ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖ ਵਿਦਿਆਰਥੀਆਂ ਦੀ ਰਾਜਨੀਤਿਕ ਜੱਥੇਬੰਦੀ ਹੈ।ਹਾਲਾਂਕਿ ਇਸ ਦੀ ਖਸਲਤ ਜਿਆਦਤਰ ਰਾਜਨੀਤਿਕ ਹੈ, ਪਰ ਇਸ ਜੱਥੇਬੰਦੀ ਦੀਆਂ ਗਤੀਵਿਧੀਆਂ ਸਿੱਖ ਧਰਮ ਦੀ ਵਿਰਾਸਤ ਅਤੇ ਕਦਰਾਂ-ਕੀਮਤਾਂ ਦੇ ਪ੍ਰਚਾਰ ਤੱਕ ਵੀ ਫੈਲੀਆਂ ਹੋਈਆਂ ਹਨ।ਫੈਡਰੇਸ਼ਨ ਦੇ ਹੌਂਦ ਵਿਚ ਆਉਣ ਤੋਂ ਪਹਿਲਾਂ ਪੁਰੇ ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ ਸਕੂਲਾਂ ਅਤੇ ਕਾਲਜਾਂ ਵਿਚ “ਭੁਜੰਗੀ ਸਭਾ” ਦੇ ਨਾਂ ਹੇਠ ਇਕੱਤਰਤ ਕੀਤਾ ਜਾਂਦਾ ਸੀ ਜੋ ਕਿ ਸਿੱਖ ਕਦਰਾਂ ਕੀਮਤਾਂ, ਵਿਰਾਸਤ ਅਤੇ ਸਮਾਜਿਕ ਸੇਵਾ ਦਾ ਪ੍ਰਚਾਰ ਕਰਦੀ ਸੀ।ਬ੍ਰਿਟਿਸ਼ ਰਾਜ ਦੇ ਪ੍ਰਭਾਵ ਹੇਠ ਸਿੱਖ ਰਾਜਨੇਤਾਵਾਂ ਨੇ ਸਿੱਖ ਨੌਜਵਾਨ ਐਸੋਸੀਏਸ਼ਨ ਨਾਂ ਦੀ ਸੰਸਥਾ ਦਾ ਗਠਨ ਕੀਤਾ ਜਿਸ ਦਾ ਪਹਿਲਾ ਪ੍ਰਧਾਨ ਭਾਈ ਹਰਨਾਮ ਸਿੰਘ ਸੀ।ਆਕਾਰ ਅਤੇ ਗਤੀਵਿਧੀਆਂ ਪੱਖੋਂ ਭਾਵੇਂ ਇਹ ਛੋਟੀ ਸੰਸਥਾ ਸੀ, ਪਰ ਇਹ ਐਸੋਸੀਏਸ਼ਨ “ਖਾਲਸਾ ਯੰਗਮੈਂਨਜ਼ ਮੈਗਜ਼ੀਨ” ਛਾਪਦੀ ਸੀ ਅਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਨੂੰ ਸਰਪ੍ਰਸਤੀ ਦਿੰਦੀ ਸੀ।ਸਿੱਖ ਇਹਨਾਂ ਸੰਸਥਾਵਾਂ ਦਾ ਅਟੱੁਟ ਅੰਗ ਸਨ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਗਠਨ ਵਿਦਿਆਰਥੀਆਂ ਦੀ ਜੱਥੇਬੰਦੀ ਦੇ ਤੌਰ ਤੇ ਹੋਇਆ ਸੀ ਜੋ ਕਿ ਅਜ਼ਾਦ ਰੂਪ ਵਿਚ ਸਿੱਖਾਂ ਦੀ ਰਾਜਨੀਤਿਕ ਪ੍ਰਤੀਨਿਧਤਾ ਲਈ ਪ੍ਰਤੀਬੱਧ ਸੀ।ਇਸ ਤਰਾਂ ਦੀ ਵੱਖਰੀ ਜੱਥੇਬੰਦੀ ਲਈ ਪ੍ਰੇਰਣਾ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਵਿਚ ਵਧਦੇ ਤਣਾਅ ਵਿਚੋਂ ਪੈਦਾ ਹੋਈ ਸੀ।੧੯੩੭ ਵਿਚ ਵੱਡੀ ਗਿਣਤੀ ਵਿਚ ਮੁਸਲਮਾਨ ਵਿਦਿਆਰਥੀ ਹਿੰਦੂ ਬਹੁਗਿਣਤੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੋਂ ਵੱਖ ਹੋ ਗਏ ਅਤੇ ਉਨ੍ਹਾਂ ਨੇ ਆਲ ਇੰਡੀਆ ਮੁਸਲਿਮ ਸਟੂਡੈਂਟਸ ਫੈਡਰੇਸ਼ਨ ਬਣਾ ਲਈ ਜਿਸ ਨੇ ਮੁਸਲਿਮ ਲੀਗ ਅਤੇ ਪਾਕਿਸਤਾਨ ਅੰਦੋਲਨ ਵਿਚ ਪ੍ਰਮੁੱਖ ਭੂਮਿਕਾ ਅਦਾ ਕੀਤੀ।

ਸਿੱਖਾਂ ਦੇ ਰਾਜਨੀਤਿਕ ਹੱਕਾਂ ਅਤੇ ਪ੍ਰਤੀਨਿਧਤਾ ਨੂੰ ਸੁਰੱਖਿਅਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੧੯੪੪ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਿਰਜਣਾ ਨੂੰ ਸਰਪ੍ਰਸਤੀ ਦਿੱਤੀ।ਇਸ ਦਾ ਪ੍ਰਮੁੱਖ ਦਫਤਰ ਲਾਇਲਪੁਰ/ਫੈਸਲਾਬਾਦ ਵਿਚ ਸੀ ਅਤੇ ਇਹ ਜੱਥੇਬੰਦੀ ਪੰਜਾਬ ਅਤੇ ਉੱਤਰੀ ਭਾਰਤ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਫੈਲ ਗਈ।੧੯੪੭ ਵਿਚ ਦੇਸ਼ ਦੀ ਵੰਡ ਤੋਂ ਬਾਅਦ ਇਸ ਦਾ ਹੈਡਕਵਾਟਰ ਅੰਮ੍ਰਿਤਸਰ ਬਣਾਇਆ ਗਿਆ।ਵੰਡ ਸਮੇਂ ਹੋਏ ਸੰਪ੍ਰਦਾਇਕ ਦੰਗਿਆਂ ਅਤੇ ਹਿਜਰਤ ਵੇਲੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਹਿੰਦੂ ਅਤੇ ਸਿੱਖ ਸ਼ਰਣਨਾਰਥੀਆਂ ਦੇ ਮੁੜ ਵਸੇਬੇ ਵਿਚ ਮਦਦ ਕੀਤੀ।ਅਜ਼ਾਦ ਭਾਰਤ ਵਿਚ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਦਾ ਅਕਾਲੀ ਦਲ ਨਾਲ ਡੂੰਘਾ ਜੁੜਾਅ ਹੋ ਗਿਆ।ਹੌਲੀ-ਹੌਲੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੂਰੇ ਭਾਰਤ ਵਿਚ ਫੈਲ ਗਈ ਅਤੇ ਇਕ ਮਹੱਤਵਪੂਰਨ ਵਿਦਿਆਰਥੀ ਜੱਥੇਬੰਦੀ ਦੇ ਰੂਪ ਵਿਚ ਉੱਭਰੀ।ਇਸ ਨੇ ਭਾਰਤੀ ਯੂਨੀਅਨ ਵਿਚ ਸਿੱਖ ਬਹੁਗਿਣਤੀ ਸਟੇਟ ਬਣਾਉਣ ਦੀ ਰਾਜਨੀਤਿਕ ਮੰਗ ਦਾ ਪੁਰਜ਼ੋਰ ਸਮਰਥਨ ਕੀਤਾ।ਅੱਸੀਵਿਆਂ ਦੇ ਸਿੱਖ ਸੰਘਰਸ਼ ਦੌਰਾਨ ਫੈਡਰੇਸ਼ਨ ਵਿਚ ਬਹੁਤ ਸਾਰੀਆਂ ਅੰਦਰੂਨੀਆਂ ਤਰੇੜਾਂ ਪੈਦਾ ਹੋ ਗਈਆਂ ਅਤੇ ਗਰਮਜੋਸ਼ੀ ਵਾਲਾ ਇਕ ਧੜਾ, ਜੋ ਕਿ ਜਰਨੈਲ ਸਿੰਘ ਭਿੰਡਰਾਵਾਲੇ ਦਾ ਸਮਰਥਨ ਕਰਦਾ ਸੀ, ਖੜ੍ਹਾ ਹੋਇਆ।੧੯੮੪ ਵਿਚ ਓਪਰੇਸ਼ਨ ਬਲੂਸਟਾਰ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦੀ ਨਿਖੇਧੀ ਕਰਨ ਲਈ ਅੰਦੋਲਨ ਕੀਤੇ।

ਕਾਨੂੰਨ ਦਾ ਸੀਨੀਅਰ ਵਿਦਿਆਰਥੀ ਸਰਦਾਰ ਸਰੂਪ ਸਿੰਘ ਇਸ ਦਾ ਪਹਿਲਾ ਪ੍ਰਧਾਨ ਸੀ।ਇਸ ਦਾ ਪ੍ਰਮੁੱਖ ਉਦੇਸ਼ ਸਿੱਖ ਨੌਜਵਾਨਾਂ ਵਿਚ ਸਿੱਖ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਨਾ ਸੀ ਅਤੇ ਉਨ੍ਹਾਂ ਵਿਚ ਆਪਣੀ ਅਮੀਰ ਧਾਰਮਿਕ ਵਿਰਾਸਤ ਅਤੇ ਰਾਜਨੀਤਿਕ ਇੱਛਾ ਲਈ ਚੇਤਨਾ ਪੈਦਾ ਕਰਨਾ ਸੀ।ਇਸ ਸਮੇਂ ਭਾਲ ਇਕ ਪ੍ਰਮਾਣਿਕ ਸਿੱਖ ਸਖ਼ਸ਼ੀਅਤ ਦੀ ਸੀ ਅਤੇ ਇਸ ਵੱਲ ਹੀ ਜੱਥੇਬੰਦੀ ਨੇ ਆਪਣੀ ਸਾਰੀ ਊਰਜਾ ਝੋਕ ਦਿੱਤੀ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿਚ ਹੌਂਦ ਵਿਚ ਆਈ।ਇਸ ਦਾ ਪ੍ਰਮੁੱਖ ਉਦੇਸ਼ ਸਿੱਖ ਵਿਚਾਰਾਂ ਨੂੰ ਜਾਗਰਿਤ ਕਰਨਾ ਅਤੇ ਮੁਸਲਮਾਨਾਂ ਅਤੇ ਹਿੰਦੂਆਂ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨਾ ਸੀ ਜੋ ਕਿ ਆਪਣੀ ਪਛਾਣ ਦੇ ਮਸਲੇ ਨੂੰ ਬਹੁਤ ਹੀ ਜੋਰ ਸ਼ੋਰ ਨਾਲ ਪ੍ਰਚਾਰ ਰਹੇ ਸਨ।

ਸਿੱਖਾਂ ਦਾ ਇਸ ਪ੍ਰਤੀ ਹੁੰਗਾਰਾ ਆਪਣੀ ਰਾਜਨੀਤਿਕ ਜੱਥੇਬੰਦੀ ਬਣਾਉਣ ਦੇ ਰੂਪ ਵਿਚ ਉੱਭਰਿਆ।ਵੰਡ ਤੋਂ ਬਾਅਦ ਇਸ ਦਾ ਘੇਰਾ ਹੋਰ ਵਿਸ਼ਾਲ ਹੋ ਗਿਆ।ਉਨ੍ਹਾਂ ਦਿਨਾਂ ਵਿਚ ਸਿੱਖ ਨੌਜਵਾਨ ਕੈਂਪ ਆਮ ਗੱਲ ਹੋ ਗਏ।ਸਿੱਖ ਨੌਜਵਾਨਾਂ, ਬਜੁਰਗਾਂ ਅਤੇ ਨੇਤਾਵਾਂ ਨੇ ਉਨ੍ਹਾਂ ਦਾ ਜੋਸ਼ ਨਾਲ ਸਾਥ ਦਿੱਤਾ ਕਿਉਂ ਕਿ ਉਨ੍ਹਾਂ ਨੂੰ ਸਿੱਖ ਰਹੁ-ਰੀਤਾਂ ਵਿਚ ਨਿਪੁੰਨ ਕਰਨਾ ਚਾਹੁੰਦੇ ਸਨ।ਇਸ ਦੀ ਸ਼ੁਰੂਆਤ ਪਾਉਂਟਾ ਸਾਹਿਬ ਵਿਚ ਇਕ ਕੈਂਪ ਨਾਲ ਹੋਈ ਜਿਸ ਦੀ ਬਹੁਤ ਹੀ ਇਤਿਹਾਸਿਕ ਮਹੱਤਤਾ ਹੈ।ਉਸ ਸਮੇਂ ਦੇ ਸੀਨੀਅਰ ਸਿੱਖ ਨੇਤਾਵਾਂ ਨੇ ਵੀ ਇਨ੍ਹਾਂ ਕੈਂਪਾਂ ਵਿਚ ਸ਼ਿਰਕਤ ਕਰਨ ਨੂੰ ਆਪਣਾ ਵਡਭਾਗ ਮੰਨਿਆ।ਇਨ੍ਹਾਂ ਕੈਂਪਾਂ ਰਾਹੀ ਸਿੱਖ ਪੰਥ ਨੇ ਇਕ ਨਵੀਂ ਊਰਜਾ ਦਾ ਸੰਚਾਰ ਹੁੰਦਾ ਮਹਿਸੂਸ ਕੀਤਾ ਕਿਉਂ ਕਿ ਉਨ੍ਹਾਂ ਦਾ ਪ੍ਰਭਾਵ ਕਾਫੀ ਵਧ ਚੁੱਕਿਆ ਸੀ।ਸਿੱਖ ਨੌਜਵਾਨਾਂ ਨੇ ਨਵੇਂ ਜੋਸ਼ ਨਾਲ ਇਸ ਵਿਚ ਭਾਗ ਲਿਆ ਜਿਸ ਨਾਲ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਨਵੇਂ ਨਕਸ਼ ਉੱਭਰਦੇ ਦਿਖਾਈ ਦਿੱਤੇ।ਪੁਰਾਣੀ ਪੀੜ੍ਹੀ ਵਿਚੋਂ ਵੀ ਬਹੁਤ ਸਾਰੇ ਸਿੱਖ ਅੱਗੇ ਆਏ ਜਿਨ੍ਹਾਂ ਵਿਚੋਂ ਕਾਨੂੰਨ ਸ਼ਾਸਤਰੀ ਅਤੇ ਸੰਸਦ ਮੈਂਬਰ ਹੁਕਮ ਸਿੰਘ ਪ੍ਰਮੁੱਖ ਸੀ ਜਿਸ ਦੀਆਂ ਯਮੁਨਾ ਵਿਚ ਵਿਚ ਨਹਾਉਂਦੇ ਦੀਆਂ ਤਸਵੀਰਾਂ ਅਜੇ ਵੀ ਦੇਖੀਆਂ ਜਾ ਸਕਦੀਆਂ ਹਨ।

ਹੁਕਮ ਸਿੰਘ ਤੋਂ ਬਾਅਦ ਬਹੁਤ ਸਾਰੇ ਪ੍ਰਤਿਭਾਸ਼ਾਲੀ ਨੇਤਾ ਜਿਵੇਂ ਸੁਰਜੀਤ ਸਿੰਘ ਬਰਨਾਲਾ, ਅਮਰ ਸਿੰਘ ਅੰਬਲਵੀ, ਜਸਵੰਤ ਸਿੰਘ ਨੇਕੀ, ਸਤਬੀਰ ਸਿੰਘ, ਭਾਈ ਹਰਬੰਸ ਲਾਲ ਅਤੇ ਇੰਦੌਰ ਦੇ ਸੰਤੋਖ ਸਿੰਘ ਸਾਹਮਣੇ ਆਏ।ਇਹਨਾਂ ਤੋਂ ਬਾਅਦ ਵੀ ਹੋਰ ਬਹੁਤ ਸਾਰੇ ਯੋਗ ਵਿਅਕਤੀ ਜਿਵੇਂ ਕਿ ਮਨਮੋਹਨ ਸਿੰਘ, ਜੋ ਕਿ ਦਸ ਸਾਲਾਂ ਲਈ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ, ਫੈਡਰੇਸ਼ਨ ਦਾ ਹਿੱਸਾ ਬਣੇ। ਅਸਲ ਵਿਚ ਕੋਈ ਵੀ ਪ੍ਰਭਾਵਸ਼ਾਲੀ ਸਿੱਖ ਅਜਿਹਾ ਨਹੀਂ ਸੀ ਜੋ ਕਿ ਫੈਡਰੇਸ਼ਨ ਦੇ ਪ੍ਰਭਾਵ ਤੋਂ ਵਿਰਵਾ ਰਿਹਾ ਹੋਵੇ।ਇਸ ਦੇ ਇਤਿਹਾਸ ਵਿਚ ਇਕ ਹੋਰ ਨਾਮ ਭਾਈ ਅਮਰੀਕ ਸਿੰਘ (੧੯੪੮-੮੪) ਦਾ ਹੈ, ਜੋ ਗਿਆਨੀ ਕਰਤਾਰ ਸਿੰਘ ਖਾਲਸਾ ਦਾ ਪੁੱਤਰ ਸੀ, ਅਤੇ ੨ ਜੁਲਾਈ ੧੯੭੮ ਨੂੰ ਇਸ ਦਾ ਪ੍ਰਧਾਨ ਬਣਿਆ।ਉਹ ਨਜ਼ਰਬੰਦੀ ਦੌਰਾਨ ਵੀ ਜੁਲਾਈ ੧੯੮੨ ਤੋਂ ਅਗਸਤ ੧੯੮੩ ਤੱਕ ਇਸ ਦਾ ਪ੍ਰਧਾਨ ਰਿਹਾ ਅਤੇ ਜੂਨ ੧੯੮੪ ਵਿਚ ਆਪਣੀ ਸ਼ਹਾਦਤ ਸਮੇਂ ਵੀ ਉਹ ਜੱਥੇਬੰਦੀ ਦਾ ਪ੍ਰਧਾਨ ਸੀ।ਇਹ ਸਿੱਖ ਪੁਨਰ-ਉਥਾਨ ਦਾ ਸ਼ਾਨਦਾਰ ਸਮਾਂ ਸੀ ਅਤੇ ਸਿੱਖ ਨੌਜਵਾਨ ਇਸ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਇਸ ਦਾ ਪ੍ਰਭਾਵ ਅੱਜ ਤੱਕ ਵੀ ਬਰਕਰਾਰ ਹੈ।

੧੯੮੪ ਅਤੇ ਇਸ ਤੋਂ ਬਾਅਦ ਦਾ ਦ੍ਰਿਸ਼ ਦਿਖਾਉਂਦਾ ਹੈ ਕਿ ਭਾਰਤ ਅਤੇ ਪੰਜਾਬ ਵਿਚ ਰਹਿ ਰਹੇ ਸਿੱਖ ਭਾਰਤੀ ਸਰਕਾਰ ਦੀਆਂ ਉਨ੍ਹਾਂ ਦੇ ਰਾਜਨੀਤਿਕ-ਧਾਰਮਿਕ ਰੁਤਬੇ ਦੀਆਂ ਨੀਤੀਆਂ ਤੋਂ ਅਸੰਤੁਸ਼ਟ ਰਹੇ ਹਨ। ੧੯੪੭ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਹਕੂਮਤ ਹੱਥੋਂ ਧੋਖਾ ਹੀ ਖਾਧਾ ਹੈ ਜਿਸ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ ਕਿਉਂਕਿ ਕੇਂਦਰ ਦੀ ਸਰਕਾਰ ਕਿਸੇ ਨਾ ਕਿਸੇ ਬਹਾਨੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਰਹੀ ਹੈ।ਸਿੱਖ ਰਾਸ਼ਟਰਵਾਦ ਦੇ ਮੁੱਦਈ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ੧੯੪੭ ਵਿਚ ਭਾਰਤ ਨਾਲ ਨਹੀਂ ਸੀ ਜਾਣਾ ਚਾਹੀਦਾ ਕਿਉਂ ਕਿ ਉਨ੍ਹਾਂ ਨੂੰ ਅਲੱਗ ਸਿੱਖ ਰਾਜ ਦਾ ਲਾਰਾ ਹੀ ਲਗਾਇਆ ਗਿਆ ਸੀ।ਭਾਰਤ ਜਿਹੇ ਖੁਦ-ਘੋਸ਼ਿਤ ਧਰਮ ਨਿਰਪੱਖ ਰਾਜ ਵਿਚ ਮੁਸਲਮਾਨ, ਸਿੱਖ, ਇਸਾਈ ਅਤੇ ਹੋਰ ਘੱਟ ਗਿਣਤੀਆਂ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕੀਤਾ ਕਿਉਂ ਕਿ ਉਗਰਵਾਦੀ ਹਿੰਦੂ ਸੰਸਥਾਵਾਂ ਦਾ ਪ੍ਰਭਾਵ ਬਹੁਤ ਜਿਆਦਾ ਰਿਹਾ ਹੈ।

੧੯੩੦ਵਿਆਂ ਅਤੇ ੪੦ਵਿਆਂ ਵਿਚ ਵੀ ਪੰਜਾਬ ਦਾ ਸਿੱਖ ਭਾਈਚਾਰਾ ਸੰਪ੍ਰਦਾਇਕ ਰਾਜਨੀਤੀ ਦੀ ਖੇਡ ਵਿਚ ਬੁਰੀ ਤਰਾਂ ਫਸ ਗਿਆ।ਅੱਜ ਦੇ ਦੌਰ ਵਿਚ ਵੀ ਬਹੁਤ ਸਾਰੇ ਸੂਬੇ ਇਸ ਤਰਾਂ ਦੇ ਨਸਲੀ ਭੇਦਭਾਵ ਦਾ ਸਾਹਮਣਾ ਕਰ ਰਹੇ ਹਨ।ਬਹੁਲਵਾਦੀ ਸਮਾਜਾਂ, ਜਿੱਥੇ ਕਈ ਭਾਈਚਾਰੇ ਮਿਲ ਕੇ ਰਹਿੰਦੇ ਰਹੇ ਹਨ, ਵਿਚ ਇਹ ਖਤਰਾ ਜਿਆਦਾ ਮੰਡਰਾ ਰਿਹਾ ਹੈ।੧੯੪੭ ਤੋਂ ਬਾਅਦ ਭਾਰਤ ਲਗਾਤਾਰ ਇਸ ਤਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਆ ਰਿਹਾ ਹੈ।ਇਹਨਾਂ ਦੀ ਲਗਾਤਾਰ ਇਹ ਮੰਗ ਰਹੀ ਹੈ ਕਿ ਉਨ੍ਹਾਂ ਨੂੰ ਕੇਂਦਰੀ ਸਰਕਾਰ ਦੇ ਨਿਯੰਤ੍ਰਣ ਤੋਂ ਅਜ਼ਾਦੀ ਮਿਲ ਸਕੇ।੧੯੮੪ ਵਿਚ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸਿੱਖ ਨੌਜਵਾਨ ਸਟੇਟ ਦੇ ਜਬਰ ਦਾ ਸ਼ਿਕਾਰ ਹੋ ਗਏ।ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁੰਨਾਂ ਨੇ ਇਸ ਜਬਰ ਦਾ ਸਾਹਮਣਾ ਕੀਤਾ ਅਤੇ ਇਸ ਦਾ ਉਨ੍ਹਾਂ ਨੂੰ ਮਹਿੰਗਾ ਮੁੱਲ ਤਾਰਨਾ ਪਿਆ।੧੯੮੪ ਤੋਂ ਬਾਅਦ ਫੈਡਰੇਸ਼ਨ ਦੋ ਹਿੱਸਿਆਂ ਵਿਚ ਵੰਡੀ ਗਈ ਅਤੇ ਭਾਈ ਅਮਰੀਕ ਸਿੰਘ ਨੂੰ ਛੱਡ ਕੇ ਜਿਆਦਾ ਲੀਡਰਸ਼ਿਪ ਨੇ ਗੋਡੇ ਟੇਕ ਦਿੱਤੇ।ਉਸ ਤੋਂ ਬਾਅਦ ਇਕ ਨਵੀਂ ਫੈਡਰੇਸ਼ਨ ਸਾਹਮਣੇ ਆਈ ਜਿਸ ਨੇ ਭਾਈ ਅਮਰੀਕ ਸਿੰਘ ਵਾਂਗ ਵਿਰੋਧ ਦਾ ਰਾਹ ਚੁਣਿਆ ਅਤੇ ਸਿੱਖ ਸੰਘਰਸ਼ ਨੂੰ ਅਗਵਾਈ ਦਿੱਤੀ।ਇਸ ਤੋਂ ਬਾਅਦ ਗੋਡੇ ਟੇਕ ਚੁੱਕੀ ਧਿਰ ਟੋਟੇ-ਟੋਟੇ ਹੋ ਗਈ ਅਤੇ ਅਕਾਲੀ ਦਲ ਬਾਦਲ ਦਾ ਹਿੱਸਾ ਬਣ ਕੇ ਰਹਿ ਗਈ ਜਿਸ ਨੇ ਭਾਰਤੀ ਫੌਜ ਅੱਗੇ ਹਥਿਆਰ ਸੁੱਟ ਦਿਤੇ ਅਤੇ ਸਿੱਖਾਂ ਨੂੰ ਅਗਵਾਈ ਦੇਣ ਵਿਚ ਨਾਕਾਮਯਾਬ ਰਹੀ।ਭਾਈ ਅਮਰੀਕ ਸਿੰਘ ਦੀ ਫੈਡਰੇਸ਼ਨ ਨੂੰ ਸਟੇਟ ਦੇ ਜਬਰ ਦਾ ਸਾਹਮਣਾ ਕਰਨਾ ਪਿਆ ਅਤੇ ਬਹੁਤ ਸਾਰੇ ਨੇਤਾਵਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ।ਅਕਾਲੀ ਦਲ ਬਾਦਲ ਦੀ ਅਸਫਲਤਾ ਤੋਂ ਬਾਅਦ ਇਸ ਨੂੰ ਮੁੜ ਸੰਗਠਿਤ ਕਰਨ ਦੀਆਂ ਅਵਾਜ਼ਾਂ ਤੇਜ਼ ਹੋਣ ਲੱਗੀਆਂ ਹਨ ਤਾਂ ਕਿ ਸਿੱਖਾਂ ਦੀਆਂ ਰਾਜਨੀਤਿਕ ਇਛਾਵਾਂ ਅਤੇ ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕੀਤੀ ਜਾ ਸਕੇ।