ਦਿੱਲੀ ਦੀਆਂ ਹੱਦਾਂ ਤੇ ਲੱਗਾ ਕਿਸਾਨ ਮੋਰਚਾ ਕੁਝ ਦੁਖਦਾਈ ਘਟਨਾਵਾਂ ਦਾ ਸ਼ਿਕਾਰ ਹੋ ਗਿਆ ਹੈੈ। 26 ਜਨਵਰੀ ਦੀ ਟਰੈਕਟਰ ਰੈਲੀ ਤੋਂ ਬਾਅਦ ਹਾਲਾਤ ਕਾਫੀ ਬਦਲ ਰਹੇ ਹਨ। ਜਿੱਥੇ ਇੱਕ ਪਾਸੇ ਲੋਕਾਂ ਵਿੱਚ ਮਾਨਸਕ ਨਿਰਾਸ਼ਤਾ ਛਾ ਰਹੀ ਹੈ ਉੱਥੇ ਹੀ ਵੱਖ ਵੱਖ ਜਥੇਬੰਦੀਆਂ ਦਰਮਿਆਨ ਬੇਵਿਸ਼ਵਾਸ਼ੀ ਵਧਣ ਲੱਗ ਪਈ ਹੈੈ। ਹੁਣ ਮੋਰਚੇ ਦੀ ਸਮੁੱਚੀ ਖੂਬਸੂਰਤੀ ਨਾਲੋਂ ਧੜੇ ਪਿਆਰੇ ਹੋਣ ਲੱਗ ਪਏ ਹਨ। ਕਿਸਾਨੀ ਲੀਡਰਸ਼ਿੱਪ ਵਿੱਚ ਵਧੀ ਬੇਵਿਸ਼ਵਾਸ਼ੀ ਕਾਰਨ ਹੀ ਹੁਣ ਸਰਕਾਰ ਨੇ ਵੀ ਆਪਣੇ ਜਾਬਰ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ।

26 ਜਨਵਰੀ ਵਾਲੇ ਦਿਨ ਜੋ ਕੁਝ ਹੋਇਆ ਉਸ ਵਿੱਚ ਸਾਰੀਆਂ ਧਿਰਾਂ ਦੀਆਂ ਕਮਜੋਰੀਆਂ ਸ਼ਾਮਲ ਹਨ। ਕਿਸਾਨ ਲੀਡਰਸ਼ਿੱਪ ਨੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਸ਼ਹੀਦਾਂ ਅਤੇ ਗੁਰੂਆਂ ਦਾ ਵਾਸਤਾ ਪਾ ਕੇ ਦਿੱਲੀ ਪਹੁੰਚਣ ਦੀਆਂ ਬੇਨਤੀਆਂ ਕਰਨੀਆਂ ਅਰੰਭ ਕਰ ਦਿੱਤੀਆਂ ਜਿਸ ਕਾਰਨ 26 ਦੀ ਰੈਲੀ ਨੂੰ ਆਪਣੇ ਵਕਾਰ ਦਾ ਸੁਆਲ ਬਣਾਕੇ ਪੰਜਾਬ ਦੇ ਲੋਕ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਪਹੁੰਚ ਗਏ। ਪਰ ਜਦੋਂ ਸਰਕਾਰ ਨਾਲ ਰੈਲੀ ਦੀ ਗੱਲ ਮੁੱਕੀ ਤਾਂ ਕਿਸਾਨ ਆਗੂਆਂ ਨੇ ਮੰਨਿਆਂ ਕਿ ਰੈਲੀ ਲਈ ਹਰ ਹੱਦ ਤੋਂ 5 ਹਜਾਰ ਟਰੈਕਟਰ ਹੀ ਦਿੱਲੀ ਦੇ ਅੰਦਰ ਜਾਣਗੇ। ਉਸ ਵੇਲੇ ਕਿਸਾਨ ਆਗੂਆਂ ਨੂੰ ਚਾਹੀਦਾ ਸੀ ਕਿ ਉਹ ਬਾਹਰ ਖੜ੍ਹੇ ਲੋਕਾਂ ਨੂੰ ਭਰੋਸੇ ਵਿੱਚ ਲੈਂਦੇ ਅਤੇ ਉਨ੍ਹਾਂ ਨੂੰ ਸਚਾਈ ਦੱਸਦੇ। ਪਰ ਕਿਸਾਨ ਆਗੂਆਂ ਨੇ ਆਪਣੀ ਬੇਇਜ਼ਤੀ ਸਮਝਿਦਆਂ ਲੋਕਾਂ ਨੂੰ ਭਰੋਸੇ ਵਿੱਚ ਨਹੀ ਲਿਆ ਜਿਸ ਕਾਰਨ ਗੱਲ ਵਧਦੀ ਵਧਦੀ ਖਰਾਬ ਹੋ ਗਈ।

ਭਾਰਤ ਸਰਕਾਰ ਨੇ ਕਿਸਾਨਾਂ ਦੀ ਇਸ ਗੈਰ-ਪੇਸ਼ੇਵਾਰਾਨਾ ਪਹੁੰਚ ਨੂੰ ਭਾਂਪ ਕੇ ਵੱਡੀ ਚਾਲ ਚੱਲੀ ਉਸਨੇ ਦਿੱਲੀ ਰਿੰਗ ਰੋਡ ਉੱਤੇ ਮਾਰਚ ਕਰ ਰਹੇ ਬਹੁਤ ਸਾਰੇ ਲੋਕਾਂ ਨੂੰ ਲਾਲ ਕਿਲੇ ਵੱਲ ਧੱਕ ਕੇ ਉਨ੍ਹਾਂ ਨੂੰ ਪੁਲਿਸ ਦੇ ਮਨਸ਼ਿਆਂ ਅਨੁਸਾਰ ਕਾਰਵਾਈਆਂ ਕਰਨ ਲਈ ਉਕਸਾਇਆ।

ਹੁਣ ਜਿਹੜੇ ਲੋਕ ਆਪਣੇ ਗੁਰੂ ਦੀਆਂ ਵਾਰਾਂ ਸੁਣਕੇ ਆਏ ਸਨ ਅਤੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਭਾਈ ਬਘੇਲ ਸਿੰਘ ਦੇ ਵਾਰਸ ਬਣਕੇ ਆਏ ਸਨ ਉਨ੍ਹਾਂ ਨੇ ਜੋਸ਼ ਵਿੱਚ ਉਹ ਕੁਝ ਕੀਤਾ ਜੋ ਕਿਸਾਨ ਆਗੂਆਂ ਨੂੰ ਮਨਜੂਰ ਨਹੀ ਸੀ।

ਸਰਕਾਰ ਨੇ ਆਪਣੀ ਚਾਲ ਚੱਲ ਦਿੱਤੀ ਸੀ ਅਤੇ ਅਗਲੇ ਦਿਨਾਂ ਦੌਰਾਨ ਉਸਦੇ ਵਿਕਾਊ ਮੀਡੀਏ ਨੇ ਕਿਸਾਨਾਂ ਖਿਲਾਫ ਆਪਣੀ ਜਹਿਰੀਲੀ ਪਰਚਾਰ ਮੁਹਿੰਮ ਤੇਜ਼ ਕਰ ਦਿੱਤੀ। ਸਰਕਾਰੀ ਮੀਡੀਏ ਦੇ ਪਰਚਾਰ ਤੋਂ ਘਬਰਾਏ ਲੀਡਰ ਫਿਰ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਅਤੇ ਆਪਣੇ ਬਚਾਓ ਦੇ ਰਾਹ ਲੱਭਦੇ ਲੱਭਦੇ ਕੁਝ ਲੋਕਾਂ ਦੀ ਬਲੀ ਲੈਣ ਵੱਲ ਤੁਰ ਪਏ। ਜਿਸ ਕਾਰਨ ਸੰਘਰਸ਼ ਵਿੱਚ ਲਗਾਤਾਰ ਸੇਵਾ ਕਰ ਰਹੇ ਕੁਝ ਨੌਜਵਾਨਾਂ ਉੱਤੇ ਗਦਾਰੀ ਦੇ ਫਤਵੇ ਲਗਾ ਕੇ ਕਿਸਾਨ ਲੀਡਰਸ਼ਿੱਪ ਆਪ ਸੁਰਖਰੂ ਹੋ ਗਈ।

ਸ਼ੋਸ਼ਲ ਮੀਡੀਆ ਉੱਤੇ ਉਹ ਸਾਰੀਆਂ ਵੀਡੀਓਜ਼ ਪਈਆਂ ਹਨ ਜਿਸ ਵਿੱਚ ਕਿਸਾਨ ਆਗੂ ਆਖ ਰਹੇ ਹਨ ਕਿ ਉਹ ਮੋਦੀ ਦੀ ਹਿੱਕ ਤੇ ਟਰੈਕਟਰ ਚਲਾਉਣਗੇ, ਕੋਈ ਆਖ ਰਿਹਾ ਸੀ ਕਿ ਮੋਦੀ ਦੀ ਕੁਰਸੀ ਖਿੱਚ ਕੇ ਲੈ ਆਉਣੀ ਹੈ, ਕੋਈ ਆਖ ਰਿਹਾ ਸੀ ਕਿ ਜੇ ਬੈਰੀਕੇਡ ਨਹੀ ਤੋੜਨੇ ਤਾਂ ਟਰੈਕਟਰ ਧੂਪ ਦੇਣ ਨੂੰ ਮੰਗਵਾਏ ਹਨ? ਇਸ ਤੋਂ ਬਿਨਾ ਸਾਰੇ ਪੰਜਾਬੀ ਗਾਇਕ ਜੋ ਲਗਾਤਾਰ ਮੋਰਚੇ ਨਾਲ ਜੁੜੇ ਹੋਏ ਸਨ ਨੇ ਵਾਰ ਵਾਰ ਸਿੱਖ ਸ਼ਹੀਦਾਂ ਦੇ ਗੀਤ ਗਾ ਕੇ ਲੋਕਾਂ ਦੇ ਜਜਬਾਤਾਂ ਨੂੰ ਭੜਕਾਇਆ।

26 ਜਨਵਰੀ ਨੂੰ ਜੋ ਕੁਝ ਹੋਇਆ ਉਸ ਲਈ ਕਿਸਾਨ ਆਗੂਆਂ ਦੇ ਭੜਕਾਊ ਭਾਸ਼ਣ ਅਤੇ ਗੀਤਕਾਰਾਂ ਦੇ ਭੜਕਾਉੂ ਗੀਤ ਵੀ ਓਨੇ ਹੀ ਜਿੰਮੇਵਾਰ ਹਨ ਜਿੰਨੇ ਗਲਤੀਆਂ ਕਰਨ ਵਾਲੇ ਨੌਜਵਾਨ। ਤੁਸੀਂ ਜਿਨ੍ਹਾਂ ਨੌਜਵਾਨਾਂ ਦੇ ਉਬਲਦੇ ਖੂਨ ਨੂੰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਭੜਕਾਇਆ ਉਨ੍ਹਾਂ ਨੇ ਜੋ ਕੁਝ ਕੀਤਾ ਉਸ ਲਈ ਕਿਸਾਨ ਲੀਡਰ ਅਤੇ ਉਹ ਗਾਇਕ ਜਿੰਮੇਵਾਰ ਹਨ ਜਿਹੜੇ ਇੱਕ ਪਾਸੇ ਆਪਣੇ ਗੀਤਾਂ ਕਾਰਨ ਪੈਸੇ ਕਮਾਉਂਦੇ ਰਹੇ ਅਤੇ ਦੂਜੇ ਪਾਸੇ ਲੋਕਾਂ ਦੇ ਜਜਬਾਤ ਭੜਕਾਉਂਦੇ ਰਹੇ।

ਹੁਣ ਸਾਰੇ ਆਪਣਾਂ ਚੰਮ ਬਚਾਉਣ ਲਈ ਕੁਝ ਲੋਕਾਂ ਦੀ ਬਲੀ ਦੇ ਰਹੇ ਹਨ ਅਤੇ ਉਨ੍ਹਾਂ ਖਿਲਾਫ ਅੱਗ ਬਬੂਲੇ ਬਿਆਨ ਦੇ ਰਹੇ ਹਨ।

ਅਸੀਂ ਸਮਝਦੇ ਹਾਂ ਕਿ ਕਿਸੇ ਸਿਆਣੀ ਅਤੇ ਜਿੰਮੇਵਾਰ ਲੀਡਰਸ਼ਿੱਪ ਦੇ ਇਹ ਗੁਣ ਨਹੀ ਹਨ। ਹੁਣ ਜਦੋਂ ਭਾਜਪਾ ਦੇ ਗੁੰਡੇ ਕਿਸਾਨਾਂ ਉੱਤੇ ਹਮਲੇ ਕਰ ਰਹੇ ਹਨ ਤਾਂ ਕਿਸਾਨ ਲੀਡਰਸ਼ਿੱਪ ਆਪਣੇ ਸਾਥੀਆਂ ਨੂੰ ਬਚਾਉਣ ਤੋਂ ਵੀ ਮਨੁਕਰ ਹੋ ਰਹੀ ਹੈ।

ਇਹ ਸਭ ਕੁਝ ਦੁਖਦਾਈ ਹੋ ਰਿਹਾ ਹੈੈ। ਇਹ ਕਮਜੋਰ ਲੀਡਰਸ਼ਿੱਪ ਦੀ ਨਿਸ਼ਾਨੀ ਹੈੈ। ਇਸ ਤਰ੍ਹਾਂ ਲਗਦਾ ਹੈ ਕਿ ਕਿਸਾਨੀ ਲੀਡਰਸ਼ਿੱਪ ਭਾਰਤ ਸਰਕਾਰ ਅੱਗੇ ਗੋਡੇ ਟੇਕ ਰਹੀ ਹੈੈ।

ਵਾਹਿਗੁਰੂ ਭਲੀ ਕਰਨ।