਿ ਸਿੱਖ ਪੁਰਸਾਂ ਦੇ ਨਾਲ ਬਰਾਬਰਤਾ ਦੇ ਅਧਿਕਾਰ ਤੇ ਪੰਜ ਤਖਤਾਂ ਅਤੇ ਖਾਸ ਕਰਕੇ ਸੱਚ ਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੇ ਸਮਰੱਥ ਹੋ ਸਕਣ।

ਇਹ ਅੱਜ ਦੇ ਸਮੇਂ ਵਿੱਚ ਬਹੁਤ ਜਰੂਰੀ ਹੈ ਕਿ ਸਿੱਖ ਪੰਥ ਦੇਸ਼-ਵਿਦੇਸ਼ ਵਿੱਚ ਮਿਲ ਬੈਠ ਕੇ ਵਿਚਾਰ ਚਰਚਾ ਕਰਕੇ ਇਸਦਾ ਹੱਲ ਕੱਢਣ ਤਾਂ ਜੋ ਦੁਨੀਆਂ ਅੱਗੇ ਇਹ ਪ੍ਰਮਾਣ ਦਿੱਤਾ ਜਾਵੇ ਕਿ ਸਿੱਖ ਧਰਮ ਪੂਰਨ ਤੌਰ ਤੇ ਔਰਤ ਦੀ ਬਰਾਬਰਤਾ ਲਈ ਮੁਕੰਮਲ ਹੈ। ਦੂਸਰਾ ਵੱਡਾ ਸਵਾਲ ਹੈ ਕਿ ਜੇ ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਜੋ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਤੇ ਹੋਰ ਦੋ ਤਖਤਾਂ ਦੇ ਵੱਲੋਂ ਜੱਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਸਦੀ ਪ੍ਰਧਾਨ ਸਿੱਖ ਬੀਬੀ ਹੋ ਸਕਦੀ ਹੈ ਪਰ ਇਹ ਕੀ ਕਾਰਣ ਹੈ ਕਿ ਪੰਜ ਤਖਤ ਸਾਹਿਬਾਨੀ ਦੇ ਜੱਥੇਦਾਰਾਂ ਵਿਚੋਂ ਕਿਉਂ ਕਦੇ ਸਿੱਖ ਵਸੋਂ ਦੇ ਅੱਧੇ ਹਿੱਸੇ ਵਿਚੋਂ ਜੱਥੇਦਾਰ ਨਿਯੁਕਤ ਹੋਣ ਦਾ ਸਬੱਬ ਹਾਸਲ ਨਹੀਂ ਹੋਇਆ ਹੈ।

ਇਹ ਦੋ ਮੁੱਖ ਵਿਸ਼ੇ ਅੱਜ ਸਿੱਖ ਧਰਮ ਅੱਗੇ ਪਹਿਲ ਦੇ ਅਧਾਰ ਤੇ ਵਿਚਾਰੇ ਜਾਣੇ ਚਾਹੀਦੇ ਹਨ ਅਤੇ ਇਹ ਸਿੱਖ ਕੌਮ ਨੂੰ ਦੇ ਜਿੰਮੇਵਾਰ ਅਹੁਦਿਆਂ ਤੇ ਬਿਰਾਜਮਾਨ ਵਿਅਕਤੀਆਂ ਨੂੰ ਸਾਬਤ ਕਰਨਾ ਚਾਹੀਦਾ ਹੈ ਕਿ ਇਹ ਵਿਤਕਰਾ ਕਿਉਂ ਹੈ ਤੇ ਇਸ ਨੂੰ ਕਿਵੇਂ ਦਰੁਸਤ ਕੀਤਾ ਜਾ ਸਕਦਾ ਹੈ ਤਾਂ ਜੋ ਸਿੱਖ ਨਾਰੀ ਨੂੰ ਬਣਦਾ ਮਾਣ ਤੇ ਸਤਿਕਾਰ ਹਾਸਲ ਹੋ ਸਕੇ।